(ਸਮਾਜ ਵੀਕਲੀ)
ਪਿਛਲ਼ੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ,ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ , ਸਿੱਖਿਆ ਸਕੱਤਰ ਪੰਜਾਬ ਐਜੂਕੇਸ਼ਨ ਵਿਭਾਗ ਕ੍ਰਿਸ਼ਨ ਕੁਮਾਰ ਨੇ ਵੱਡੇ ਪੱਧਰ ਤੇ ਆਪਣੇ ਅਮਲੇ -ਫੈਲੇ ਨਾਲ਼ ਇਸ ਗੱਲ ਦਾ ਪ੍ਰਚਾਰ ਕੀਤਾ ਕਿ ਪੰਜਾਬ ਭਾਰਤ ਵਿੱਚੋਂ ਸਿੱਖਿਆ ਦੇ ਪਰਫਾਰਮੈਂਸ ਗ੍ਰੇਡਿੰਗ ਇਨਡੈਕਸ਼ (PGI)ਵਿੱਚ 929/1000 ਸਕੋਰ ਕਰਕੇ ਨੈਸਨਲ ਲੈਵਲ ਤੇ ਪਹਿਲੇ ਨੰਬਰ ਤੇ ਆਇਆ ਹੈ ।ਹੁਣ ਜੇਕਰ ਇਸ ਨੂੰ ਅਗਲ਼ੇ ਸਾਲ ਹੋ ਰਹੀਆਂ ਵਿਧਾਨ ਸਭਾ ਚੋਣਾਂ ਦੇ ਸੰਬੰਧ ਵਿੱਚ ਚੋਣ ਸਟੰਟ ਦੇ ਤੌਰ ਤੇ ਵੇਖੀਏ ਤਾਂ ਗੱਲ ਹੋਰ ਹੈ ,ਪਰ ਜੇਕਰ ਧਰਾਤਲ ਤੇ ਜਾਈਏ ਤਾਂ ਪਤਾ ਲਗਦਾ ਹੈ ਕਿ ਅਸਲੀਅਤ ਕੁੱਝ ਹੋਰ ਈ ਹੈ ।
ਕ੍ਰਿਸ਼ਨ ਕੁਮਾਰ ਜੋ ਕਿ 2007-8 ਤੋਂ ਪੰਜਾਬ ਦੀ ਸਕੂਲੀ ਸਿੱਖਿਆ ਤੇ ਤਜ਼ਰਬੇ ਕਰ ਰਿਹਾ ਹੈ ਇਸ ਨੇ ਅਸਲ ਵਿੱਚ ਬੱਚਿਆਂ ਨੂੰ ਸਮਝ ਪੱਖੋਂ ਬਿਲਕੁੱਲ ਕੋਰੇ ਬਣਾ ਦਿੱਤਾ ਹੈ ,ਅਧਿਆਪਕਾਂ ਤੇ ਬੇ- ਲੋੜਾ ਬੋਝ ਹੈ , ਸਾਰੇ ਸਿੱਖਿਆ ਤੰਤਰ ਨੂੰ ਅੰਕੜਿਆਂ ਦੀ ਖੇਡ ਬਣਾ ਦਿੱਤਾ ਹੈ , ਇੱਕ ਅਧਿਆਪਕ ਜੋ ਹਰ ਸਮੇਂ ਬੱਚਿਆਂ ਨਾਲ਼ ਜੁੜਿਆ ਹੁੰਦਾ ਹੈ ਨੂੰ ਪਤਾ ਹੁੰਦਾ ਹੈ ਕਿ ਕੋਈ ਬੱਚਾ ਕਿਵੇਂ ਸਿੱਖੇਗਾ ਉਸ ਦਾ ਬੌਧਿਕ ਜਾਂ ਮਾਨਸਿਕ ਪੱਧਰ ਕੀ ਹੈ ਇਸ ਬਾਬਤ ਉਸਨੂੰ ਅਧਿਆਪਨ ਸੰਬੰਧੀ ਕੋਰਸਾਂ ਵਿੱਚ ਸਪੈਸ਼ਲ ਟਰੇਨਿੰਗ ਵੀ ਦਿੱਤੀ ਹੁੰਦੀ ਹੈ ,ਪਰ ਕਰਿਸ਼ਨ ਕੁਮਾਰ ਨੇ ਪਿਛਲ਼ੇ 10-12 ਸਾਲਾਂ ‘ ਚ ਵੱਡੀ ਪੱਧਰ ਤੇ ਅਧਿਆਪਕਾਂ ਨੂੰ ਸਕੂਲਾਂ ਵਿੱਚੋਂ ਬਾਹਰ ਕੱਢ ਕੇ ਇੱਕ ਅਫ਼ਸਰੀ ਫੌਜ਼ ਤਿਆਰ ਕਰ ਲਈ ਹੈ ਜੋ ਅਧਿਆਪਕਾਂ ਨੂੰ ਬੇਵਜਾ ਮਾਨਸਿਕ ਤੌਰ ਤੇ ਹੈਰਾਨ ਕਰਦੇ ਹਨ , ਇਹ ਸਪੈਸ਼ਲ ਬ੍ਰਗੇਡ ਕ੍ਰਿਸ਼ਨ ਕੁਮਾਰ ਤੇ ਦੂਜੀ ਅਫਸਰਸ਼ਾਹੀ ਨਾਲ਼ ਬੈਠ ਕੇ ਰੋਜ਼ਾਨਾ ਇਹ ਤਿਆਰ ਕਰਦੇ ਹਨ ਕਿ ਅੱਜ ਤੁਸੀਂ ਕੀ ਪੜ੍ਹਾਉਣਾ ਹੈ ,ਹਰੇਕ ਬੱਚੇ ਤੋਂ ਇਹ ਟੀਚਾ ਐਨੀ ਤਾਰੀਖ ਤੱਕ ਪੂਰਾ ਕਰਾਉਣਾ ਹੀ ਹੈ ਭਾਵੇਂ ਕਾਗਜ਼ਾਂ ਜਾਂ ਅੰਕੜਿਆਂ ਵਿੱਚ ਹੋਵੇ, ਪਰ ਜੇ ਇਹ ਟੀਚਾ ਪੂਰਾ ਨਾ ਹੋਇਆ ਤਾਂ ਸੰਬੰਧਿਤ ਸਕੂਲ ਮੁਖੀ ਅਤੇ ਅਧਿਆਪਕ ਸਜ਼ਾ ਲਈ ਤਿਆਰ ਰਹਿਣ।
ਸਕੂਲ ਮੁਖੀਆ ਨੂੰ ਡਰਾ ਧਮਕਾ ਕੇ ਸਕੂਲਾਂ ਨੂੰ ਆਪਣੇ ਪੱਧਰ ਤੇ ਲੋਕਾਂ ਤੋਂ ਫੰਡ ਇਕੱਠਾ ਕਰਕੇ ਸਮਾਰਟ ਸਕੂਲ ਬਣਾਉਣ ਦਾ ਦਬਾਅ ਪਾਇਆ ਜਾ ਰਿਹਾ ਹੈ , ਬਹੁਤੇ ਸਕੂਲ ਮੁਖੀ ਇਸ ਬਾਬਤ ਮਾਨਸਿਕ ਰੋਗੀ ਬਣ ਗਏ ਹਨ । ਜਦੋਂ ਉਪਰੋਂ ਦਬਾਅ ਪੈਂਦਾ ਹੈ ਤਾਂ ਉਹ ਅੱਗੇ ਆਪਣੇ ਸਟਾਫ਼ ਮੈਬਰਾਂ ਤੇ ਦਬਾਅ ਪਾਉਂਦੇ ਹਨ ਜਿਸ ਨਾਲ਼ ਸਕੂਲਾਂ ਦਾ ਮਹੌਲ ਪੜ੍ਹਨ -ਪੜ੍ਹਾਉਣ ਦੇ ਮਾਮਲੇ ਵਿੱਚ ਸਾਜ਼ਗਾਰ ਨਹੀਂ ਰਹਿੰਦਾ। ਸਿੱਖਿਆ ਦੇ ਗਿਣਾਤਮਕ ਅਤੇ ਗੁਣਾਤਮਕ ਵਿਕਾਸ ਲਈ ਸਕੂਲ ਦਾ ਮਹੌਲ ਸਾਜ਼ਗਾਰ ਰਹਿਣਾ ਬਹੁਤ ਜ਼ਰੂਰੀ ਹੈ ਤੇ ਲੋੜ ਵੀ ਦੋਵੇਂ ਖੇਤਰਾਂ ਵਿੱਚ ਜ਼ੋਰ ਲਾਉਣ ਦੀ ਹੈ ,ਪਰ ਜੇਕਰ ਅਸੀਂ ਅਸਲੀਅਤ ਦੇਖੀਏ ਤਾਂ ਸਰਕਾਰੀ ਸਕੂਲਾਂ ਦਾ ਪਿਛਲ਼ੇ ਸਮੇਂ ਦੌਰਾਨ ਗਿਣਾਤਮਕ ਵਿਕਾਸ ਜ਼ਰੂਰ ਹੋਇਆ ਹੈ , ਸਕੂਲਾਂ ‘ ਚ ਕਮਰਿਆਂ, ਪਖਾਨਿਆਂ, ਪ੍ਰਯੋਗ ਸ਼ਾਲਾਵਾਂ, ਲਾਇਬਰੇਰੀਆਂ , ਕੰਪਿਊਟਰ ਲੈਬਜ਼ ਆਦਿ ਦੀ ਗਿਣਤੀ ਜ਼ਰੂਰ ਵਧੀ ਹੈ ,ਕਮਰਿਆਂ- ਕੰਧਾਂ ਤੇ ਬਾਲਾ -ਵਰਕ ਸਕੀਮ ਅਧੀਨ ਰੰਗ ਭਰਕੇ ਸਕੂਲ ਰੰਗਦਾਰ ਕੀਤੇ ਗਏ ਹਨ ,
ਪਰ ਜੇਕਰ ਦੂਜੇ ਪਾਸੇ ਗੁਣਾਤਮਕ ਪੱਖ ਵੱਲ ਨਜ਼ਰ ਮਾਰੀਏ ਤਾਂ ਸਥਿੱਤੀ ਬਹੁਤ ਵੱਖਰੀ ਹੈ , ਬੱਚਿਆਂ ਵਿੱਚ ਸਵੈ -ਸਿੱਖਣ ,ਸਮਝ ਅਤੇ ਨੈਤਿਕ ਪੱਧਰ ਤੇ ਕਮੀ ਆਈ ਹੈ ,ਬੱਚਿਆਂ ਨੂੰ ਸਿਲੇਬਸ ਨਾਲ਼ੋਂ ਤੋੜ ਕੇ ਸਿਰਫ਼ ਆਪਣੇ ਬਣਾਏ ਸਿੱਖਣ ਟੂਲਜ਼ ਅਤੇ ਟੀਚਿਆਂ ਵਿੱਚ ਰੱਟਾ ਲਵਾ ਕੇ ਅੰਕੜੇ ਤਿਆਰ ਕੀਤੇ ਗਏ ਹਨ ਜਾਂ ਅਧਿਆਪਕਾਂ ਤੋਂ ਡਰਾ ਧਮਕਾ ਕੇ ਰਜ਼ਿਲਟ ਸੌ ਪ੍ਰਤੀਸ਼ਤ ਕਰਵਾਏ ਜਾਂਦੇ ਹਨ। ਇੱਕ ਅਧਿਆਪਕ ਨਾਲ਼ ਗੱਲ ਹੋਈ ਕਹਿੰਦਾ ,”ਮੈਨੂੰ ਉਦੋਂ ਬੜਾ ਦੁੱਖ ਹੋਇਆ ,ਜਦੋਂ ਮੇਰੀ ਕਲਾਸ ਦਾ ਸਾਰਾ ਸਾਲ ਗ਼ੈਰ- ਹਾਜ਼ਰ ਰਹਿਣ ਵਾਲ਼ਾ ਬੱਚਾ 91% ਅੰਕ ਲੈ ਗਿਆ , ਅੱਗੋਂ ਸਿੱਖਿਆ – ਸਕੱਤਰ ਸਾਹਬ ਆਹਦੇ ਵੀ ਮਾਪਿਆਂ ਨਾਲ਼ ਅਧਿਆਪਕ- ਮਾਪੇ ਮਿਲਣੀ ਕਰੋ ,ਜਦੋਂ ਉਸਦੀ ਮਾਂ ਆਈ ਤਾਂ ਤਾਂ ਮੈ ਉਸਨੂੰ ਉਸਦੇ ਅੰਕ ਦੱਸੇ ,ਅੱਗੋ ਆਪਣੇ ਨਾਲ਼ ਦੀ ਨੂੰ ਕਹਿੰਦੀ ,”ਭੈਣੇ ,ਹਾਲ਼ੇ ਤਾਂ ,ਪੇਪਰ ਨੀ ਹੋਏ ,ਜੇਕਰ ਪੇਪਰ ਹੁੰਦੇ ਤਾਂ ਸਾਡਾ ਮੁੰਡਾ ਪੱਕਾ 100% ਨੰਬਰ ਲੈ ਕੇ ਜਾਂਦਾ ।”
ਮੈਂ ਨਾਲ਼ ਦੀਆਂ ਨੂੰ ਕਿਹਾ ,”ਰਹਿਣ ਦਿਓ, ਭਾਈ ,ਨੰਬਰ ਦੱਸਣ ਨੂੰ ,ਕੱਲੇ ਪਾਸ- ਫੇਲ੍ਹ ਈ ਦੱਸ ਦਿਓ!”ਹੁਣ ਐਹੋ ਜੇ ਵਿਚਾਰੇ ਭੋਲ਼ੇ ਮਾਪਿਆਂ ਦੇ ਬੱਚੇ ਹਨ ਜ਼ਿਆਦਾਤਰ। ਜੇ ਅਸੀਂ ਸਾਰੇ ਵਰਤਾਰੇ ਨੂੰ ਕੁੱਝ ਕੁ ਸ਼ਬਦਾਂ ‘ ਚ ਸਮੇਟਨਾ ਹੋਵੇ ਤਾਂ ਮੈਂ ਇਹੀ ਕਹਾਂਗਾ ਕਿ ਪੰਜਾਬ ਦੀ ਸਕੂਲੀ ਸਿੱਖਿਆ ਸਿਰਫ਼ ਅੰਕੜਿਆਂ ਦੀ ਖੇਡ ਹੈ ਪਿਛਲ਼ੇ ਡੇਢ ਸਾਲ ਤੋਂ ਕਰੋਨਾ ਕਾਰਨ ਸਕੂਲ ਬੰਦ ਹਨ ,ਸਿੱਖਣ- ਸਿਖਾਉਣ ਪ੍ਰਕਿਰਿਆ ਬਹੁਤ ਅਧਿਆਪਕਾਂ ਤੇ ਵਿਦਿਆਰਥੀਆਂ ਦਾ ਆਹਮੋ- ਸਾਹਮਣੇ ਹੋਣਾ ਬਹੁਤ ਜ਼ਰੂਰੀ ਹੈ ,ਮਲਟੀ -ਮੀਡੀਆ ਜਾਂ ਇੰਟਰਨੈੱਟ ਇੱਕ ਹੱਦ ਤੱਕ ਹੀ ਕਾਮਯਾਬ ਹੈ, ਅਸਲ ਸਿੱਖਿਆ ਵਿੱਚ ਵਿਦਿਆਰਥੀ ਤੇ ਅਧਿਆਪਕ ਦਾ ਅੱਖਾਂ ਦਾ ਅਦਾਨ- ਪ੍ਰਦਾਨ ਤੇ ਆਹਮਣੋ -ਸਾਹਮਣੇ ਹੋਣਾ ਬਹੁਤ ਜ਼ਰੂਰੀ ਹੈ । ਕੰਧਾਂ ਰੰਗ ਕਰਨ , ਬਿਲਡਿੰਗਾਂ ਖ਼ੂਬਸੂਰਤ ਬਣਾਉਣ ਨਾਲ਼ ਤੁਸੀਂ ਬਾਹਰੀ ਦਿੱਖ ਤਾਂ ਵਧੀਆ ਦਿਖਾ ਸਕਦੇ ਹੋ ਪਰ ਸਿੱਖਿਆ ਕੋਮਲ ਮਨਾਂ ਦੇ ਅੰਦਰ ਜਾ ਕੇ ਸੂਖ਼ਮ ਮਨਾਂ ਨੂੰ ਸਮਝ ਕੇ ਹੀ ਬੱਚਿਆਂ ਦੇ ਦਿਲਾਂ ਵਿੱਚ ਰੰਗ ਭਰਦੀ ਹੈ ਜਿਸ ਤੋਂ ਤੁਸੀਂ ਕੋਹਾਂ ਮੀਲ਼ ਦੂਰ ਜਾ ਚੁੱਕੇ ਹੋ।
ਉਮੀਦ ਹੈ ਜਲਦੀ ਇਹ ਬਿਮਾਰੀ ਰੁਕੂ ਗੀ ਤੇ ਸਕੂਲ ਖੁੱਲ੍ਹਣਗੇ ਜੇਕਰ ਵਾਕਿਆ ਹੀ ਪੰਜਾਬ ਨੂੰ ਸਹੀ ਅਰਥਾਂ ਵਿੱਚ ਨੰਬਰ ਇੱਕ ਤੇ ਲਿਜਾਣਾ ਚਾਹੁੰਦੇ ਹੋ ਤਾਂ ਅਧਿਆਪਕਾਂ ਤੋਂ ਬੇ- ਲੋੜਾ ਮਾਨਸਿਕ ਬੋਝ ਘਟਾਓ ,ਉਸ ਨੂੰ ਆਪਣੀ ਕਾਬਲੀਅਤ ਤੇ ਬੱਚੇ ਦੇ ਪੱਧਰ ਅਨੁਸਾਰ ਸਿਖਾਉਣ ਦਿਓ , ਇਮਾਨਦਾਰੀ ਨਾਲ਼ ਸਕੂਲਾਂ ਨੂੰ ਨਵੇਂ ਯੋਗ ਅਧਿਆਪਕ ਅਤੇ ਹੋਰ ਸਹੂਲਤਾਂ ਦਿਓ ਅਸਲ ਵਿੱਚ ਸਿੱਖਣ – ਸਿਖਾਉਣ ਪ੍ਰਕਿਰਿਆ ਚੱਲਣ ਦਿਓ ਬੱਚਾ ਜੋ ਸਿੱਖੇ ਉਹ ਆਪ ਆਪਣੇ- ਆਪ ਨੂੰ ਪੇਸ਼ ਕਰੇ ਇਹ ਅੰਕੜਿਆਂ ਦੀ ਖੇਡ ਬੰਦ ਕਰੋ।
ਰਮੇਸ਼ਵਰ ਸਿੰਘ ਪਟਿਆਲਾ
ਸੰਪਰਕ ਨੰ: 9914880392
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly