(ਸਮਾਜ ਵੀਕਲੀ)
ਜਦੋਂ ਪਰਿਵਾਰ ਨੂੰ ਪਤਾ ਲੱਗਾ ਕਿ ਜੀਤੀ ਦਾ ਸਹੁਰਾ ਪਰਿਵਾਰ ਉਸਦੀ ਕੁੱਟ ਮਾਰ ਕਰਦੇ ਹਨ, ਤਾਂ ਜੀਤੀ ਨੂੰ ਲੈ ਆਏ । ਪਹਿਲਾਂ ਤਾਂ ਜੀਤੀ ਚੁੱਪ ਚਾਪ ਸਹਿੰਦੀ ਰਹੀ। ਪੇਕੇ ਆ ਕੇ ਉਸ ਨੇ ਦੱਸਿਆ ਕਿ ਆਨੇ ਬਹਾਨੇ ਉਸਦੀ ਨਣਦ ਤੇ ਸੱਸ ਉਸ ਨੂੰ ਮਾਰਦੀਆਂ ਸਨ। ਉਸਦੇ ਪਤੀ ਦੇ ਕੰਨ ਭਰ ਕੇ ਉਸ ਤੋਂ ਵੀ ਮਾਰ ਪੁਆਉਂਦੀਆਂ ਸਨ।
ਉਸ ਨੂੰ ਪੇਕੇ ਆਈ ਨੂੰ ਲਗਪਗ ਸਾਲ ਹੋ ਗਿਆ ਸੀ। ਨਣਦ ਦੇ ਵਿਆਹ ਤੇ ਵੀ ਉਸ ਨੂੰ
ਨਹੀਂ ਬੁਲਾਇਆ ਸੀ। ਮਹਿਲਾ ਮੰਡਲ ਕੋਲ ਤਲਾਕ ਦਾ ਕੇਸ ਚੱਲ ਰਿਹਾ ਸੀ। ਜੀਤੀ ਦੇ ਪਿਤਾ ਨੇ ਵਿਆਹ ਦੇ ਖ਼ਰਚੇ ਦਾ ਵੀ ਕੇਸ ਪਾਇਆ ਸੀ।
ਦੂਰ ਦੀ ਰਿਸ਼ਤੇਦਾਰੀ ਵਿੱਚੋਂ ਲੱਗਦੇ ਮਾਮੇ ਵਕੀਲ ਨੇ ਕੁੜੀ ਨੂੰ ਸਮਝਾਇਆ ਸੀ ਕਿ ਇੱਕ ਦੀਆਂ ਚਾਰ ਸੁਣਾਈਂ , ਚੁੱਪ ਕਰ ਕੇ ਵਧੀਕੀ ਨਹੀਂ ਸਹਿਣੀ,ਇਹ ਬੁਜ਼ਦਿਲੀ ਹੈ।
ਮੈਡਮ ਨੇ ਜੀਤੀ ਦੇ ਪਤੀ ਨੂੰ ਪੁੱਛਿਆ, “ ਦੱਸ ਕਾਕਾ, ਤੇਰੀ ਕੀ ਸਲਾਹ ਹੈ? ਤੂੰ ਲੜਕੀ ਨੂੰ ਲੈ ਜਾਣਾ ਚਾਹੁੰਦਾ ਏਂ ਕਿ ਤਲਾਕ?” ਭੈਣ ਵਿਆਹੀ
ਗਈ ਸੀ, ਮਾਂ ਨੂੰ ਸਾਰਾ ਕੰਮ ਕਰਨਾ ਪੈਂਦਾ ਸੀ,
ਸੋਚਿਆ ,ਚਲੋ ਲੈ ਹੀ ਜਾਂਦੇ ਹਾਂ, ਖ਼ਰਚੇ ਦੇ ਪੈਸੇ ਵੀ ਬਚਣਗੇ ।
“ਮੈਂ ਲੈ ਜਾਣਾ ਚਾਹੁੰਦਾ ਹਾਂ “ ਜੀਤੀ ਦੇ ਪਤੀ ਨੇ ਕਿਹਾ।
“ਜੀਤੀ, ਤੂੰ ਦੱਸ ਜਾਣਾ ਚਾਹੁੰਦੀ ਏਂ?”
“ਹਾਂ ਜੀ”
“ਅੱਛਾ, ਕਰੋ ਦਸਤਖਤ” ਮੈਡਮ ਨੇ ਕਾਗ਼ਜ਼ ਉਹਨਾਂ ਦੇ ਅੱਗੇ ਰੱਖ ਕੇ ਕਿਹਾ।
ਜੀਤੀ ਦੇ ਪਤੀ ਨੇ ਦਸਤਖਤ ਕਰ ਦਿੱਤੇ।
“ ਜੀਤੀ, ਤੂੰ ਰਜ਼ਾਮੰਦ ਏਂ? ਇੱਕ ਵਾਰੀ ਫਿਰ ਸੋਚ ਲੈ” ਮੈਡਮ ਨੇ ਕਿਹਾ।
“ ਜੇ ਇਹਦੀ ਮਾਂ ਮੇਰੇ ਇੱਕ ਥੱਪੜ ਮਾਰੂ, ਤਾਂ ਮੈਂ ਚਾਰ ਮਾਰੂੰ” ਜੀਤੀ ਦੇ ਮੂੰਹੋਂ ਇਹ ਗੱਲ ਸੁਣਦੇ ਹੀ
ਉਸਦੇ ਪਤੀ ਨੇ ਕਾਗਜ਼ ਫੜ ਲਏ।
ਮੈਡਮ , ਮੈਂ ਆਪਣੀ ਮਾਂ ਨਹੀਂ ਕੁਟਵਾਉਣੀ । ਮੈਨੂੰ
ਇਹ ਫ਼ੈਸਲਾ ਮਨਜ਼ੂਰ ਨਹੀਂ ।”ਉਸਨੇ ਦਸਤਖਤ ਕੱਟ ਦਿੱਤੇ।
ਤੇ ਪਾਸਾ ਪਲਟ ਗਿਆ।
ਅਮਰਜੀਤ ਕੌਰ ਮੌਰਿਡਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly