ਆਮ ਬਸ਼ਰ ਦੀ ਪਰਵਾਜ਼

ਯਾਦਵਿੰਦਰ

(ਸਮਾਜ ਵੀਕਲੀ)

ਲੋਕ-ਦਰਦ ਦੀ ਤਰਜਮਾਨੀ ਕਰਦੇ ਦਰਦਮੰਦ ਸ਼ਾਇਰਾਂ ਦੇ ਕਲਾਮ ਵਾਲੀ ਕਿਤਾਬ : “ਕਿੱਥੇ ਹੈ ਰਾਤ ਦਾ ਚੰਨ”

ਲੰਘੇ ਵਰ੍ਹੇ, ਕੋਰੋਨਾ ਲਾਗ ਫੈਲੀ ਤਾਂ ਬਹੁਤ ਸਾਰੇ ਮੁਲਕਾਂ ਵਿਚ ਤਾਲਾਬੰਦੀ ਲਾ ਦਿੱਤੀ ਗਈ. ਕੁਲ ਦੁਨੀਆ ਲਈ ਇਹ ਨਵੇਕਲਾ ਵਰਤਾਰਾ ਸੀ. ਇਸ ਦੌਰਾਨ ਸਧਾਰਨ ਸੋਝੀ ਵਾਲਾ ਮਨੁੱਖ ਅੰਦਰੋਂ ਅੰਦਰੀ ਝੂਰ ਰਿਹਾ ਸੀ ਜਦਕਿ ਸੋਚਵਾਨ ਮਨੁੱਖ ਜਿਵੇਂ ਲੇਖਕ, ਕਲਮਕਾਰ ਤੇ ਖ਼ਾਸਕਰ ਕਵੀ ਓਹ ਬਰੀਕ ਪੱਖ ਵੇਖ ਰਹੇ ਸਨ ਜਿਹੜੇ ਕਦੇ ਕਿਸੇ ਨੇ ਸੋਚੇ ਈ ਨਹੀਂ ਹੁੰਦੇ।

ਮਸਲਨ, ਅਸੀਂ ਸਾਰੇ ਵੇਖ ਰਹੇ ਸਾਂ ਕਿ ਗ਼ੈਰ ਜਥੇਬੰਦਕ ਖੇਤਰ ਦੇ ਬਹੁਤ ਸਾਰੇ ਮਜ਼ਦੂਰ ਕੰਮੋਂ ਕੱਢ ਦਿੱਤੇ ਗਏ ਸਨ, ਅਨੇਕ ਢਾਬਿਆਂ, ਹੌਜ਼ਰੀਆਂ, ਰੇਸਤਰਾਂ, ਸ਼ਾਪਿੰਗ ਮੌਲਜ਼ ਦੇ ਮਾਲਕਾਂ ਨੇ ਆਰਜ਼ੀ ਘਾਟਾ ਦਿਖਾ ਕੇ ਇਹ ‘ਕਮਾਊ ਪੁੱਤ’ ਸੜਕਾਂ ਉੱਤੇ ਰੁਲਣ ਲਈ ਛੱਡ ਦਿੱਤੇ ਸਨ। ਦੱਖਣੀ ਏਸ਼ੀਆ ਦੇ ਮੁਲਕਾਂ ਦੇ ਹਾਕ਼ਮਾਂ ਤੇ ਸਰਕਾਰਾਂ ਦਾ ਕਿਰਦਾਰ ਬਹੁਤਾ ਖਰਾ ਨਹੀਂ ਸੀ ਨਜ਼ਰ ਆਇਆ. ਇਹ ਜਿਹੜੇ ਕਿਰਤੀ ਕਾਮੇ ਦਰ ਬ ਦਰ ਸੜਕਾਂ ਨਾਪਦੇ ਤੇ ਰੁਲਦੇ, ਘੁਲਦੇ ਦਿਸਦੇ ਸਨ, ਜੇ ਹਾਕ਼ਮ ਤਰਸ ਭਾਵਨਾ ਵਾਲੇ ਹੁੰਦੇ ਤਾਂ ਜ਼ਰੂਰ ਇਨ੍ਹਾਂ ਕਿਰਤੀ ਜੀਆਂ ਲਈ ਕਿਸੇ ‘ਹੰਗਾਮਾ ਵਕ਼ਤੀ ਭਲਾਈ ਯੋਜਨਾ’ ਨੂੰ ਲਾਗੂ ਕਰਦੇ, ਆਖ਼ਰ ਆਪਣੇ ਦੇਸ ਦੇ ਅਰਥ ਹੋਰ ਕੀ ਹੁੰਦੇ ਹਨ?

