HOME    ਸਾਉਣ ਮਹੀਨੇ ਦਿਨ ਗਿੱਧੇ ਦੇ…

   ਸਾਉਣ ਮਹੀਨੇ ਦਿਨ ਗਿੱਧੇ ਦੇ…

  ਡਾ. ਪ੍ਰਿਤਪਾਲ ਸਿੰਘ ਮਹਿਰੋਕ

  ਮੋਬਾਈਲ : 98885-10185
ਡਾ.ਪ੍ਰਿਤਪਾਲ ਸਿੰਘ ਮਹਿਰੋਕ

  (ਸਮਾਜ ਵੀਕਲੀ)   ਪੰਜਾਬੀ ਸਭਿਆਚਾਰ ਵਿੱਚ ਰੁੱਤਾਂ ਤੇ ਮੌਸਮਾਂ ਦਾ ਵਿਸ਼ੇਸ਼ ਸਥਾਨ ਤੇ ਇਨ੍ਹਾਂ ਦੇ ਬਦਲਣ ਨਾਲ ਲੋਕ ਜੀਵਨ ਵੀ ਪ੍ਰਭਾਵਿਤ ਹੁੰਦਾ ਹੈ। ਪੰਜਾਬੀ ਲੋਕ ਜੀਵਨ ਵਿੱਚ ਸਾਉਣ ਦੇ ਮਹੀਨੇ ਦਾ ਵਿਸ਼ੇਸ਼ ਮਹੱਤਵ ਹੈ ਤੇ ਇਸ ਮਹੀਨੇ ਦਾ ਲੋਕਾਂ ਨਾਲ ਬੜਾ ਨੇੜਲਾ ਸਬੰਧ ਹੈ।ਲੋਕ ਜੀਵਨ ਵਿੱਚ ਇਹ ਮਹੀਨਾ ਖੁਸ਼ੀਆਂ, ਖੇੜਿਆਂ, ਨੱਚਣ -ਟੱਪਣ ,ਗਿੱਧੇ, ਭੰਗੜੇ, ਕਿੱਕਲੀ ਆਦਿ ਪਾਉਣ ਦਾ ਪ੍ਰਤੀਕ ਬਣ ਗਿਆ ਹੈ। ਲੋਕ ਸਾਉਣ ਦੇ ਮਹੀਨੇ ਦੀਆਂ ਖੁਸ਼ੀਆਂ ਨੂੰ ਆਪਣੇ ਧੁਰ ਅੰਦਰ ਤੱਕ ਵਸਾ ਲੈਣਾ ਚਾਹੁੰਦੇ ਹਨ। ਇਸ ਤਰ੍ਹਾਂ ਪ੍ਰਤੀਤ ਹੋਣ ਲੱਗ ਜਾਂਦਾ ਹੈ ਜਿਵੇਂ ਸਾਉਣ ਦਾ ਮਹੀਨਾ ਵੀ ਲੋਕਾਂ ਸੰਗ ਰਲ ਮਿਲ ਕੇ ਨੱਚਦਾ, ਖੇਡਦਾ, ਗਾਉਂਦਾ, ਹੱਸਦਾ, ਮੌਜ – ਮਸਤੀ ਮਨਾ ਰਿਹਾ ਹੋਵੇ।ਇਸ ਮਹੀਨੇ ਅਕਸਰ ਲੋਕੀਂ ਆਪਣੇ ਆਪਣੇ ਤਰੀਕੇ ਨਾਲ ਇਸ ਮਹੀਨੇ ਦੀ ਆਮਦ ‘ਤੇ ਖੁਸ਼ੀਆਂ ਮਨਾਉਂਦੇ ਹਨ।
