ਨਵੀਂ ਦਿੱਲੀ (ਸਮਾਜ ਵੀਕਲੀ): ਦਿੱਲੀ ’ਚ ਦਾਖ਼ਲੇ ਲਈ ਆਵਾਜਾਈ ਪੱਕੇ ਤੌਰ ’ਤੇ ਰੋਕਣ ਲਈ ਸੁਪਰੀਮ ਕੋਰਟ ਵੱਲੋਂ ਕਿਸਾਨ ਅੰਦੋਲਨ ਨੂੰ ਜ਼ਿੰਮੇਵਾਰ ਠਹਿਰਾਉਣ ਵਾਲੀ ਟਿੱਪਣੀ ’ਤੇ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਨੇ ਇਤਰਾਜ਼ ਜਤਾਇਆ ਹੈ। ਜਥੇਬੰਦੀ ਨੇ ਕਿਹਾ ਹੈ ਕਿ ਅਦਾਲਤ ਦੀ ਇਹ ਟਿੱਪਣੀ ਤੱਥਾਂ ’ਤੇ ਆਧਾਰਿਤ ਨਹੀਂ ਹੈ। ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਵੱਲੋਂ ਜਾਰੀ ਬਿਆਨ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਕਿਸਾਨ ਅੰਦੋਲਨ ਦੇ ਸ਼ੁਰੂ ਤੋਂ ਹੀ ਕੇਂਦਰ ਸਰਕਾਰ ਨੇ ਦਿੱਲੀ ਜਾਣ ਵਾਲੀਆਂ ਸੜਕਾਂ ’ਤੇ ਭਾਰੀ ਨਾਕਾਬੰਦੀ ਰਾਹੀਂ ਉਨ੍ਹਾਂ ਨੂੰ ਖੁਦ ਹੀ ਜਾਮ ਕਰ ਦਿੱਤਾ ਸੀ।
ਇਸੇ ਕਾਰਨ ਕਿਸਾਨ ਸੜਕਾਂ ਦੇ ਪਾਸਿਆਂ ’ਤੇ ਬੈਠ ਕੇ ਸ਼ਾਂਤਮਈ ਅੰਦੋਲਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਨੇ ਤਾਂ ਆਪਣੇ ਅੰਦੋਲਨ ਲਈ ਜੰਤਰ-ਮੰਤਰ ਦਾ ਵੱਡਾ ਪਾਰਕ ਮੰਗਿਆ ਸੀ ਜਿੱਥੇ ਜਾਣ ਦੀ ਆਗਿਆ ਸਰਕਾਰ ਨੇ ਨਹੀਂ ਦਿੱਤੀ। ਇਸ ਲਈ ਸੜਕਾਂ ਜਾਮ ਕਰਨ ਲਈ ਕਿਸਾਨ ਨਹੀਂ ਸਰਕਾਰ ਹੀ ਜ਼ਿੰਮੇਵਾਰ ਹੈ। ਦੋਵੇਂ ਆਗੂਆਂ ਨੇ ਕਿਹਾ ਕਿ ਮਾਨਯੋਗ ਅਦਾਲਤ ਨੂੰ ਅਜਿਹੀਆਂ ਤੱਥਹੀਣ ਟਿੱਪਣੀਆਂ ਦੀ ਬਜਾਏ ਆਪਣੀ ਪਹਿਲੀ ਦਰੁਸਤ ਟਿੱਪਣੀ ’ਤੇ ਕਾਇਮ ਰਹਿਣਾ ਚਾਹੀਦਾ ਹੈ ਕਿ ਸ਼ਾਂਤਮਈ ਅੰਦੋਲਨ ਕਿਸਾਨਾਂ ਦਾ ਸੰਵਿਧਾਨਕ ਹੱਕ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly