ਵਿਸਾਖੀ ਦਾ ਗੌਰਵਮਈ ਇਤਿਹਾਸ

ਇਕਬਾਲ ਸਿੰਘ ਪੁੜੈਣ

(ਸਮਾਜ ਵੀਕਲੀ)-ਵਿਸਾਖੀ ਦਾ ਨਾਂ ਸੁਣਦਿਆਂ ਹੀ ਚਿਹਰੇ ਤੇ ਮੁਸਕਾਨ ਆ ਜਾਂਦੀ ਹੈ। ਵਿਸਾਖੀ ਦੇ ਤਿਉਹਾਰ ਦੀ ਆਰਥਿਕ , ਸਮਾਜਿਕ , ਸੱਭਿਆਚਾਰਕ , ਰਾਜਨੀਤਿਕ , ਮਨੋਵਿਗਿਆਨਕ ਅਤੇ ਧਾਰਮਿਕ ਮਹੱਤਤਾ ਹੋਣ ਕਰਕੇ ਇਸ ਤਿਉਹਾਰ ਦੀ ਵਿਸ਼ੇਸ਼ ਮਹੱਤਤਾ ਹੋ ਗਈ ਹੈ। ਵਿਸਾਖ ਮਹੀਨੇ ਹਰ ਪਾਸੇ ਕਣਕ ਟਹਿਕਦੀ ਹੈ ਤੇ ਚਾਰੇ ਪਾਸੇ ਧਰਤੀ ਸੋਨੇ ਰੰਗੀ ਹੋ ਜਾਂਦੀ ਹੈ। ਕਿਸਾਨਾਂ ਮਜਦੂਰਾਂ ਤੇ ਪਸ਼ੂ ਪੰਛੀਆਂ ਅੰਦਰ ਨਵੀਂ ਫਸਲ ਆਉਣ ਦਾ ਚਾਅ ਪੈਦਾ ਹੋ ਜਾਂਦਾ ਹੈ। ਕਣਕ ਦੀ ਵਾਢੀ ਸ਼ੂਰੂ ਹੋ ਜਾਂਦੀ ਹੈ। ਕਿਸਾਨ ਘਰੇ ਕਣਕ ਆਉਣ ਤੇ ਰੱਬ ਦਾ ਤੇ ਧਰਤੀ ਮਾਂ ਦਾ ਸ਼ੁਕਰਾਨਾ ਕਰਦੇ ਹਨ ਜੋ ਸਾਡੇ ਲਈ ਅਨਾਜ ਪੈਦਾ ਕਰਦੀ ਹੈ। ਮਜਦੂਰ ਵਾਢੀ ਕਰਦੇ ਹਨ ਪੈਸਾ ਤੇ ਅਨਾਜ ਘਰ ਲਿਆਉਂਦੇ ਹਨ। ਬਹੁਤ ਸਾਰੇ ਲੋਕ ਅਜਿਹੇ ਵੀ ਹਨ ਜੋ ਕੰਬਾਈਨ ਦੀ ਕਟਾਈ ਤੋਂ ਬਾਅਦ ਬਚੀਆਂ ਕਣਕ ਦੀਆਂ ਬੱਲੀਆਂ ਚੁੱਕ ਕੇ ਕੁੱਟ ਕੇ ਕਣਕ ਘਰੇ ਲਿਆਉਂਦੇ ਹਨ। ਕਿਸਾਨ ਲੈਣ ਦੇਣ ਦਾ ਹਿਸਾਬ ਵੇਖ ਨਵੀਆਂ ਯੋਜਨਾਵਾਂ ਬਣਾਉਂਦੇ ਹਨ। ਸੋ ਇਸ ਤਿਉਹਾਰ ਦਾ ਵਾਢੀ ਨਾਲ ਸੰਬੰਧ ਹੋਣ ਕਰਕੇ ਵਿਸ਼ੇਸ਼ ਮਹੱਤਵ ਬਣ ਜਾਂਦਾ ਹੈ।