ਸਾਉਣ ਦੇ ਮਹੀਨੇ ਵਿੱਚ ਮਨੁੱਖੀ ਮਨ ਦੇ ਖੁਸ਼ੀ ਵਿੱਚ ਝੂਮ ਉੱਠਣ ਦਾ ਅਸਲ ਕਾਰਨ ਇਹ ਸਮਝਿਆ ਜਾਂਦਾ ਹੈ ਕਿ ਇਸ ਮਹੀਨੇ ਮੀਂਹ ਪੈਣ ਨਾਲ ਮੌਸਮ ਖੁਸ਼ਗਵਾਰ ਹੋ ਜਾਂਦਾ ਹੈ।ਜੇਠ ਹਾੜ ਦੇ ਮਹੀਨਿਆਂ ਦੀ ਕਹਿਰਾਂ ਦੀ ਤਪਸ਼ ,ਲੂਅ ਅਤੇ ਗਰਮੀ ਤੋਂ ਸਤਾਏ ਲੋਕਾਂ ਨੂੰ, ਧਰਤੀ ਨੂੰ, ਜੀਵਾਂ ਨੂੰ, ਬਨਸਪਤੀ ਆਦਿ ਨੂੰ ਗਰਮੀ ਤੋਂ ਰਾਹਤ ਮਿਲਦੀ ਹੈ।ਜੇਠ ਹਾੜ ਦੀ ਗਰਮੀ ਲੋਕਾਂ ਨੂੰ ਲੂਹ ਸੁੱਟਦੀ ਹੈ ।ਲੋਕ ਲਲਚਾਈਆਂ ਨਜ਼ਰਾਂ ਨਾਲ ਸਵੇਰੇ ਸ਼ਾਮ ਆਕਾਸ਼ ਵਿੱਚ ਬਦਲੋਟੀਆਂ ਨੂੰ ਭਾਲਦੇ ਫਿਰਦੇ ਹਨ।ਜਦ ਸਾਉਣ ਦੀਆਂ ਫੁਹਾਰਾਂ ਠੰਢਕ ਤੇ ਨਮੀ ਲੈ ਕੇ ਆਉਂਦੀਆਂ ਹਨ,ਧਰਤੀ ਦੀ ਚਿਰੋਕਣੀ ਪਿਆਸ ਬੁਝਦੀ ਹੈ ਤਾਂ ਖੁਸ਼ੀ ਦਾ ਪਾਸਾਰ ਹੋਣਾ ਸੁਭਾਵਿਕ ਹੁੰਦਾ ਹੈ :
ਸਾਉਣ ਮਹੀਨੇ ਦਿਨ ਗਿੱਧੇ ਦੇ
ਕੁੜੀਆਂ ਰਲ ਕੇ ਆਈਆਂ
ਨੱਚਣ, ਕੁੱਦਣ,ਝੂਟਣ ਪੀਂਘਾਂ
ਵੱਡਿਆਂ ਘਰਾਂ ਦੀਆਂ ਜਾਈਆਂ
ਗਿੱਧਾ ਪਾ ਰਹੀਆਂ ਨਣਦਾਂ ਤੇ ਭਰਜਾਈਆਂ…
ਸਾਉਣ ਦਾ ਮਹੀਨਾ ਆਪਣਾ ਰੰਗ ਵਿਖਾਉਂਦਾ ਹੈ ਤਾਂ ਹੌਲੀ ਹੌਲੀ ਜੰਮ ਕੇ ਮੀਂਹ ਪੈਣ ਲੱਗਦਾ ਹੈ।ਸਾਉਣ ਦੇ ਮਹੀਨੇ ਲੱਗਦੀਆਂ ਰਹੀਆਂ ਝੜ੍ਹੀਆਂ ਨੂੰ ਲੋਕ ਅਕਸਰ ਯਾਦ ਕਰਦੇ ਹਨ। ਲਗਾਤਾਰ ਵਰ੍ਹਦਾ ਰਹਿਣ ਵਾਲਾ ਮੀਂਹ ਵਾਰੇ ਨਿਆਰੇ ਕਰ ਦਿੰਦਾ ਹੁੰਦਾ ਸੀ। ਹੁਣ ਮੀਂਹ ਪੈਂਦਾ ਹੈ ਤਾਂ ਇਸ ਮਹੀਨੇ ਦਾ ਰੂਪ ਨਿਖਰਨ ਲੱਗਦਾ ਹੈ। ਗਿੱਧੇ, ਭੰਗੜੇ, ਤੀਆਂ, ਕਿੱਕਲੀ ਆਦਿ ਦੇ ਪਿੜਾਂ ਵਿੱਚ ਰੌਣਕ ਵਧਣ ਲੱਗਦੀ ਹੈ। ਅੱਲ੍ਹੜ ਮੁਟਿਆਰਾਂ ਕਾਲੀਆਂ ਘਟਾਵਾਂ ਵੇਖ ਕੇ ਖੁਸ਼ੀ ਵਿੱਚ ਫੁੱਲੀਆਂ ਨਹੀਂ ਸਮਾਉਂਦੀਆਂ  ਨੱਚਣ ਲਈ ਉਤਾਵਲੀਆਂ ਹੋਈਆਂ ਕੁੜੀਆਂ ਦੀ ਅੱਡੀ ਟੱਪਣ ਲੱਗਦੀ ਹੈ ਤੇ ਉਨ੍ਹਾਂ ਦੇ ਬੁੱਲ੍ਹਾਂ ‘ਤੇ ਸਾਉਣ ਦੇ ਸਵਾਗਤ ਵਿੱਚ ਉਚਾਰੇ ਪੰਜਾਬੀ ਲੋਕ ਗੀਤਾਂ ਦੇ ਬੋਲ ਆਪ -ਮੁਹਾਰੇ ਆਉਣ ਲੱਗਦੇ ਹਨ।ਸਾਉਣ ਮਹੀਨੇ ਦਾ ਮੀਂਹ, ਪੀਂਘਾਂ ਦੇ ਹੁਲਾਰੇ, ਰਸ ਭਿੰਨੀਆਂ ਫੁਹਾਰਾਂ ,ਸਹੇਲੀਆਂ ਦਾ ਸਾਥ ਆਦਿ ਗਿੱਧੇ ਦੇ ਬੋਲਾਂ ਨੂੰ ਹੋਰ ਬਲ ਪ੍ਰਦਾਨ ਕਰਦੇ ਹਨ :
੦ ਉਰਲੇ ਪਾਸੇ ਮੀਂਹ ਵਰਸੇਂਦਾ ਪਰਲੇ ਪਾਸੇ ‘ਨ੍ਹੇਰੀ
ਸਾਉਣ ਦਿਆ ਬੱਦਲਾ ਵੇ,ਮੁੜ ਕੇ ਹੋ ਜਾ ਢੇਰੀ

੦   ਸਾਉਣ ਮਹੀਨੇ ਘਾਹ ਹੋ ਗਿਆ
ਰੱਜੀਆਂ  ਮੱਝੀਆਂ ਗਾਈਂ
ਗਿੱਧਿਆ ਪਿੰਡ ਵੜ ਵੇ
ਲਾਂਭ – ਲਾਂਭ ਨਾ ਜਾਈਂ…
ਖੁਸ਼ੀਆਂ ਦਾ ਸੰਦੇਸ਼ ਲੈ ਕੇ ਆਉਣ ਵਾਲੀਆਂ ਸਾਉਣ ਦੇ ਮਹੀਨੇ ਦੀਆਂ ਠੰਢੀਆਂ ਫੁਹਾਰਾਂ  ਗਰਮੀ ਨਾਲ ਝੁਲਸੀਆਂ ਤੇ ਮੁਰਝਾਈਆਂ ਜ਼ਿੰਦਗੀਆਂ ਵਿੱਚ ਨਵੀਂ ਤਾਜ਼ਗੀ, ਨਵੀਂ ਰੂਹ, ਨਵੀਂ ਉਮੰਗ, ਨਵਾਂ ਉਤਸ਼ਾਹ ਆਦਿ ਪੈਦਾ ਕਰ ਦਿੰਦੀਆਂ ਹਨ। ਹਰ ਪ੍ਰਾਣੀ ਤੇ ਜੀਵ ਜੰਤੂ ਸਾਉਣ ਦੀ ਰਿਮ-ਝਿਮ ਨੂੰ ਆਪਣੀ ਝੋਲੀ ਵਿੱਚ ਭਰ ਲੈਣ ਲਈ ਉਤਾਵਲਾ ਤੇ ਉਤਸੁਕ ਹੁੰਦਾ ਹੈ। ਇਹ ਮਹੀਨਾ ਇਕ ਤਰ੍ਹਾਂ ਨਾਲ ਤਿਉਹਾਰ ਬਣਕੇ ਬਹੁੜਦਾ ਹੈ।ਪਿੰਡ-ਪਿੰਡ ,ਸ਼ਹਿਰ-ਸ਼ਹਿਰ ਮੇਲੇ ਲੱਗਦੇ ਹਨ,ਤੀਆਂ ਲੱਗਦੀਆਂ ਹਨ। ਇਸ ਮਹੀਨੇ ਦੇ ਵਿਲੱਖਣ ਤੇ ਅਨੂਠੇ ਪ੍ਰਭਾਵ ਅਧੀਨ ਮਨ-ਤਰੰਗਾਂ ਚੰਚਲ ਹੋ ਉੱਠਦੀਆਂ ਹਨ ਤੇ ਵੰਨ ਸੁਵੰਨੇ ਪੰਜਾਬੀ ਲੋਕ ਗੀਤਾਂ ਦੀ ਛਹਿਬਰ ਲੱਗਣੀ ਸ਼ੁਰੂ ਹੋ ਜਾਂਦੀ ਹੈ :