ਆਖ਼ਰ ਭਲਾਈ ਦਾ ਰੌਲਾ ਪਾਉਣ ਵਾਲੀਆਂ ਸਰਕਾਰਾਂ ਨੇ ‘ਨਾਗਰਿਕ’ ਲਈ ਹੋਰ ਕਿਹੜੇ ਫ਼ਰਜ਼ ਅਦਾ ਕਰਨੇ ਹੁੰਦੇ ਹਨ? ਆਖ਼ਰ ‘ਵੋਟਰ’ ਨੇ ਵੀ ਤਾਂ ਸੰਕਟ ਵਿਚ ਸਰਕਾਰਾਂ ਵੱਲ ਝਾਕਣਾ ਹੁੰਦਾ ਹੈ ਪਰ ਭਾਰਤ ਦੀ ਸਮੂਹਕ ਚੇਤਨਾ, ਸਰਕਾਰਾਂ ਨੂੰ ਦੋਸ਼ ਨਹੀਂ ਦਿੰਦੀ ਕਿਉਂਕਿ ਸਰਕਾਰਾਂ ਨੇ ਆਪਣੀ ਵਿਆਖਿਆ ਤੇ ਪ੍ਰਾਪੇਗੰਡਾ ਨਾਲ ਅਜਿਹੀ ਗ਼ੈਬੀ ਸਰਕਾਰ ਘੜ੍ਹ ਦਿੱਤੀ ਹੈ ਕਿ ਸਿਆਸਤਦਾਨ ਖ਼ੁਦ ਮੁਤਮੁਈਨ ਹਨ ਕਿ ਉਨ੍ਹਾਂ ਦੀ ਕਾਰਗੁਜ਼ਾਰੀ ਦੇਖਣ ਵਾਲੇ ‘ਸਿਰ’ ਗ਼ੈਰ ਹਾਜ਼ਰ ਹਨ, ਉਨ੍ਹਾਂ ਉੱਤੇ ਕੋਈ ਦੋਸ਼ ਨਹੀਂ, ਸਭ ਕੀਤਾ ਕਰਾਇਆ ਉੱਪਰਵਾਲੇ ਦਾ ਹੈ।
***

