ਪਹਿਲਵਾਨ ਧੀਆਂ ਦੀ ਚਰਚਾ ਸਮੁੰਦਰੋਂ ਪਾਰ ਵੀ!

ਸਾਹਿਬ ਸਿੰਘ

(ਸਮਾਜ ਵੀਕਲੀ)

ਕੱਲ੍ਹ ਕੈਨੇਡਾ ‘ਚ ਬੈਠੇ ਗੱਲਾਂ ਕਰਦਿਆਂ ਕਰਦਿਆਂ ਜੰਤਰ ਮੰਤਰ ਦੇ ਸੰਘਰਸ਼ ਦੀ ਚਰਚਾ ਛਿੜ ਪਈ..ਕੁੱਝ ਦੋਸਤਾਂ ਦਾ ਵਿਚਾਰ ਸੀ ਕਿ ਪਹਿਲਵਾਨ ਕੁੜੀਆਂ ਹਾਰ ਗਈਆਂ ਨੇ,ਕੁੱਝ ਦਾ ਕਹਿਣਾ ਸੀ ਕਿ ਹਰਾ ਦਿਤੀਆਂ ਗਈਆਂ..ਪਰ ਮੇਰਾ ਮਨ ਕੁੱਝ ਹੋਰ ਕਹਿੰਦੈ….
ਮੇਰਾ ਮਨ ਬਾਗੋ ਬਾਗ ਐ..ਰੂਹ ਖਿੜੀ ਹੋਈ ਐ..ਐਦਾਂ ਕਦ ਹੋਇਆ ਸੀ..ਧੀਆਂ ਅਵਾਜ਼ ਬੁਲੰਦ ਕਰਨ ਤੇ ਪ੍ਰਧਾਨ ਮੰਤਰੀ ਤਕ ਗੂੰਜ ਪਹੁੰਚੇ..ਬ੍ਰਿਜ ਭੂਸ਼ਨ ਕਿਤੇ ਇਕ ਥੋੜ੍ਹਾ ..ਏਥੇ ਅਸੀਂ ਸਾਰੇ ਹੀ ਬ੍ਰਿਜ ਹਾਂ ..ਇਤਿਹਾਸ ਮਿਥਹਾਸ ਦੇ ਵਰੋਸਾਏ ਹੋਏ ਭੂਸ਼ਨ!..ਅਸੀਂ ਰਾਮ ਵੀ..ਅਸੀਂ ਰਾਵਣ ਵੀ..ਅਸੀਂ ਦੁਸ਼ਾਸਨ ਵੀ..ਅਸੀਂ ਯੁਧਿਸ਼ਟਰ ਵੀ..ਅਸੀਂ ਕਦ ਹਾਰੇ ਸੀ!..ਅਸੀਂ ਭੀਸ਼ਮ ਪਿਤਾਮਾ ਜੇਹੇ ਮਜਬੂਰ ਸਿਆਣੇ ਬੋਲਣੋੰ ਅਸਮਰਥ !

ਪਰ ਇਹ ਧੀਆਂ ਸਲਾਮ ਮੰਗਦੀਆਂ..ਇਹਨਾਂ ਸਭ ਹਿਲਾ ਦਿਤੇ..ਭਲਵਾਨੀ ਦੇ ਅਖਾੜੇ ‘ਚ ਤਾਂ ਇਹ ਅਜਿੱਤ ਨਹੀਂ ਸੀ..ਪਰ ਆਹ ਜੋ ਧੋਬੀ ਪਟਕਾ ਮਾਰਿਆ ,ਇਤਿਹਾਸ ‘ਚ ਦਰਜ ਰਹੇਗਾ!..ਦੁਸ਼ਾਸਨ ਤੇ ਦੁਰਯੋਧਨ ਦੇ ਮੂੰਹ ‘ਤੇ ਕਹਿਤਾ ” ਤੁਸੀਂ ਨੰਗੇ ਓ..ਗੰਦੇ ਓ!”..ਤੇ ਸੁਭਾ ਸ਼ਾਮ ਰਾਮ ਮੰਦਿਰ ਦੀ ਉਸਾਰੀ ਦਾ ਪ੍ਰਵਚਨ ਸਿਰਜਣ ਵਾਲਿਆਂ ਨੂੰ ਚੌਰਾਹੇ ਨੰਗਾ ਕਰਤਾ..ਸਾਬਤ ਕਰਤਾ ਕਿ ਉਹ ਭੀਲਣੀ ਦੇ ਬੇਰ ਖਾਣ ਜੋਗੇ ਈ ਹਨ ,ਉਹਦੀ ਪੁਕਾਰ ਸੁਣਨ ਨਾਲੋਂ ਰਾਵਣ ਦੇ ਮਹਿਲਾਂ ਦਾ ਭੋਜ ਛਕਣ ਤੁਰ ਪੈਂਦੇ ਹਨ!..