ਮੇਰੇ ਭਿੱਜ ਗਏ ਵਰੀ ਦੇ ਲੀੜੇ
ਪੱਛੋਂ ਦੀਆਂ ਪੈਣ ਕਣੀਆਂ।
ਸਾਉਣ ਦੇ ਮਹੀਨੇ ਵਿੱਚ ਲੋਕਾਂ ਦੇ ਮਨਾਂ ਵਿੱਚ ਸੁੱਤੀਆਂ ਮਸਤੀਆਂ ਜਾਗ ਉੱਠਦੀਆਂ ਹਨ।ਭਰਪੂਰ ਮੀਂਹ ਵਰ੍ਹਾਉਂਦੇ ਮੇਘਲੇ ਧਰਤੀ ਦੇ ਸੀਨੇ ‘ਤੇ ਹਰੇ ਭਰੇ ਘਾਹ ਦੀ ਚਾਦਰ ਵਿਛਾ ਦਿੰਦੇ ਹਨ। ਧਰਤੀ ‘ਤੇ ਲੋਹੜੇ ਦਾ ਨਿਖਾਰ ਆ  ਜਾਂਦਾ ਹੈ।ਸੁਗੰਧੀਆਂ ਲਿਪਟੀਆਂ ਹਵਾਵਾਂ ਵਾਤਾਵਰਨ ਨੂੰ ਮਹਿਕਾਉਂਦੀਆਂ ਹਨ।ਬਨਸਪਤੀ ਫਲਦੀ-ਫੁੱਲਦੀ ਹੈ ਤੇ ਮਹਿਕਾਂ ਵੰਡਣ ਲੱਗਦੀ ਹੈ। ਨਦੀਆਂ ਦੇ ਕੰਢਿਆਂ ‘ਤੇ ਉੱਗੀ ਬਨਸਪਤੀ ਹਵਾਵਾਂ ਨਾਲ ਝੂਮਦੀ ਤੇ ਨੱਚਦੀ ਪ੍ਰਤੀਤ ਹੂੰਦੀ ਹੈ।ਬੱਦਲ ਗਰਜਦੇ ਹਨ,ਮੋਰ ਪੈਲਾਂ ਪਾਉਂਦੇ ਹਨ।ਪ੍ਰੇਮਿਕਾ ਆਪਣੇ ਪ੍ਰੇਮੀ ਨੂੰ ਮੁਖ਼ਾਤਿਬ ਹੁੰਦਿਆਂ ਕਹਿੰਦੀ ਹੈ:
ਗੱਜੇ ਬੱਦਲ ਚਮਕੇ ਬਿਜਲੀ,ਮੋਰਾਂ ਪੈਲਾਂ ਪਾਈਆਂ
ਹੀਰ ਨੇ ਰਾਂਝੇ ਨੂੰ ,ਦਿਲ ਦੀਆਂ ਖੋਲ੍ਹ ਸੁਣਾਈਆਂ ।
ਸਾਉਣ ਦੇ ਮਹੀਨੇ ਵਿੱਚ ਕੁੜੀਆਂ ਦੇ ਘੇਰਿਆਂ ਵਿੱਚ ਵਿਸ਼ੇਸ਼ ਕਿਸਮ ਦੀ ਖੁਸ਼ੀ ਅਭਿਆਸ ਕਰ ਰਹੀ ਹੁੰਦੀ ਹੈ।ਪਿੰਡ ਤੋਂ ਬਾਹਰ ਕਿਸੇ ਨਹਿਰ, ਛੱਪੜ, ਟੋਭੇ ਆਦਿ ਦੇ ਕੰਢੇ ‘ਤੇ ਸੰਘਣੇ ਬਿਰਖਾਂ ਦੀ ਛਾਂ ਹੇਠ ਵੱਡੀ ਗਿਣਤੀ ਵਿੱਚ ਮੁਟਿਆਰਾਂ ਜੁੜਦੀਆਂ ਹਨ,ਨੱਚਦੀਆਂ ਹਨ,ਕਿੱਕਲੀ ਪਾਉਂਦੀਆਂ ਹਨ ਤੇ ਪੀਂਘਾਂ ਝੂਟਦੀਆਂ ਹਨ :
