- ਕਣਕ ਦੇ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ
- ਗੁਆਂਢੀ ਸੂਬਿਆਂ ਤੋਂ ਕਣਕ ਦੀ ਗੈਰਕਾਨੂੰਨੀ ਢੋਆ-ਢੁਆਈ ਰੋਕਣ ਲਈ 24 ਘੰਟੇ ਨਾਕੇ ਲਾਉਣ ਦੀ ਹਦਾਇਤ
ਚੰਡੀਗੜ੍ਹ (ਸਮਾਜ ਵੀਕਲੀ): ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੂਬੇ ਦੇ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਦਫ਼ਤਰਾਂ ’ਚ ਬੈਠਣ ਦੀ ਥਾਂ ਪਿੰਡਾਂ ਵਿੱਚ ਜਾ ਕੇ ਲੋਕ ਮਿਲਣੀਆਂ ਕਰਨ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਮੌਕੇ ’ਤੇ ਸੁਲਝਾਉਣ ਦੇ ਹੁਕਮ ਦਿੱਤੇ ਹਨ। ਅੱਜ ਮੁੱਖ ਮੰਤਰੀ ਨੇ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ ਨਾਲ ਕਣਕ ਦੇ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਮੀਟਿੰਗ ਕੀਤੀ। ਉਨ੍ਹਾਂ ਡਿਪਟੀ ਕਮਿਸ਼ਨਰਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਅੱਖਾਂ ਤੇ ਕੰਨ ਦੱਸਦਿਆਂ ਕਿਹਾ ਕਿ ਉਹ ਸਰਕਾਰ ਦਾ ਅਸਲ ਚਿਹਰਾ ਹਨ, ਜਿਨ੍ਹਾਂ ਦਾ ਆਮ ਲੋਕਾਂ ਨਾਲ ਸਿੱਧਾ ਵਾਹ ਪੈਂਦਾ ਹੈ। ਉਨ੍ਹਾਂ ਡਿਪਟੀ ਕਮਿਸ਼ਨਰਾਂ ਨੂੰ ਸਾਂਝ ਕੇਂਦਰਾਂ ਦੀ ਅਚਨਚੇਤੀ ਜਾਂਚ ਕਰਨ ਤੇ ਨਾਗਰਿਕ ਕੇਂਦਰਿਤ ਸੇਵਾਵਾਂ ਸੁਚਾਰੂ ਢੰਗ ਨਾਲ ਮੁਹੱਈਆ ਕਰਵਾਉਣ ਦੇ ਆਦੇਸ਼ ਦਿੱਤੇ।
ਮੁੱਖ ਮੰਤਰੀ ਨੇ ਸੂਬੇ ’ਚ ਕਣਕ ਦੇ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਡੀਜੀਪੀ ਨੂੰ ਗੁਆਂਢੀ ਸੂਬਿਆਂ ਤੋਂ ਕਣਕ ਦੀ ਗੈਰ-ਕਾਨੂੰਨੀ ਢੰਗ ਨਾਲ ਹੁੰਦੀ ਢੋਆ-ਢੁਆਈ ਰੋਕਣ ਲਈ 24 ਘੰਟੇ ਨਾਕੇ ਲਗਾਉਣ ਦੇ ਆਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਕੁਝ ਬੇਈਮਾਨ ਵਪਾਰੀ ਕਣਕ ਨੂੰ ਸੂਬਾ ਭਰ ਦੀਆਂ ਮੰਡੀਆਂ ਵਿੱਚ ਘੱਟੋ-ਘੱਟ ਸਮਰਥਨ ਮੁੱਲ ’ਤੇ ਵੇਚਣ ਲਈ ਚੋਰੀ-ਛਿਪੇ ਲਿਆਉਂਦੇ ਹਨ। ਉਨ੍ਹਾਂ ਡੀਜੀਪੀ ਨੂੰ ਕਿਹਾ ਕਿ ਉਹ ਸੀਜ਼ਨ ਦੇ ਅਖੀਰ ਤੱਕ ਇਨ੍ਹਾਂ ਨਾਕਿਆਂ ’ਤੇ 24 ਘੰਟੇ ਵੀਡੀਓਗ੍ਰਾਫੀ ਲਈ ਵੀ ਟੀਮਾਂ ਤਾਇਨਾਤ ਕਰਨ।
ਡੀਜੀਪੀ ਵੀ ਕੇ ਭਾਵੜਾ ਨੇ ਕਿਹਾ ਕਿ ਗੈਰਕਾਨੂੰਨੀ ਢੰਗ ਨਾਲ ਹੋਣ ਵਾਲੀ ਕਣਕ ਦੀ ਢੋਆ-ਢੁਆਈ ਰੋਕਣ ਲਈ 132 ਨਾਕੇ ਲਾਏ ਜਾ ਰਹੇ ਹਨ। ਇਨ੍ਹਾਂ ਵਿੱਚੋਂ 86 ਅੰਤਰਰਾਜੀ ਨਾਕੇ ਹਨ ਜਦੋਂਕਿ 46 ਸੂਬੇ ਦੇ ਅੰਦਰ ਲਾਏ ਗਏ ਹਨ, ਜਿਨ੍ਹਾਂ ’ਤੇ ਕੁੱਲ 1150 ਪੁਲੀਸ ਮੁਲਾਜ਼ਮ ਤਾਇਨਾਤ ਹਨ। ਉਨ੍ਹਾਂ ਦੱਸਿਆ ਕਿ ਪੁਲੀਸ ਨਾਕਿਆਂ ਦੀ ਨਿਗਰਾਨੀ ਲਈ ਏਡੀਜੀਪੀ ਐੱਮ ਐੱਫ ਫਾਰੂਕੀ ਨੂੰ ਤਾਇਨਾਤ ਕੀਤਾ ਹੈ। ਇਸ ਤੋਂ ਇਲਾਵਾ ਸਾਰੇ ਜ਼ਿਲ੍ਹਿਆਂ ਵਿੱਚ ਐੱਸਪੀ ਅਤੇ ਡੀਐੱਸਪੀ ਰੈਂਕ ਦੇ ਸੀਨੀਅਰ ਪੁਲੀਸ ਅਧਿਕਾਰੀਆਂ ਨੂੰ ਇਸ ਕੰਮ ਵਿੱਚ ਲਾਇਆ ਗਿਆ ਹੈ।
ਮੀਟਿੰਗ ਦੌਰਾਨ ਸਕੱਤਰ ਖ਼ੁਰਾਕ ਤੇ ਸਿਵਲ ਸਪਲਾਈ ਗੁਰਕੀਰਤ ਕਿਰਪਾਲ ਸਿੰਘ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਦੇ ਅਨੁਮਾਨ ਅਨੁਸਾਰ 135 ਲੱਖ ਮੀਟਰਿਕ ਟਨ ਕਣਕ ਲਈ ਪਹਿਲਾਂ ਹੀ ਪੁਖਤਾ ਪ੍ਰਬੰਧ ਕੀਤੇ ਜਾ ਚੁੱਕੇ ਹਨ। ਮੁੱਖ ਮੰਤਰੀ ਨੇ ਸਕੱਤਰ ਨੂੰ ਕਿਹਾ ਕਿ ਉਹ ਡਿਪਟੀ ਕਮਿਸ਼ਨਰਾਂ ਨੂੰ ਵਿਸਥਾਰਤ ਨਿਰਦੇਸ਼ ਜਾਰੀ ਕਰਨ ਕਿ ਉਹ ਵੱਖ-ਵੱਖ ਖਰੀਦ ਏਜੰਸੀਆਂ ਦੇ ਜ਼ਿਲ੍ਹਾ ਮੈਨੇਜਰਾਂ, ਖੁਰਾਕ ਤੇ ਸਿਵਲ ਸਪਲਾਈ ਦੇ ਅਧਿਕਾਰੀਆਂ ਅਤੇ ਕਿਸਾਨਾਂ ਦੇ ਸਥਾਨਕ ਨੁਮਾਇੰਦਿਆਂ ਨਾਲ-ਨਾਲ ਸਲਾਹ-ਮਸ਼ਵਰਾ ਕਰਕੇ ਆਪੋ-ਆਪਣੇ ਜ਼ਿਲ੍ਹਿਆਂ ’ਚ ਖ਼ਰੀਦ ਦੀ ਪ੍ਰਗਤੀ ’ਤੇ ਨਜ਼ਰ ਰੱਖਣ ਲਈ ਨਿਯਮਤ ਤੌਰ ’ਤੇ ਮੰਡੀਆਂ ਦਾ ਦੌਰਾ ਕਰਦੇ ਰਹਿਣ।
