HOME ਅਹਿਸਾਸਾਂ ਅਤੇ ਹਕੀਕਤਾਂ ਦਾ ਸੁਮੇਲ-ਬਹਿਰ

ਅਹਿਸਾਸਾਂ ਅਤੇ ਹਕੀਕਤਾਂ ਦਾ ਸੁਮੇਲ-ਬਹਿਰ

    (ਸਮਾਜ ਵੀਕਲੀ)   ਮਲਵਿੰਦਰ ਸਾਹਿਤਕ ਖੇਤਰ ਵਿੱਚ ਜਾਣਿਆ ਪਛਾਣਿਆ ਨਾਂ ਹੈ । ਉਸਦੀਆਂ ਅੱਠ ਕਵਿਤਾਵਾਂ ਦੀਆਂ ਕਿਤਾਬਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਇੱਕ ਵਾਰਤਕ ਦੀ ਪੁਸਤਕ “ਚੁੱਪ ਦਾ ਮਰਮ ਪਛਾਣੀਏ” ਵੀ ਪ੍ਰਕਾਸ਼ਿਤ ਹੋ ਚੁੱਕੀ ਹੈ। ਬਹਿਰ ਉਸਦਾ ਨੌਵਾਂ ਕਾਵਿ ਸੰਗ੍ਰਹਿ ਹੈ। ਇਹ ਸੰਗ੍ਰਹਿ ਦੀਆਂ ਕਵਿਤਾਵਾਂ ਨੂੰ ਉਸਨੇ ਤਿੰਨ ਭਾਗਾਂ ਪ੍ਰਵਾਸ, ਬਹਿਰ ਅਤੇ ਥੇਹਾਂ ਦੇ ਨਕਸ਼, ਵਿੱਚ ਵੰਡਿਆ ਹੈ । ਪੁਸਤਕ ਵਿੱਚ ਕੁੱਲ ਪੈਂਹਠ ਕਵਿਤਾਵਾਂ ਸ਼ਾਮਿਲ ਕੀਤੀਆਂ ਗਈਆਂ ਹਨ। ਪੁਸਤਕ ਦਾ ਆਰੰਭ ਉਹ ਪ੍ਰਵਾਸ ਨਾਲ਼ ਕਰਦਾ ਹੈ। ਕਵੀ ਕਨੇਡਾ ਨੂੰ ਬਹੁ ਰੰਗਾਂ ਦਾ ਕੋਲਾਜ ਮੰਨਦਾ ਹੈ। ਜਿੱਥੇ ਸਿਸਟਮ ਦੀ ਜਕੜਬੰਦੀ ਹੈ ।ਇਹ ਸਿਸਟਮ ‘ਚ ਬੱਝੀ ਜਵਾਨੀ, ਕੰਮ ਦੀਆਂ ਸ਼ਿਫਟਾਂ ਵਿੱਚੋਂ ਆਜ਼ਾਦੀ ਦਾ ਆਨੰਦ ਲੱਭ ਰਹੀ ਹੈ। ਬਜ਼ੁਰਗ ਦੇਸ਼ ਛੱਡਣ ਦੇ ਹੇਰਵੇ ਵਿੱਚ ਘਰਾਂ ਦੇ ਕਮਰਿਆਂ ਦੀ ਚੁੱਪ ਨੂੰ ਆਪਣਾ ਹਾਲ ਸੁਣਾਉਣ ਲਈ ਮਜਬੂਰ ਹਨ। ਰੁੱਖਾਂ ਕੋਲੋਂ ਨਵੀਆਂ ਰੁੱਤਾਂ ਦਾ ਸੰਦੇਸ਼ ਸੁਣਨ ਵਾਲੇ ਕੰਨਾਂ ਤੇ ਦਿਮਾਗ਼ ਵਿੱਚ ਵਕਤ ਦੀਆਂ ਸੂਈਆਂ ਦੀ ਟਿਕ ਟਿਕ ਵੱਜ ਰਹੀ ਹੈ। ਕਵੀ ਅਨੁਸਾਰ ਭਾਵੇਂ ਅਸੀਂ ਕਨੇਡਾ ਨੂੰ ਆਪਣਾ ਰਹਿਣ ਬਸੇਰਾ ਤਾਂ ਬਣਾ ਲਿਆ ਹੈ ਪਰ ਸਾਡੀ ਤਹਿਜੀਬ ਵਿੱਚ ਕਨੇਡਾ ਪ੍ਰਤੀ ਮੋਹ ਪੈਦਾ ਨਹੀਂ ਹੋ ਸਕਿਆ । ਹਾਲਾਤਾਂ ਨੇ ਅਜਿਹੀ ਕਰਵਟ ਲਈ ਹੈ ਕਿ ਉਹ ਲੋਕ ਜਿਨਾ ਨੇ ਆਪਣੀ ਧਰਤੀ ਦੇ ਲੋਕਾਂ ਨੂੰ ਉਮਰ ਦੇ ਤਕਾਜਿਆਂ, ਤਜਰਬਿਆਂ ਇਤਿਹਾਸ ਤੇ ਰਾਜਨੀਤਿਕ ਸੂਝ ਨਾਲੁ ਨਿਵਾਜਣਾ ਸੀ, ਉਹ ਲੋਕ ਕਨੇਡਾ ਦੀਆਂ ਪਾਰਕਾਂ ਵਿੱਚ ਉਦਾਸੀ ਹੰਢਾਅ ਰਹੇ ਹਨ। ਗਿਆਨ ਦਾ ਸੋਮਾ ਆਪਣੇ ਢਿੱਡਾਂ ਦੀ ਭੁੱਖ ਹਵਾਲੇ ਕਰ ਰਹੇ ਹਨ । ਬੇਸਮੈਂਟਾਂ ਦਾ ਤਣਾਅ ਹੰਢਾਉਂਦਿਆਂ ,ਭਾਵਾਂ ਦੇ ਜਵਾਰ ਭਾਟੇ ਆਪਣੇ ਅੰਦਰ ਆਤਮਸਾਤ ਕਰਕੇ, ਖੁਸ਼ਹਾਲ ਜੀਵਨ ਜਿਉਣ ਦਾ ਭਰਮ ਪਾਲ ਰਹੇ ਹਨ। ਨਵੀਂ ਜਨਰੇਸ਼ਨ ਜਿੱਥੇ ਕਨੇਡਾ ਵਰਗੇ ਦੇਸ਼ਾਂ ਵਿੱਚ ਰਹਿੰਦਿਆਂ, ਇਨਾ ਮੁਲਕਾਂ ਨੂੰ ਕੁਝ ਨਾ ਕੁਝ ਆਪਣਾ ਮੰਨਣ ਲੱਗ ਪਈ ਹੈ। ਬਹੁਤ ਸਾਰੇ ਲੋਕਾਂ ਦਾ ਮਿਲਗੋਭਾ ਕਨੇਡਾ ਵਡੇਰੀ ਉਮਰ ਦੇ ਵਿਅਕਤੀਆਂ ਨੂੰ ਰਾਸ ਨਹੀਂ ਆ ਰਿਹਾ ਕਿਉਂਕਿ ਇਨਾ ਅੰਦਰ ਆਪਣੇ ਪੁੱਤਰ ਦੇ ਘਰ ਨੂੰ ਆਪਣਾ ਘਰ ਨਾ ਸਵੀਕਾਰ ਕਰ ਪਾਉਣ ਦਾ ਦਵੰਧ ਹੈ। ਜੋ ਇਨਾ ਨੂੰ ਆਪਣੇ ਦੇਸ਼ ਦੀ ਭੋਇ ਨਾਲੋਂ ਟੁੱਟਣ ਨਹੀਂ ਦੇ ਰਿਹਾ।