੦   ਨੱਚ ਲਓ ਕੁੜੀਓ ਨੀ
ਸਾਉਣ ਨੇ ਕਦ-ਕਦ ਆਉਣਾ।
੦ਆਓ ਨੀ ਕੁੜੀਓ ਹੱਸੀਏ ਖੇਡੀਏ
ਬਾਗੀਂ ਪੀਂਘਾਂ ਪਾਈਏ
ਵਿੱਚ ਗਿੱਧੇ ਦੇ ਪਾਈਏ ਬੋਲੀਆਂ
ਝਾਂਜਰ ਨੂੰ ਛਣਕਾਈਏ
ਸਾਉਣ ਮਹੀਨਾ ਕਦ ਕਦ ਆਉਣੈਂ
ਰੱਜ ਰੱਜ ਸ਼ਗਨ ਮਨਾਈਏ
ਨੀ ,ਨੱਚ ਲੈ ਮੋਰਨੀਏ
ਐਵੇਂ ਨਾ ਸ਼ਰਮਾਈਏ…
੦ ਖੱਟਾ ਡੋਰੀਆ ਉਡ ਉਡ ਜਾਂਦਾ
ਜਦ ਮੈਂ ਪੀਂਘ ਚੜ੍ਹਾਵਾਂ
ਸਾਉਣ ਦਿਆ ਬੱਦਲਾ ਵੇ
ਤੇਰਾ ਜੱਸ ਗਿੱਧਿਆਂ ਵਿੱਚ ਗਾਵਾਂ…
ਸਾਉਣ ਦੇ ਮਹੀਨੇ  ਵਿੱਚ ਮਨ ਦੀਆਂ ਖੁਸ਼ੀਆਂ ਅਤੇ ਦਿਲ ਪਰਚਾਵਿਆਂ ਦੀਆਂ ਪੀਂਘਾਂ ਅਸਮਾਨੀ ਛੂੰਹਦੀਆਂ ਹਨ।ਸਾਉਣ ਦੀ ਰੰਗਲੀ ਤੇ ਸੁਹਾਵਣੀ ਰੁੱਤ ਵਿੱਚ ਜੇ ਕਿਸੇ ਇਸਤਰੀ ਨੂੰ ਆਪਣੇ ਪ੍ਰੀਤਮ ਦੀ ਯਾਦ ਸਤਾਉਂਦੀ ਹੈ ਤਾਂ ਉਹ ਆਪਣੀ ਕਲਪਨਾ ਦੀ ਦੁਨੀਆ ਵਿੱਚ ਖੋਹੀ ਰਹਿੰਦੀ ਹੈ।ਪੀਂਘ ਝੂਟਦਿਆਂ ਵੀ ਉਸਦਾ ਮਨ ਹੋਰਥੇ ਉਡਾਰੀਆਂ ਮਾਰਦਾ ਰਹਿੰਦਾ ਹੈ।ਫਿਰ ਮਾਹੀ ਦੇ ਆਉਣ ਦਾ ਸੁਨੇਹਾ ਮਿਲਣ ‘ਤੇ ਉਹ ਬਾਗੋ-ਬਾਗ ਹੋ ਜਾਂਦੀ ਹੈ :
ਪਹਿਨ ਪਚਰ ਕੇ ਚੜ੍ਹ ਗਈ ਪੀਂਘ ‘ਤੇ
ਡਿੱਗ ਪਈ ਹੁਲਾਰਾ ਖਾ ਕੇ
ਪੈਣ ਫੁਹਾਰਾਂ ,ਚਮਕੇ ਬਿਜਲੀ
ਮੈਨੂੰ ਵੇਖ ਲੈ ਰਾਂਝਿਆ ਆ ਕੇ
ਬੱਦਲਾਂ ਨੂੰ ਵੇਖ ਰਹੀ
ਮੈਂ ਤੇਰਾ ਸੁਨੇਹਾ ਪਾ ਕੇ…
