ਗੀਤਾ

(ਸਮਾਜ ਵੀਕਲੀ)

ਉਹ ਅੱਜ ਤੀਹ ਸਾਲ ਬਾਅਦ ਭਾਰਤ ਪਰਤਿਆ ਸੀ l ਆਪਣੇ ਪਿੰਡ ਦੀ ਮਿੱਟੀ ਦੀ ਖੁਸ਼ਬੋ ਨਾਲ ਉਹ ਨਸ਼ਿਆਇਆ ਪਿਆ ਸੀ। ਆਪਣੇ ਘਰ ਦੇ ਮੋੜ ਅੱਗੇ ਉਹ ਆਪਣੇ ਪਰਿਵਾਰ ਸਮੇਤ ਆਪਣੀ ਨਵੀਂ ਨਕੋਰ ਕਾਰ ‘ਚੋਂ ਉੱਤਰਿਆ l ਪਿੰਡ ਵਾਲਿਆਂ ਦੇ ਚਿਹਰੇ ਤੇ ਬੇਹੱਦ ਖੁਸ਼ੀ ਸੀl

ਤਦੇ ਕਿਸੇ ਦੇ ਚੀਕਣ ਤੇ ਰੋਣ ਦੀ ਆਵਾਜ਼ ਆਈ l ਇਕ ਕਮਲੀ ਔਰਤ ਅੱਗੇ -ਅੱਗੇ ਭੱਜ ਰਹੀ ਸੀ ਤੇ ਕੁਝ ਬੱਚੇ ਉਸਦੇ ਮਗਰ -ਮਗਰ ਉਸਨੂੰ ਪਰੇਸ਼ਾਨ ਕਰ ਰਹੇ ਸੀ l ਇਹ ਦੇਖ ਕੇ ਉਹ ਇਕਦਮ ਕੜਕਿਆ l ਬੱਚੇ ਥਾਂਏ ਖਲੋ ਗਏ ‘ਤੇ ਕਮਲੀ ਔਰਤ ਉੱਚੀ -ਉੱਚੀ ਹੱਸਣ ਲੱਗੀ l

“ਵੈ ਪੁੱਤ, ਇਹ ਤਾਂ ਏਥੇ ਦਾ ਰੋਜ਼ ਦਾ ਈ ਕੰਮ ਆ, ਚੱਲ ਤੂੰ ਅੰਦਰ l” ਉਸ ਦੀ ਮਾਂ ਨੇ ਖੁਸ਼ੀ ਭਰੇ ਅੰਦਾਜ ‘ਚੋ ਕਿਹਾ l “ਪਰ ਮਾਂ, ਇਹ ਕੌਣ…… ..?” ਉਸਨੇ ਉਤਸੁਕਤਾ ਜਾਹਰ ਕੀਤੀ l ਉਸ ਦੇ ਜ਼ਿੱਦ ਕਰਨ ਤੇ ਉਸਦੀ ਗੁਆਂਢਣ ਬੋਲੀ , “ਵੇ ਇਹ ਗੀਤਾ ਵਾ, ਜੈਲਦਾਰ ਦੀ ਧੀ l ਕਿਸੇ ਗੱਭਰੂ ਨੇ ਜਵਾਨੀ ‘ਚ ਇਸਨੂੰ ਧੋਖਾ ਦੇ ਤਾ। ਬੱਸ ਉਦੋਂ ਦੀ ਕਮਲੀ ਹੋਈ ਫਿਰਦੀ ਐ। ਹੁਣ ਤਾਂ ਘਰ ਦੇ ਵੀ ਇਹਦੀ ਬਾਤ ਨਹੀਂ ਪੁੱਛਦੇ l ਬਸ ਰੁਲਦੀ ਰਹਿੰਦੀ ਐ ਗਲੀਆਂ ‘ਚ l ਪਰ ਕਾਕਾ ਛੱਡ, ਤੈਂ ਕੀ ਲੈਣਾ l” ਸਭ ਨੇ ਉਸਨੂੰ ਅੰਦਰ ਜਾਣ ਦਾ ਸੰਕੇਤ ਕੀਤਾ l ਉਸਨੇ ਫਿਰ ਦੇਖਿਆ ਗੀਤਾ ਉੱਚੀ -ਉੱਚੀ ਹੱਸ ਰਹੀ ਸੀ l

“ਗੀਤਾ…. ” ਉਸਨੂੰ ਯਾਦ ਆਇਆ, ਤੀਹ ਸਾਲ ਪਹਿਲਾ ਇਹ ਉਸਦੀ ਹੀ ਜਿੰਦਗੀ ਬਣੀ ਹੋਈ ਸੀ, ਜਿਸ ਨਾਲ ਵਿਆਹ ਦਾ ਵਾਅਦਾ ਕਰ ਉਹ ਵਿਦੇਸ਼ ਚਲਾ ਗਿਆ ਤੇ ਮੁੜ ਉਥੋਂ ਦੀ ਫਿਜ਼ਾ ‘ਚ ਐਸਾ ਰਲਿਆ ਕਿ ਉਹ ਭੁੱਲ ਹੀ ਗਿਆ ਕਿ ਕੋਈ ਗੀਤਾ ਵੀ ਉਸ ਦੀ ਜਿੰਦਗੀ ‘ਚ ਆਈ ਸੀ l ਪੁਰਾਣਾ ਪਿਆਰ ਜਿਵੇੰ ਤਾਜਾ ਹੋਇਆ l ਉਸਦਾ ਦਿਲ ਕੀਤਾ, ਹੁਣੇ ਉਹ ਉਸਨੂੰ ਘੁੱਟ ਕੇ ਜੱਫੀ ‘ਚ ਲੈ ਲਵੇ ਤੇ ਆਪਣੀ ਬੇਵਫਾਈ ਲਈ ਹੱਥ ਜੋੜ ਕੇ ਮਾਫੀ ਮੰਗੇ l
ਪਰ ਲੋਕ ਲਾਜ ਦੀ ਖ਼ਾਤਰ ਉਹ ਚੁੱਪ ਕਰ ਕੇ ਰਹਿ ਗਿਆ l “ਉਹ ਡੈਡ ਪਲੀਜ਼ ਕਮ” ਆਪਣੇ ਮੁੰਡੇ ਦੇ ਸੰਕੇਤ ਤੇ ਉਹ ਇਕ ਦਮ ਜਿਵੇੰ ਤ੍ਰਬਕਿਆ ਤੇ ਤੇਜ਼ੀ ਨਾਲ ਅੰਦਰ ਚਲਾ ਗਿਆ l

ਲੇਖਿਕਾ ਮਨਪ੍ਰੀਤ ਕੌਰ ਭਾਟੀਆ
ਐਮ. ਏ ,ਬੀ. ਐੱਡ ।ਫ਼ਿਰੋਜ਼ਪੁਰ ਸ਼ਹਿਰ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨੂੰਹ/ਧੀ
Next articleਬਿਨ ਅਸੂਲੀ ਜਿੰਦਗੀ