ਇਹਨਾਂ ਧੀਆਂ ਦੀ ਜਿੱਤ ਦੇਖਣ ਤੇ ਸਮਝਣ ਲਈ ਪਰੰਪਰਾਗਤ ਚੌਖਟੇ ‘ਚੋਂ ਬਾਹਰ ਆਉਣਾ ਪੈਣਾ..ਪਤੈ ਕਿ ਇਹ ਜਿੱਤ ਅਜੇ ਅੰਸ਼ਿਕ ਐ..ਪਤੈ ਕਿ ਸੱਤਾ ਤੇ ਪੈਸੇ ਦੀ ਖੇਡ ਅੱਗੇ ਇਕ ਨਾਬਾਲਗ ਬੱਚੀ ਦੇ ਮਾਂ ਬਾਪ ਨੂੰ ਝੁਕਾ ਲਿਆ ਗਿਆ ਹੈ..ਪਤੈ ਕਿ ਗ੍ਰਿਫਤਾਰੀ ਨਹੀਂ ਹੋਈ..ਪਰ ਬ੍ਰਿਜ ਭੂਸ਼ਨ ਚਾਰਜਸ਼ੀਟ ਤਾਂ ਹੋ ਗਿਆ ..ਕਾਗਜ਼ਾਂ ‘ਤੇ ਦਰਜ ਤਾਂ ਹੋ ਗਿਐ ਕਿ ਉਹ ਹਵਸੀ ਕੀੜਾ ਬੱਚੀਆਂ ਨੂੰ ਡਾਈਟ ਬਦਲੇ, ਖੇਡਣ ਦੇ ਮੌਕਿਆਂ ਬਦਲੇ ਤੰਗ ਕਰਦਾ ਸੀ..ਮੁਜਰਿਮ ਨਾ ਸਹੀ,ਮੁਲਜ਼ਿਮ ਦੀ ਕਤਾਰ ‘ਚ ਤਾਂ ਆਇਆ ..ਇਹ ਕੋਈ ਨਿਕੀ ਗੱਲ ਨਹੀਂ !
ਸਾਕਸ਼ੀ..ਵਿਨੇਸ਼..ਤੇ ਹੋਰ ਕੁੜੀਆਂ ਦੀ ਚੀਕ ਪੁਕਾਰ ਸਾਰੇ ਵਤਨ ਨੇ ਹੀ ਨਹੀਂ , ਸੰਸਾਰ ਨੇ ਦੇਖੀ ਸੁਣੀ..ਬਾਹੂਬਲ ਜਿਨਾ ਉਹਨਾਂ ਨੂੰ ਦਬਾਉੰਦਾ ਗਿਆ , ਉਨਾ ਹੀ ਹਾਰਦਾ ਗਿਆ ..ਕੁੜੀਆਂ ਜਿਵੇਂ ਜਿਵੇਂ ਦਹਾੜ ਮਾਰ ਕੇ ਰੋਈਆਂ, ਹੰਕਾਰ ਦੇ ਮਹਿਲ ‘ਚ ਤ੍ਰੇੜਾਂ ਆਉਂਦੀਆਂ ਰਹੀਆਂ !

ਮੇਰੇ ਅਨੇਕਾਂ ਦੋਸਤ ਨੇ ਜੋ ਬੀਜੇਪੀ ਤੇ ਆਰ ਐਸ ਐਸ ਦੇ ਪ੍ਰਸੰਸਕ ਨੇ..ਪਰ ਇਸ ਵਾਰ ਉਹਨਾਂ ਵੀ ਹਾਅ ਦਾ ਨਾਹਰਾ ਮਾਰਿਆ ਤੇ ਮਹਿਸੂਸ ਕੀਤੈ ਕਿ ਹੋਰ ਜੋ ਮਰਜ਼ੀ ਪਰ ਆਹ ਧੱਕਾ ਹੋਇਆ !..ਸਦਕੇ ਜਾਈਏ ਖਾਪ ਪੰਚਾਇਤਾਂ ਦੇ..ਅੱਜ ਤਕ ਹਰ ਫੈਸਲਾ ਔਰਤ ਵਿਰੋਧੀ ਲੈਂਦੇ ਰਹੇ..ਪਰ ਜਿਵੇਂ ਕਹਿੰਦੇ ਨੇ ਕਿ ਹਰ ਚੀਜ਼ ਦੀ ਹੱਦ ਹੁੰਦੀ ਐ..ਉਹ ਹੱਦ ਹੋਈ ਐ ਇਹਨਾਂ ਮਾਣਮੱਤੀਆਂ ਧੀਆਂ ਨਾਲ..ਤੇ ਖਾਪ ਵੀ ਕੁਰਲਾ ਉਠੀ!..ਸਦਕੇ ਪੰਜਾਬ ਦੇ..ਪੰਜਾਬ ਦੀਆਂ ਉਹਨਾਂ ਕਿਸਾਨ ਜਥੇਬੰਦੀਆਂ ਦੇ ਜਿਹਨਾਂ ਡਟ ਕੇ ਧੀਆਂ ਦਾ ਸਾਥ ਦਿਤੈ..ਇਸਤਰੀ ਜਥੇਬੰਦੀਆਂ..ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ..ਮਜ਼ਦੂਰ ਜਥੇਬੰਦੀਆਂ..ਹੋਰ ਬਹੁਤ ਸਾਰੇ ਚੇਤੰਨ ਲੋਕ!