ਖੇਤਾਂ ਵਿੱਚ ਹਰੀਆਂ-ਭਰੀਆਂ ,ਲਹਿਰਾਉਂਦੀਆਂ ਫਸਲਾਂ ਵੇਖ ਕੇ ਕਿਸਾਨ ਖੁਸ਼ੀ ਵਿੱਚ ਫੁੱਲੇ ਨਹੀਂ ਸਮਾਉਂਦੇ।ਪਾਣੀ ਵਿੱਚ ਖੇਡਦੇ ,ਅਠਖੇਲੀਆਂ ਕਰਦੇ ,ਖੁਸ਼ੀਆਂ ਮਨਾਉਂਦੇ ਨੰਗ-ਧੜੰਗੇ ਬੱਚੇ ਉੱਛਲਦੇ ਕੁੱਦਦੇ ਹਨ,ਗਾਉਂਦੇ ਹਨ,ਖੁਸ਼ੀਆਂ ਮਾਣਦੇ ਹਨ:
ਕਾਲੀਆਂ ਇੱਟਾਂ ਕਾਲੇ ਰੋੜ,ਮੀਂਹ ਵਸਾ ਦੇ ਜ਼ੋਰੋ ਜ਼ੋਰ
ਰੱਬਾ – ਰੱਬਾ ਮੀਂਹ ਵਸਾ ,ਸਾਡੀ ਕੋਠੀ ਦਾਣੇ ਪਾ ।
ਸਾਰੀਆਂ ਰੁੱਤਾਂ ਦਾ ਸਿਰਤਾਜ, ਸਭ ਦੇ ਕਲੇਜੇ ਠੰਢ ਪਾਉਣ ਵਾਲਾ ਸਾਉਣ ਦਾ ਮਹੀਨਾ ਸਵਾਦਲੇ,ਵੰਨ ਸੁਵੰਨੇ ਪਕਵਾਨ ਬਣਾਉਣ ਲਈ ਵੀ ਵਿਸ਼ੇਸ਼ ਮਹੱਤਵ ਰੱਖਦਾ ਹੈ।ਮਾਲ੍ਹ ਪੂੜੇ, ਖੀਰਾਂ , ਪਕੌੜੇ,ਹਲਵੇ ਅਤੇ ਹੋਰ ਭਾਂਤ ਸੁਭਾਂਤੇ ਪਕਵਾਨ ਲੋਕਾਂ ਦੀਆਂ ਖੁਸ਼ੀਆਂ ਤੇ ਚਾਵਾਂ ਵਿੱਚ ਵਾਧਾ ਕਰਦੇ ਹਨ। ਇਸ ਮਹੀਨੇ ਦੇ ਰੰਗ ਹੀ ਨਿਰਾਲੇ ਹਨ।
ਆਲਮੀ ਤਪਸ਼ ਨੇ ,ਧਰਤੀ ਦੇ ਵਧਦੇ ਤਾਪਮਾਨ ਨੇ ,ਰੁੱਖਾਂ ਦੀ ਬੇਤਹਾਸ਼ਾ ਤੇ ਬੇਰਹਿਮੀ ਨਾਲ ਕੀਤੀ ਜਾਂਦੀ ਕਟਾਈ ਨੇ ਮੌਸਮਾਂ ਤੇ ਰੁੱਤਾਂ ਦੇ ਮਿਜਾਜ਼ ਹੀ ਬਦਲ ਦਿੱਤੇ ਹਨ।ਹੁਣ ਕਈ ਵਾਰ ਜੂਨ ਮਹੀਨੇ ਵਿੱਚ ਹੀ ਭਰਪੂਰ ਮੀਂਹ ਪੈ ਜਾਂਦੇ ਹਨ।ਸਾਉਣ ਮਹੀਨਾ ਸੁੱਕਾ ਲੰਘ ਜਾਂਦਾ ਹੈ। ਕਈ ਵਾਰ ਸਤੰਬਰ ਦੇ ਮਹੀਨੇ ਵਿੱਚ ਪੈਣ ਵਾਲੇ ਮੀਂਹ ਕਾਰਨ ਹੜ੍ਹਾਂ ਵਾਲੀ ਸਥਿਤੀ ਬਣ ਜਾਂਦੀ ਹੈ। ਸਾਉਣ ਮਹੀਨੇ ਵਿੱਚ ਕਈ ਵਾਰ ਪਿਆਸੀ ਧਰਤੀ ਮੀਂਹ ਲਈ ਤਰਸਦੀ ਰਹਿ ਜਾਂਦੀ ਹੈ।