ਅੱਜ ਕੁੱਝ ਮਰ ਗਿਆ / ਪਰ ਹਮੇਸ਼ਾਂ ਲਈ ਨਹੀਂ

 (ਸਮਾਜ ਵੀਕਲੀ)
 ਇਮਰੋਜ਼ ਉਮਰ ਭੋਗ ਕੇ ਗਿਆ ਹੈ…ਏਹਨੂੰ ਮਰਨਾ ਨਹੀਂ , ਟੁਰ ਜਾਣਾ ਕਹਿੰਦੇ ਨੇ.. ਮਰ ਤਾਂ ਉਹ ਸਕਦਾ ਹੀ ਨਹੀਂ, ਮੁਹੱਬਤ ਦਾ ਸਰਨਾਮੀਆ ਬਣ ਹਮੇਸ਼ਾਂ ਜ਼ਿੰਦਾ ਰਹੇਗਾ..ਪੰਜਾਬ ਕਲਾ ਭਵਨ ਵਿੱਚ ਉਹਦੇ ਮੂੰਹੋਂ ਨਿਕਲੇ ਬੋਲ ਅੱਜ ਵੀ ਤਾਜ਼ਾ ਨੇ..ਉਹਨੇ ਪ੍ਰੀਤਮ ਤੇ ਸਾਹਿਰ ਤੋਂ ਬਾਅਦ ਮਿਲੇ ਹੱਕ ਨੂੰ ਸੱਤਾ ਵਿੱਚ ਤਬਦੀਲ ਨਹੀਂ ਸੀ ਹੋਣ ਦਿੱਤਾ, ਸਗ਼ੋਂ ਸਾਥ ਵਿੱਚ ਬਦਲ ਦਿੱਤਾ ਸੀ…ਉਹ ਜ਼ਿੰਦਾ ਰਹੇਗਾ!
          ਪਰ ਅੱਜ ਜੋ ਮਰਿਆ ਐ, ਉਹ ਅਤਿ ਦੁਖਦਾਈ ਐ..ਸਾਕਸ਼ੀ ਦੀਆਂ ਅੱਖਾਂ ਚੋਂ ਵਗਦੇ ਹੰਝੂ ਤਾਂ ਕਿਸੇ ਪੱਥਰ ਦਿਲ ਨੂੰ ਵੀ ਪਿਘਲਾ ਸਕਦੇ ਨੇ.. ਪਰ ਬ੍ਰਿਜ ਭੂਸ਼ਨ ਕਹਿੰਦੈ ,” ਦਬਦਬਾ ਕਾਇਮ ਹੈ, ਦਬਦਬਾ ਕਾਇਮ ਰਹੇਗਾ!”.. ਸੱਤਾ ਦਾ ਹੰਕਾਰ ਸਿਰ ਚੜ੍ਹ ਬੋਲਿਆ ਹੈ, ਇਨਸਾਨੀਅਤ ਦੀ ਮੌਤ ਹੋਈ ਹੈ..ਅੱਜ ਦਿਲ ਗੁੱਸੇ ਤੇ ਬੇਬਸੀ ਨਾਲ ਭਰਿਆ ਹੋਇਆ ਹੈ.. ਮੇਜ਼ ‘ਤੇ ਰੱਖੇ ਬੂਟ ਕਿੰਨਾ ਦੌੜੇ ਹੋਣਗੇ ਮੈਦਾਨਾਂ ‘ਚ ..ਅੱਜ ਸਵਾਲ ਦਾ ਰੂਪ ਧਾਰਣ ਕਰ ਕੇ ਦਿਲਾਂ ‘ਚ ਖੁੱਭ ਗਏ ਨੇ..ਇਹ ਸਵਾਲ ਭਵਿੱਖ ਵਿੱਚ ਹੋਰ ਤਿੱਖੇ ਹੋਣਗੇ!
         ਹੰਝੂਆਂ ਦੀ ਤਾਕਤ ਬਾਰੇ ਕੋਈ ਭੁਲੇਖਾ ਨਹੀਂ ਰਹਿਣਾ ਚਾਹੀਦਾ ..ਇਨਸਾਨੀਅਤ ਨੇ ਜ਼ਿੰਦਾ ਰਹਿਣਾ ਹੈ, ਪਰ ਆਵਾਜ਼ ਬੁਲੰਦ ਹੋਵੇ..ਖੜਕਦੀ ਡਾਂਗ ਵਰਗੀ..ਸੱਤਾ ਸਦੀਵੀ ਨਹੀਂ..ਲੋਕ ਲਲਕਾਰਦੇ ਰਹੇ ਨੇ, ਲਲਕਾਰਦੇ ਰਹਿਣਗੇ!…ਸਾਕਸ਼ੀ ਨੇ ਆਪਣੇ ਤਰੀਕੇ ਨਾਲ ਲਲਕਾਰਿਆ ਹੈ, ਆਓ ਆਪੋ ਆਪਣੇ ਤਰੀਕੇ ਲੱਭੀਏ!
ਸਾਕਸ਼ੀ ਦੀ ਲਲਕਾਰ ‘ਚ ਸ਼ਾਮਲ
ਸਾਹਿਬ ਸਿੰਘ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਿਆਣੀਆਂ ਅਤੇ ਸੁਆਣੀਆਂ ਕੁੜੀਆਂ।
Next article ਮਾਸੂਮ ਜਿੰਦਾਂ