ਅਜੇ ਪਹਿਲੀ ਪੂਣੀ ਕੱਤੀ ਗਈ ਐ..ਪਰ ਇਹਨਾਂ ਪਹਿਲਵਾਨ ਧੀਆਂ ਨੇ ਰਾਹ ਦਿਖਾ ਦਿਤੈ..ਮੰਨਿਆ ਇਹ ਰਾਹ ਪੱਕਾ ਨਹੀਂ ..ਮੰਨਿਆ ਕਿ ਅਜੇ ਕੱਚਾ ਵੀ ਨਹੀਂ ਦੀਂਹਦੈ..ਪਰ ਪਗਡੰਡੀ ਤਾਂ ਦਿਸਣ ਲੱਗੀ..ਇਸ ਪਗਡੰਡੀ ‘ਤੇ ਭਵਿੱਖ ‘ਚ ਹੋਰ ਪੈਰ ਤੁਰਨਗੇ ਤਾਂ ਪਗਡੰਡੀ ਮੋਕਲੀ ਹੋ ਜਾਏਗੀ ..ਦੁਨੀਆਂ ਦੇ ਵੱਡੇ ਵੱਡੇ ਰਾਹ ਪਗਡੰਡੀਆਂ ਤੋਂ ਹੀ ਆਰੰਭ ਹੋਏ ਹਨ..ਸਲਾਮ ਐ ਇਹਨਾਂ ਧੀਆਂ ਨੂੰ !

ਯਾਦ ਰੱਖਿਓ..ਧੀਆਂ ਦੀ ਜੰਗ ਅਜੇ ਮੁੱਕੀ ਨਹੀਂ ..ਸਭ ਦਾ ਸਾਥ ਲੋੜੀਂਦਾ..ਤਬਦੀਲੀ ਦੀ ਮਸ਼ਾਲ ਉਹਨਾਂ ਜਗਾ ਦਿਤੀ ਐ, ਇਹਦੇ ‘ਚ ਸੰਘਰਸ਼ ਤੇ ਸਿਦਕ ਦਾ ਤੇਲ ਨਿਰੰਤਰ ਪਾਉਣਾ ਪਊ..ਤੁਹਾਡੇ ਸਭ ਦੇ ਦਬਾਅ ਨੇ ਚਾਰਜਸ਼ੀਟ ਕਰਵਾਈ ਹੈ..ਹੋਰ ਬਹੁਤ ਕੁੱਝ ਬਾਕੀ ਐ..ਕੁੜੀਆਂ ਬਾਰੇ ਬਹੁਤ ਸਾਰਾ ਬਕਵਾਸ ਸੁਣੋਗੇ..ਤਰ੍ਹਾਂ ਤਰ੍ਹਾਂ ਦੇ ਬਹਾਨੇ ਆਉਣਗੇ ਸਾਹਮਣੇ..ਪਰ ਸਾਕਸ਼ੀ ਤੇ ਵਿਨੇਸ਼ ਦੇ ਹੰਝੂਆਂ ‘ਚੋਂ ਦਿਸਦੀ ਪਵਿਤਰ ਇਬਾਰਤ ਚੇਤੇ ਰੱਖਿਓ..ਧੀਆਂ ਬੋਲੀਆਂ ..ਲੜੀਆਂ ..ਡਟੀਆਂ..ਰੋਈਆਂ..ਦਹਾੜੀਆਂ…ਹੋਰ ਬਗ਼ਾਵਤ ਕਿਹਨੂੰ ਕਹਿੰਦੇ ਨੇ!!..

ਕੱਲ੍ਹ ਨੂੰ ਕੋਈ ਹੋਰ ਬ੍ਰਿਜ ਪਿੰਡਾਂ ਦੀਆਂ ਮਾਸੂਮ ਕੁੜੀਆਂ ਨੂੰ ਲਾਲਚ ਜਾਂ ਡਰਾ ਕੇ ‘ਵਰਤਣ’ ਤੋਂ ਪਹਿਲਾਂ ਹਜ਼ਾਰ ਵਾਰ ਸੋਚੇਗਾ…ਕੀ ਤੁਹਾਨੂੰ ਇਹ ਜਿੱਤ ਨਹੀਂ ਲਗਦੀ?..ਮੈਨੂੰ ਤਾਂ ਲਗਦੀ ਐ! ਇਸ ਜਿੱਤ ਲਈ ਇਹਨਾਂ ਧੀਆਂ ਦਾ ਧੰਨਵਾਦ ਕਰੀਏ !
ਧੀਆਂ ਦਾ ਧੰਨਵਾਦੀ

ਸਾਹਿਬ ਸਿੰਘ

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਤੇਰੀਆਂ ਬਾਹਾਂ ਚ
Next articleਸਵੇਰ ਦੀ ਸੈਰ ਦੇ ਨਾਲ ਨਾਲ ਵਿਚਾਰ।