ਆਮ ਬਸ਼ਰ

*ਯਾਦਵਿੰਦਰ*

ਵਿਚਾਰਧਾਰਾ ਪੱਖੋਂ ਬੇ-ਮੁਸ਼ਤਾਕ਼ ਆਗੂ ਬਨਾਮ ਆਮ ਆਦਮੀ ਦੇ ਨਾਂ ‘ਤੇ ‘ਸਰਕਾਰ-ਸਾਜ਼ੀ’ ਲਈ ਚਾਰਾਜੋਈ!(ਸਮਾਜ ਵੀਕਲੀ)

ਸੰਦਰਭ : ਸਾਰੇ ਜਗਤ ਵਿਚ ਵਿਚਾਰਧਾਰਾ ਵਾਲੇ ਲੋਕ ‘ਨਾਕਾਮ’ ਬਣਾ ਕੇ ਪੇਸ਼ ਕੀਤੇ ਜਾ ਰਹੇ ਹਨ। ਚੁਸਤ ਧਨਾਢ ਲੋਕ, ਜੇਹੜੇ ਪਹਿਲਾਂ, ਸਿਆਸਤਾਨਾਂ ਨੂੰ ਚੋਣਾਵੀ ਫੰਡ ਦਿੰਦੇ ਹੁੰਦੇ ਸਨ, ਓਹ ਖੁਦ ਸਿਆਸਤ ਵਿਚ ਕੁੱਦ ਚੁੱਕੇ ਹਨ। ਸਰਕਾਰਾਂ ਦਾ ਕੰਮ ਸਿਰਫ਼, ਹੁਕਮ ਚਲਾਉਣੇ ਰਹਿ ਗਿਆ ਐ। ਬਾਕੀ ਕੰਮ “ਐੱਨ ਜੀ ਓ ਗਰੁੱਪਾਂ” ਦੇ ਹਵਾਲੇ ਹੈ। ਪੁਰਾਣੇ ਜ਼ਮਾਨੇ ਵਿਚ ਬਜ਼ੁਰਗ ਜਿਨ੍ਹਾਂ ਨੂੰ ਸੂਦਖੋਰ ਵਿਆਜੜੀਏ ਆਖਦੇ ਸਨ, ਉਨ੍ਹਾਂ ਦਾ ਨਵਾਂ ਤੇ ਸੁਥਰਾ ਜਿਹਾ ਨਾਂ ਫਾਇਨੈਂਸਰ ਹੈ।ਇਹ, ਸੂਦਖੋਰ ਲੋਕ, ਸਰਕਾਰਾਂ ਦੇ ਲਾਡਲੇ ਹਨ। ਰਾਜਨੀਤਕ ਸੋਝੀ ਤੋਂ ਸੱਖਣੇ ਲੋਕ, ਸਿਆਸਤ ਉੱਤੇ ਜੱਫਾ ਪਾ ਕੇ ਬੈਠ ਚੁੱਕੇ ਹਨ। ਵਿਚਾਰ-ਧਾਰਾ, ਲਿਆਕ਼ਤ, ਕਿਰਦਾਰ, ਮਨ ਦੀ ਗਹਿਰਾਈ ਏਸ ਤਰ੍ਹਾਂ ਦੀਆਂ ਤਮਾਮ ਖ਼ੂਬੀਆਂ “ਕਿਤਾਬੀ ਗੱਲਾਂ” ਲੱਗਦੀਆਂ ਹਨ। ਚਲੰਤ ਦੌਰ ਵਿਚ … ਕੁਲ ਲੋਕਾਈ ਦਾ ਕੋਈ ਲਾਭ ਹੋ ਸਕਦਾ ਹੈ? ਕੋਈ ਬੁਨਿਆਦੀ ਤਬਦੀਲੀ ਵਾਪਰ ਸਕਦੀ ਹੈ? ਆਓ, ਜ਼ਿਕਰ ਤੇ ਫ਼ਿਕ਼ਰ ਕਰੀਏ..।

*ਯਾਦਵਿੰਦਰ*

ਕੁਝ ਕੁ ਵਰ੍ਹੇ ਪਹਿਲਾਂ ਦਾ ਵਾਕਿਆ ਹੈ : ਮਹਾਰਾਸ਼ਟਰ ਸੂਬੇ ਨਾਲ ਸਬੰਧਤ ਸਾਬਿਕ ਫੌਜੀ ਤੇ ਮਹਾਤਮਾ ਗਾਂਧੀ ਦੇ ਸੰਗੀ ਸਾਥੀ ਦੱਸੇ ਗਏ ਸ਼ਖ਼ਸ ਸ੍ਰੀ ਅੰਨਾ ਹਜ਼ਾਰੇ ਨੇ (ਇਕ) ਅਵਾਮੀ ਅੰਦੋਲਨ ਕੀਤਾ ਸੀ। ਓਸ, ਅੰਦੋਲਨ ਨੂੰ ਕੌਮੀ ਸਤ੍ਹਾ ਦੇ ਖ਼ਬਰੀ ਚੈਨਲ ਲਗਾਤਾਰ ਤੇ ਸਿੱਧੇ ਪ੍ਰਸਾਰਣ ਦੀ ਤਰਜ਼ ਉੱਤੇ ਟੀ ਵੀ ਉੱਤੇ ਵਖਾਅ ਰਹੇ ਸਨ। ਓਸੇ ਦੌਰਾਨ ਸਾਬਿਕ ਇਨਕਮ ਟੈਕਸ ਅਫ਼ਸਰ ਤੇ ਐੱਨ ਜੀ ਓ ਸੰਚਾਲਕ ਅਰਵਿੰਦ ਕੇਜਰੀਵਾਲ ਤੇ ਉਨ੍ਹਾਂ ਦੇ ਸਾਥੀ ਮਨੀਸ ਸਿਸੋਦੀਆ ਨੂੰ ਵਾਹਵਾ ਪ੍ਰਚਾਰਿਆ ਜਾ ਰਿਹਾ ਸੀ।
(ਕੀ ਇਹ ਸਭ ਪੂਰਵ ਨਿਰਧਾਰਤ ਸੀ?)
2
ਓਸ ਦੌਰ ਦੇ ਤਮਾਮ ਵਰਤਾਰੇ ਦਾ ਅਹਿਮਤਰੀਨ ਪਹਿਲੂ ਇਹ (ਸੀ) ਕਿ ਅਰਵਿੰਦ ਕੇਜਰੀਵਾਲ ਨੂੰ ਕੈਮਰੇ ਦੇ ਕੋਣ ਤੋਂ ਵੱਧ ਵਿਖਾਇਆ ਗਿਆ ਜਾਪਦਾ ਸੀ। ਉਨ੍ਹਾਂ ਦਿਨਾਂ ਵਿਚ, ਓਹ, “ਅੰਦੋਲਨ” ਇੰਨਾ ਪ੍ਰਸਿੱਧ ਹੋਇਆ ਕਿ ਨੂੰਹ/ਸੱਸ ਦੀ ਲੜਾਈ ਵਾਲੇ ਅਨੇਕ ਟੀ ਵੀ ਸੀਰੀਅਲ ਤੇ ਹੋਰ ਮਨ ਪਰਚਾਵਾ ਸ਼ੌਅਜ਼ ਦੀ ਟੀ ਆਰ ਪੀ ਘੱਟ ਗਈ ਸੀ। ਅੰਨਾ ਹਜਾਰੇ ਦੇ ਓਸ “ਅੰਦੋਲਨ” ਦਾ ਟੀਚਾ, “ਲੋਕਪਾਲ” ਦੀ ਅਸਾਮੀ ਸਿਰਜਣਾ ਸੀ। ਓਸ “ਅੰਦੋਲਨ” ਦਾ ਮਕ਼ਸਦ, ਭਾਰਤ ਨਾਂ ਦੇ ਸਾਡੇ ਮੁਲਕ ਵਿਚ ਭ੍ਰਿਸ਼ਟਾਚਾਰ ਦਾ ਦਰਿਆ ਡੱਕਣਾ ਸੀ।

ਪਰ, ਹੋਇਆ ਕੀ?+!

