– *ਵਿਧਾਇਕ ਕੁਲਜੀਤ ਰੰਧਾਵਾ ਨੇ ਰਜਾਪੁਰ ਦੀ ਟਾਂਗਰੀ ਨਦੀ ‘ਚ ਰਸਮੀ ਤੌਰ ਤੇ ਕੀਤਾ ਉਦਘਾਟਨ*
– *5.50 ਰੁਪਏ ਪ੍ਰਤੀ ਵਰਗ ਫੁੱਟ ਦੇ ਹਿਸਾਬ ਨਾਲ ਮਿਲੇਗਾ ਰੇਤ*
ਲਾਲੜੂ, ਡੇਰਾਬੱਸੀ (ਸਮਾਜ ਵੀਕਲੀ) (ਸੰਜੀਵ ਸਿੰਘ ਸੈਣੀ, ਮੋਹਾਲੀ) : ਪੰਜਾਬ ਸਰਕਾਰ ਲੋਕਾਂ ਨੂੰ ਸਸਤੀ ਰੇਤ ਮੁਹੱਈਆ ਕਰਵਾਉਣ ਅਤੇ ਮਾਈਨਿੰਗ ਮਾਫੀਆ ‘ਤੇ ਸ਼ਿਕੰਜਾ ਕੱਸਣ ਲਈ ਹੁਣ ਖ਼ੁਦ ਰੇਤ ਵੇਚੇਗੀ । ਜਿਸ ਤਹਿਤ ਅੱਜ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਹੰਡੇਸਰਾ ਸਰਕਲ ਦੇ ਪਿੰਡ ਰਜਾਪੁਰ ਵਿਖੇ ਟਾਂਗਰੀ ਨਦੀ ਵਿਚ ਪਹੁੰਚ ਕੇ ਰੇਤ ਦੀ ਸਰਕਾਰੀ ਖੱਡ ਦੀ ਰਸਮੀ ਤੌਰ ’ਤੇ ਉਦਘਾਟਨ ਕੀਤੀ। ਰੀਬਨ ਕੱਟ ਕੇ ਉਨ੍ਹਾਂ ਅੱਜ ਤੋਂ ਆਮ ਲੋਕਾਂ ਲਈ ਸਸਤੇ ਰੇਟ ਤੇ ਰੇਤ ਖਰੀਦ ਸ਼ੁਰੂ ਕਰਵਾਈ। ਇਸ ਮੌਕੇ ਏ.ਡੀ.ਸੀ.(ਜੀ) ਮੁਹਾਲੀ ਸ੍ਰੀਮਤੀ ਅਮਨਿੰਦਰ ਕੌਰ, ਐਸਡੀਐਮ ਡੇਰਾਬੱਸੀ ਹਿਮਾਂਸ਼ੂ ਗੁਪਤਾ ਅਤੇ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਮੌਜੂਦ ਸਨ।
ਇਸ ਮੌਕੇ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਕਿਹਾ ਕਿ ‘ਆਪ’ ਸਰਕਾਰ ਸੂਬੇ ਦੇ ਲੋਕਾਂ ਨੂੰ ਸਸਤਾ ਤੇ ਆਸਾਨੀ ਨਾਲ ਰੇਤਾ ਮੁਹੱਈਆ ਕਰਵਾਉਣ ਦੀ ਵਚਨਬੱਧਤਾ ਨੂੰ ਪੂਰਾ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ। ਉਨ੍ਹਾਂ ਕਿਹਾ ਕਿ ਇਸ ਮਾਈਨਿੰਗ ਸਾਈਟ ਤੇ ਕੋਈ ਵੀ ਵਿਅਕਤੀ 5.50 ਰੁਪਏ ਪ੍ਰਤੀ ਵਰਗ ਫੁੱਟ ਦੇ ਹਿਸਾਬ ਨਾਲ ਆਪਣੀ ਨਿੱਜੀ ਵਰਤੋਂ ਲਈ ਰੇਤਾ ਖਰੀਦ ਸਕੇਗਾ।ਅਜਿਹੇ ਵਿਅਕਤੀ ਨੂੰ ਖੱਡ ’ਚੋਂ ਲੋੜੀਂਦੀ ਮਾਤਰਾ ’ਚ ਰੇਤਾ ਕੱਢਣ ਲਈ ਲੇਬਰ ਦੇ ਨਾਲ ਆਪਣਾ ਵਾਹਨ ਲਿਆਉਣਾ ਪਵੇਗਾ। ਇਸ ਖੱਡ ’ਤੇ ਜੇ. ਸੀ. ਬੀ. ਜਾਂ ਅਜਿਹੀ ਕੋਈ ਵੀ ਮਸ਼ੀਨਰੀ ਲਿਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਨਾ ਹੀ ਕਿਸੇ ਠੇਕੇਦਾਰ ਨੂੰ ਇਸ ’ਚੋਂ ਰੇਤਾ ਕੱਢਣ ਦੀ ਇਜਾਜ਼ਤ ਦਿੱਤੀ ਜਾਵੇਗੀ। ਵਿਕਰੀ ਮੁੱਲ ਲੈਣ ਲਈ ਸਰਕਾਰੀ ਮੁਲਾਜ਼ਮ ਮੌਕੇ ’ਤੇ ਮੌਜੂਦ ਰਹਿਣਗੇ ਅਤੇ ਇਸ ਦੀ ਢੁੱਕਵੀਂ ਰਸੀਦ ਸੌਂਪਣਗੇ।