ਟੇਢੀ ਲੱਕੜੀ ਨੂੰ ਅੱਗ ਹੀ ਸਿੱਧਾ ਕਰਦੀ ਹੈ।

ਹਰਪ੍ਰੀਤ ਕੌਰ

(ਸਮਾਜ ਵੀਕਲੀ)-ਟੇਢੀ ਲੱਕੜ ਨੂੰ ਸਿੱਧਾ ਕਰਨ ਦਾ ਕੋਈ ਢੰਗ ਨਹੀਂ।ਉਸ ਨੂੰ ਸਿਰਫ਼ ਅੱਗ ਹੀ ਸਿੱਧਾ ਕਰ ਸਕਦੀ ਹੈ।ਜਲਣ ਤੋਂ ਬਾਅਦ ਜਾਂ ਖ਼ਤਮ ਹੋ ਜਾਣ ਤੋਂ ਬਾਅਦ ਹੀ ਉਹ ਸਿੱਧੀ ਹੁੰਦੀ ਹੈ।ਦਰੱਖ਼ਤ ਤੇ ਲੱਗਿਆਂ ਉਸ ਦੇ ਵਜੂਦ ਵਿੱਚ ਕੋਈ ਬਦਲਾਅ ਕਰਨਾ ਸੰਭਵ ਨਹੀਂ।

ਮਨੁੱਖ ਦੀ ਸਥਿਤੀ ਇਸ ਤੋਂ ਅਲੱਗ ਹੈ।ਮਨੁੱਖ ਚਾਹੇ ਤਾਂ ਆਪਣੇ ਆਪ ਨੂੰ ਬਦਲ ਸਕਦਾ ਹੈ।ਪਰ ਯਾਦ ਰੱਖੋ ਜੇ ਚਾਹੇ ਤਾਂ।ਉਸਦੇ ਇਸ ਚਾਹ ਵਿਚ ਤਾਂਘ ਹੋਣੀ ਜ਼ਰੂਰੀ ਹੈ।ਉਸ ਦਾ ਇਰਾਦਾ ਮਜ਼ਬੂਤ ਹੋਣਾ ਜ਼ਰੂਰੀ ਹੈ।ਉਸ ਦੇ ਖੁਦ ਦੇ ਮਨ ਵਿਚ ਬਦਲਾਅ ਲਈ ਤਿਆਰ ਹੋਣਾ ਜ਼ਰੂਰੀ ਹੈ।

ਜੋ ਮਨੁੱਖ ਆਪਣੀਆਂ ਆਦਤਾਂ ਨਹੀਂ ਬਦਲਦਾ।ਜ਼ਿੰਦਗੀ ਤੇ ਹਾਲਾਤ ਮੁਤਾਬਿਕ ਆਪਣੇ ਆਪ ਨੂੰ ਬਦਲਣ ਦੀ ਕੋਸ਼ਿਸ਼ ਨਹੀਂ ਕਰਦਾ ਉਹ ਇੱਕ ਟੇਢੀ ਲੱਕੜ ਵਾਂਗ ਹੀ ਹੁੰਦਾ ਹੈ।ਉਸ ਦਾ ਸੁਧਾਰ ਸੰਭਵ ਨਹੀਂ।

ਅਸੀਂ ਕੁਝ ਵੀ ਕਹੀਏ ਪਰ ਜ਼ਿਆਦਾਤਰ ਮਨੁੱਖ ਆਪਣੇ ਆਪ ਨੂੰ ਬਦਲਣ ਦੀ ਕੋਸ਼ਿਸ਼ ਨਹੀਂ ਕਰਦੇ।ਇਸ ਦਾ ਇੱਕ ਵੱਡਾ ਕਾਰਨ ਇਹ ਹੈ ਕਿ ਉਹ ਆਪਣੀ ਆਦਤ ਨੂੰ ਗਲਤ ਸਮਝਦੇ ਹੀ ਨਹੀਂ।ਜਦੋਂ ਕੋਈ ਮਨੁੱਖ ਆਪਣੇ ਅੰਦਰ ਕੋਈ ਗ਼ਲਤੀ ਦੇਖਦਾ ਹੀ ਨਹੀਂ ਤਾਂ ਉਸ ਨੂੰ ਬਦਲਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ।ਬਦਲਾਅ ਸਿਰਫ ਉਦੋਂ ਸੰਭਵ ਹੈ ਜਦੋਂ ਮਨੁੱਖ ਨੂੰ ਆਪਣੇ ਆਪ ਵਿੱਚ ਕੋਈ ਕਮੀ ਦਿਸੇ।