ਓਸੇ, “ਅੰਦੋਲਨ” ਦੌਰਾਨ ਕੀਤੇ ਗਏ “ਸਰਬ ਸਾਂਝੇ ਫ਼ੈਸਲੇ” ਤਹਿਤ ਆਮ ਆਦਮੀ ਪਾਰਟੀ ਨਾਂ ਦੀ ਰਾਜਸੀ ਪਾਰਟੀ ਕਾਇਮ ਕੀਤੀ ਗਈ। ਨਿਸ਼ਾਨਾ ਇਹ ਦੱਸਿਆ ਗਿਆ ਸੀ ਕਿ ਇਹ ਪਾਰਟੀ ਸਿਆਸਤ ਵਿਚ ਜੱਫਾ ਮਾਰ ਕੇ ਬੈਠੇ ਠੱਗ ਸਿਆਸਤਦਾਨਾਂ ਨੂੰ ਹੂੰਝ ਕੇ, “ਲੋਕ ਰਾਜ” ਕਾਇਮ ਕਰੇਗੀ! ਫੇਰ, ਪਾਰਟੀ ਬੱਝ ਗਈ, ਨਾਂ ਰਜਿਸਟਰਡ ਹੋ ਗਿਆ। ਦਿੱਲੀ ਸ਼ਹਿਰ (ਸੂਬਾ ਵੀ) ਵਿਚ 3ਵਾਰ ਸਰਕਾਰ ਉੱਸਰ ਗਈ। ਓਸ ਪਿੱਛੋਂ ਅੰਨਾ ਹਜਾਰੇ ਦਾ ਕੋਈ ਪਤਾ ਟਿਕਾਣਾ ਨਹੀਂ ਹੈ!!!
ਦਿੱਲੀ ਦੇ ਤਜਰਬੇ ਦੇ ਤਹਿਤ ਆਮ ਆਦਮੀ ਦੇ ਤਾਰਣਹਾਰ, ਹੁਣ, ਪੰਜਾਬ ਵਿਚ ਗੇੜੇ ਮਾਰ ਰਹੇ ਹਨ। ਆਰਜ਼ੀ ਮੁੱਖ ਮੰਤਰੀ ਚ. ਸ. ਚੰਨੀ ਦੀ ਸਰਕਾਰ 27 ਮਾਰਚ ਪਿੱਛੋਂ ਮਿਆਦ ਪੁਗਾ ਜਾਵੇਗੀ। ਆਮ ਆਦਮੀ ਦੇ ਹਿਤੈਸ਼ੀ, ਵਾਅਦੇ ਕਰ ਰਹੇ ਹਨ ਕਿ ਪੰਜਾਬ ਵਿਚ ਉਹੋ ਜਿਹਾ ਨਿਜ਼ਾਮ ਉਸਾਰਿਆ ਜਾਵੇਗਾ, ਜਿਹੋ ਜੇਹਾ ਦਿੱਲੀ ਵਿਚ ਕਾਇਮ ਹੋ ਚੁੱਕਿਆ ਹੈ। ਪੰਜਾਬ ਦੇ ਲੋਕ, ਕਿਉਂਕਿ ਪੁਰਾਣੇ ਸਿਆਸਤਦਾਨਾਂ ਤੋਂ ਬਦਜ਼ਨ ਨੇ, ਨਵਾਂ ਉਸਾਰ ਲੋਚਦੇ ਹਨ, ਓਹ ਦਿੱਲੀ ਦੀ ਏਸ ਧਿਰ ਨੂੰ ਮੌਕਾ ਦੇ ਕੇ “ਤਬਦੀਲੀ” ਕਰਨ ਦੇ ਰੌ ਵਿਚ ਹਨ।

ਪੰਜਾਬੀ ਵਿਚ 2 ਮੁਹਾਵਰੇ ਹਨ, “ਮਰੀਂ ਉਦੋਂ, ਜਦੋਂ ਸਾਹ ਨਾ ਆਇਆ” ਤੇ “ਮਰਦੀ ਕੀ ਨਾ ਕਰਦੀ?”। ਮਤਲਬ, ਸਵੈ-ਸਿੱਧ ਹੈ ਕਿ “ਡੁੱਬਦੇ ਨੂੰ ਤਿਣਕੇ ਦਾ ਸਹਾਰਾ” ਹੁੰਦਾ ਹੈ। ਇਹ, ਮੁਮਕਿਨ ਹੈ ਕਿ ਦਿੱਲੀ ਵਿਚ ਪਹਿਲੀਆਂ ਸਰਕਾਰਾਂ ਦੇ ਮੁਕਾਬਲੇ ਸਿਸਟਮ ਵਿਚ ਸੁਧਾਰ ਆਇਆ ਹੋਵੇਗਾ। ਸੰਭਵ ਹੈ ਕਿ ਪੁਰਾਣੀਆਂ ਤੇ ਬ੍ਰਾਂਡਿਡ ਹੈਸੀਅਤ ਵਾਲੀਆਂ ਰਾਜਸੀ ਪਾਰਟੀਆਂ ਦੇ ਹਾਕਮਾਂ ਦੀ ਕਾਰਗੁਜ਼ਾਰੀ ਦੇ ਮੁਕਾਬਲਤਨ, ਖਰਾ ਕੰਮ ਕੀਤਾ ਗਿਆ ਹੋਵੇਗਾ! ਪਰ, ਕੀ ਇਹ ਤਬਦੀਲੀ ਦਾ ਖ਼ਾਕਾ ਮੁਕੰਮਲ ਹੈ? ਕੀ ਏਸ ਸੁਧਾਰਕਾਰੀ ਯਤਨਚਾਰੇ ਨੂੰ “ਇਨਕਲਾਬ” ਦੇ ਸਮਤੁੱਲ ਮੰਨ ਲਿਆ ਜਾਵੇ?