ਕੱਚਿਆਂ ਕੋਠਿਆਂ ਵਿੱਚ ਰਹਿਣ ਵਾਲਿਆਂ ਵਾਸਤੇ ਕਈ ਵਾਰ ਸਾਉਣ ਦਾ ਮਹੀਨਾ ਮੁਸੀਬਤ ਬਣ ਕੇ ਆਉਂਦਾ ਹੈ।ਕਈ ਥਾਈਂ ਆ ਜਾਣ ਵਾਲੇ ਹੜ੍ਹ ਇਸ ਮਹੀਨੇ ਦਾ ਮਜ਼ਾ ਕਿਰਕਿਰਾ ਕਰ ਦਿੰਦੇ ਹਨ।ਫਿਰ ਵੀ ਸਾਉਣ ਮਹੀਨੇ ਦੇ ਆਉਣ ਦੀ ਉਡੀਕ ਬਣੀ ਰਹਿੰਦੀ ਹੈ।ਸਾਧਾਰਨ ਵਿਅਕਤੀ, ਵਿਆਹੀਆਂ-ਅਣਵਿਆਹੀਆਂ ਸਖੀਆਂ-ਸਹੇਲੀਆਂ, ਕਿਸਾਨ, ਬਨਸਪਤੀ, ਪਸ਼ੁ-ਪੰਛੀ ਆਦਿ ਵੀ ਮੀਂਹ ਪੈਣ ਵਾਲੇ ਇਸ ਸਮੇਂ (ਮਹੀਨੇ) ਦੀ ਬੜੀ ਬੇਸਬਰੀ ਤੇ ਉਤਸੁਕਤਾ ਨਾਲ ਉਡੀਕ ਕਰ ਰਹੇ ਹੁੰਦੇ ਹਨ।ਮੌਸਮ ਦੀਆਂ ਹਾਲਤਾਂ ਬਦਲ ਜਾਣ ਦੇ ਬਾਵਜੂਦ ਵੀ ਸਾਉਣ ਦੇ ਮਹੀਨੇ ਦਾ ਮਹੱਤਵ ਕਿਸੇ ਨਾ ਕਿਸੇ ਰੂਪ ਵਿੱਚ ਬਣਿਆ ਚਲਿਆ ਆ ਰਿਹਾ ਹੈ। ਸ਼ਾਲਾ ! ਰੁੱਤਾਂ, ਮੌਸਮਾਂ, ਸਾਲਾਂ, ਮਹੀਨਿਆਂ ਦੇ ਰੰਗ ਬਦਲਦੇ ਰਹਿਣ, ਮਨੁੱਖ ਉਨ੍ਹਾਂ ਨੂੰ ਮਾਣਦਾ ਰਹੇ ਤੇ ਜ਼ਿੰਦਗੀ ਦਾ ਸਫ਼ਰ ਜਾਰੀ ਰਹੇ !
*****
185 – ਵਸੰਤ ਵਿਹਾਰ ,
ਡੀ.ਸੀ. ਰੈਜ਼ੀਡੈਂਸ ਰੋਡ,ਹੁਸ਼ਿਆਰਪੁਰ – 146 001.
ਮੋਬ. 98885 – 10185.

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਅਮਰਨਾਥ ਯਾਤਰਾ ਸੇਵਾਵਾਂ ਦੇ 20 ਸਾਲ ਹੋਏ ਸੰਪੂਰਣ : ਬਣਿਆ ਇਤਿਹਾਸ : ਅਸ਼ੋਕ ਬਬਿਤਾ ਸੰਧੂ 
Next articleਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਪਿੰਡ ਮੋਹਰ ਵਿਖੇ ਜਾਗਰੂਕਤਾ ਕੈਂਪ ਲਗਾਇਆ