ਬੂਟਾ ਜਦੋਂ ਵੱਧ ਪੈਂਦਾ ਹੈ ਅਕਸਰ ਮਾਲੀ ਉਸ ਨੂੰ ਸਿੱਧਾ ਕਰਨ ਲਈ ਸਹਾਰੇ ਵਾਸਤੇ ਇੱਕ ਲੱਕੜ ਲਾ ਦਿੰਦੇ ਹਨ।ਇਸ ਤਰ੍ਹਾਂ ਉਹ ਸਿੱਧਾ ਵੱਧਦਾ ਹੈ।ਪਰ ਜੇਕਰ ਇੱਕ ਵਾਰ ਉਹ ਟੇਢਾ ਵਧ ਗਿਆ ਉਸ ਨੂੰ ਸਿੱਧਾ ਕਰਨਾ ਨਾਮੁਮਕਿਨ ਹੈ।ਇਹ ਗੱਲ ਮਨੁੱਖ ਤੇ ਵੀ ਲਾਗੂ ਹੁੰਦੀ ਹੈ।

ਬਚਪਨ ਤੋਂ ਹੀ ਚੰਗੀਆਂ ਆਦਤਾਂ ਸਿਖਾਈਆਂ ਜਾਣ ਤਾਂ ਮਨੁੱਖ ਦੀ ਸ਼ਖ਼ਸੀਅਤ ਸਹੀ ਢੰਗ ਨਾਲ ਵਿਕਸਿਤ ਹੁੰਦੀ ਹੈ।ਬਚਪਨ ਤੋਂ ਪਈਆਂ ਆਦਤਾਂ ਨੂੰ ਬਦਲਣਾ ਬਹੁਤ ਮੁਸ਼ਕਿਲ ਹੈ।

ਵਾਰਿਸ ਸ਼ਾਹ ਕਹਿੰਦਾ ਹੈ
ਵਾਰਿਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ
ਭਾਵੇਂ ਕੱਟੀਏ ਪੋਰੀਆਂ ਪੋਰੀਆਂ ਜੀ

ਇਸ ਤਰ੍ਹਾਂ ਇਹ ਵੀ ਕਿਹਾ ਗਿਆ ਹੈ
ਵਾਦੜੀਆਂ ਸਜਾਦੜੀਆਂ ਨਿਭਣ ਸਿਰਾਂ ਦੇ ਨਾਲ

ਬਹੁਤ ਜ਼ਰੂਰੀ ਹੈ ਇਸ ਗੱਲ ਨੂੰ ਸਮਝ ਲੈਣਾ ਕਿ ਬਦਲਾਅ ਅਸੰਭਵ ਨਹੀਂ।ਹਾਂ ਇਸ ਵਾਸਤੇ ਪੱਕਾ ਇਰਾਦਾ ਹੋਣਾ ਬਹੁਤ ਜ਼ਰੂਰੀ ਹੈ।

ਮਨੁੱਖ ਹੁੰਦਿਆਂ ਆਪਣੇ ਆਪ ਨੂੰ ਬਦਲਣ ਦੀ ਕੋਸ਼ਿਸ਼ ਕਰਨਾ ਸੰਭਵ ਹੈ।ਅਸੀਂ ਰੁੱਖ ਨਹੀਂ ਹਾਂ,ਨਾ ਹੀ ਲੱਕੜ ਹਾਂ ਜਿਸ ਦੇ ਟੇਢੇਪਣ ਨੂੰ ਅੱਗ ਹੀ ਦੂਰ ਕਰ ਸਕੇ।

ਹਰਪ੍ਰੀਤ ਕੌਰ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article“ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਹੰਬੜਾਂ ਵਿਖੇ ਰਾਸ਼ਟਰੀ ਵੋਟਰ ਦਿਵਸ ਮਨਾਇਆ”
Next articleਬਾਕੀ ਏ