           ਕਵੀ ਨੇ ਬੇਸਮੈਂਟ ਦੀ ਸਲ੍ਹਾਬੀ ਫਿਜ਼ਾ ਅੰਦਰ ਜੀਵਨ ਲਈ ਤੜਫਦੇ ਖਿਆਲਾਂ ਦੇ ਸੁਰਮਈ ਹੋਣ ਦੀ ਉਮੀਦ ਦਾ ਚਿਤਰਨ ਕੀਤਾ ਹੈ । ਜਿਸ ਅੰਦਰ ਰਹਿਣ ਵਾਲ਼ੇ ਲੋਕ ਵਕਤ ਦੀਆਂ ਸੂਈਆਂ ਨੂੰ ਆਪਣੇ ਹੱਥੀ ਕਮਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਘਰਾਂ ਵਿੱਚ ਰਹਿੰਦੇ ਹੋਣ ਦਾ ਅਧੂਰਾ ਸੁਪਨਾ ਪਾਲ ਬੈਠੇ ਪਰਵਾਸੀਆਂ ਦਾ ਢਾਰਾ ਬਣ ਗਈਆਂ ਇਨਾਂ ਬੇਸਮੈਂਟਾਂ ਅੰਦਰ ਗੁਜ਼ਾਰਾ ਕਰਦੇ ਲੋਕ ਸਹਿਜ ਨਾਲੋਂ ਬੜੇ ਦੂਰ ਹੋ ਗਏ ਹਨ। ਕਵੀ ਵਤਨ ਵਾਪਸੀ ਨੂੰ ਹੀ ਸਹਿਜ ਨਾਲ਼ ਜੁੜਨ ਦਾ ਜਰੀਆ ਸਮਝਦਾ ਹੈ-