*ਕੌਣ ਨੇ ਕੇਜਰੀਵਾਲ ਤੇ ਸਿਸੋਦੀਆ?*
ਸੂਤਰਾਂ ਦੀ ਮੰਨੀਏ ਤਾਂ ਕੇਜਰੀਵਾਲ ਤੇ ਉਨ੍ਹਾਂ ਦੇ ਨਾਇਬ ਸਿਸੋਦੀਆ ਐੱਨ ਜੀ ਓ ਚਲਾਉਣ ਵਾਲੇ “ਪਰਿਵਰਤਨ-ਪਸੰਦ ਕਾਰਕੁਨ” ਸਨ। ਰੇਲਵੇ ਲੀਹਾਂ ਉੱਤੇ ਬਾਸ਼ਿੰਦਗੀ ਕਰਨ ਵਾਲੇ ਮਹਿਰੂਮਾਂ ਦੇ ਬਾਲਾਂ ਨੂੰ ਪੜ੍ਹਨਾ/ ਲਿਖਣਾ ਸਿਖਾਉਣ ਲਈ ਜਤਨ ਕਰਨ ਵਾਲੇ ਜੀਅ ਸਨ। ਦੋਵਾਂ ਨੇ ਓਹ ਕਾਰਜ ਕਰ ਕੇ ਨਿਭਾਏ ਹਨ, ਜੇਹੜੇ, ਦਰਅਸਲ, ਸਰਕਾਰਾਂ ਦੀ ਜ਼ਿੰਮੇਵਾਰੀ ਹੁੰਦੇ ਹਨ। ਕੇਜਰੀਵਾਲ ਤੇ ਸਿਸੋਦੀਆ, ਪੁਰਾਣੇ ਬੇਲੀ ਹਨ। ਹਰ ਕੰਮ ਰਲ਼ ਕੇ ਕਰਦੇ ਰਹੇ ਹਨ। ਦਿੱਲੀ ਦੇ ਲੋਕਾਂ ਨੇ ਇਨ੍ਹਾਂ ਦੀ ਸਰਕਾਰ ਬਣਾ ਦਿੱਤੀ ਤਾਂ ਕੇਜਰੀਵਾਲ ਨੇ ਆਪਣੇ ਨਾਇਬ ਸਿਸੋਦੀਆ ਨੂੰ ਨੰਬਰ2 ਦਾ ਦਰਜਾ ਦਿੱਤਾ। ਹਰ ਦਫ਼ਾ ਕੇਜਰੀਵਾਲ ਮੁੱਖ ਮੰਤਰੀ ਬਣਦੇ ਹਨ, ਹਰ ਵਾਰ, ਸਿਸੋਦੀਆ ਮੀਤ ਮੁੱਖ ਮੰਤਰੀ ਬਣਦੇ ਹਨ। ਦੋਵਾਂ ਨੇ ਰਲ਼ ਕੇ ਐੱਨ ਜੀ ਓਜ਼ ਬਣਾ ਕੇ “ਇਤਿਹਾਸਕ ਕੰਮ” ਕੀਤੇ ਹੋਏ ਹਨ। ਇਹ, ਐੱਨ ਜੀ ਓ ਵਿਸਥਾਰਤ ਹਕੂਮਤ ਹੈ!

