ਔਰੰਗਾਬਾਦ ਘਟਨਾ: ਵਿਸ਼ੇਸ਼ ਗੱਡੀ ਰਾਹੀਂ ਲਾਸ਼ਾਂ ਜੱਦੀ ਜ਼ਿਲ੍ਹਿਆਂ ’ਚ ਪਹੁੰਚਾਈਆਂ

ਸ਼ਾਹਦੋਲ/ਉਮਰੀਆ (ਸਮਾਜਵੀਕਲੀ) – ਮਹਾਰਾਸ਼ਟਰ ਦੇ ਜ਼ਿਲ੍ਹਾ ਔਰੰਗਾਬਾਦ ਵਿੱਚ ਮਾਲ ਗੱਡੀ ਹੇਠ ਆ ਕੇ ਮਾਰੇ ਗਏ 16 ਪਰਵਾਸੀ ਮਜ਼ਦੂਰਾਂ ਦੀਆਂ ਦੇਹਾਂ ਅੱਜ ਦੁਪਹਿਰ ਵਿਸ਼ੇਸ਼ ਰੇਲਗੱਡੀ ਰਾਹੀਂ ਮੱਧ ਪ੍ਰਦੇਸ਼ ਦੇ ਸ਼ਾਹਦੋਲ ਅਤੇ ਉਮਰੀਆ ਪਹੁੰਚਾਈਆਂ ਗਈਆਂ।

ਪੁਲੀਸ ਅਫਸਰ ਨੇ ਦੱਸਿਆ ਕਿ ਔਰੰਗਾਬਾਦ ਜ਼ਿਲ੍ਹੇ ਤੋਂ ਚੱਲੀ ਵਿਸ਼ੇਸ਼ ਗੱਡੀ ਨਾਲ ਜੋੜੀਆਂ ਦੋ ਬੋਗੀਆਂ ਰਾਹੀਂ ਦੇਹਾਂ ਜਬਲਪੁਰ ਲਿਆਂਦੀਆਂ ਗਈਆਂ, ਜਿੱਥੋਂ ਇਹ ਅੱਗੇ ਸ਼ਾਹਦੋਲ ਤੇ ਉਮਰੀਆ ਲਿਜਾਈਆਂ ਗਈਆਂ। ਉਮਰੀਆ ਪੁੱਜੀ ਬੋਗੀ ਵਿੱਚ ਪੰਜ ਦੇਹਾਂ ਸਨ, ਜਿਨ੍ਹਾਂ ਨੂੰ ਐਂਬੂਲੈਂਸਾਂ ਰਾਹੀਂ ਮ੍ਰਿਤਕਾਂ ਦੇ ਪਿੰਡਾਂ ਤੱਕ ਪਹੁੰਚਾਇਆ ਗਿਆ।

ਦੂਜੀ ਬੋਗੀ ਵਿੱਚ 11 ਦੇਹਾਂ ਸਨ, ਜੋ ਸ਼ਾਹਦੋਲ ਦੇ ਪਿੰਡਾਂ ਵਿੱਚ ਪਹੁੰਚਾਈਆਂ ਗਈਆਂ। ਐਂਬੂਲੈਂਸਾਂ ਨਾਲ ਅਧਿਕਾਰੀ ਵੀ ਪਿੰਡਾਂ ਤੱਕ ਗਏ, ਜਿੱਥੇ ਮ੍ਰਿਤਕਾਂ ਦੀਆਂ ਅੰਤਿਮ ਰਸਮਾਂ ਨਿਭਾਈਆਂ ਗਈਆਂ। ਦੱਸਣਯੋਗ ਹੈ ਕਿ ਕਰੋਨਾਵਾਇਰਸ ਦੇ ਲੌਕਡਾਊਨ ਕਾਰਨ ਬੇਰੁਜ਼ਗਾਰ ਹੋਏ ਪਰਵਾਸੀ ਕਾਮੇ ਪੈਦਲ ਹੀ ਮਹਾਰਾਸ਼ਟਰ ਤੋਂ ਮੱਧ ਪ੍ਰਦੇਸ਼ ਲਈ ਚੱਲੇ ਸਨ।

ਪੁਲੀਸ ਤੋਂ ਬਚਣ ਲਈ ਇਹ ਰੇਲ ਪਟੜੀ ਦੇ ਨਾਲ-ਨਾਲ ਚੱਲ ਰਹੇ ਸਨ। ਮਾਲ ਗੱਡੀਆਂ ਦੀ ਆਵਾਜਾਈ ਤੋਂ ਅਣਜਾਣ ਇਹ ਮਜ਼ਦੂਰ ਸ਼ੁੱਕਰਵਾਰ ਨੂੰ ਥਕੇਵਾਂ ਲਾਹੁਣ ਲਈ ਔਰੰਗਾਬਾਦ ਕੋਲ ਰੇਲ ਪੱਟੜੀ ’ਤੇ ਹੀ ਸੌਂ ਗਏ। ਸੁੱਤੇ ਪਏ ਮਜ਼ਦੂਰਾਂ ਤੋਂ ਮਾਲ ਗੱਡੀ ਲੰਘ ਗਈ, ਜਿਸ ਕਾਰਨ 16 ਕਾਮਿਆਂ ਦੀ ਮੌਤ ਹੋ ਗਈ।

Previous articleਮਾਵਾਂ / ਕਵਿਤਾ
Next articleਕਾਬੂ ਕੀਤੇ ਗੈਂਗਸਟਰ ਨੇ ਕਾਂਗਰਸੀ ਵਿਧਾਇਕ ਦੇ ਕਰੀਬੀ