         ਤਾਰਿਆਂ ਨਾਲ਼ ਭਰਿਆ ਅਸਮਾਨ ਵੇਖਣ ਲਈ

         ਸਾਨੂੰ ਕਿਸੇ ਗ਼ਰੀਬ ਮੁਲਕ ਦੇ

         ਅਸਮਾਨ ਹੇਠ ਬੈਠਣਾ ਪਵੇਗਾ

         ਚਲੋ! ਆਪਣੇ ਵਤਨ ਚਲੀਏ।

           ਕਵੀ ਦੀ ਕਵਿਤਾ ਵਿੱਚ ਪ੍ਰਵਾਸ ਦਾ ਉਹ ਮੁਹਾਂਦਰਾ ਹਾਜ਼ਰ ਹੋਇਆ ਹੈ, ਜੋ ਬੁੱਧ ਵਾਂਗ ਘਰੋਂ ਕਿਸੇ ਤਲਾਸ਼ ਨਿਕਲਿਆ ਤਾਂ ਹੈ ਪਰ ਉਸਦੇ ਅੰਦਰ ਬੁੱਧ ਵਾਂਗ ਸਬੂਤਾ ਕੁਝ ਵੀ ਨਹੀਂ ਹੈ‌। ਸਭ ਕੁਝ ਖੰਡਤ ਹੈ। ਖੰਡਤ ਅਵਸਥਾ ਵਿੱਚ ਪੂਰਾ ਘਰ ਪ੍ਰਵਾਸ ਹੰਢਾਉਂਦਾ ਹੈ। ਇਹ ਘਰ ਦੇ ਪ੍ਰਵਾਸ ਨੂੰ ਤੱਕ ਢਲ਼ਦੀਆਂ ਉਮਰਾਂ ਆਪਣੇ ਭੂਤ ਨੂੰ ਤਰਸਦੀਆਂ ਅਤੇ ਭਵਿੱਖ ਪ੍ਰਤੀ ਚਿੰਤਤ ਹੁੰਦੀਆਂ ਹਨ। ਇਨਾ ਦੀ ਇਕੱਲਤਾ ਇਨਾ ਨੂੰ ਗਹਿਰੀ ਉਦਾਸੀ ਵੱਲ ਲੈ ਤੁਰਦੀ ਹੈ।

             ਕਵੀ ਆਪਣੀ ਪੋਤੀ ਬਹਿਰ ਅਤੇ ਉਸਦੀ ਭਾਸ਼ਾ ਸਬੰਧੀ ਬੜਾ ਸਪਸ਼ਟ ਹੈ। ਉਹ ਜਾਣਦਾ ਹੈ ਕਿ ਭਾਸ਼ਾਈ ਧੁਨੀਆਂ ਨੇ ਹਰਫਾਂ ਦਾ ਲਿਬਾਸ ਪਾ ਆਪਣੇ ਅਰਥਾਂ ਨੂੰ ਆਪਣੇ ਅੰਦਰ ਆਤਮਸਾਤ ਕਰ ਹੀ ਲੈਣਾ ਹੈ। ਬਹਿਰ ਦੀਆਂ ਨਿੱਕੀਆਂ-ਨਿੱਕੀਆਂ ਅਕਰਮਕ, ਸਕਰਮਕ ਕਿਰਿਆਵਾਂ ਹਰ ਪਲ ਉਸਦੇ ਭਾਸ਼ਾਈ ਰਜਿਸਟਰ ਨੂੰ ਅਮੀਰ ਕਰ ਰਹੀਆਂ ਹਨ। ਬਹਿਰ ਦੇ ਭਾਸ਼ਾਈ ਸ਼ਬਦਾਂ ਦੇ ਅਰਥਾਂ ਨੇ ਅਜੇ ਅਨੇਕਾਂ ਵਿਸਥਾਰ ਹਾਸਲ ਕਰਨੇ ਹਨ। ਅਜੇ ਇਹ ਭਾਸ਼ਾ ਬਹਿਰ ਦੀ ਆਪਣੀ ਭਾਸ਼ਾ ਹੈ। ਜਿਸ ਨੂੰ ਸਮਝਣਾ ਕਵੀ ਲਈ ਔਖਾ ਹੈ। ਇਹ ਭਾਸ਼ਾ ਦੇ ਆਨੰਦ ਨੂੰ ਬਹਿਰ ਹੀ ਮਾਣ ਸਕਦੀ ਹੈ। ਕਵੀ ਲਿਖਦਾ ਹੈ-

                 ਮੈਂ ਚਾਹ ਕੇ ਵੀ

               ਬਹਿਰ ਦੀ ਭਾਸ਼ਾ ਨਹੀਂ ਸਿੱਖ ਸਕਣੀ

               ਸਹਿਜ ਸੁਭਾਅ ਸਿੱਖ ਜਾਣੀ ਹੈ

               ਬਹਿਰ ਨੇ ਮੇਰੀ ਭਾਸ਼ਾ

            ਦੋ ਵਰ੍ਹਿਆਂ ਦੀ ਬਹਿਰ ਦਾ ਵਰਤਮਾਨ ਆਪਣੇ ਨਾਲ਼ ਆਪਣੀ ਨਵੀਂ ਦੁਨੀਆ ਲੈ ਕੇ ਆਇਆ ਹੈ। ਇਹ ਦੁਨਿਆਵੀ ਸੰਸਾਰ ਸਾਡੇ ਸੰਸਾਰ ਨਾਲ਼ੋਂ ਵੱਖਰੀ ਨਸਲ, ਵੱਖਰੀ ਅਕਲ , ਵੱਖਰੀ ਸੂਝ ਵਾਲ਼ਾ ਹੈ। ਜਿਸ ਸੰਸਾਰ ਦੇ ਰਿਸ਼ਤੇ ਕਾਰਟੂਨਾਂ  ਵਾਂਗ ਮੋਹ ਵਿਆਹੁਣੇ,ਜੋ ਮੂੰਹੋਂ ਬੁਲਾਈ ਬੋਲੀ ਹੀ ਬੋਲਦੇ ਹਨ। ਬਹਿਰ ਬਾਰੇ  ਲਿਖੀਆਂ ਕਵਿਤਾਵਾਂ ਵਿੱਚ ਕਵੀ ਨੇ ਪੀੜੀ ਦੇ ਅੰਤਰਾਲ ਚ ਆਈ ਤਬਦੀਲੀ ਬਾਰੇ ਵੀ ਲਿਖਿਆ ਹੈ। ਜਿਸ ਵਿੱਚੋਂ ਸਹਿਜ ਅਤੇ ਸਬਰ ਮਨਫੀ ਹੁੰਦਾ ਜਾ ਰਿਹਾ ਹੈ। ਕਵੀ ਆਪਣੇ ਵਿਦੇਸ਼ ਰਹਿੰਦੇ ਪੋਤੇ ਬਾਰੇ ਵੀ ਕੁਝ ਕਵਿਤਾਵਾਂ ਲਿਖਦਾ ਹੈ। ਇਨਾ ਕਵਿਤਾਵਾਂ ਵਿੱਚ ਘਰ ਦਾ ਬਿੰਬ ਵਰਤਦਾ ਹੈ, ਜੋ ਪੀੜੀ ਨੂੰ ਆਪਣੇ ਅੰਦਰ ਸਾਂਭਦਾ ਹੈ। ਘਰ ਦਾ ਨਿੱਘ ਬੰਦੇ ਨੂੰ ਕਿੰਨੀਆਂ ਹੀ ਸਰਦਰੁੱਤਾਂ ਤੋਂ ਬਚਾਉਣ ਵਾਲ਼ਾ ਢਾਰਾ ਬਣਦਾ ਹੈ। ਇਸੇ ਘਰ ਵਿੱਚ ਮਾਸੂਮ ਉਮਰ ਡਿਗ-ਡਿਗ ਵੱਡੀ ਹੁੰਦੀ ਹੈ। ਮਾਸੂਮੀਅਤ  ਭਰੇ ਨਕਸ਼ ਇਸ ਘਰ ਦੇ ਖੇੜੇ ਨੂੰ ਖ਼ੁਸ਼ੀਆਂ ਨਾਲ਼ ਭਰਦੇ ਦਿਖਾਈ ਦਿੰਦੇ ਹਨ। ਨਵੀਂ ਪੀੜੀ ਦਾ ਸਫ਼ਰ ਇਸੇ ਘਰ ਤੋਂ ਸ਼ੁਰੂ ਹੁੰਦਾ ਹੈ‌ ਜਿਉਣ ਲਈ ਕਾਇਨਾਤ ਵਿੱਚ ਫੈਲਾਅ ਕਰਦਾ ਹੈ।