3
ਇਨ੍ਹਾਂ ਦੋਵਾਂ ਦੇ ਨੁਕਤਾਚੀਨ, ਜੇਹੜੇ, ਚੋਖਾ ਅਰਸਾ, ਮੈਨੂੰ ਮਿਲਦੇ ਗਿਲਦੇ ਰਹੇ ਹਨ, ਓਹ ਆਖਦੇ ਹਨ ਕਿ ਇਨ੍ਹਾਂ ਨੇ ਪ੍ਰੈਸ਼ਰ ਕੂਕਰ ਦੇ ਸੇਫਟੀ ਵਾਲਵ ਵਾਲਾ ਕੰਮ ਕੀਤਾ ਹੈ!! ਏਸ ਤਰ੍ਹਾਂ ਦੇ ਜੀਆਂ ਦੇ ਸਦਕਾ ਇਹ ਸਿਆਸੀ ਨਿਜ਼ਾਮ, ਫਟਣ ਤੋਂ ਬਚਿਆ ਹੋਇਆ ਹੈ!
ਸਵਾਲ ਇਹ ਹੈ ਕਿ ਜੇਹੜੇ ਕੰਮ ਸਰਕਾਰਾਂ ਦੇ ਹਨ, ਓਹ ਜਿੰਮੇਵਾਰੀ, “ਕੋਈ ਹੋਰ” ਕਿਓੰ ਨਿਭਾਵੇ? ਫੇਰ, ਚੁਣੀ ਗਈ ਸਰਕਾਰ ਦੀ, ਕੀ, ਵਾਜਬੀਅਤ ਰਹਿ ਗਈ?

ਐੱਨ ਜੀ ਓਜ਼ ਦੀ ਕੁਲ ਸਿਆਸਤ ਕੀ ਐ?

N G O ਦਾ ਮਤਲਬ ਸਵੈ ਸਪਸ਼ੱਟ ਹੈ, ਗ਼ੈਰ ਸਰਕਾਰੀ ਜਥੇਬੰਦੀ। ਇਹ ਐੱਨ ਜੀ ਓਜ਼ ਕਿਓੰ ਸਰਕਾਰ ਦੇ ਹਿੱਸੇ ਦੇ ਕਾਰਜ ਕਰਦੇ ਹਨ? ਚੁਣੀਆਂ ਗਈਆਂ ਸਰਕਾਰਾਂ ਦਾ ਕੀ ਕੰਮ ਹੈ? ਉਦਘਾਟਨ ਕਰਨੇ? ਫੋਕੀ ਬੱਲੇ ਬੱਲੇ ਕਰਵਾਉਣੀ?
4
ਕੇਜਰੀਵਾਲ ਦੀਆਂ ਸਾਰੀਆਂ ਇੰਟਰਵੀਊਜ਼ ਵਿਚ ਓਹ, ਇਹ ਗੱਲ, ਜ਼ਰੂਰ ਦੱਸਦੇ ਹਨ ਕਿ ਓਹ ਕਿਸੇ ਸਿਆਸੀ ਵਿਚਾਰਧਾਰਾ ਦੇ ਕਾਇਲ ਨਹੀਂ ਹਨ!

ਸੁਆਲ ਪੈਦਾ ਹੁੰਦਾ ਹੈ ਕਿ, ਕੀ, ਕਿਸੇ ਵਿਚਾਰਧਾਰਾ ਦਾ ਮੁਸ਼ਤਾਕ਼ ਨਾ ਹੋਣਾ, ਜ਼ਹਿਨੀ ਕਾਬਲੀਅਤ ਹੈ? ਸਾਰੇ ਸੰਸਾਰ ਵਿਚ ਵਿਚਾਰਧਾਰਾ ਵਾਲੇ ਲੋਕ, ਨਿੱਤ ਪੱਛੜ ਰਹੇ ਹਨ, ਤਾਂ ਕੀ, ਏਸ ਜਜ਼ਬੇ ਨੂੰ “ਐਬ” ਮੰਨ ਲਿਆ ਜਾਵੇ? ਏਸ ਗੁਣ ਨੂੰ ਔਗੁਣ ਮੰਨ ਲਿਆ ਜਾਵੇ?

ਕੇਜਰੀਵਾਲ ਤੇ ਸਿਸੋਦੀਆ ਦੇ ਵਿਚਾਰਧਾਰਕ ਝੁਕਾਅ ਕੇਹੜੇ ਨੇ?

