(ਸਮਾਜ ਵੀਕਲੀ)
ਮੇਰੇ ਸ਼ਹਿਰ ‘ਚ ਮੁਰਦੇ ਰਹਿੰਦੇ ਨੇ,
ਨਾ ਬੋਲਦੇ ਨਾ ਕੁੱਝ ਕਹਿੰਦੇ ਨੇ।
ਮੂੰਹ ਖੋਲ੍ਹਣ ਤੋਂ ਵੀ ਡਰਦੇ ਨੇ,
ਚੁੱਪ ਰਹਿ ਕੇ ਹੀ ਗਮ ਸਹਿੰਦੇ ਨੇ।
ਮੇਰੇ ਸ਼ਹਿਰ…..
ਭਾਵੇਂ ਮਾਰ ਸੁੱਟੋ ਜਾਂ ਵੱਢ ਦਿਓ,
ਬੇਸ਼ੱਕ ਘਰਾਂ ‘ਚੋਂ ਬਾਹਰ ਕੱਢ ਦਿਓ।
ਆਪੋ ਆਪਣੇ ਲੈ ਕੇ ਝੰਡੇ ਚਾਹੇ,
ਮੱਥੇ ਤੇ ਇਹਨਾਂ ਦੇ ਗੱਡ ਦਿਓ।
ਪਰ ਲੱਭਣਾ ਪੈਣਾ ਇਹਨਾਂ ਨੂੰ,
ਇਹ ਲੁੱਕ-ਲੁੱਕ ਜੋ ਬਹਿੰਦੇ ਨੇ।
ਮੇਰੇ ਸ਼ਹਿਰ……
ਇਹ ਠੋਕਰਾਂ ਖਾ ਕੇ ਪਲ਼ਦੇ ਹਨ,
ਬੱਸ ਅੰਦਰੋਂ-ਅੰਦਰ ਗਲ਼ਦੇ ਹਨ।
ਆਪੇ ਹੀ ਅੱਗ ਬਾਲ਼ਦੇ ਤੇ,
ਆਪ ਹੀ ਉਸ ਵਿੱਚ ਜਲ਼ਦੇ ਹਨ।
ਮਾੜੀ ਜਿਹੀ ਠੁੱਡ ਮਾਰਨ ਤੇ ਇਹ,
ਕੱਚੀ ਭੀਤ ਵਾਂਗਰਾਂ ਢਹਿੰਦੇ ਨੇ।
ਮੇਰੇ ਸ਼ਹਿਰ….
ਕਦੇ ਭੁੱਲ-ਭੁਲੇਖੇ ਹੱਸਦੇ ਇਹ,
ਨਾ ਦੁੱਖ ਕਿਸੇ ਨੂੰ ਦੱਸਦੇ ਇਹ।
ਜਿੱਥੇ ਕਦਰ ਨਹੀਂ ਇਨਸਾਨਾਂ ਦੀ,
ਓਸ ਜਗ੍ਹਾ ਤੇ ਜਾ ਕੇ ਵੱਸਦੇ ਇਹ।
ਇਹ ਵਾਂਗ ਗੁਲਾਮਾਂ ਕੰਮ ਕਰਦੇ,
ਤੇ ਨਿੱਤ ਮੰਜਿਆਂ ਵਾਗੂੰ ਡਹਿੰਦੇ ਨੇ।
ਮੇਰੇ ਸ਼ਹਿਰ ‘ਚ ਮੁਰਦੇ ਰਹਿੰਦੇ ਨੇ ਨਾ ਬੋਲਦੇ ਨਾ ਕੁੱਝ ਕਹਿੰਦੇ ਨੇ।
ਮਨਜੀਤ ਕੌਰ ਧੀਮਾਨ,
ਸ਼ੇਰਪੁਰ, ਲੁਧਿਆਣਾ।
ਸੰ:9464633059
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly