*ਭਾਵਨਾ ਭੜਕ ਗਈ*

ਰੋਮੀ ਘੜਾਮਾਂ
(ਸਮਾਜ ਵੀਕਲੀ)
ਗੈਲੀਲੀਓ ਬੋਲਿਆ ਸੱਚ, ਭਾਵਨਾ ਭੜਕ ਗਈ।
ਗਈ ਲਟਾ-ਲਟ ਮੱਚ, ਭਾਵਨਾ ਭੜਕ ਗਈ।
ਕਹਿੰਦਾ “ਜੋ ਤੂੰ ਚਪਟੀ ਆਖੇਂ ਧਰਤੀ ਨੂੰ,
ਮੈਨੂੰ ਰਹੀ ਨਾ ਜੱਚ, ਭਾਵਨਾ ਭੜਕ ਗਈ।
ਲੋਹੇ ਵਰਗੀਆਂ ਸਖ਼ਤ ਦਲੀਆਂ ਜਦ ਵਰ੍ਹੀਆਂ,
ਖਿੱਲਰੀ ਵਾਂਗਰ ਕੱਚ, ਭਾਵਨਾ ਭੜਕ ਗਈ।
ਤਰਕਾਂ ਦੀ ਬੁੰਦਲ਼ਾਈ ਨਾਲ਼ ਪਸੀਨੇ ਦੇ,
ਹੋ ਗਈ ਗੱਚਾ-ਗੱਚ, ਭਾਵਨਾ ਭੜਕ ਗਈ।
ਕਰਕੇ ਫਿਰ ਗੱਠਜੋੜ ਧਰਮ ਤੇ ਸੱਤਾ ਨੇ,
ਪਾ ਦਿੱਤਾ ਧੜਮੱਚ, ਭਾਵਨਾ ਭੜਕ ਗਈ।
ਦੇਹ ਕਰ ਦਿੱਤੀ ਬੇਸ਼ੱਕ ਨਾਸ਼ ਗੈਲੀਲੀਓ ਦੀ,
ਅਮਰ ਹੋਇਆ ਪਰ ਸੱਚ, ਭਾਵਨਾ ਭੜਕ ਗਈ।
ਸੱਚ ਕਿ ਧਰਤੀ ਉਦੋਂ ਗੋਲ਼ ਸੀ, ਹੁਣ ਵੀ ਹੈ,
ਰਿਹਾ ਕੋਠੇ ਚੜ੍ਹ ਨੱਚ, ਭਾਵਨਾ ਭੜਕ ਗਈ।
‘ਸੱਪ ਜੀਹਦੇ ਮੂੰਹ ਕਿਰਲੀ’ ਵਾਂਗਰ ਬਣੇ ਹੋਏ,
ਰੋਮੀ ਵਰਗੇ ਖੱਚ, ਭਾਵਨਾ ਭੜਕ ਗਈ।
                     ਰੋਮੀ ਘੜਾਮਾਂ।
         9855281105 (ਵਟਸਪ ਨੰ.)
Previous articleਪੰਜਾਬੀ ਸਾਹਿਤ ਸਭਾ ਭੈਣੀ ਸਾਹਿਬ ਦੇ ਮੁੱਢਲੇ ਮੈਂਬਰ ਸੁਲੱਖਣ ਸਿੰਘ ਅਟਵਾਲ ਨਹੀਂ ਰਹੇ
Next articleਕਹਾਣੀ (ਬਾਲ ਮਜ਼ਦੂਰੀ)