ਪਹਿਲਾਂ ਤੇ ਆਖ਼ਰੀ ਸਵਾਲ, ਫੇਰ, ਓਹੀ ਹੈ ਕਿ ਕੇਜਰੀਵਾਲ ਤੇ ਸਿਸੋਦੀਆ, ਲਗਾਤਾਰ, ਦਾਅਵੇ ਕਰਦੇ ਆਏ ਹਨ ਕਿ ਓਹ ਏਸ ਮੌਜੂਦਾ ਨਿਜ਼ਾਮ ਦੇ ਤਬਦੀਲੀ ਕਾਰਕ ਹਨ! ਸੁਚੇਤ ਜਨਤਾ ਦੇ ਸਵਾਲ ਪਹਿਲੇ ਦਿਨ ਤੋਂ ਇਹ ਹਨ ਕਿ ਇਨ੍ਹਾਂ ਦੋਵਾਂ ਦਾ ਵਿਚਾਰਧਾਰਕ ਪੱਖ ਕੀ ਹੈ? ਵਿਚਾਰਧਾਰਾ ਕੇਹੜੀ ਹੈ? ਕੇਹੜੀਆਂ ਸ਼ਾਹਕਾਰ ਕਿਤਾਬਾਂ ਇਨ੍ਹਾਂ ਨੇ ਪੜ੍ਹੀਆਂ ਹਨ? ਇਨ੍ਹਾਂ ਦੇ ਆਦਰਸ਼ ਕੀ ਹਨ?

ਵਿਚਾਰਧਾਰਾ ਦੀ ਅਣਹੋਂਦ ਦੇ ਜਸ਼ਨ ਕਿਓੰ ਮਣਾਈਏ?
ਅੱਜ ਦੇ ਦੌਰ ਦੇ ਲੋਕ, ਬਹੁਤ ਰੂਹ ਨਾਲ ਏਸ ਗੱਲ ਦਾ ਜਸ਼ਨ ਮਣਾਉਂਦੇ ਹਨ ਕਿ ਕੇਜਰੀਵਾਲ ਕਿਸੇ “ਵਿਚਾਰਧਾਰਾ ਦੇ ਕੈਦੀ” ਨਹੀਂ ਹਨ। ਸਿਸੋਦੀਆ ਵੀ “ਖ਼ਾਬਾਂ ਖਿਆਲਾਂ” ਵਾਲੇ ਬੰਦੇ ਨਹੀਂ ਹਨ।

ਪਰ, ਸਵਾਲ, ਬਰਕਰਾਰ ਹੈ ਕਿ ਵਿਚਾਰਧਾਰਾ ਤੋਂ ਸੱਖਣੀ ਰਾਜਸੀ ਪਹੁੰਚ ਕੀ ਨਤੀਜੇ ਕੱਢੇਗੀ?

ਆਮ ਆਦਮੀ ਦੇ ਦੁੱਖਾਂ ਸੁੱਖਾਂ ਦੀ ਸਿਆਸਤ ਦੀ ਕੋਈ ਹੱਦ ਹੋਣੀ ਚਾਹੀਦੀ ਹੈ ਕਿ ਨਹੀਂ?

ਵਿਚਾਰਧਾਰਾ ਤੇ ਮਿੱਥੇ ਨਿਸ਼ਾਨਿਆਂ ਤੋਂ ਊਣੀ ਮਾਨਸਕ ਪਹੁੰਚ ਦਾ ਮਤਲਬ ਕੀ ਹੁੰਦਾ ਹੈ?

ਆਮ ਆਦਮੀ, “ਆਮ” ਕਿਓੰ ਹੈ?
ਅੱਜ ਨਹੀਂ ਤਾਂ ਕੱਲ੍ਹ ਕਲੋਤਰ ਨੂੰ ਲੋਕ, ਇਹ ਸਾਰੇ ਸਵਾਲ, ਲਾਜ਼ਮੀ ਤੌਰ ਉੱਤੇ ਕਰਣਗੇ!

ਰਾਬਤਾ : ਸਰੂਪ ਨਗਰ, ਰਾਓਵਾਲੀ।
+916284336773 9465329617

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleEx-BJP MLA joins SP
Next articleਪੁਸਤਕ ਸਮੀਖਿਆ