ਸ੍ਰੀ ਮਾਨ ਨੇ ਸਾਰੇ ਜ਼ਿਲ੍ਹਿਆਂ ਵਿੱਚ ਨਸ਼ਾ ਛੁਡਾਊ ਤੇ ਮੁੜ ਵਸੇਬਾ ਕੇਂਦਰ ਇੱਕ ਮਹੀਨੇ ਵਿੱਚ ਸ਼ੁਰੂ ਅਤੇ ਅਪਗ੍ਰੇਡ ਕਰਨ ਦਾ ਟੀਚਾ ਦਿੱਤਾ ਤਾਂ ਕਿ ਨੌਜਵਾਨਾਂ ਦਾ ਸਹੀ ਢੰਗ ਨਾਲ ਮੁੜ ਵਸੇਬਾ ਕੀਤਾ ਜਾ ਸਕੇ। ਉਨ੍ਹਾਂ ਡਿਪਟੀ ਕਮਿਸ਼ਨਰਾਂ ਨੂੰ ਆਪਣੀ ਡਿਊਟੀ ਬਿਨਾਂ ਕਿਸੇ ਸਿਆਸੀ ਦਬਾਅ ਤੋਂ ਪੂਰੀ ਕਾਬਲੀਅਤ ਨਾਲ ਕਰਨ ਦੀ ਖੁੱਲ੍ਹ ਦਿੱਤੀ।
ਕਿਸਾਨਾਂ ਨੂੰ ਝੋਨੇ ਦੀ ਰਵਾਇਤੀ ਪ੍ਰਣਾਲੀ ਦੀ ਥਾਂ ਸਿੱਧੀ ਬਿਜਾਈ ਲਈ ਪ੍ਰੇਰਿਆ ਜਾਵੇਗਾ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਧਰਤੀ ਹੇਠਲੇ ਪਾਣੀ ਦੇ ਤੇਜ਼ੀ ਨਾਲ ਡਿੱਗ ਰਹੇ ਪੱਧਰ ’ਤੇ ਚਿੰਤਾ ਜ਼ਾਹਰ ਕਰਦਿਆਂ ਵਿੱਤ ਕਮਿਸ਼ਨਰ ਖੇਤੀਬਾੜੀ ਡੀ ਕੇ ਤਿਵਾੜੀ ਨੂੰ ਨਿਰਦੇਸ਼ ਦਿੱਤੇ ਕਿ ਉਹ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਨਾਲ ਮਿਲ ਕੇ ਆਪਣੇ ਜ਼ਿਲ੍ਹਿਆਂ ਵਿੱਚ ਜ਼ੋਰਦਾਰ ਮੁਹਿੰਮ ਚਲਾਉਣ ਲਈ ਆਖਣ ਤਾਂ ਜੋ ਕਿਸਾਨਾਂ ਨੂੰ ਝੋਨੇ ਦੀ ਬਿਜਾਈ ਰਵਾਇਤੀ ਪ੍ਰਣਾਲੀ ਦੀ ਥਾਂ ਸਿੱਧੀ ਬਿਜਾਈ ਲਈ ਜਾਗਰੂਕ ਕੀਤਾ ਜਾ ਸਕੇ। ਇਹ ਨਵੀਂ ਤਕਨੀਕ ਸੂਬੇ ’ਚ ਪਾਣੀ ਦੇ ਡਿੱਗਦੇ ਪੱਧਰ ਨੂੰ ਕਾਫ਼ੀ ਹੱਦ ਤੱਕ ਕਾਬੂ ਕਰਨ ਵਿੱਚ ਮਦਦ ਕਰੇਗੀ।
ਮੁੱਖ ਮੰਤਰੀ ਵੱਲੋਂ ‘ਬਿਹਤਰੀਨ ਕਾਰਗੁਜ਼ਾਰੀ ਐਵਾਰਡ’ ਦਾ ਐਲਾਨ
ਮੁੱਖ ਮੰਤਰੀ ਨੇ ਸੂਬੇ ਵਿੱਚ ਸਭ ਤੋਂ ਵਧੀਆਂ ਕਾਰਗੁਜ਼ਾਰੀ ਦਿਖਾਉਣ ਵਾਲੇ ਡਿਵੀਜ਼ਨਲ ਕਮਿਸ਼ਨਰਾਂ, ਡਿਪਟੀ ਕਮਿਸ਼ਨਰਾਂ, ਜ਼ਿਲ੍ਹਾ ਪੁਲੀਸ ਮੁਖੀਆਂ, ਐੱਸਡੀਐੱਮਜ਼ ਤੇ ਹੋਰ ਖੇਤਰੀ ਅਧਿਕਾਰੀਆਂ ਲਈ ‘ਬਿਹਤਰੀਨ ਕਾਰਗੁਜ਼ਾਰੀ ਐਵਾਰਡ’ ਨਾਲ ਸਨਮਾਨਿਤ ਕਰਨ ਦਾ ਐਲਾਨ ਕੀਤਾ ਹੈ।