(ਸਮਾਜ ਵੀਕਲੀ)-ਬੀਤੇ ਦਿਨੀਂ ਡਿਸਟੈਂਸ ਐਜੂਕੇਸ਼ਨ ਰਾਹੀ ਐਮ ਏ ਪੱਤਰਕਾਰੀ ਦੀਆਂ ਕਲਾਸਾਂ ਲਾਉਂਣ ਦਾ ਮੌਕਾ ਮਿਲਿਆ। ਜਦੋ ਕਲਾਸਾਂ ਬਾਰੇ ਸੁਨੇਹਾ ਪ੍ਰਾਪਤ ਹੋਇਆ, ਪਹਿਲਾਂ ਤਾਂ ਘਰੇਲੂ ਸਮੱਸਿਆਵਾਂ ਕਾਰਨ ਇਹਨਾਂ ਨੂੰ ਛੱਡ ਦੇਣ ਦਾ ਹੀ ਵਿਚਾਰ ਮਨ ਵਿੱਚ ਆਇਆ, ਪ੍ਰੰਤੂ ਫ਼ੇਰ ਮਨ ਨੇ ਸੋਚਿਆ ਕਿ ਜ਼ਿੰਦਗੀ ਵਿੱਚ ਇਹੋ ਜਿਹੇ ਮੌਕੇ ਵਾਰ ਵਾਰ ਨਹੀਂ ਮਿਲਿਆ ਕਰਦੇ।
ਬਚਪਨ ਵਿੱਚ ਵੀ ਜਦੋਂ ਸਕੂਲ ਚ ਪੜ੍ਹਨਾ ਉਦੋਂ ਤੋਂ ਹੀ ਛੋਟਾ ਹੁੰਦਾ ਸੋਚਦਾ ਹੁੰਦਾ ਸੀ ਕਿ ਵੱਡਾ ਹੋ ਕੇ ਹੋਸਟਲ ਲਵਾਂਗਾ ਤੇ ਯੂਨੀਵਰਸਿਟੀ ਵਿੱਚ ਰਹਿ ਕੇ ਹੀ ਆਪਣੀ ਪੜ੍ਹਾਈ ਪੂਰੀ ਕਰਾਗਾਂ, ਭਾਵੇਂ ਐਮ ਏ ਪੰਜਾਬੀ , ਬੀ ਐਡ, ਤੇ ਪੱਤਰਕਾਰੀ ਦਾ ਪਹਿਲਾਂ ਸਾਲ ਡਿਪਲੋਮੇ ਦੇ ਰੂਪ ਵਿੱਚ ਹੋ ਚੁੱਕਿਆ ਪ੍ਰੰਤੂ ਇਹ ਮੌਕਾ ਐਮ ਏ ਪੱਤਰਕਾਰੀ ਦੇ ਦੂਜੇ ਸਾਲ ਵਿੱਚ ਦਾਖ਼ਲਾ ਲੈਣ ਸਮੇਂ ਮੇਰਾ ਬਚਪਨ ਵਾਲਾ ਇਹ ਸੁਪਨਾ ਸਾਕਾਰ ਹੋਣਾ ਸੀ, ਸੋ ਮੈਂ ਇਸ ਮਿਲੇ ਸੁਨਿਹਿਰੀ ਮੌਕੇ ਨੂੰ ਗੁਆਣਾ ਨਹੀਂ ਸੀ ਚਾਹੁੰਦਾ।
ਜਦੋਂ ਤੋਂ ਇਹਨਾਂ ਕਲਾਸਾਂ ਬਾਰੇ ਪਤਾ ਲੱਗਾ ਸੀ ਉਦੋਂ ਤੋਂ ਹੀ ਮਨ ਵਿੱਚ ਬੜੇ ਵਲਵਲੇ ਉੱਠ ਰਹੇ ਸਨ ਸੋ ਮੈਂ ਮਿਥੀ ਹੋਈ ਤਰੀਕ ਵਾਲੇ ਦਿਨ ਘਰੋਂ ਤਕੀਰਬਨ 7 ਵਜੇ ਨਿਕਲਿਆ ਤੇ ਰੋਪੜ ਬੱਸ ਅੱਡੇ ਤੋਂ ਬੱਸ ਲੈਂ ਕੇ 10 ਕੁ ਵਜੇ ਯੂਨੀਵਰਸਿਟੀ ਪੁੱਜ ਗਿਆ, ਕੋਲ ਬੈਗ ਹੋਣ ਕਾਰਨ ਪਹਿਲਾਂ ਆਪਣਾ ਬੈਗ ਕਿਸੇ ਮਿੱਤਰ ਪਿਆਰੇ ਦੀ ਗੱਡੀ ਵਿੱਚ ਰੱਖਿਆ,ਤੇ ਕਲਾਸ ਲਾਉਣ ਲਈ ਵਿਭਾਗ ਵਿੱਚ ਪੁੱਜ ਗਿਆ।
ਤਕਰੀਬਨ 2 ਕੁ ਵਜੇ ਤੱਕ ਕਲਾਸਾਂ ਦਾ ਦੌਰ ਚਲਿਆ ਤੇ ਪਹਿਲੇ ਦਿਨ ਅਲਕਾ ਬਾਂਸਲ ਮੈਡਮ ਇੰਚਾਰਜ, ਅਮਨਪ੍ਰੀਤ ਸਰ, ਡਾ ਰਾਜਵੀਰ ਗਿੱਲ ਤੇ ਡਾ ਸੰਦੀਪ ਵਰਗੀਆਂ ਗਿਆਨ ਨਾਲ ਭਰਪੂਰ ਰੱਬੀ ਰੂਹਾਂ ਦੇ ਦਰਸ਼ਨ ਹੋਏ।
ਇਸ ਤੋਂ ਬਾਅਦ ਹੋਸਟਲ ਵਿਖੇ ਕਮਰਾ ਲੈਣ ਲਈ ਜੱਦੋ ਜਹਿਦ ਦੀ ਸ਼ੁਰੂਆਤ ਹੋਈ, ਉਸ ਦੇ ਲਈ ਬਣਦੀ ਕਾਰਵਾਈ ਪੂਰੀ ਕੀਤੀ, ਸਾਨੂੰ ਪੰਜ ਨੰਬਰ ਹੋਸਟਲ ਭਾਈ ਵੀਰ ਸਿੰਘ ਵਿੱਚ ਸਥਿਤ ਸਪੋਰਟਸ ਵਾਲ਼ੇ ਮੁੰਡਿਆਂ ਨਾਲ ਕਮਰਾ ਅਲਾਟ ਕੀਤਾ ਗਿਆ, ਇਕ ਵਾਰ ਤਾਂ ਕਮਰੇ ਦੇ ਹਾਲ ਦੇਖ ਕੇ ਬਾਹਰ ਪੀ ਜੀ ਵਿੱਚ ਰਹਿਣ ਲਈ ਵੀ ਮਨ ਕੀਤਾ ਤੇ ਇਸ ਦੇ ਲਈ ਕੁਝ ਅਸਫ਼ਲ ਕੋਸ਼ਿਸਾਂ ਵੀ ਕੀਤਿਆਂ ਗਈਆਂ ਪ੍ਰੰਤੂ ਕੋਈ ਸਿਰੇ ਨਾ ਚੜਦੀ ਦਿਖਾਈ ਦਿੱਤੀ।
ਸਫ਼ਾਈ ਕਰਮਚਾਰੀਆਂ ਦੀ ਓਹਨੀ ਦਿਨੀਂ ਹੜਤਾਲ ਚਲ ਰਹੀ ਸੀ ਜਿਸ ਕਰ ਕੇ ਸਫ਼ਾਈ ਦੇ ਪੁਖ਼ਤਾ ਪ੍ਰਬੰਧ ਨਹੀਂ ਸਨ, ਸਾਨੂੰ ਪੰਜ ਜਣਿਆ ਨੂੰ ਇਕ ਹੀ ਕਮਰਾ ਅਲਾਟ ਹੋਇਆ ਸੀ, ਮੇਰੇ ਨਾਲ ਫ਼ਰੀਦਕੋਟ ਤੋਂ ਲਖਵਿੰਦਰ ਤੇ ਲੁਧਿਆਣਾ ਤੋਂ ਗੁਰਮੀਤ ਜੋਂ ਮੇਰੇ ਸਹਿਪਾਠੀ ਵੀ ਸਨ,ਦੇ ਨਾਲ ਨਾਲ ਸੰਗਰੂਰ ਤੋਂ ਕੁਲਬੀਰ ਜੋਂ ਕਿ ਡੀ ਲਿਬ ਦਾ ਵਿਦਿਆਰਥੀ ਸੀ ਤੇ ਓਮ ਪ੍ਰਕਾਸ਼ ਜੋਂ ਕਿ ਐਮ ਕਾਮ ਦਾ ਵਿਦਿਆਰਥੀ ਸੀ, ਨੇ ਕਮਰੇ ਦੀ ਸਫ਼ਾਈ ਆਪ ਹੀ ਕਰਨ ਦਾ ਫ਼ੈਸਲਾ ਕਰ ਲਿਆ, ਤੇ ਦੇਰ ਸ਼ਾਮ ਤਕ ਅਸੀਂ ਉਸ ਕਮਰੇ ਨੂੰ ਆਪਣੇ ਰਹਿਣਯੋਗ ਬਣਾ ਲਿਆ।
ਇਸ ਤੋਂ ਬਾਅਦ ਸਾਨੂੰ ਕਮਰੇ ਵਿੱਚ ਸਿਰਫ਼ ਪੈਣ ਲਈ ਬੈਡ ਹੀ ਮੁਹੱਈਆ ਕਰਵਾਏ ਗਏ ਸਨ, ਹੁਣ ਮੁਸ਼ਿਕਲ ਆ ਰਹੀ ਗੱਦਿਆਂ ਦਾ ਪ੍ਰਬੰਧ ਕਰਨ ਦੀ, ਉਸ ਦੇ ਲਈ ਪਹਿਲਾਂ ਤਾਂ ਯੂਨੀਵਰਿਟੀ ਵਿਖੇ ਸਥਿਤ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕੀਤੀ ਉਥੇ ਵੀ ਸਿਰਫ਼ ਸਾਨੂੰ ਇਕ ਹੀ ਗੱਦਾ ਮਿਲਿਆਂ ਕਿਉੰਕਿ ਓਹਨੀ ਦਿਨੀਂ ਡਿਸਟੈਂਸ ਐਜੂਕੇਸ਼ਨ ਦੀਆ ਹੋਰ ਵੀ ਕਲਾਸਾਂ ਹੋਣ ਕਾਰਨ ਸਭ ਵਿਦਿਆਰਥੀ ਉਥੇ ਪਹਿਲਾਂ ਹੀ ਪਹੁੰਚ ਕਰ ਚੁੱਕੇ ਸਨ,ਅਸੀਂ ਹੀ ਕਾਫ਼ੀ ਲੇਟ ਸੀ।
ਹੁਣ ਸਾਨੂੰ ਹੋਰ ਗੱਦਿਆਂ ਦੀ ਜ਼ਰੂਰਤ ਸੀ,ਇਸ ਦੇ ਲਈ ਅਸੀਂ ਥੋੜ੍ਹੇ ਹੱਥ ਪੈਰ ਮਾਰਨ ਤੋਂ ਬਾਅਦ ਮੇਰੇ ਪਰਮ ਮਿੱਤਰ ਰਣਵੀਰ ਰੰਧਾਵਾ ਸੂਬਾ ਪ੍ਰਧਾਨ ਪੰਜਾਬ ਸਟੂਡੈਂਟਸ ਯੂਨੀਅਨ ਨੂੰ ਫ਼ੋਨ ਕੀਤਾ ਗਿਆ, ਜਿਨ੍ਹਾਂ ਤੋਂ ਇਹ ਜਾਣਕਾਰੀ ਮਿਲੀ ਕਿ ਵਿਦਿਆਰਥੀਆਂ ਦੇ ਸਾਂਝੇ ਫਰੰਟ ਵੱਲੋਂ ਫੀਸਾਂ ਵਿੱਚ ਹੋਏ ਭਾਰੀ ਵਾਧੇ ਅਤੇ ਹੋਰ ਮੰਗਾਂ ਨੂੰ ਲੈਂ ਕੇ ਵਾਈਸ ਚਾਂਸਲਰ ਦੇ ਦਫਤਰ ਅੱਗੇ ਪੱਕਾ ਧਰਨਾ ਲਾਇਆ ਜਾ ਰਿਹਾ, ਉਹਨਾਂ ਨੇ ਸਾਡਾ ਸੰਪਰਕ ਬਾਈ ਅਮਨਦੀਪ ਤੇ ਲਖਵਿੰਦਰ ਹੁਰਾਂ ਨਾਲ ਕਰਵਾਇਆ ਤੇ ਸਾਡੀ ਸਮੱਸਿਆਂ ਦਾ ਸਮਾਧਾਨ ਕਰਵਾਇਆ।
ਇਸ ਤਰ੍ਹਾਂ ਸਾਨੂੰ ਭੱਜ ਨੱਠ ਕਰਦਿਆਂ ਰਾਤ ਦੇ 9 ਵੱਜ ਚੁੱਕੇ ਸਨ, ਤੇ ਅਸੀਂ ਮੈੱਸ ਦੇ ਬੰਦ ਹੋਣ ਤੋਂ ਪਹਿਲਾਂ ਪਹਿਲਾਂ ਖਾਣਾ ਖਾ ਕੇ ਆਰਾਮ ਫ਼ੁਰਮਾਇਆ।
ਬਿਕਰਮਜੀਤ ਸਿੰਘ
ਸੰਪਰਕ – 7696065375
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly