ਡਾ.ਪ੍ਰਿਤਪਾਲ ਸਿੰਘ ਮਹਿਰੋਕ 98885-10185
(ਸਮਾਜ ਵੀਕਲੀ) ਫਰਵਰੀ 2019 ਦੇ ਪਹਿਲੇ ਹਫ਼ਤੇ ਦੌਰਾਨ ਪੰਜਾਬ ਦੇ ਕਈ ਇਲਾਕਿਆਂ ਵਿੱਚ ਲਗਾਤਾਰ ਕਈ ਘੰਟਿਆਂ ਬੱਧੀ ਗਰਜ-ਚਮਕ ਨਾਲ ਪੈਂਦੇ ਰਹੇ ਭਾਰੀ ਮੀਂਹ ਨੇ ਠੰਢ ਵਿੱਚ ਤਾਂ ਵਾਧਾ ਕੀਤਾ ਹੀ ਸੀ, ਲੋਕਾਂ ਦੀਆਂ ਪਰੇਸ਼ਾਨੀਆਂ ਨੂੰ ਵੀ ਬਹੁਤ ਹੱਦ ਤੱਕ ਵਧਾ ਦਿੱਤਾ ਸੀ। ਮੀਂਹ ਤੇ ਗੜੇਮਾਰੀ ਪਿੱਛੋਂ ਟਿਕਵੀਂ ਧੁੱਪ ਨਿਕਲਦਿਆਂ ਨੂੰ ਉਸ ਦਿਨ ਤੀਜਾ ਦਿਨ ਹੋ ਗਿਆ ਸੀ। ਬਸੰਤ ਸੀ ਉਸ ਦਿਨ।ਧੁੱਪ ਦੇ ਨਿੱਘ ਵਿੱਚ ਬੈਠਣ ਦੀ ਇੱਛਾ ਹਿਤ ਮੈਂ ਛੱਤ ‘ਤੇ ਜਾ ਕੇ ਬੈਠ ਗਿਆ ਤੇ ਅਖਬਾਰਾਂ ਪੜ੍ਹਨ ਲੱਗ ਪਿਆ। ਕੁਝ ਕੁ ਮਿੰਟਾਂ ਪਿੱਛੋਂ ਹੀ ਮੇਰਾ ਧਿਆਨ ਮੇਰੇ ਐਨ ਨੇੜਿਉਂ ਧੀਮੀ ਜਿਹੀ ਸੁਰ ਵਿੱਚ ਆਉਂਦੀ ਸਰ-ਸਰ ਦੀ ਆਵਾਜ਼ ਵੱਲ ਚਲਾ ਗਿਆ। ਵੇਖਿਆ ਤਾਂ ਛੱਤ ਨਾਲ ਘਿਸਰ ਘਿਸਰ ਕੇ ਤੇਜ਼ੀ ਨਾਲ ਖਿਸਕਦੀ ਜਾ ਰਹੀ ਪਤੰਗ ਉਡਾਉਣ ਵਾਲੀ ਡੋਰ ਨਜ਼ਰ ਆਈ। ਡੋਰ ਵਿੱਚ ਉਲਝਿਆ ਕਾਗਜ਼ ਦਾ ਛੋਟਾ ਜਿਹਾ ਟੁਕੜਾ ਆਵਾਜ਼ ਪੈਦਾ ਕਰ ਰਿਹਾ ਸੀ। ਵੇਖਦਿਆਂ ਵੇਖਦਿਆਂ ਡੋਰ ਟੁੱਟ ਕੇ ਰੁਕ ਗਈ ਸੀ। ਚੌਫੇਰਿਓਂ ਛੱਤਾਂ ‘ਤੇ ਚੜ੍ਹ ਕੇ ਪਤੰਗਾਂ ਉਡਾ ਰਹੇ ਬੱਚਿਆਂ ਦਾ ਸ਼ੋਰ ਸੁਣਾਈ ਦੇ ਰਿਹਾ ਸੀ। ਮੈਂ ਛੱਤ ‘ਤੇ ਵਿਛੀ ਤੇ ਸਿਰਕਦੀ ਜਾਂਦੀ ਡੋਰ ਨੂੰ ਹੱਥਾਂ ਵਿੱਚ ਫੜ੍ਹ ਕੇ ਵੇਖਣ ਲਈ ਉਤਸੁਕ ਹੋ ਰਿਹਾ ਸਾਂ। ਆਪਣੇ ਬਚਪਨ ਵਿੱਚ ਮੈਂ ਬੱਚਿਆਂ ਨੂੰ ਸੂਤ ਦੇ ਧਾਗੇ ਦੀ ਅੱਟੀ ਜਾਂ ਸੂਤੜੀ ਨਾਲ ਜਾਂ ਫਿਰ ਹਲਕਾ ਜਿਹਾ ਮਾਂਝਾ ਲੱਗੀ ਡੋਰ ਨਾਲ ਪਤੰਗਾਂ ਉਡਾਉਂਦਿਆਂ ਵੇਖਿਆ ਸੀ। ਐਤਵਾਰ ਹੋਣ ਕਾਰਨ ਉਸ ਦਿਨ ਮੇਰਾ ਇੰਜੀਨੀਅਰ ਬੇਟਾ ਘਰ ਸੀ। ਉਸਨੇ ਮੈਨੂੰ ਦੱਸਿਆ ਕਿ ਇਹ ਤਾਂ ਚੀਨੀ ਡੋਰ ਹੈ। ਇਸ ਨੂੰ ਮੇਰੀ ਅਗਿਆਨਤਾ ਜਾਂਂ ਸਮਝੋ ਕਿ ਪਲਾਸਟਿਕ ਦੀ ਬਹੁਤ ਬਾਰੀਕ ਜਿਹੀ ਤਾਰ ਵਰਗੀ ਇਸ ਚੀਨੀ ਡੋਰ ਨੂੰ ਮੈਂ ਪਹਿਲੀ ਵਾਰ ਵੇਖ ਰਿਹਾ ਸਾਂ।
ਚੀਨੀ ਡੋਰ ਬਾਰੇ, ਉਸ ਨਾਲ ਹੁੰਦੇ ਹਾਦਸਿਆਂ ਬਾਰੇ,ਉਸ ਨਾਲ ਹੁੰਦੇ ਜਾਨੀ-ਮਾਲੀ ਨੁਕਸਾਨ ਬਾਰੇ ਹੁਣ ਤੱਕ ਪੜ੍ਹਿਆ ਸੁਣਿਆ ਤਾਂ ਬਹੁਤ ਕੁਝ ਸੀ ਪਰ ਉਸਨੂੰ ਆਪਣੀ ਅੱਖੀਂ ਵੇਖਣ ਦਾ ਇਹ ਮੇਰਾ ਪਹਿਲਾ ਮੌਕਾ ਸੀ। ਚੀਨੀ ਡੋਰ ਨੂੰ ਵੇਖਣਾ ਹੀ ਮੈਨੂੰ ਚੰਗਾ ਨਹੀਂ ਸੀ ਲੱਗ ਰਿਹਾ।ਉਹ ਡੋਰ ਮੇਰੀਆਂ ਅੱਖਾਂ ਨੂੰ ਹੀ ਤਕਲੀਫ਼ ਦੇ ਰਹੀ ਸੀ।ਮੈਂ ਸੋਚ ਰਿਹਾ ਹਾਂ ਇਸ ਡੋਰ ਦੀ ਲਪੇਟ ਵਿਚ ਆਉਣ ਵਾਲੇ ਤੇ ਇਸਦੀ ਕਰੋਪੀ ਤੋਂ ਪੀੜਤ ਲੋਕਾਂ ਦਾ ਕੀ ਹਾਲ ਹੁੰਦਾ ਹੋਵੇਗਾ ? ਪਿਛਲੇ ਕਈ ਸਾਲਾਂ ਤੋਂ ਇਹ ਡੋਰ ਲੋਕਾਂ ਦੀ ਜਾਨ ਦਾ ਖੌਅ ਬਣੀ ਚਲੀ ਆ ਰਹੀ ਹੈ। ਕਈ ਬੱਚੇ, ਕਈ ਰਾਹਗੀਰ, ਕਈ ਦੋਪਹੀਆ ਵਾਹਨ-ਚਾਲਕ ਅਨਭੋਲਪੁਣੇ ਵਿੱਚ ਹੀ ਇਸਦੀ ਲਪੇਟ ਵਿੱਚ ਆ ਕੇ ਆਪਣੀਆਂ ਕੀਮਤੀ ਜਾਨਾਂ ਗਵਾ ਚੁੱਕੇ ਹਨ। ਕਈ ਆਪਣੇ ਸਰੀਰ ਦਾ ਕੋਈ ਅੰਗ ਗਵਾ ਬੈਠੇ ਹਨ। ਕਈ ਹੋਰ ਲਹੂ ਲੁਹਾਨ ਹੋ ਚੁੱਕੇ ਹਨ।