*ਨੇਕੀ ਕਰ ਦਰਿਆ ਵਿੱਚ ਸੁੱਟ *

(ਬਲਰਾਜ ਚੰਦੇਲ ਜੰਲਧਰ)

(ਸਮਾਜ ਵੀਕਲੀ)

ਹੋਣਾ ਕੋਈ 1980-82ਦੇ ਨੇੜੇ ਤੇੜੇ ਦਾ ਸਾਲ , ਦਫ਼ਤਰ ਵਿੱਚ ਅਸੀਂ ਚਾਰ ਪੰਜ ਮੈਡਮਾਂ ਵਿਆਹੀਆਂ ਹੋਈਆਂ ਸੀ ਤੇ ਬਾਕੀ ਸਾਰੀਆਂ ਕੁਆਰੀਆਂ। ਦੁਪਹਿਰੇ ਲੰਚ ਟਾਇਮ ਸੱਭ ਇਕੱਠੀਆਂ ਖਾਣਾ ਖਾਂਦੀਆਂ, ਖੂਬ ਸ਼ੁਗਲ ਚੱਲਦਾ। ਇੱਕ ਮੈਡਮ ਮੇਰਠ ਦੀ ਹਿੰਦੀ ਤੇ ਪੰਜਾਬੀ ਰਲੀ ਮਿਲੀ ਬੋਲਦੀ ਤਾਂ ਉਸ ਦੀਆਂ ਲੱਪ ਲੱਪ ਸੁਰਮੇਂ ਨਾਲ ਭਰੀਆਂ ਅੱਖਾਂ ਸਾਰਿਆਂ ਨੂੰ ਹਸਾ ਹਸਾ ਕੇ ਵੱਖੀਆਂ ਦੋਹਰੀਆਂ ਕਰ ਦਿੰਦੀਆਂ।

ਇੱਕ ਦਿਨ ਖਾਣਾ ਖਾਦੇ ਬਿਨਾਂ ਬੈਠੇ ਬੈਠੇ ਰੋਈ ਜਾਏ ਤੇ ਬੋਲੀ ਜਾਏ—ਅਪਣੇ ਆਪ ਨੂੰ ਸਮੱਝਦਾ ਕੀ ਆ,ਜੇ ਵੱਟ ਨਾ ਕਢਾੱਅ ਤੇ ਤਾਂ ਮੈਂ ਵੀ ਅਪਣੇ ਪਿਉ ਦੀ ਨਹੀਂ ,ਓਥੋਂ ਮੇਰਠ ਤੋਂ ਤਰੀਕਾ ਭੁਗਤਾਊਂ ।ਅਸੀਂ ਸਾਰੀਆਂ ਹੈਰਾਨ , ਬਈ ਇਹ ਕੀ ਹੋ ਗਿਆ ,ਕਿਤੇ ਕੋਈ ਸਟਾਫ਼ ਨਾਲ ਜਾਂ ਅਫ਼ਸਰ ਨਾਲ ਪੰਗਾ ਤੇ ਨਹੀਂ ਹੋ ਗਿਆ।ਬੜੀ ਮੁਸ਼ਕਿਲ ਨਾਲ ਚੁੱਪ ਕਰਾਇਆ ਤੇ ਮਨਾਅ ਕੇ ਰੋਟੀ ਖੁਆਈ।ਫਿਰ ਪੁੱਛਿਆ ਤਾਂ ਪਤਾ ਲੱਗਿਆ ਕਿ ਦਫ਼ਤਰ ਵਿੱਚ ਇੱਕ ਸਟਾਫ਼ ਮੈਂਬਰ ਦੇ ਘਰ ਵਿਆਹ ਸੀ ਉਸਨੇ ਵਿਆਹ ਦਾ ਕਾਰਡ ਉਸਨੂੰ ਦਿੱਤਾ (ਉਸ ਨਾਲ ਜਿਆਦਾ ਬਣਦੀ ਸੀ )ਪਰ ਉੱਪਰ ਨਾਂਅ ਸਿਰਫ਼ ਉਸਦਾ ਲਿਖ ਦਿੱਤਾ, ਉਸਦੇ ਪਤੀ ਦਾ ਨਹੀਂ ਲਿਖਿਆ।

ਘਰ ਵਿੱਚ ਪੈ ਗਿਆ ਕਲੇਸ਼ ਤੇ ਵੱਧਦਾ ਵੱਧਦਾ ਦੋ ਤਿੰਨਾ ਦਿਨਾਂ ਵਿੱਚ ਤੂੰ ਤੂੰ ਮੈਂ ਮੈਂ ਤੇ ਆ ਗਿਆ।ਰੋਣਾ ਧੋਣਾ ਬੰਦ ਹੋਇਆ ਤਾਂ ਗੁੱਬ ਗੁੱਬਾਰ ਤੋਂ ਪਤਾ ਲੱਗਿਆ ਬਈ ਹੁਣ ਨਾਲ ਨਹੀਂ ਰਹਿਣਾ,ਕੇਸ ਕਰਨਾ। ਸਾਰੀਆਂ ਸਹੇਲੀਆਂ ਭੈਣਾਂ ਇਕੱਠੀਆਂ ਹੋਕੇ ਉਸਦੇ ਨਾਲ ਉਸਦੇ ਘਰ ਗਈਆਂ ਤੇ ਬੋਲਣ ਸਮੱਝਾੳਣ ਦਾ ਜਿੰਮਾ ਦੋ ਤਿੱਨਾਂ ਦਾ ਲੱਗਾ। ਅਪਣੀ ਅਪਣੀ ਅਕਲ ਤੇ ਸਮਝ ਮੁਤਾਬਿਕ ਦੋ ਘੰਟੇ ਪ੍ਰਵਚਨ ਚੱਲੇ ਤੇ ਮਸਾਂ ਉਂਨਾ ਦੋਹਾਂ ਦਾ ਦਿਮਾਗ ਟਿਕਾਣੇ ਆਇਆ।

ਸੋਹਣੀ ਗੱਡੀ ਰਿੜੵ ਪਈ।ਸਟਾਫ਼ ਮੈਂਬਰ ਨੇ ਵੀ ਉਸਦੇ ਘਰ ਜਾਕੇ ਅਪਣੀ ਗਲਤੀ ਮੰਨ ਲਈ। ਚਾਰ ਪੰਜ ਦਿਨ ਬਾਦ ਮੈਡਮ ਦੇ ਪਤੀ ਦਫ਼ਤਰ ਆਏ ।ਪਤਾ ਲੱਗਣ ਤੇ ਅਸੀਂ ਫ਼ਟਾਫ਼ੱਟ ਬਾਹਰ ਆਈਆਂ ਤਾਂ ਸਾਹਮਣੇ ਇਕੱਲੀ ਹੀ ਤੁਰੀ ਆਵੇ।ਕਹਿੰਦੀ ਕਿ ਉਹ ਕਹਿੰਦਾ ਸੀ ਓਸ ਭੈਣਜੀ ( ਮੈਨੂੰ )ਨੂੰ ਮਿਲ ਕੇ ਧੰਨਵਾਦ ਕਰਨਾ, ਓਨਾਂ ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਤੇ ਸਾਡਾ ਪਰਿਵਾਰ ਉਜੜਣੋ ਬਚ ਗਿਆ। ਮੈਂ ਕਹਿ ਦਿੱਤਾ — ਅੱਜ ਓਹ ਛੁੱਟੀ ਤੇ ਹੈ ਤੇ ਉਨਾਂ ਨੂੰ ਬਾਹਰੋ ਹੀ ਤੋਰ ਦਿੱਤਾ।
ਮੈਨੂੰ ਬੜਾ ਅਜੀਬ ਲੱਗਿਆ ਤੇ ਪੁੱਛਿਆ ਬਈ ਕਿਉਂ?
ਕਹਿੰਦੀ ਮਸਾ ਟਿਕਾਣੇ ਆਇਆ ਕਿਤੇ ਐਂਵੇ ਨਾ ਹੁਣ ਨਵਾਂ ਪੰਗਾ ਪਾ ਲਵੇ।

ਬਲਰਾਜ ਚੰਦੇਲ ਜਲੰਧਰ।

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਇੱਕ ਰਚਨਾ
Next articleਪੁਨਰ ਜਨਮ ਨਹੀਂ ਸੀ