HOME ਗੁਰੂ ਘਰ ਦਾ ਸ਼ਰਧਾਲੂ : ਦੀਵਾਨ ਟੋਡਰ ਮੱਲ ਜਾਂ ਦੀਵਾਨ...

ਗੁਰੂ ਘਰ ਦਾ ਸ਼ਰਧਾਲੂ : ਦੀਵਾਨ ਟੋਡਰ ਮੱਲ ਜਾਂ ਦੀਵਾਨ ਟੋਡਰ ਮੱਲ ਦੀ ਸੇਵਾ ਨੂੰ ਜੁਗਾਂ-ਜੁਗਾਂਤਰਾਂ ਤੱਕ ਯਾਦ ਕੀਤਾ ਜਾਵੇਗਾ

1
 ਮਹਾਨ ਕੋਸ਼ ਦੇ ਕਰਤਾ ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਸੇਵਾ ਦਾ ਅਰਥ ਹੈ ਖ਼ਿਦਮਤ, ਉਪਾਸ਼ਨਾ। ਸਿੰਧੀ ਵਿੱਚ ਸੇਵਾ ਦਾ ਉਚਾਰਨ ‘ਸ਼ੇਵਾ’ ਹੈ ਜਿਸ ਦਾ ਅਰਥ ਪੂਜਾ ਭੇਟਾ ਵੀ ਹੈ।
   (ਸਮਾਜ ਵੀਕਲੀ)  ਦੀਵਾਨ ਟੋਡਰ ਮੱਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸ਼ਰਧਾਲੂ ਸੀ ਜੋ ਖੱਤਰੀ ਪਰਿਵਾਰ ਨਾਲ ਸੰਬੰਧਿਤ ਸੀ। ਗੁਰੂ ਘਰ ਤੇ ਜਦੋਂ ਵੀ ਕੋਈ ਸੰਕਟ (ਮੁਸ਼ਕਲ) ਦਾ ਸਮਾਂ ਆਇਆ ਤਾਂ ਸਿੱਖਾਂ ਦੇ ਨਾਲ-ਨਾਲ ਕੁਝ ਗ਼ੈਰ ਸਿੱਖਾਂ ਨੇ ਵੀ ਤਨ-ਮਨ-ਧਨ ਨਾਲ  ਸੇਵਾ ਕਰਕੇ ਆਪਣਾ ਵਿਲੱਖਣ ਯੋਗਦਾਨ ਪਾਇਆ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਿਹ ਸਿੰਘ ਤੇ ਮਾਤਾ ਗੁੱਜਰ ਕੌਰ ਦੀ ਸ਼ਹਾਦਤ ਤੋਂ ਬਾਅਦ ਸ਼ਹਿਰ ਵਿੱਚ ਸੁੰਨ-ਸਾਨ ਦਾ ਮਾਹੌਲ ਹੋ ਗਿਆ। ਸਾਹਿਬਜ਼ਾਦਿਆਂ ਤੇ ਮਾਤਾ ਗੁੱਜਰ ਕੌਰ ਦੀ ਸ਼ਹਾਦਤ ਕਰਨ ਤੋਂ ਬਾਅਦ ਵੀ ਉਸ (ਵਜ਼ੀਰ ਖਾਂ) ਦੇ ਤਪਦੇ ਹਿਰਦੇ ਨੂੰ ਹਾਲੇ ਠੰਢ ਨਹੀਂ ਸੀ ਪਈ। ਇਸ ਲਈ ਉਸ ਨੇ ਮਾਤਾ ਗੁੱਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀਆਂ ਮਿਰਤਕ ਦੇਹਾਂ ਦੇ ਪੂਰੀ ਰਹਿਤ-ਮਰਯਾਦਾ ਨਾਲ ਅੰਤਿਮ ਕਿਰਿਆ ਕਰਮ ਕਰਨ/ਕਰਵਾਉਣ ਦੀ ਥਾਂ ਸਗੋਂ ਉਹਨਾਂ ਨੂੰ ਰੋਲਣ ਅਤੇ ਖੇਹ-ਖਰਾਬ ਕਰਨ ਤੇ ਆ ਗਿਆ। ਸਾਹਿਬਜ਼ਾਦਿਆਂ ਤੇ ਮਾਤਾ ਗੁੱਜਰ ਕੌਰ ਦੀਆਂ ਦੇਹਾਂ ਲਾਵਾਰਸ ਹਾਲਤ ਵਿੱਚ ਹੰਸਲਾ ਨਦੀ ਦੇ ਕਿਨਾਰੇ ਉਜਾੜ ਬੀਆਬਾਨ ਥਾਂ ’ਤੇ (ਜਿੱਥੇ ਅੱਜ-ਕੱਲ੍ਹ ਗੁਰਦੁਆਰਾ ਵਿਮਾਨਗੜ੍ਹ ਸਾਹਿਬ ਸਥਿਤ ਹੈ।) ਰੱਖ ਦਿੱਤੀਆਂ ਗਈਆਂ ਸਨ। ਸਰਹਿੰਦ ਦੇ ਇਲਾਕੇ ਵਿੱਚ ਰਹਿਣ ਵਾਲੇ ਗੁਰੂ ਘਰ ਦੇ ਪ੍ਰੇਮੀਆਂ ਨੂੰ ਜਦੋਂ ਵਜ਼ੀਰ ਖਾਂ ਦੀ ਇਸ ਹਰਕਤ ਦਾ ਪਤਾ ਲੱਗਾ ਤਾਂ ਉਹਨਾਂ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ, ਜੋ ਦੇਖਿਆ ਨਹੀਂ ਸੀ ਜਾ ਸਕਦਾ।
ਸੂਬੇਦਾਰ ਵਜ਼ੀਰ ਖਾਂ ਤੇ ਉਸ ਦੇ ਅਹਿਲਕਾਰਾਂ ਨੇ 13 ਪੋਹ ਨੂੰ ਹੀ ਇੱਕ ਸ਼ਾਹੀ ਫ਼ਰਮਾਨ ਜਾਰੀ ਕਰ ਦਿੱਤਾ ਸੀ ਕਿ ਹਕੂਮਤ ਦੇ ਬਾਗ਼ੀਆਂ ਦਾ ਸਸਕਾਰ ਸਰਕਾਰੀ ਜ਼ਮੀਨ ਤੇ ਨਹੀਂ ਕੀਤਾ ਜਾ ਸਕਦਾ। ਫ਼ਰਮਾਨ ਵਿੱਚ ਇਹ ਵੀ ਜ਼ਿਕਰ ਸੀ ਕਿ ਜੇ ਕੋਈ ਇਹਨਾਂ ਤਿੰਨਾਂ ਮਿਰਤਕ ਸਰੀਰਾਂ ਦਾ ਸਸਕਾਰ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਸਰਹਿੰਦ ਦੇ ਚੌਧਰੀ ਕੋਲੋਂ ਸਸਕਾਰ ਜਿੰਨੀ ਥਾਂ ਮੁੱਲ ਲੈਣੀ ਪਵੇਗੀ। ਦੀਵਾਨ ਟੋਡਰ ਮੱਲ ਨੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਿਹ ਸਿੰਘ ਤੇ ਮਾਤਾ ਗੁੱਜਰ ਕੌਰ ਦੀਆਂ ਮਿਰਤਕ ਦੇਹਾਂ ਦਾ ਅੰਤਿਮ ਸਸਕਾਰ ਕਰਨ ਦੀ ਸਰਕਾਰ ਕੋਲ ਇੱਛਾ ਪ੍ਰਗਟਾਈ। ਵਜ਼ੀਰ ਖਾਂ ਲਾਸ਼ਾਂ ਨੂੰ ਦੀਵਾਨ ਟੋਡਰ ਮੱਲ ਦੇ ਸਪੁਰਦ ਕਰਨ ਲਈ ਰਾਜ਼ੀ ਨਾ ਹੋਇਆ ਪਰ ਦਿੱਲੀ ਦਰਬਾਰ ਅੰਦਰ ਦੀਵਾਨ ਟੋਡਰ ਮੱਲ ਦੀ ਚੰਗੀ ਜਾਣ-ਪਛਾਣ ਹੋਣ ਕਰਕੇ ਅਤੇ ਕਈ ਵਾਰ ਬੇਨਤੀਆਂ ਕਰਨ ਤੇ ਉਹ ਲਾਸ਼ਾਂ ਦੀਵਾਨ ਟੋਡਰ ਮੱਲ ਨੂੰ ਦੇਣ ਲਈ ਤਿਆਰ ਹੋ ਗਿਆ। ਵਜ਼ੀਰ ਖਾਂ ਦੇ ਮਨ ਵਿੱਚ ਇਹ ਵਿਚਾਰ ਸੀ ਕਿ ਦੀਵਾਨ ਟੋਡਰ ਮੱਲ ਸ਼ਹੀਦਾਂ ਦੇ ਸਸਕਾਰ ਲਈ ਏਨੀ ਵੱਡੀ ਰਕਮ ਖ਼ਰਚਣ ਲਈ ਤਿਆਰ ਨਹੀਂ ਹੋਵੇਗਾ। ਦੀਵਾਨ ਟੋਡਰ ਮੱਲ ਕੋਲ ਵਾਹਿਗੁਰੂ ਦੀ ਕਿਰਪਾ ਸਦਕਾ ਮਾਇਆ ਦੀ ਕੋਈ ਕਮੀ ਨਹੀਂ ਸੀ। ਦੀਵਾਨ ਟੋਡਰ ਮੱਲ ਨੇ ਸੋਨੇ ਦੀਆਂ ਮੋਹਰਾਂ ਨੂੰ ਠੀਕਰੀਆਂ ਸਮਝਦਿਆਂ ਜ਼ਮੀਨ ਖਰੀਦਣ ਦਾ ਮਨ ਬਣਾਇਆ। ਚੌਧਰੀ ਅੱਤਾ ਉੱਲਾ ਖਾਂ ਜੋ ਅੱਤੇਵਾਲੀ ਪਿੰਡ ਦਾ ਵਸਨੀਕ ਸੀ। ਉਹ ਸਸਕਾਰ ਲਈ ਥਾਂ ਮੁੱਲ ਦੇਣ ਲਈ ਰਾਜ਼ੀ ਹੋ ਗਿਆ। ਦੀਵਾਨ ਟੋਡਰ ਮੱਲ ਨੇ ਤਿੰਨ ਸ਼ਹੀਦਾਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਿਹ ਸਿੰਘ ਤੇ ਮਾਤਾ ਗੁੱਜਰ ਕੌਰ ਦਾ ਸਸਕਾਰ ਕਰਨ ਲਈ 78,000 ਸੋਨੇ ਦੀਆਂ ਮੋਹਰਾਂ (ਅਸ਼ਰਫੀਆਂ) ਖੜ੍ਹੀਆਂ ਜ਼ਮੀਨ ਤੇ ਵਿਛਾ ਕੇ ਮੁਸਲਿਮ ਬਾਦਸ਼ਾਹ ਤੋਂ ਜ਼ਮੀਨ ਖਰੀਦੀ। ਸੋਨੇ ਦੀ ਕੀਮਤ ਦੇ ਮੁਤਾਬਕ ਇਸ ਚਾਰ ਸਕੇਅਰ ਮੀਟਰ ਜ਼ਮੀਨ ਦੀ ਕੀਮਤ ਅੱਜ ਦੇ ਸਮੇਂ ਮੁਤਾਬਕ 10 ਅਰਬ ਤੋਂ ਵੀ ਵੱਧ ਬਣਦੀ ਹੈ।
ਦੀਵਾਨ ਟੋਡਰ ਮੱਲ ਨੇ ਬਾਬਾ ਮੋਤੀ ਰਾਮ ਮਹਿਰਾ ਦੇ ਸਹਿਯੋਗ ਤੇ ਹੋਰ ਗੁਰੂ ਘਰ ਦੇ ਸ਼ਰਧਾਵਾਨ ਸਿੱਖਾਂ ਨਾਲ ਰਲ ਕੇ ਗੁਰਦੁਆਰਾ ਵਿਮਾਨਗੜ੍ਹ ਸਾਹਿਬ ਵਾਲੀ ਥਾਂ ਤੋਂ ਮਾਤਾ ਗੁੱਜਰ ਕੌਰ ਜੀ ਤੇ ਛੋਟੇ ਸਾਹਿਬਜ਼ਾਦਿਆਂ ਦੀਆਂ ਮਿਰਤਕ ਦੇਹਾਂ ਵਿਮਾਨਾਂ ’ਚ ਸਜਾ ਕੇ ਇਸ ਥਾਂ ਉੱਪਰ ਲਿਆਂਦੀਆਂ। ਪੂਰੇ ਅਦਬ ਸਤਿਕਾਰ ਸਹਿਤ ਸਿੱਖ ਮਰਯਾਦਾ ਅਨੁਸਾਰ ਉਹਨਾਂ ਦਾ ਅੰਤਿਮ ਸਸਕਾਰ ਕੀਤਾ  ਗਿਆ। ਸ਼ਹੀਦਾਂ ਦੇ ਅੰਤਿਮ ਸਸਕਾਰ ਵਾਲੀ ਥਾਂ ’ਤੇ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਸਥਿਤ ਹੈ।
ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਟੋਡਰ ਮੱਲ ਦੇ ਨਾਂ ’ਤੇ ‘ਭਾਈ ਟੋਡਰ ਮੱਲ ਦੀਵਾਨ ਹਾਲ’ ਬਣਾਇਆ ਗਿਆ ਹੈ। ਇਸ ਅਸਥਾਨ ਦੀ ਸੇਵਾ ਬਾਬਾ ਹਰਬੰਸ ਸਿੰਘ ਕਾਰ-ਸੇਵਾ ਦਿੱਲੀ ਵਾਲਿਆਂ ਵੱਲੋਂ ਕਰਵਾਈ ਗਈ। ਜਿੱਥੇ ਹਰ ਸੰਗਰਾਂਦ, ਸਾਲਾਨਾ ਸ਼ਹੀਦੀ ਜੋੜ-ਮੇਲ ਸਮੇਂ ਅਤੇ ਹੋਰ ਧਾਰਮਿਕ ਮੌਕਿਆਂ ਤੇ ਵੱਡੇ ਸਮਾਗਮ ਹੁੰਦੇ ਹਨ ਅਤੇ ਦੀਵਾਨ ਸਜਦੇ ਹਨ। ਦੀਵਾਨ ਟੋਡਰ ਮੱਲ ਦੀ ਆਲੀਸ਼ਾਨ ਹਵੇਲੀ, ਜਿਸ ਨੂੰ ਜਹਾਜ਼ ਮੰਜ਼ਿਲ ਹਵੇਲੀ ਜਾਂ ਜਹਾਜ਼ਨੁਮਾ ਹਵੇਲੀ ਵੀ ਕਿਹਾ ਜਾਂਦਾ ਹੈ, ਪਰ ਇਸ ਹਵੇਲੀ ਤੇ ਜਹਾਜ਼ ਹਵੇਲੀ ਲਿਖਿਆ ਹੋਇਆ ਹੈ । ਇਸ ਹਵੇਲੀ ਦੀ ਬਿਲਡਿੰਗ ਉਸ ਵੇਲੇ ਦੇ ਰਈਸ ਤੇ ਰਸੂਖ਼ਦਾਰ ਦੀਵਾਨ ਟੋਡਰ ਮੱਲ ਨੇ ਸਮੁੰਦਰੀ ਜਹਾਜ਼ ਦੇ ਆਕਾਰ ਵਾਲੀ 40 ਕਮਰਿਆਂ ਦੀ ਹਵੇਲੀ ਬਣਵਾਈ ਸੀ ।  ਇੱਕ ਹਜ਼ਾਰ ਗਜ਼ ਦੇ ਅੰਦਰ ਇਹ ਹਵੇਲੀ ਬਣੀ ਹੋਈ ਸੀ । ਇਸ ਹਵੇਲੀ ਦੇ 35 ਕਮਰੇ ਤੇ ਤਿੰਨ ਕਿਚਨ (ਰਸੋਈ )ਹਨ । ਕਈ ਸਾਲ ਇਹ ਹਵੇਲੀ ਅਣਗੌਲਿਆਂ ਰਹੀ। ਹੁਣ ਇਸ ਨੂੰ ਵਿਦੇਸ਼ ਦੀ ਸੰਗਤ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਪੂਰਾਤੱਤਵ ਵਿਭਾਗ ਵੱਲੋਂ ਸੰਭਾਲ ਕੀਤੀ ਜਾ ਰਹੀ ਹੈ। ਇਹ ਜਹਾਜ਼ ਹਵੇਲੀ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਲਹਿੰਦੇ ਵੱਲ ਡੇਢ ਕਿਲੋਮੀਟਰ ਦੂਰ ਅਤੇ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਦੇ ਨੇੜੇ ਹੀ ਸਥਿਤ ਹੈ । ਸਿੱਖੀ ਦੇ ਉਸ ਸੇਵਾਦਾਰ ਨੇ ਸੇਵਾ ਲਈ ਆਪਣੀ  ਜ਼ਿੰਦਗੀ ਦੀ ਸਾਰੀ ਪੂੰਜੀ (ਅਪਾਰ ਦੌਲਤ) ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਅਤੇ ਮਾਤਾ ਗੁੱਜਰ ਕੌਰ ਜੀ ਦੇ ਅੰਤਿਮ ਸਸਕਾਰ ਕਰਨ ਦਾ ਜਿਸ ਨੇ ਪੁੰਨ ਕਮਾਇਆ, ਉਸ ਦੀ ਇੱਕੋ-ਇੱਕ ਨਿਸ਼ਾਨੀ ਜੋ ਹਵੇਲੀ ਦੀ ਸ਼ਕਲ ਵਿੱਚ ਹੈ । ਉਸ ਦੀ ਸੰਭਾਲ ਕਰਨੀ ਬਹੁਤ ਜ਼ਰੂਰੀ ਹੈ, ਜੋ ਉਂਪਰ ਲਿਖੇ ਅਨੁਸਾਰ ਹੋ ਰਹੀ ਹੈ।
ਪੰਜਾਬ ਸਰਕਾਰ ਨੇ ਮਾਤਾ ਗੁਜਰੀ ਜੀ ਦੇ 300 ਸਾਲਾ ਸ਼ਹੀਦੀ ਦਿਹਾੜੇ ’ਤੇ ਸਰਹਿੰਦ-ਫਤਿਹਗੜ੍ਹ ਸਾਹਿਬ ਮਾਰਗ ’ਤੇ ‘ਟੋਡਰ ਮੱਲ ਯਾਦਗਾਰੀ ਗੇਟ’ ਦੀ ਉਸਾਰੀ ਕਰਵਾਈ। ਦੀਵਾਨ ਟੋਡਰ ਮੱਲ ਨੇ ਸਾਹਿਬਜ਼ਾਦਿਆਂ ਅਤੇ ਮਾਤਾ ਗੁੱਜਰ ਕੌਰ ਦਾ ਸਸਕਾਰ ਕਰਨ ਲਈ ਜ਼ਮੀਨ ਮੁੱਲ ਖਰੀਦਣ ਦੀ ਜੋ ਸੇਵਾ ਕੀਤੀ ਹੈ, ਉਸ ਨੂੰ ਜੁਗਾਂ-ਜੁਗਾਂਤਰਾਂ  ਤੱਕ ਯਾਦ ਕੀਤਾ ਜਾਂਦਾ ਰਹੇਗਾ।

ਕਰਨੈਲ ਸਿੰਘ ਐੱਮ.ਏ.
#1138/63-ਏ, ਗੁਰੂ ਤੇਗ਼ ਬਹਾਦਰ ਨਗਰ, ਗਲੀ ਨੰਬਰ 1, ਚੰਡੀਗੜ੍ਹ ਰੋਡ, ਜਮਾਲਪੁਰ, ਲੁਧਿਆਣਾ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਪਾਰਟੀ ਦੀ ਮਜ਼ਬੂਤੀ ਲਈ ਹਰ ਸ਼ਨੀਵਾਰ ਪਿੰਡਾਂ ਵਿੱਚ ਹੋਣਗੀਆਂ ਸੰਗਠਨ ਦੀਆਂ ਮੀਟਿੰਗਾਂ: ਵਿਧਾਇਕਾ ਸੰਤੋਸ਼ ਕਟਾਰੀਆ
Next articleਸੁਫ਼ਨਿਆਂ ਦਾ ਸੰਸਾਰ