ਅਨੇਕ ਪਰਿੰਦੇ ਤੇ ਮਾਸੂਮ ਜਾਨਵਰ ਇਸ ਡੋਰ ਦੀ ਲਪੇਟ ਵਿੱਚ ਆ ਕੇ ਮਾਰੇ ਗਏ ਹਨ।ਅਜਿਹਾ ਕਿਉਂ ਹੋ ਰਿਹਾ ਹੈ ? ਇਸ ਪਿੱਛੇ ਕੀ ਕਾਰਨ ਹੋ ਸਕਦੇ ਹਨ ? ਜਾਗਰੂਕ ਮਨੁੱਖ ਇਸ ਉਪਰ ਫਿਕਰਮੰਦੀ ਪ੍ਰਗਟ ਕਰਦਾ ਚਲਿਆ ਆ ਰਿਹਾ ਹੈ।ਪਰ ਵਪਾਰੀ ਬਿਰਤੀ ਵਾਲਾ ਮੁਨਾਫ਼ਾ ਕਮਾਉਣ ਵਾਲਾ ਮਨੁੱਖ(ਕਾਰੋਬਾਰੀ) ਹੈ ਕਿ ਉਸਦਾ ਮਨ ਨਹੀਂ ਪਸੀਜਦਾ। ਪੈਸਾ ਹੀ ਉਸਦਾ ਧਰਮ ਹੈ, ਪੈਸਾ ਹੀ ਉਸਦਾ ਭਗਵਾਨ ਹੈ ! ਜ਼ਹਿਰ ਵੇਚਣ ਵਾਲਾ ਵੀ ਤਾਂ ਮਨੁੱਖੀ ਲਿਬਾਸ ਵਿਚ ਹੀ ਹੰਦਾ ਹੈ।
ਚੀਨੀ ਡੋਰ ਨੂੰ ਹੱਥਾਂ ਨਾਲ ਛੂਹਣ ਤੇ ਨੇੜਿਓਂ ਵੇਖਣ ਉਪਰੰਤ ਉਸਦਾ ਹੋਰ ਵਧੇਰੇ ਵਿਕਰਾਲ ਰੂਪ ਮੇਰੇ ਜ਼ਿਹਨ ਵਿੱਚ ਉੱਘੜ ਆਉਂਦਾ ਹੈ। ਉਹ ਡੋਰ ਜਦੋਂ ਕਿ ਇਕ ਕੋਹਝੇ ,ਘਟੀਆ ਤੇ ਮਾਰੂ ਹਥਿਆਰ ਵਜੋਂ ਆਪਣਾ ਘਿਣਾਉਂਂਣਾ ਪ੍ਰਭਾਵ ਬਣਾ ਕਰ ਚੁੱਕੀ ਹੈ ਤਾਂ ਵਪਾਰੀ ਲੋਕ ਪਤੰਗ ਉਡਾਉਣ ਵਾਲੇ ਇਕ ਉਤਪਾਦ ਵਜੋਂ ਉਸਦੀ ਵਿਕਰੀ ਕਿਉਂ ਕਰ ਰਹੇ ਹਨ ? ਉਸਦੀ ਉਪਯੋਗਤਾ ਤੇ ਭਰੋਸੇਯੋਗਤਾ ਜਦੋਂ ਮਨੁੱਖੀ ਮਨ ਵਿੱਚੋਂ ਮਨਫ਼ੀ ਹੋ ਚੁੱਕੀ ਹੈ ਤੇ ਉਸਦੀ ਵਰਤੋਂ ਨਾਲ ਜਾਨ ਦਾ ਖਉ ਬਣਿਆ ਰਹਿੰਦਾ ਹੈ ਤਾਂ ਉਸਨੂੰ ਵੇਚਣ ,ਖਰੀਦਣ ਤੇ ਉਸਦੀ ਵਰਤੋਂ ਕਰਨ ਉਪਰ ਮੁਕੰਮਲ ਪਾਬੰਦੀ ਕਿਉਂ ਨਹੀਂ ਲਗਾਈ ਜਾਂਦੀ?