ਵਿਸਾਖੀ ਤਿਉਹਾਰ ਦਾ ਨਾਂ ਦੇਸੀ ਮਹੀਨੇ ਵਿਸਾਖ ਤੋਂ ਪਿਆ। ਇਸ ਦਿਨ ਗੁਰੂਦਵਾਰਿਆਂ ਵਿੱਚ ਸੰਗਰਾਂਦ ਦਾ ਦਿਹਾੜਾ ਮਨਾਇਆ ਜਾਂਦਾ ਹੈ। ਬਾਰਹਮਹਾ ਮਾਝ ਅੰਦਰ ਪੰਜਵੇਂ ਪਾਤਿਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਵਿਸਾਖ ਮਹੀਨੇ ਦੀ ਮਹੱਤਤਾ ਉਪਦੇਸ਼ ਸੰਗਤਾਂ ਨੂੰ ਸਰਵਣ ਕਰਵਾਏ ਜਾਂਦੇ ਹਨ। ਤੁਖਾਰੀ ਰਾਗ ਅੰਦਰ ਪਹਿਲੀ ਪਾਤਿਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਬਾਰਹਮਾਹਾ ਰਾਹੀਂ ਵਿਸਾਖ ਮਹੀਨੇ ਦਾ ਮਹੱਤਵ ਸਮਝ ਗੋਚਰਾ ਕਰਵਾਉਂਦੇ ਹਨ। ਵਿਸਾਖ ਮਹੀਨੇ ਦਾ ਮਹੱਤਵ ਪੂਰੇ ਗੁਰੂ ਜੀ ਦੀ ਸੰਗਤ ਨਾਲ ਝੂਠੀ ਮਾਇਆ ਦੇ ਬੰਧਨਾਂ ਤੋਂ ਅਜਾਦ ਹੋ ਕੇ ਸ਼ਬਦ ਸੁਰਤਿ ਦੇ ਮਿਲਾਪ ਨਾਲ ਸੱਚੇ ਸੁੱਖ ਆਨੰਦ ਦੀ ਪ੍ਪਤੀ ਕਰਨ ਲਈ ਯਤਨ ਕਰਨੇ ਚਾਹੀਦੇ ਹਨ।
ਵਿਸਾਖੀ ਵਾਲੇ ਦਿਨ 13 ਅਪ੍ਰੈਲ 1919 ਨੂੰ ਜਲ੍ਹਿਆਂਵਾਲਾ ਬਾਗ ਦਾ ਖੂਨੀ ਸਾਕਾ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਇਸ ਦਿਨ ਦੇਸ਼ ਭਗਤ ਅਜਾਦੀ ਦੇ ਪਰਵਾਨੇ ਬੱਚੇ , ਜਵਾਨ , ਬਜ਼ੁਰਗ ਸਮੇਤ ਔਰਤਾਂ ਜਲ੍ਹਿਆਂਵਾਲਾ ਬਾਗ ਅੰਮ੍ਰਿਤਸਰ ਇਕੱਠੇ ਹੋਏ। ਅੰਗਰੇਜ ਹਕੂਮਤ ਵੱਲੋਂ ਅੰਨੇਵਾਹ ਗੋਲੀਆਂ ਚਲਾ ਕੇ ਅਣਗਿਣਤ ਨਿਹੱਥੇ ਬੇਕਸੂਰ ਲੋਕਾਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ। ਵੱਡੀ ਗਿਣਤੀ ਵਿੱਚ ਲੋਕਾਂ ਨੇ ਉਥੇ ਖੂਹ ਵਿੱਚ ਛਾਲਾਂ ਮਾਰ ਕੇ ਆਪਣੀ ਜਾਨ ਕੁਰਬਾਨ ਕਰ ਦਿੱਤੀ ਤੇ ਦੇਸ਼ ਲਈ ਸ਼ਹੀਦੀਆਂ ਪਾ ਗਏ। ਜਲਿਆਂ ਵਾਲੇ ਬਾਗ ਦੇ ਖੂਨੀ ਸਾਕੇ ਦੇ ਮੁੱਖ ਦੋਸ਼ੀ ਮਾਈਕਲ ਓਡਵਾਇਰ ਨੂੰ ਸਰਦਾਰ ਊਧਮ ਸਿੰਘ ਸੁਨਾਮ ਨੇ ਲੰਡਨ ਵਿੱਚ ਸਮਾਰੋਹ ਦੌਰਾਨ ਗੋਲੀਆਂ ਨਾਲ ਭੁੰਨ ਦਿੱਤਾ ਤੇ ਜਲ੍ਹਿਆਂਵਾਲਾ ਖੂਨੀ ਸਾਕੇ ਦਾ ਬਦਲਾ ਲਿਆ। ਮਹਾਨ ਸ਼ਹੀਦ ਊਧਮ ਸਿੰਘ ਫਾਂਸੀ ਚੜ੍ਹ ਦੇਸ਼ ਲਈ ਕੁਰਬਾਨ ਹੋ ਸਦਾ ਲਈ ਅਮਰ ਹੋ ਗਿਆ।
ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 13 ਅਪ੍ਰੈਲ 1699 ਈ : ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਖਾਲਸਾ ਪੰਥ ਦੀ ਸਾਜਨਾ ਕਰਕੇ ਇਕ ਵਿਲੱਖਣ ਨਿੱਡਰ ਤੇ ਧਰਮੀ ਖਾਲਸਾ ਕੌਮ ਪੈਦਾ ਕਰ ਦਿੱਤੀ। ਦਸ਼ਮੇਸ਼ ਪਿਤਾ ਜੀ ਨੇ ਪਹਿਲਾਂ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਖ਼ਾਲਸਾ ਸਾਜਿਆ ਤੇ ਫਿਰ ਪੰਜਾਂ ਪਿਆਰਿਆਂ ਤੋਂ ਆਪ ਅੰਮ੍ਰਿਤ ਛਕ ਕੇ ” ਆਪੇ ਗੁਰੂ ਆਪੇ ਗੁਰ ਚੇਲਾ ” ਗੋਬਿੰਦ ਰਾਇ ਤੋਂ ਗੋਬਿੰਦ ਸਿੰਘ ਬਣੇ। ਗੁਰੂ ਗੋਬਿੰਦ ਸਿੰਘ ਜੀ ਦੁਆਰਾ ਸਾਜੇ ਖਾਲਸੇ ਨੇ ਵਿਸਾਖੀ ਦੀ ਮਹਾਨਤਾ ਨੂੰ ਸ਼ਿਖ਼ਰ ਤੇ ਪਹੁੰਚਾ ਦਿੱਤਾ।
ਸ੍ਰੀ ਗੋਇੰਦਵਾਲ ਸਾਹਿਬ ਵਿਖੇ ਵੀ ਵਿਸਾਖੀ ਪੁਰਬ ਬਹੁਤ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਜਾਂਦਾ ਹੈ। ਤੀਜੇ ਪਾਤਿਸ਼ਾਹ ਸ੍ਰੀ ਗੁਰੂ ਅਮਰਦਾਸ ਜੀਆਂ ਨੇ 1539 ਈ: ਵਿਸਾਖੀ ਵਾਲੇ ਦਿਨ ਜਾਤ ਪਾਤ ਦੂਰ ਕਰਦਿਆਂ ਸਭਨਾਂ ਨੂੰ ਪੰਗਤ ਵਿੱਚ ਬੈਠ ਲੰਗਰ ਛਕਣ ਦਾ ਮਹਾਨ ਕਾਰਜ ਕੀਤਾ ਤੇ ਭਾਰੀ ਸੰਗਤਾਂ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਨਤਮਸਤਕ ਹੁੰਦੀਆਂ ਹਨ।
ਤਖਤ ਸ੍ਰੀ ਦਮਦਮਾ ਸਾਹਿਬ ਦੀ ਪਵਿੱਤਰ ਧਰਤੀ ਤੇ ਵੀ ਵਿਸਾਖੀ ਪੁਰਬ ਬੜੀ ਸ਼ਰਧਾ ਸਤਿਕਾਰ ਤੇ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਸ ਅਸਥਾਨ ਤੇ ਦਸ਼ਮੇਸ਼ ਪਿਤਾ ਜੀ ਨੇ ਭਾਈ ਮਨੀ ਸਿੰਘ ਜੀ ਤੇ ਬਾਬਾ ਦੀਪ ਸਿੰਘ ਜੀ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲਿਖਵਾਇਆ ਜਿਸ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਸ਼ਾਮਿਲ ਕੀਤੀ ਗਈ।
ਕੂਕਾ ਅੰਦੋਲਨ ਦਾ ਵੀ ਵਿਸਾਖੀ ਨਾਲ ਗਹਿਰਾ ਸੰਬੰਧ ਹੈ। ਬਾਬਾ ਰਾਮ ਸਿੰਘ ਨਾਮਧਾਰੀ ਨੇ 1857 ਈ : ਵਿਸਾਖੀ ਵਾਲੇ ਦਿਨ ਸੁਧਾਰ ਲਹਿਰ ਦੀ ਸ਼ੁਰੂਆਤ ਕੀਤੀ ਸੀ। ਅੰਗਰੇਜ ਸਰਕਾਰ ਵਲੋਂ ਭਾਰਤੀਆਂ ਤੇ ਲਗਾਈਆਂ ਜਾ ਰਹੀਆਂ ਆਪਹੁਦਰੀਆਂ ਪਾਬੰਦੀਆਂ ਦਾ ਬਾਬਾ ਰਾਮ ਸਿੰਘ ਜੀ ਵੱਲੋਂ ਡਟ ਕੇ ਵਿਰੋਧ ਕੀਤਾ ਗਿਆ। ਸਾਲ 1860 ਦੀ ਵਿਸਾਖੀ ਨੂੰ ਬਾਬਾ ਰਾਮ ਸਿੰਘ ਸ੍ਰੀ ਅੰਮ੍ਰਿਤਸਰ ਸਾਹਿਬ ਆਏ ਤਾਂ ਉਹਨਾਂ ਨੇ ਅੰਗਰੇਜ ਹਕੂਮਤ ਦੇ ਧੱਕਿਆਂ ਦੇ ਵਿਰੋਧ ਵਿੱਚ ਬਗਾਵਤ ਕਰ ਦਿੱਤੀ ਤੇ ਇਸ ਤਰਾਂ ਕੂਕਾ ਅੰਦੋਲਨ ਸ਼ੁਰੂ ਹੋ ਗਿਆ। ਕੂਕਿਆਂ ਦੀ ਦਲੇਰੀ ਬਹਾਦਰੀ ਤੇ ਦੇਸ਼ਭਗਤੀ ਦੀ ਮਿਸਾਲ ਹੈ ਕਿ ਉਹ ਅੰਗਰੇਜ ਹਕੂਮਤ ਅਗੇ ਝੁਕੇ ਨਹੀਂ ਤੇ ਹੱਸ ਹੱਸ ਸ਼ਹਾਦਤ ਦਾ ਜਾਮ ਪੀ ਗਏ।