ਇਹ ਬਿਆਨ ਸਾਡਾ ਨਹੀਂ ਹੈ ਸਗੋਂ ਕੋਰੋਨਾ ਲਾਗ ਫੈਲਣ ਮਗਰੋਂ ਲਾਈ ਤਾਲਾਬੰਦੀ ਦੌਰਾਨ ਖ਼ੁਦ ‘ਕੋਆਰੰਟੀਨ’ ਹੋਏ ਕਵੀ ਜਨਾਂ ਦੇ ਹਨ, ਜਿਨ੍ਹਾਂ ਦੀਆਂ ਕਵਿਤਾਵਾਂ ਏਸ ਕਿਤਾਬ, ‘ਕਿੱਥੇ ਹੈ ਰਾਤ ਦਾ ਚੰਨ’ ਵਿਚ ਦਰਜ ਹਨ। ਇਹ ਮਹਿਜ਼ ਕਵਿਤਾ ਸੰਗ੍ਰਹਿ ਨਹੀਂ, ਕਾਵਿ ਵਿਦਰੋਹ ਵੀ ਹੈ, ਏਸੇ ਲਈ ਅਸੀਂ ਇਸ ਕਵਿਤਾ ਸੰਗ੍ਰਹਿ ਦੀ ਪੜਚੋਲ ਲਿਖਣ ਲੱਗਿਆਂ ‘ਰਵਾਇਤੀ’ ਸ਼ਬਦਕਾਰੀ ਨਹੀਂ ਕੀਤੀ ਸਗੋਂ ਸਿੱਧੀ ਗੱਲ ਕੀਤੀ ਹੈ।
ਇਸ ਕਵਿਤਾ ਸੰਗ੍ਰਹਿ ਵਿਚ ਜਿਹੜੀਆਂ ਕਵਿਤਾਵਾਂ ਹਨ ਓਹ ਕੋਰੋਨਾ ਦੌਰ ਮਗਰੋਂ ਨਾਕਾਮ ਸਾਬਤ ਹੋਏ ਸੱਤਾਧਾਰੀਆਂ ਲਈ ਨਿਰੀਆਂ ਬਲਾਵਾਂ ਹਨ, ਇਹ ਸੁੱਤੇ ਲੋਕਾਂ ਨੂੰ ਹਲੂਣਾ ਦੇ ਕੇ ਸਵਾਲ ਕਰਨ ਦੀ ਕਾਬਲੀਅਤ ਬਖ਼ਸ਼ਦੀਆਂ ਹਨ। ਪਹਿਲੀ ਕਵਿਤਾ ਪਾਸਟਰ ਨਿਮਲੋਰ ਦੀ ਹੈ : ‘ਫਿਰ ਓਹ ਮੇਰੇ ਲਈ ਨਹੀਂ ਆਏ ‘. ਸੰਪਾਦਕ ਅਮੋਲਕ ਸਿੰਘ ਨੇ ਸ਼ੁਰੂਆਤ ਵਿਚ ਇਹ ਕਵਿਤਾ ਸ਼ਾਮਲ ਕਰ ਕੇ ਬੜੀ ਰਮਜ਼ ਵਾਲੀ ਸੈਨਤ ਕੀਤੀ ਹੈ ਕਿ ਮਜ਼ਦੂਰ, ਗੁਮਰਾਹ ਕੀਤਾ ਗਿਆ ਹੈ ਇਸ ਲਈ ਖ਼ੁਦ ਨੂੰ ਕਿਸੇ ਖ਼ਾਸ ਧਰਮ ਦਾ ਬੰਦਾ ਸਮਝਦਾ ਹੈ, ਵਰਨਾ ਓਹ ਹੈ ਤਾਂ ਮਜ਼ਦੂਰ, ਕੰਮ ਕਰੇਗਾ, ਤੱਦੇ ਈ ਰੋਟੀ ਖਾ ਸਕੇਗਾ।

ਦੂਜੀ ਕਵਿਤਾ ‘ਸਫੂਰਾ ਜਰਗਰ ਦੇ ਅਣਜੰਮੇ ਜਿਗਰ ਦੇ ਟੁਕੜੇ ਦੇ ਬੋਲ ਹਨ ‘ ਇੱਥੇ ਕਵੀ ਅੰਸ਼ੂ ਮਾਲਵੀਆ ਨੇ ਹਕੂਮਤੀ ਜਬਰ ਦਾ ਜ਼ਿਕਰ ਕੀਤਾ ਹੈ. ਤੀਜੀ ਕਵਿਤਾ ‘ਭਾਗੀ ਹੋਈ ਲੜਕੀਆਂ’ ਦਾ ਕਵੀ ਅਲੋਕ ਧਨਵਾ ਹੈ, ਜਿਹੜਾ ਸਮਾਜ ਦੀ ਪਰੰਪਰਾਗ੍ਰਸਤ ਸੋਚ ਉੱਤੇ ਚੋਟ ਕਰਦਾ ਹੈ. ਇਵੇਂ ਹੀ ਅਰਵਿੰਦਰ ਕਾਕਰਾ ਦੀ ਕਵਿਤਾ ‘ਪਰਵਾਸੀ’ ਤੇ ‘ਆਸ’ ਵਿਚ ਆਮ ਲੋਕਾਂ ਦਾ ਦੁੱਖ ਬਿਆਨ ਹੈ. ਆਪਣੀ ਬਿਨਾਂ ਸਿਰਲੇਖ ਵਾਲੀ ਗ਼ਜ਼ਲ ਵਿਚ ਅਤਰਜੀਤ ਨੇ ਕੋਰੋਨਾ ਦੌਰਾਨ ਸ਼ਾਸਕਾਂ ਤੇ ਲੋਕਾਂ ਵਿਚਾਲੇ ਪਏ ਖੱਪੇ ਵੱਲ ਇਸ਼ਾਰਾ ਕੀਤਾ ਹੈ. ਅੰਮ੍ਰਿਤਪਾਲ ਬੰਗੇ ਦੀਆਂ ਦੋ ਗ਼ਜ਼ਲਾਂ ‘ਨਕਾਬ ਪੋਸ਼ ‘ ਤੇ ‘ਪਹਿਰੇ ਏਕਤਾ ਦੇ ‘ ਵਿਚ ਉਸਨੇ ਧਨਾਢ ਧਿਰਾਂ ਦਾ ਨਕਾਬ ਲਾਹ ਦਿੱਤਾ ਹੈ. ਫੇਰ, ਅਮਨਦੀਪ ਮਾਛੀਕੇ ਤੇ ਅਵਤਾਰ ਲੰਗੇਰੀ ਦੀਆਂ ਕਵਿਤਾਵਾਂ ਪਾਠਕ ਨੂੰ ਜਗਾਉੰਦੀਆਂ ਪ੍ਰਤੀਤ ਹੁੰਦੀਆਂ ਹਨ। ਅਮੋਲਕ ਸਿੰਘ ਦੀਆਂ ਕਵਿਤਾਵਾਂ ‘ਵਾਇਰਸ’, ਮੋਮਬੱਤੀਆਂ ਦਾ ਕਾਫਲਾ’, ‘ਆਪਣੇ ਪਿੰਡ’, ‘ਮੇਰਾ ਕੀ ਕ਼ਸੂਰ’ ਤੇ ‘ਕੋਰੋਨਾ ਦੇ ਓਹਲੇ’ ਵਿਚ ਆਮ ਬਸ਼ਰ ਦੇ ਮਸਲਿਆਂ ਨੂੰ ਜ਼ੁਬਾਨ ਦਿੱਤੀ ਹੈ.