ਇਸ ਚੰਦਰੀ ਡੋਰ ਨਾਲ ਹੁੰਦੇ ਹਾਦਸਿਆਂ ਬਾਰੇ ਪੜ੍ਹ ਸੁਣ ਕੇ ਮੇਰਾ ਮਨ ਹਿਰਖ ਤੇ ਸੋਗ ਨਾਲ ਵਲੂੰਦਰਿਆ ਜਾਂਦਾ ਹੈ। ਇਸ ਡੋਰ ਨੂੰ ਵੇਖ /ਛੂਹ ਕੇ ਹੀ ਦਹਿਲ ਜਾਣ ਦੀ ਭਾਵੁਕਤਾ ਤੇ ਸੰਵੇਦਨਾ ਤੋਂ ਮੈਂ ਅਜੇ ਤੱਕ ਖਹਿੜਾ ਨਹੀਂ ਛੁਡਾ ਸਕਿਆ। ਮੈਂ ਪਤੰਗ ਉਡਾਉਣ ਵਾਲੀ ਸਾਧਾਰਨ ਡੋਰ ,ਸਾਹਾਂ ਦੀ ਡੋਰ(ਤੰਦ), ਕਠਪੁਤਲੀ ਦੀ ਡੋਰ ,ਅਧਿਆਤਮ ਦੇ ਖੇਤਰ ਵਿੱਚ ਚਰਚਾ ਵਿੱਚ ਆਉਂਦੀ ਡੋਰ(ਤੇ ਪਤੰਗ) ਆਦਿ ਬਾਰੇ ਸੋਚਣ ਲੱਗ ਜਾਂਦਾ ਹਾਂ। ਸਾਹਮਣੇ ਛੱਤਾਂ ‘ਤੇ ਨਜ਼ਰ ਆਉਂਦੇ ਪਤੰਗਾਂ ਉਡਾ ਰਹੇ ਬੱਚਿਆਂ ਨੂੰ ਮੈਂ ਚੀਨੀ ਡੋਰ ਦੀ ਵਰਤੋਂ ਨਾ ਕਰਨ ਦੀ ਸਲਾਹ ਦੇਣੀ ਚਾਹੁੰਦਾ ਹਾਂ ਪਰ ਉਹ ਪਤੰਗਾਂ ਉਡਾਉਣ ਦੀ ਮਸਤੀ ਤੇ ਲੁਤਫ਼ ਉਠਾਉਣ ਵਿੱਚ ਇਸ ਹੱਦ ਤੱਕ ‘ਉਡਾਣ’ ‘ਤੇ ਹਨ ਕਿ ਉਨ੍ਹਾਂ ਕੋਲ ਕਿਸੇ ਨੂੰ ਸੁਣਨ ਦੀ ਵਿਹਲ ਵੀ ਨਹੀਂ ਤੇ ਸਮਾਂ ਵੀ ਨਹੀਂ।
ਹੁਣ ਤਾਂ ਚੀਨ ਦੀਆਂ ਕਈ ਵੱਡੀਆਂ ਕੰਪਨੀਆਂ ਨੇ ਭਾਰਤ ਦੇ ਵਿਭਿੰਨ ਵੱਡੇ ਸ਼ਹਿਰਾਂ ਵਿੱਚ ਆਪਣੇ ਪਲਾਂਟ ਲਗਾ ਲਏ ਹਨ ਤੇ ਚੀਨੀ ਉਤਪਾਦਾਂ ਦਾ ਵੱਡੀ ਪੱਧਰ ‘ਤੇ ਉਤਪਾਦਨ ਵੀ ਹੋ ਰਿਹਾ ਹੈ। ਚੀਨੀ ਉਤਪਾਦ ਧੜਾ ਧੜ ਵਿਕ ਵੀ ਰਹੇ ਹਨ। ਹਾਲਾਂਕਿ ਗਾਹਕਾਂ ਦੇ ਇਕ ਹਿੱਸੇ ਵੱਲੋਂ ਇਨ੍ਹਾਂ ਉਤਪਾਦਾਂ ਦੀ ਖਰੀਦ ਨੂੰ ਨਕਾਰਨ ਦੇ ਫੈਸਲੇ ਬਾਰੇ ਪੜ੍ਹਨ-ਸੁਣਨ ਨੂੰ ਮਿਲਦਾ ਰਹਿੰਦਾ ਹੈ। ਪਰ ਅਸਲ ਵਿੱਚ ਸਾਰਾ ਕੁਝ ਅੰਤਰ-ਰਾਸ਼ਟਰੀ ਵਪਾਰ ਨਾਲ ਸਬੰਧਤ ਸਰਕਾਰੀ ਨੀਤੀਆਂ ਉਪਰ ਨਿਰਭਰ ਕਰਦਾ ਹੈ। ਸਰਕਾਰ ਜੇ ਚੀਨੀ ਉਤਪਾਦਾਂ ਦੇ ਆਯਾਤ ਉਪਰ ਪਾਬੰਦੀਆਂ ਲਗਾਉਂਦੀ ਹੈ ਤਾਂ ਲੋਕ ਕਿਸੇ ਹੱਦ ਤੱਕ ਅਜਿਹਾ ਨੁਕਸਾਨ ਕਰਵਾਉਣ ਤੋਂ ਬਚ ਸਕਣ ਦੀ ਸਥਿਤੀ ਵਿੱਚ ਹੋ ਸਕਦੇ ਹਨ। ਮਨੁੱਖ ਦੀ ਜਾਨ ਬਹੁਤ ਕੀਮਤੀ ਹੈ। ਉਸਦੀ ਤਾਂ ਕੋਈ ਕੀਮਤ ਨਹੀਂ।ਬਹੁਤ ਅਹਿਮ ਪ੍ਰਸ਼ਨ ਉੱਠਣਾ ਸੁਭਾਵਿਕ ਹੈ ਕਿ ਮਨੁੱਖੀ ਜਾਨਾਂ ਨੂੰ ਦਾਅ ‘ਤੇ ਲਗਾ ਕੇ ਵਪਾਰਕ ਸਮਝੌਤੇ ਕਿਉਂ ਕੀਤੇ ਜਾਂਦੇ ਹਨ ?
ਬਹੁਤ ਅਹਿਮ ਪ੍ਰਸ਼ਨ ਹੈ ਕਿ ਸਰਕਾਰਾਂ ਚੀਨੀ ਡੋਰ ਦੀ ਬਰਾਮਦ, ਦਰਾਮਦ ਕਰਨ, ਇਸਦਾ ਭੰਡਾਰ ਇਕੱਠਾ ਕਰਨ, ਵੇਚਣ, ਖਰੀਦਣ ਤੇ ਵਰਤਣ ‘ਤੇ ਮੁਕੰਮਲ ਪਾਬੰਦੀ ਕਿਉਂ ਨਹੀਂ ਲਗਾਉਂਦੀਆਂ ? ਚੀਨੀ ਡੋਰ ਦੀ ਵਰਤੋਂ ਨੂੰ ਠੱਲ੍ਹ ਪਾਉਣ ਲਈ ਪਿੱਛੇ ਜਿਹੇ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਉੱਕਾ-ਦੁੱਕਾ ਯਤਨ ਧਿਆਨ ਦੀ ਮੰਗ ਕਰਦੇ ਹਨ। ਚੀਨੀ ਡੋਰ ਨੂੰ ਸਟੋਰ ਕਰਨ ਵਾਲਿਆਂ ਅਤੇ ਉਸਦੇ ਵਿਕਰੇਤਾਵਾਂ ‘ਤੇ ਨਿਗਾਹ ਰੱਖੀ ਜਾ ਰਹੀ ਹੈ। ਛਾਪੇ ਮਾਰੇ ਜਾ ਰਹੇ ਹਨ। ਚੀਨੀ ਡੋਰ ਦੇ ਵਿਕਰੇਤਾਵਾਂ ਵੱਲੋਂ ਸਟੋਰ ਕਰਕੇ ਰੱਖੇ ਡੋਰ ਦੇ ਸੈਂਕੜੇ ਗੱਟੂ ਫੜ੍ਹੇ ਜਾ ਰਹੇ ਹਨ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੀ ਇਸ ਵਾਰ ਹਰਕਤ ਵਿੱਚ ਆਇਆ ਜਾਪਦਾ ਹੈ। ਇਸ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਮੀਡੀਏ ਰਾਹੀਂ ਸੂਚਿਤ ਕੀਤਾ ਜਾ ਰਿਹਾ ਹੈ। ਇਸ ਤਹਿਤ ਦੋਸ਼ੀ ਪਾਏ ਜਾਣ ਵਾਲਿਆਂ ਨੂੰ ਭਾਰੀ ਜੁਰਮਾਨੇ ਕੀਤੇ ਜਾਣ ਦੀ ਵਿਵਸਥਾ ਵੀ ਦੱਸੀ ਜਾ ਰਹੀ ਹੈ। ਵੇਖਣ ਵਾਲੀ ਗੱਲ ਇਹ ਹੈ ਕਿ ਇਸ ਮੁਹਿੰਮ ਦੇ ਸਿੱਟੇ ਕੀ ਨਿਕਲਦੇ ਹਨ। ਕਾਰੋਬਾਰੀ ਲੋਕ ਆਪਣਾ ਕਾਰੋਬਾਰ ਬਣਾਈ ਰੱਖਣ ਲਈ ਤੇ ਉਸਨੂੰ ਵਧਾਉਣ ਲਈ ਸੌ ਹੀਲੇ-ਉਪਰਾਲੇ ਕਰ ਲੈਂਦੇ ਹਨ। ਉਹ ਕਈ ਚੋਰ ਮੋਰੀਆਂ ਲੱਭ ਲੈਂਦੇ ਹਨ।
ਸਰਕਾਰ ਨੂੰ ਚਾਹੀਦਾ ਹੈ ਕਿ ਉਹ ਵੱਡੇ ਕਾਰੋਬਾਰੀਆਂ ਉਪਰ ਸਖਤੀ ਕਰੇ ਤਾਂ ਜੋ ਉਹ ਚੀਨੀ ਡੋਰ ਨੂੰ ਇਸ ਦੇਸ਼ ਵਿੱਚ ਆਯਾਤ ਨਾ ਕਰ ਸਕਣ। ਅਜਿਹਾ ਕਰਨ ਉਪਰ ਮੁਕੰਮਲ ਪਾਬੰਦੀ ਲਗਾਉਣੀ ਚਾਹੀਦੀ ਹੈ ਤੇ ਇਸ ਦਿਸ਼ਾ ਵਿੱਚ ਤੁਰੰਤ ਅਸਰਦਾਇਕ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਅਜਿਹੇ ਸੰਜੀਦਾ ਮਸਲਿਆਂ ਉਪਰ ਸਰਕਾਰਾਂ ਕਦੋਂ ਗੌਰ ਕਰਨਗੀਆਂ ? ਸਰਕਾਰ ਵਾਸਤੇ ਇਹ ਕਿੰਨਾ ਕੁ ਵੱਡਾ ਕੰਮ ਹੈ ? ਮੁੜ ਮੁੜ ਮੇਰੇ ਅੰਦਰੋਂ ਇਕ ਸਵਾਲ ਉੱਠ ਰਿਹਾ ਹੈ ਕਿ ਸਰਕਾਰਾਂ ਲੋਕਾਂ ਪ੍ਰਤੀ ਆਪਣੀ ਜੁਆਬਦੇਹੀ ਤੋਂ ਕਦੋਂ ਕੁ ਤੱਕ ਟਾਲ਼ਾ ਵੱਟਦੀਆਂ ਰਹਿਣਗੀਆਂ ?
*****
ਸੰਪਰਕ : 98885 -10185
185 – ਵਸੰਤ ਵਿਹਾਰ, ਡੀ.ਸੀ. ਰੈਜ਼ੀਡੈਂਸ ਰੋਡ,
ਹੁਸ਼ਿਆਰਪੁਰ – 146 001