ਸੋ ਵਿਸਾਖੀ ਸੱਚੇ ਗੁਰਾਂ ਦੀ ਸੰਗਤ ਕਰਦਿਆਂ , ਆਪਣੇ ਅੰਦਰੋਂ ਔਗੁਣਾਂ ਨੂੰ ਵਿਸਾਰ ਕੇ ਸੱਚੇ ਗੁਣਾਂ ਨੂੰ ਧਾਰਨ ਕਰਕੇ ਮਨਾਉਣੀ ਚਾਹੀਦੀ ਹੈ। ਸੱਚੇ ਗੁਰੂ ਦੀ ਸੰਗਤ ਨਾਲ ਜੀਵਨ ਨੂੰ ਸਫਲ ਬਣਾਉਣਾ ਚਾਹੀਦਾ ਹੈ।
ਅੱਜ ਵਿਸਾਖੀ ਦੇ ਤਿਉਹਾਰ ਤੇ ਕਲਯੁਗੀ ਪ੍ਰਭਾਵ ਸਪਸ਼ਟ ਨਜ਼ਰ ਆਉਂਦਾ ਹੈ ਤੇ ਵਿਸਾਖੀ ਪੁਰਬ ਜਾਂ ਤਿਉਹਾਰ ਮੇਲਾ ਬਣ ਗਿਆ ਹੈ। ਲੋਕ ਸਜ ਧਜ ਕੇ ਆਪੋ ਆਪਣੇ ਇਲਾਕਿਆਂ ਅੰਦਰ ਦਰਿਆਵਾਂ , ਟੋਭਿਆਂ , ਤਾਲਾਬਾਂ ਕਿਨਾਰੇ , ਝਿੜੀ ਤੇ ਹੋਰਨਾਂ ਥਾਵਾਂ ਤੇ ਲਗਦੇ ਵਿਸਾਖੀ ਦਾ ਮੇਲਾ ਵੇਖਣ ਬੜੇ ਚਾਵਾਂ ਨਾਲ ਜਾਂਦੇ ਹਨ। ਹੁਣ ਵਿਸਾਖੀ ਮੇਲਿਆਂ ਵਿੱਚ ਖਾਣ ਪੀਣ , ਖ੍ਰੀਦੋ ਫਰੋਖਤ , ਆਸ਼ਕੀ , ਮੌਜ ਮਸਤੀ ਭਾਰੂ ਹੋ ਗਏ ਹਨ। ਨਸ਼ਿਆਂ ਵਿੱਚ ਗਲਤਾਨ ਗੱਭਰੂ ਲੜਾਈ ਝਗੜੇ ਕਰਦੇ ਵੀ ਆਮ ਵੇਖੇ ਜਾਂਦੇ ਹਨ। ਕਾਲ ਦੇ ਪ੍ਰਭਾਵ ਅੰਦਰ ਲੋਕ ਮੌਜ ਮਸਤੀਆਂ ਨੂੰ ਜਿਆਦਾ ਤਰਜ਼ੀਹ ਦੇ ਰਹੇ ਹਨ।
ਖਾਣਾ ਪੀਣਾ , ਹੱਸਣਾ ਖੇਡਣਾ ਸਾਡੇ ਜੀਵਨ ਲਈ ਜਰੂਰੀ ਹੈ ਪਰ ਖਾਣ ਪੀਣ ਮੌਜ ਮਸਤੀਆਂ ਵਿੱਚ ਗੁਆਚ ਕੇ ਆਪਣੇ ਇਤਿਹਾਸ ਨੂੰ ਭੁੱਲ ਜਾਣਾ ਠੀਕ ਨਹੀਂ। ਸਾਡਾ ਇਤਿਹਾਸ ਅਮੋਲਕ ਗੌਰਵਮਈ ਹੈ , ਅਸੀਂ ਖੁਸ਼ਕਿਸਮਤ ਹਾਂ ਕਿ ਸਾਡੀ ਕੌਮ ਨੂੰ ਇੰਨਾਂ ਅਮੋਲਕ ਗੌਰਵਮਈ ਇਤਿਹਾਸ ਮਿਲਿਆ ਹੈ। ਖਾਲਸਾ ਦੁਨੀਆਂ ਅੰਦਰ ਲੱਖਾਂ ਵਿੱਚੋਂ ਪਹਿਚਾਣਿਆਂ ਜਾਂਦਾ ਹੈ। ਸਾਡੇ ਉਪਰ ਅਕਾਲ ਪੁਰਖ ਨੇ ਪੂਰਨ ਦਇਆ ਮਿਹਰ ਬਖ਼ਸ਼ਿਸ਼ ਕਰਕੇ ਮਨੁੱਖਾ ਜਨਮ ਬਖ਼ਸ਼ਿਸ਼ ਕੀਤਾ। ਆਓ ਇਸ ਮਹਾਨ ਪੁਰਬ ਤੇ ਔਗੁਣਾਂ ਦਾ ਤਿਆਗ ਕਰਦਿਆਂ ਸ਼ੁਭ ਗੁਣਾਂ ਨੂੰ ਅਪਣਾਈਏ। ਆਓ ਆਪਣੇ ਇਤਿਹਾਸ ਨਾਲ ਜੁੜ ਕੇ ਸੱਚੇ ਗੁਰੂ ਜੀ ਦੀ ਸ਼ਰਨ ਵਿੱਚ ਰਹਿੰਦਿਆਂ , ਗੁਰੂ ਜੀ ਦੇ ਉਪਦੇਸ਼ਾਂ ਨਾਲ ਵਿਸਾਖੀ ਮਨਾਈਏ। ਵਿਸਾਖੀ ਦਿਹਾੜੇ ਗੁਰੂਦੁਆਰੇ ਜਰੂਰ ਨਤਮਸਤਕ ਹੋਈਏ ਜਿੱਥੋਂ ਤਨ ਲਈ ਪੌਸ਼ਟਿਕ ਗੁਰੂ ਜੀ ਦੀ ਬਖਸ਼ਿਸ਼ ਲੰਗਰ ਛਕ ਕੇ ਵੀ ਨਿਹਾਲ ਹੋਈਦਾ ਹੈ ਤੇ ਅਤੁੱਟ ਵਰਤਦੇ ਗੁਰੂ ਦੇ ਸ਼ਬਦ ਲੰਗਰਾਂ ਨਾਲ ਮਨ ਖਿੜ ਜਾਂਦਾ ਹੈ ਤੇ ਸੱਚੇ ਨਾਮ ਰਸ ਨਾਲ ਭਿੱਜ ਜਾਂਦਾ ਹੈ। ਵਾਹਿਗੁਰੂ ਜੀ ਸੁਮੱਤ ਬਖ਼ਸ਼ਣ ਤੇ ਨਾਮ ਬਾਣੀ ਨਾਲ ਜੋੜਨ ਦੀ ਕਿਰਪਾ ਕਰਨ।

( ਇਕਬਾਲ ਸਿੰਘ ਪੁੜੈਣ 8872897500 )

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਾਈਸਰਖਾਨਾ ਮੇਲੇ ‘ਤੇ ਐਮ.ਐਲ.ਏ. ਸੁਖਵੀਰ ਸਿੰਘ ਮਾਈਸਰਖਾਨਾ ਵੱਲੋਂ ਸਰਕਾਰੀ ਸਕੂਲਾਂ ਦੀਆਂ ਪ੍ਰਦਰਸ਼ਨੀ ਦੌਰਾਨ ਦਾਖਲਾ ਮੁਹਿੰਮ ਦਾ ਆਗਾਜ਼
Next article12 ਵਾ ਖੇਡ ਮੇਲਾ ਪਿੰਡ ਮਾਣੇਵਾਲ ਤਹਿਸੀਲ ਬਲਾਚੌਰ ਵਿਖੇ 9 ਤੇ 10 ਅਪ੍ਰੈਲ ਨੂੰ ਕਰਵਾਇਆ ਜਾ ਰਿਹਾ ਹੈ – ਪ੍ਰਧਾਨ ਜੁਝਾਰ ਸਿੰਘ ਮਾਣੇਵਾਲ ।