ਈਸ਼ਵਰ ਸ਼ੂਨਯ, ਇੰਦਰਜੀਤ ਨੰਦਨ, ਸੁਰਜੀਤ ਪਾਤਰ, ਸਵਰਾਜਬੀਰ, ਸੀਮਾ ਅਜ਼ਾਦ, ਸੁਖਵਿੰਦਰ ਅੰਮ੍ਰਿਤ, ਸੁਰਿੰਦਰ ਗੀਤ, ਸੁਰਿੰਦਰ ਧੰਜਲ, ਸੁਰਜੀਤ ਜੱਜ, ਸੁਲੱਖਣ ਸਰਹੱਦੀ, ਡਾ. ਸੁਖਪਾਲ ਸੰਗੇੜਾ, ਸਰਬਜੀਤ ਸੋਹੀ, ਸ਼ੇਖਰ ਬਿਆਸ, ਸਤਨਾਮ ਮਾਣਕ, ਸ਼ਬਦੀਸ਼, ਸੁਸ਼ੀਲ ਦੁਸਾਂਝ, ਸੁਖਮਿੰਦਰ ਰਾਮਪੁਰੀ, ਸਤਪਾਲ ਭੀਖੀ, ਸੰਪਤ ਸਰਾਲ, ਸਵਰਨ ਸਿੰਘ ਧਾਲੀਵਾਲ, ਸਵਰਨ ਸਿੰਘ ਧਾਲੀਵਾਲ (ਰਸੂਲਪੁਰ), ਡਾ. ਸਾਹਿਬ ਸਿੰਘ, ਸ਼ੀਰੀ, ਸੂਫ਼ੀਆ ਪ੍ਰਤਾਪਗੜ੍ਹੀ, ਸੁਖਜਿੰਦਰ, ਹਰਮੀਤ ਵਿਦਿਆਰਥੀ, ਹਰਵਿੰਦਰ ਤੱਤਲਾ, ਡਾ. ਹਰਿਭਗਵਾਨ ਬਰਨਾਲਾ, ਗੁਰਦਿਆਲ ਰੋਸ਼ਨ, ਗੁਰਦਿਆਲ ਦਲਾਲ, ਗੁਰਦਿੱਤ ਸਿੰਘ ਕੋਠਾ ਗੁਰੂ, ਗੁਰਪ੍ਰੀਤ ਜੱਸਲ, ਜਸਵੰਤ ਜ਼ਫ਼ਰ, ਜਸਪਾਲ ਘਈ, ਜਸਵਿੰਦਰ, ਜਸਪਾਲ ਜੱਸੀ, ਜੱਗਸੀਰ ਜੀਦਾ, ਜਗੀਰ ਜੋਸਣ, ਜਸਦੇਵ ਸਿੰਘ ਲਲਤੋਂ, ਜੋਰਾ ਸਿੰਘ ਨਸਰਾਲੀ, ਜਸਵੀਰ ਝਜ, ਜਗਤਾਰ ਜਜ਼ੀਰਾ, ਜੁਗਿੰਦਰ ਅਜ਼ਾਦ, ਜਗਜੀਤ ਬਰਾੜ, ਕੀ ਮੈਂ ਝੂਠ ਬੋਲਿਆ -ਜਾਮੀਆ ਯੂਨੀਵਰਸਿਟੀ ਗਾਇਨ, ਤ੍ਰੈਲੋਚਣ ਲੋਚੀ, ਮਾ. ਤਰਲੋਚਨ ਸਿੰਘ ਸਮਰਾਲਾ, ਦਰਸ਼ਨ ਖਟਕੜ, ਦਲਜੀਤ ਅਮੀ, ਦਾਰਾਬ ਫ਼ਾਰੂਕੀ, ਦੀਪ ਨਿਰਮੋਹੀ, ਦੀਪ ਦਿਲਬਰ, ਦਲਜੀਤ ਰਿਐਤ, ਧਰਮਿੰਦਰ ਸਿੰਹ, ਧਨੰਜਯ ਸਿੰਘ, ਧਾਮੀ ਗਿੱਲ, ਧਰਮਜੀਤ, ਬਾਬਾ ਨਜ਼ਮੀ, ਨੀਤੂ, ਪਾਲ ਕੌਰ, ਪਰਮਿੰਦਰ ਕੌਰ ਸਵੈਚ, ਪਾਵੇਲ ਕੁੱਸਾ, ਪਾਸ਼ ਔਜਲਾ, ਬਲਵੰਤ ਸਿੰਘ ਮੱਖ, ਬਲਤੇਜ ਪੰਨੂ, ਬਲਵੰਤ ਸਿੰਘ ਮਖੂ, ਬਿੱਟੂ ਮਹਿਤਪੁਰੀ, ਬਰਜਿੰਦਰ ਸਿੰਘ, ਬਲਵਿੰਦਰ ਸਿੰਘ ਸੋਨੀ, ਬਿੰਦਰ ਗੰਧੜ, ਮੋਨਿਕਾ ਕੁਮਾਰ, ਮਹਿੰਦਰ ਸਾਥੀ, ਮਦਨ ਵੀਰਾ, ਮੱਖਣ ਮਾਨ, ਮਨਜਿੰਦਰ ਸਿੰਘ ਧਨੋਆ, ਮੱਖਣ ਕੁਹਾੜ, ਮਨਦੀਪ ਸਨੇਹੀ, ਮਨਜੀਤ ਮਾਨ, ਪ੍ਰੋ. ਰਕੇਸ਼ ਰਮਨ (ਮਰਹੂਮ), ਰਵੀ, ਲਖਵਿੰਦਰ ਜੌਹਲ, ਵਿਨੈ ਮਹਾਜਨ ਦੀਆਂ ਕਵਿਤਾਵਾਂ ਤੇ ਗ਼ਜ਼ਲਾਂ ਨਵੀਂ ਸੋਚ ਤੋਂ ਜਾਣੂ ਕਰਾਉਂਦੀਆਂ ਹਨ।

ਉਂਝ ਤਾਂ ਇਸ ਕਾਵਿ ਸੰਗ੍ਰਹਿ ਵਿਚ ਕੁਲ 65 ਕਵਿਤਾਵਾਂ ਹਨ, ਸਭ ਦਾ ਜ਼ਿਕਰ ਤੇ ਫਿਕ਼ਰ, ਬਿਆਨ ਕਰਨਾ ਵੱਸੋ ਬਾਹਰ ਹੈ ਪਰ ਕਿਤਾਬ ਬਾਰੇ ਤਾਅਰੁਫ਼ ਕਰਵਾਉਣ ਦਾ ਮਕ਼ਸਦ ਇਹ ਹੁੰਦੈ ਕਿ ਨਵੀਂ ਕਿਤਾਬ ਨੂੰ ਪਾਠਕ ਕਿਉਂ ਪੜ੍ਹੇ? ਇਸ ਕਿਤਾਬ ਦਾ ਹਾਸਿਲ ਇਹ ਵੀ ਹੈ ਕਿ ਫ਼ਿਰਕੂ ਦੁਰ ਪ੍ਰਚਾਰ ਤੋਂ ਸੁਚੇਤ ਰਹਿ ਕੇ ਲਹਿੰਦੇ ਪੰਜਾਬ ਦੇ ਸ਼ਾਇਰਾਂ ਦੇ ‘ਕੋਰੋਨਾ ਕਾਲ ਦੇ ਕ਼ਲਾਮ’ ਵੀ ਇਸ ਵਿਚ ਸ਼ੁਮਾਰ ਕੀਤੇ ਗਏ ਹਨ। ਰਸ਼ੀਦ ਅੱਬਾਸ ਦੀ ‘ਬਗ਼ਾਵਤ’, ਡਾ. ਸਲੀਮ ਜ਼ੁਬੈਰੀ ਦੀ ‘ਗ਼ਜ਼ਲ’, ਮਕ਼ਸੂਦ ਵਫ਼ਾ ਦੀ ‘ਬੰਦੀ ਬਣਾਏ ਹੋਏ ਦਿਨ’, ਸਫੀਆ ਹਯਾਤ ਦੀ ‘ਕੋਰੋਨਾ ਕਟਹਿਰੇ ਵਿਚ’ ਤੇ ਇਰਫ਼ਾਨ ਸਾਦਿਕ ਦੀ ‘ਕੋਆਰੰਟੀਨ’ ਕਹਿਣ ਨੂੰ ਤਾਂ ਕਵਿਤਾਵਾਂ ਹਨ ਪਰ ਕਾਵਿ ਸੁਣੇਹੇ ਵੀ ਹਨ।

ਇਹ ਕਾਵਿਕ-ਕਮਾਲ, ਆਪਣੇ ਸਮੁੱਚ ਵਿਚ ਮੁਕੰਮਲ ਵਿਚਾਰਕੀ ਹਨ। ਇਹ ਕਿਤਾਬ ਪੜ੍ਹ ਕੇ ਕਵਿਤਾ ਦੇ ਮਤਲਬ ਮੱਲੋ ਮੱਲੀ ਮਨ ਮਸਤਕ ਦਾ ਹਿੱਸਾ ਬਣਦੇ ਜਾਪਦੇ ਹਨ, ਕਿਸੇ ਕਵੀ ਦੀ ਕਵਿਤਾ ਦੀਆਂ ਟੂਕਾਂ, ਹਵਾਲੇ ਵਜੋਂ ਦੇਣ ਦੀ ਜ਼ਰੂਰਤ ਨਹੀਂ, ਸੱਭੇ ਕਵਿਤਾਵਾਂ ਇਕ ਤੋਂ ਵੱਧ ਕੇ ਇਕ ਹਨ, ਦਾਨਿਸ਼ਵਰਾਂ ਨੂੰ ਜਿੱਥੋਂ ਵੀ ਇਹ ਕਾਵਿ ਸੰਗ੍ਰਹਿ ਮਿਲੇ, ਪੜ੍ਹਣ ਜ਼ਰੂਰ, ਇਸ ਤੋਂ ਜ਼ਿਆਦਾ ਕਹਿਣਾ ਅਤ ਕਥਨੀ ਹੋਵੇਗੀ।

 

ਯਾਦਵਿੰਦਰ 

ਦੀਦਾਵਰ ਕੁਟੀਆ, ਸਰੂਪ ਨਗਰ, ਰਾਓਵਾਲੀ।

+916284336773, 9465329617

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜਥੇਦਾਰ ਜਰਨੈਲ ਸਿੰਘ ਡੋਗਰਾਂਵਾਲ ਦੇ ਹੱਕ ਵਿੱਚ ਨਿੱਤਰੇ ਵੱਡੀ ਗਿਣਤੀ ਵਿੱਚ ਅਕਾਲੀ ਵਰਕਰ
Next articleਇਸਤਰੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਬੀਬੀ ਕਾਲੜਾ ਵੱਲੋਂ ਰਣਜੀਤ ਸਿੰਘ ਖੋਜੇਵਾਲ ਸਨਮਾਨਿਤ