ਨਵੀਂ ਦਿੱਲੀ (ਸਮਾਜ ਵੀਕਲੀ): ਕਤਰ ਏਅਰਵੇਜ਼ ਦੀ ਨਵੀਂ ਦਿੱਲੀ ਤੋਂ ਦੋਹਾ ਜਾ ਰਹੀ ਉਡਾਣ ਨੂੰ ‘ਤਕਨੀਕੀ ਨੁਕਸ’ ਕਾਰਨ ਅੱਜ ਤੜਕੇ ਪਾਕਿਸਤਾਨ ਦੇ ਦੱਖਣੀ ਸ਼ਹਿਰ ਕਰਾਚੀ ਵਿੱਚ ਹੰਗਾਮੀ ਹਾਲਤ ’ਚ ਉੱਤਰਨਾ ਪਿਆ। ਪਾਕਿਸਤਾਨ ਸ਼ਹਿਰੀ ਹਵਾਬਾਜ਼ੀ ਅਥਾਰਿਟੀ ਦੇ ਤਰਜਮਾਨ ਸੈਫੁਰ ਰਹਿਮਾਨ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਕਤਰ ਏਅਰਵੇਜ਼ ਦੀ ਉਡਾਣ ਕਿਊਆਰ-579 ਕਰਾਚੀ ਦੇ ਜਿਨਾਹ ਕੌਮਾਂਤਰੀ ਹਵਾਈ ਅੱਡੇ ’ਤੇ ਸੁਰੱਖਿਅਤ ਉੱਤਰ ਗਈ। ਜਹਾਜ਼ ਵਿੱਚ ਸਵਾਰ ਸਾਰੇ 283 ਯਾਤਰੀਆਂ ਨੂੰ ਕੁਝ ਹੀ ਘੰਟੇ ਵਿਚ ਏਅਰਲਾਈਨ ਕੰਪਨੀ ਵੱਲੋਂ ਭੇਜੇ ਗਏ ਬਦਲਵੇਂ ਜਹਾਜ਼ ਰਾਹੀਂ ਦੋਹਾ ਭੇਜ ਦਿੱਤਾ ਗਿਆ। ਰਹਿਮਾਨ ਨੇ ਕਿਹਾ ਕਿ ਦੋਹਾ ਜਾਣ ਵਾਲੀ ਉਡਾਣ ਨੇ ਅੱਜ ਸਵੇਰੇ ਨਵੀਂ ਦਿੱਲੀ ਤੋਂ ਵੱਡੇ ਤੜਕੇ 3.20 ਵਜੇ ਉਡਾਣ ਭਰੀ ਸੀ ਅਤੇ 5.30 ਵਜੇ ਦੇ ਕਰੀਬ ਜਹਾਜ਼ ਨੂੰ ਕਰਾਚੀ ਵਿੱਚ ਹੰਗਾਮੀ ਹਾਲਤ ’ਚ ਉਤਾਰਨਾ ਪਿਆ।
ਰਹਿਮਾਨ ਨੇ ਕਿਹਾ, ‘‘ਜਹਾਜ਼ ਦੇ ਕਾਰਗੋ ਹੋਲਡ ਵਿਚ ਧੂੰਏਂ ਦਾ ਪਤਾ ਲੱਗਣ ਤੋਂ ਬਾਅਦ ਕੈਪਟਨ ਨੇ ਹੰਗਾਮੀ ਹਾਲਤ ਦਾ ਐਲਾਨ ਕੀਤਾ।’’ ਉਨ੍ਹਾਂ ਕਿਹਾ ਕਿ ਜਹਾਜ਼ ਦੇ ਚਾਲਕ ਦਲ ਦੇ ਮੈਂਬਰਾਂ ਤੇ ਯਾਤਰੀਆਂ ਨੂੰ ਜਿਨਾਹ ਕੌਮਾਂਤਰੀ ਹਵਾਈ ਅੱਡੇ ’ਤੇ ਹੰਗਾਮੀ ਸੇਵਾਵਾਂ ਮੁਹੱਈਆ ਕਰਵਾਈਆਂ ਗਈਆਂ ਅਤੇ ਇਕ ਦੂਜੇ ਜਹਾਜ਼ ਰਾਹੀਂ ਦੋਹਾ ਲਈ ਰਵਾਨਾ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਪਾਇਲਟ ਨੇ ਹੰਗਾਮੀ ਹਾਲਤ ’ਚ ਉਤਰਨ ਦੀ ਅਪੀਲ ਕੀਤੀ ਅਤੇ ਕੰਟਰੋਲ ਟਾਵਰ ਤੇ ਸੀਏਏ ਦੇ ਅਮਲੇ ਨੇ ਸਮੱਸਿਆ ਨੂੰ ਦੇਖਦੇ ਹੋਏ ਤੁਰੰਤ ਜਵਾਬ ਦਿੱਤਾ।’’ ਇਸ ਤੋਂ ਪਹਿਲਾਂ ਏਅਰਲਾਈਨ ਕੰਪਨੀ ਨੇ ਇਕ ਬਿਆਨ ਵਿੱਚ ਦੱਸਿਆ ਸੀ ਕਿ ਜਹਾਜ਼ ਕਰਾਚੀ ਵਿੱਚ ਸੁਰੱਖਿਅਤ ਉਤਰ ਗਿਆ ਹੈ ਅਤੇ ਸਾਰੇ ਯਾਤਰੀਆਂ ਨੂੰ ਪੌੜੀਆਂ ਰਾਹੀਂ ਜਹਾਜ਼ ਤੋਂ ਉਤਾਰ ਦਿੱਤਾ ਗਿਆ ਹੈ। ਕੰਪਨੀ ਨੇ ਕਿਹਾ ਕਿ ਘਟਨਾ ਦੀ ਜਾਂਚ ਜਾਰੀ ਹੈ। ਏਅਰਲਾਈਨ ਕੰਪਨੀ ਨੇ ਕਿਹਾ, ‘‘ਯਾਤਰੀਆਂ ਨੂੰ ਹੋਈ ਪ੍ਰੇਸ਼ਾਨੀ ਲਈ ਅਸੀਂ ਮੁਆਫ਼ੀ ਮੰਗਦੇ ਹਾਂ।’’ ਸੀਏਏ ਦੇ ਤਰਜਮਾਨ ਨੇ ਦੱਸਿਆ, ‘‘ਜਿਨਾਹ ਕੌਮਾਂਤਰੀ ਹਵਾਈ ਅੱਡੇ ’ਤੇ ਸਾਰੀਆਂ ਉਡਾਣਾਂ ਹੁਣ ਆਮ ਵਾਂਗ ਹਨ। ਜਿਸ ਜਹਾਜ਼ ਵਿੱਚ ਤਕਨੀਕੀ ਸਮੱਸਿਆ ਆਈ ਸੀ, ਉਸ ਦੀ ਹੁਣ ਹਵਾਈ ਅੱਡੇ ’ਤੇ ਜਾਂਚ ਕੀਤੀ ਜਾ ਰਹੀ ਹੈ।’’
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly