ਨਵਾਂਸ਼ਹਿਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਅੱਜ ਪ੍ਰੈੱਸ ਬਿਆਨ ਜਾਰੀ ਕਰਕੇ ਓਪਰੇਸ਼ਨ ਗਰੀਨ ਹੰਟ ਵਿਰੋਧੀ ਜਮਹੂਰੀ ਫਰੰਟ ਦੀ ਸੂਬਾ ਕਮੇਟੀ ਨੇ ਗੁਰਦਾਸਪੁਰ ਜ਼ਿਲ੍ਹੇ ਵਿਚ ਨੌਜਵਾਨ ਰਣਜੀਤ ਸਿੰਘ ਨੂੰ ਝੂਠਾ ਮੁਕਾਬਲਾ ਬਣਾ ਕੇ ਮਾਰਨ ਦਾ ਗੰਭੀਰ ਨੋਟਿਸ ਲੈਂਦਿਆਂ ਇਸਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਫਰੰਟ ਦੇ ਕਨਵੀਨਰਾਂ ਡਾ. ਪਰਮਿੰਦਰ ਸਿੰਘ, ਪ੍ਰੋਫੈਸਰ ਏਕੇ ਮਲੇਰੀ, ਬੂਟਾ ਸਿੰਘ ਮਹਿਮੂਦਪੁਰ ਅਤੇ ਯਸ਼ਪਾਲ ਨੇ ਕਿਹਾ ਕਿ ਗੈਂਗਸਟਰਾਂ ਨੂੰ ਖ਼ਤਮ ਕਰਨ ਦੇ ਨਾਂ ਹੇਠ ਪੰਜਾਬ ਸਰਕਾਰ ਵੱਲੋਂ ਪੁਲਿਸ ਨੂੰ ਗ਼ੈਰਅਦਾਲਤੀ ਹੱਤਿਆਵਾਂ ਕਰਨ ਦੀ ਖੁੱਲ੍ਹੀ ਛੁੱਟੀ ਦੇਣਾ ਬਹੁਤ ਹੀ ਖ਼ਤਰਨਾਕ ਵਰਤਾਰਾ ਹੈ ਜਿਸਦਾ ਸਾਰੇ ਇਨਸਾਫ਼ਪਸੰਦ, ਜਮਹੂਰੀ ਤਾਕਤਾਂ ਨੂੰ ਗੰਭੀਰ ਨੋਟਿਸ ਲੈਣ ਦੀ ਲੋੜ ਹੈ। ਕੋਈ ਵੀ ਨੌਜਵਾਨ ਜਨਮ ਤੋਂ ਗੈਂਗਸਟਰ ਜਾਂ ਮੁਜਰਿਮ ਨਹੀਂ ਹੁੰਦਾ, ਇਹ ਹਾਕਮ ਜਮਾਤੀ ਸਿਆਸਤ ਹੀ ਹੈ ਜੋ ਆਪਣੇ ਰਾਜਨੀਤਕ ਹਿਤਾਂ ਲਈ ਗੁੰਡਾ ਗੈਂਗਾਂ ਦਾ ਪਾਲਣ-ਪੋਸ਼ਣ ਤੇ ਰਾਜਨੀਤਕ ਸਰਪ੍ਰਸਤੀ ਕਰਦੀ ਹੈ। ਗੈਂਗਸਟਰਾਂ ਦੇ ਵਰਤਾਰੇ ਦੇ ਮੂਲ ਕਾਰਨਾਂ ਨੂੰ ਮੁਖ਼ਾਤਬ ਹੋਣ ਦੀ ਬਜਾਏ ਭਗਵੰਤ ਮਾਨ ਸਰਕਾਰ ਕਥਿਤ ਗੈਂਗਸਟਰਾਂ ਦੇ ਮੁਕਾਬਲੇ ਬਣਾ ਕੇ ਸਮਾਜ ਵਿਚ ਗਿਣ-ਮਿੱਥਕੇ ਪੁਲਸੀ ਦਹਿ਼ਸਤ ਅਤੇ ਖ਼ੌਫ਼ ਦਾ ਰਾਜ ਬਣਾ ਰਹੀ ਹੈ। ਜਿਨ੍ਹਾਂ ਕਥਿਤ ਗੈਂਗਸਟਰਾਂ ਨੂੰ ਪੁਲਿਸ ਸਹਿਜੇ ਹੀ ਗਿ੍ਰਫ਼ਤਾਰ ਕਰ ਸਕਦੀ ਹੈ, ਉਨ੍ਹਾਂ ਨੂੰ ਵੀ ਪੁਲਿਸ ਅਧਿਕਾਰੀ ਸਰਕਾਰ ਦੀ ਸ਼ਹਿ ’ਤੇ ਮੁਕਾਬਲਿਆਂ ਵਿਚ ਮਾਰ ਜਾਂ ਜ਼ਖ਼ਮੀ ਕਰ ਰਹੇ ਹਨ। ਇਹ ਦਰਅਸਲ ਲੋਕ ਸੰਘਰਸ਼ਾਂ ਦੀ ਜਥੇਬੰਦਕ ਤਾਕਤ ਨੂੰ ਦਬਾਉਣ ਲਈ ਦਹਿਸ਼ਤ ਦਾ ਮਾਹੌਲ ਬਣਾਉਣ ਤੇ ਪੁਲਿਸ ਰਾਜ ਵੱਲ ਵਧਣ ਦੇ ਵੱਡੇ ਵਰਤਾਰੇ ਦਾ ਹਿੱਸਾ ਹੈ। ਨੌਜਵਾਨ ਨੂੰ ਪੁਲਿਸ ਵੱਲੋਂ ਘਰੋਂ ਲੈ ਕੇ ਜਾਣ, ਹਥਿਆਰਾਂ ਦੀ ਬਰਾਮਦਗੀ ਮੌਕੇ ਫ਼ਰਾਰ ਹੋਇਆ ਦਿਖਾਉਣ, ਹਥਿਆਰ ਪ੍ਰਾਪਤ ਕਰਕੇ ਗੋਲੀ ਚਲਾਉਣ ਅਤੇ ਮੁਕਾਬਲਾ ਬਣਾਉਣ ਉਪਰੰਤ ਸੀਸੀਟੀਵੀ ਕੈਮਰਿਆਂ ਦੇ ਡੀਵੀਆਰ ਲਾਹ ਕੇ ਲੈ ਜਾਣ ਦੇ ਸਾਰੇ ਹਾਲਾਤ ਪੂਰੀ ਤਰ੍ਹਾਂ ਸਵਾਲਾਂ ਦੇ ਘੇਰੇ ’ਚ ਹਨ। ਦਰਅਸਲ, ਉਸ ਇਲਾਕੇ ਵਿਚ ਦੋ ਪੁਲਿਸ ਮੁਲਾਜ਼ਮਾਂ ਦੀ ਸ਼ੱਕੀ ਹਾਲਤਾਂ ’ਚ ਮੌਤ ਦੇ ਅਸਲ ਕਾਰਨਾਂ ਨੂੰ ਲੁਕੋਣ ਲਈ ਮੁਕਾਬਲੇ ਦੀ ਕਹਾਣੀ ਘੜਕੇ ਇਕ ਬੇਕਸੂਰ ਨੌਜਵਾਨ ਦੀ ਹੱਤਿਆ ਕਰ ਦਿੱਤੀ ਗਈ ਹੈ। ਉਨ੍ਹਾਂ ਮੰਗ ਕੀਤੀ ਕਿ ‘ਮੁਕਾਬਲੇ’ ਦੀ ਹਾਈਕੋਰਟ ਦੇ ਸਿਟਿੰਗ ਜੱਜ ਤੋਂ ਉੱਚ ਪੱਧਰੀ ਜਾਂਚ ਕਰਾਏ ਜਾਵੇ, ਭਗਵੰਤ ਮਾਨ ਸਰਕਾਰ ਮੁਕਾਬਲਿਆਂ ਦਾ ਡਰਾਮਾ ਬੰਦ ਕਰੇ ਅਤੇ ਮੁਕਾਬਲੇ ਬਣਾਉਣ ਵਾਲੇ ਅਧਿਕਾਰੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