       ਥੇਹਾਂ ਦੇ ਨਕਸ਼ ਭਾਗ ਵਿੱਚ ਕਵੀ,  ਕਵੀ ਦਰਬਾਰ ਦੇ ਸਿੱਧੇ ਪ੍ਰਸਾਰਨ ਦਾ ਬਿਆਨ ਕਰਦਾ ਹੈ ਕਿ ਕਵੀ ਦਰਬਾਰ ਵਿੱਚ ਬੋਲੀ ਜਾਂਦੀ ਕਵਿਤਾ ਆਪਣੀ ਤਾਸੀਰ ਨਾਲੋਂ ਉਲਟੇ ਅਰਥ ਪੇਸ਼ ਕਰਨ ਵਾਲੀ ਹੁੰਦੀ ਹੈ। ਕਵੀ ਦਰਬਾਰ ਦਾ ਵਾਤਾਵਰਨ ਨਿਰਾ ਝੂਠ ਸਿਰਜ ਰਿਹਾ ਹੁੰਦਾ ਹੈ। ਸੰਘਰਸ਼ ਤੇ ਬਿਰਤਾਂਤ ਕਵਿਤਾ ਵਿੱਚ ਕਿਸਾਨ ਦੀਆਂ ਮਜਬੂਰੀਆਂ , ਲਚਾਰੀਆਂ , ਬੇਬਸੀਆਂ ਉੱਤੇ ਲੋਟੂਆਂ ਦੇ ਡਾਕੇ ਨੂੰ ਪੇਸ਼ ਕੀਤਾ ਗਿਆ ਹੈ । ਇਸ ਡਾਕੇ ਦਾ ਵਿਰੋਧ ਕਰਨਾ ਤੇ ਜਿੱਤ ਦਾ ਪਰਚਮ ਲਹਿਰਾਉਣ ਤੇ ਲੋਟੂਆਂ ਦੀ ਧੌਣ ਨਿਵਾਉਣਾ ,ਇਸ ਕਵਿਤਾ ਦਾ ਹਾਸਿਲ  ਹੈ। ਪੁਰਾਣੀ ਪੀੜੀ ਦੀ ਮਹਿਮਾ ਦਰਸਾਉਂਦਿਆਂ, ਕਵੀ ਪੋਟਿਆਂ ਚ ਚੂਰ ਹੋ ਗਏ ਪੰਨਿਆਂ ਦਾ ਦਰਦ ਮਹਿਸੂਸ ਕਰਦਾ ਹੋਇਆ, ਪੁਰਾਣੇ ਵਿੱਚੋਂ ਨਵੇਂ ਦੇ ਉਗਮਨ ਦੀ ਆਸ ਰੱਖਦਾ ਹੈ। ਧਰਤੀ ਦੇ ਪਹਿਲੇ ਮਾਲਕ ਬਿਰਖਾਂ ਨੂੰ  ਮਨੁੱਖ ਦੇ ਸਵਾਰਥੀ ਅਗਨ ਬਾਣਾ ਦੇ ਸ਼ਿਕਾਰ ਹੁੰਦੇ ਦਰਸਾਉਂਦਾ ਹੈ। ਮਨੀਪੁਰ ਦੇ ਸ਼ਰਮਨਾਕ ਕਾਰੇ ਨਾਲ਼ ਸ਼ਰਮਸ਼ਾਰ ਹੋਈ ਸਰਕਾਰ ਦਾ ਉਲੇਖ ਕਰਦਾ ਹੈ। ਮੁਹੱਬਤ ਦੀ ਰੁੱਤ ਸਾਉਂਣ ਵਿੱਚ ਵੀ ਬੰਦੇ ਦੀ ਦੁਵਿਧਾ, ਭੈਅ ,ਸੰਸੇ ,ਸੰਦੇਹ ,ਸ਼ਕ ਅਤੇ ਸਰਮਾਕਲ ਸਵਾਲ ਉਸ ਨੂੰ ਚੁੱਪ ਵਿੱਚੋਂ ਸੁਣਾਈ ਦਿੰਦੇ ਹਨ। ਪੁਰਖਿਆਂ ਦੀ ਧਰਤੀ ਲਾਹੌਰ ਕਵੀ ਨੂੰ ਆਪਣੇ ਵੱਲ ਖਿੱਚਦੀ ਪ੍ਰਤੀਤ ਹੁੰਦੀ ਹੈ। ਕਵੀ ਨੂੰ ਗਿਲਾ ਹੈ ਕਿ ਬਾਬੇ ਨਾਨਕ ਦੀ ਬਾਣੀ ਦੇ ਅਰਥਾਂ ਨੂੰ ਅਸੀਂ ਉਲਟੇ ਅਰਥ ਵਿੱਚ ਸਵੀਕਾਰ ਕੀਤਾ ਹੈ। ਜੀਵਨ ‘ਤੇ ਲਾਗੂ ਕੀਤਾ ਹੈ।ਬਾਬੇ ਨੇ ਜੋ ਕਿਹਾ ਅਸੀਂ ਉਸ ਰਸਤੇ ਨੂੰ ਛੱਡ ਗੁਰਮਤਿ ਅਨੁਸਾਰ ਨਾ ਜਿਉਂ , ਮਨਮਤਿ ਅਨੁਸਾਰ ਜਿਉਂਦੇ ਹਾਂ। ਕਵੀ ਬਾਬੇ ਨਾਨਕ ਦੇ ਹਵਾਲੇ ਨਾਲ਼ ਯਾਤਰਾ ਨੂੰ ਬਹੁਤ ਕੁਝ ਹਾਸਿਲ ਕਰਨ ਦਾ ਸਰੋਤ ਮੰਨਦਾ ਹੈ । ਕਵਿਤਾਵਾਂ ਉਸਨੂੰ ਸਾਡੇ ਅੰਦਰ ਪਏ ਥੇਹਾਂ ਦੇ ਨਕਸ਼ ਪ੍ਰਤੀਤ ਹੁੰਦੀਆਂ ਹਨ। ਧੀਆਂ ਦਾ ਘਰ ਆਉਣਾ ਨਵੇਂ ਸੁਪਨਿਆਂ ਦੀ ਸਿਰਜਣਾ ਲੱਗਦਾ ਹੈ । ਨਵੇਂ ਰਿਸ਼ਤਿਆਂ ਨੂੰ ਨਾਮ ਦੇਣਾ ਲੱਗਦਾ ਹੈ। ਸੁੰਨ ਸਰਾਂ ਤੇ ਉਦਾਸੀ ਦੇ ਆਲਮ ਵਿੱਚੋਂ ਕਿਲਕਾਰੀਆਂ ਦੇ ਸਿਰਜਣ ਦਾ ਮਾਰਗ ਮਹਿਸੂਸ ਹੁੰਦਾ ਹੈ । ਉਸਨੂੰ ਲੱਗਦਾ ਹੈ ਕਿ ਮੀਹ ਤੇ ਬੰਦੇ ਦਾ ਰਿਸ਼ਤਾ ਜੀਵਨ ਨੂੰ ਲੋਕ ਗੀਤਾਂ ਵਰਗੀ ਉਮਰ ਬਖਸ਼ਣ ਵਾਲ਼ਾ ਹੈ। ਉਸ ਨੂੰ ਆਪਣਾ ਆਪ ਖੇਤ ਵਰਗਾ ਮਹਿਸੂਸ ਹੁੰਦਾ ਹੈ।  ਜਿਸਦੇ ਸਿਰ ਫਰਜ਼ਾਂ ਦੇ ਅੰਬਾਰ ਹਨ। ਜਿਸਨੇ ਰਈਅਤ ਦਾ ਢਿੱਡ ਭਰਨ ਖਾਤਰ ਆਪਾ ਕੁਰਬਾਨ ਕਰਨਾ ਹੈ।

       ਸੋ ਮਲਵਿੰਦਰ ਨੇ ਇਸ ਪੁਸਤਕ ਵਿੱਚ ਬਿੰਬਾਂ ,ਪ੍ਰਤੀਕਾਂ ਦੇ ਮਾਧਿਅਮ ਰਾਹੀਂ ਮਨੁੱਖੀ ਮਨ ਦੀਆਂ ਇਕਾਂਖਿਆਵਾਂ, ਚਿੰਤਾਵਾਂ, ਦਰਪੇਸ਼ ਚੁਣੌਤੀਆਂ ਤੇ ਪ੍ਰਵਾਸ ਦੇ ਮਸਲਿਆਂ ਨੂੰ ਡੂੰਘੀ ਤਰਾਂ ਵਾਚਦਿਆਂ, ਗੰਭੀਰਤਾ ਨਾਲ਼ ਕਾਵਿ ਸਿਰਜਣਾ ਦਾ ਹਾਸਲ ਬਣਾਇਆ ਹੈ। ਜਿਸਦੇ ਲਈ ਉਹ ਵਧਾਈ ਦਾ ਹੱਕਦਾਰ ਹੈ।

ਰਾਮਪਾਲ ਸ਼ਾਹਪੁਰੀ (ਡਾ.)  9914886310

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਦੀਵਾਨ ਟੋਡਰ ਮੱਲ ਪਬਲਿਕ ਸਕੂਲ ਕਾਕੜਾ ਦਾ ਦਸਵੀਂ ਜਮਾਤ ਦਾ ਨਤੀਜਾ ਰਿਹਾ 100 ਪ੍ਰਤੀਸ਼ਤ ਦੋ ਵਿਦਿਆਰਥੀਆਂ ਨੇ ਪੰਜਾਬੀ ਵਿਸ਼ੇ ਵਿੱਚੋਂ 100 ਵਿੱਚੋਂ 100 ਅੰਕ ਪ੍ਰਾਪਤ ਕਰਕੇ ਵਧਾਇਆ ਮਾਂ ਬੋਲੀ ਦਾ ਮਾਣ।
Next articleਬ੍ਰਿਗੇਡੀਅਰ ਰਾਜ ਕੁਮਾਰ ਨੇ ਆਮ ਆਦਮੀ ਪਾਰਟੀ ਦੇ ਪੁਰਾਣੇ ਵਰਕਰਾਂ ਨਾਲ ਪਾਰਟੀ ਦੀਆਂ ਗਤੀਵਿਧੀਆਂ ਤੇਜ਼ ਕਰਨ ਲਈ ਕੀਤੀ ਮੀਟਿੰਗ