ਮੁੱਖ ਮੰਤਰੀ ਨੇ ਆਪਣਾ ਸੁਰੱਖਿਆ ਘੇਰਾ ਘਟਾਉਣ ਦਾ ਐਲਾਨ ਕਰਕੇ ਵੀ.ਆਈ.ਪੀ. ਕਲਚਰ ਦੇ ਖਾਤਮੇ ਦਾ ਮੁੱਢ ਬੰਨ੍ਹਿਆ

The Chief Minister Charanjit Singh Channi

ਮੈਂ ਤਾਂ ਆਪ ਆਮ ਇਨਸਾਨ ਅਤੇ ਹਰੇਕ ਪੰਜਾਬੀ ਦਾ ਭਰਾ ਹਾਂ-ਚੰਨੀ

ਕਪੂਰਥਲਾ (ਸਮਾਜ ਵੀਕਲੀ) ( ਕੌੜਾ)- ਪੰਜਾਬ ਦੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਆਪਣੇ ਆਪ ਨੂੰ ਆਮ ਇਨਸਾਨ ਅਤੇ ਹਰੇਕ ਪੰਜਾਬੀ ਦੇ ਭਰਾ ਦੱਸਦੇ ਹੋਏ ਕਿਹਾ ਕਿ ਉਨ੍ਹਾਂ ਨੇ ਸਰਕਾਰੀ ਕਾਰਜ ਪ੍ਰਣਾਲੀ ਵਿਚ ਵੀ.ਆਈ.ਪੀ. ਕਲਚਰ ਦੇ ਖਾਤਮੇ ਦਾ ਮੁੱਢ ਬੰਨ੍ਹ ਦਿੱਤਾ ਹੈ ਜਿਸ ਨਾਲ ਆਮ ਲੋਕਾਂ ਨੂੰ ਸਹੂਲਤ ਹਾਸਲ ਹੋਵੇਗੀ।

ਚੰਨੀ ਨੇ ਆਪਣੇ ਸੁਰੱਖਿਆ ਘੇਰੇ ਨੂੰ ਘਟਾਉਣ ਦਾ ਐਲਾਨ ਕਰਦੇ ਹੋਏ ਕਿਹਾ, “ਮੈਂ ਵੀ ਤੁਹਾਡੇ ਵਿੱਚੋਂ ਇਕ ਹਾਂ ਅਤੇ ਮੇਰੇ ਆਪਣੇ ਲੋਕਾਂ ਤੋਂ ਮੇਰੀ ਸੁਰੱਖਿਆ ਕਰਨ ਲਈ ਮੈਨੂੰ 1000 ਸੁਰੱਖਿਆ ਕਰਮੀਆਂ ਦੀ ਫੌਜ ਦੀ ਲੋੜ ਨਹੀਂ ਹੈ।”

ਇੱਥੇ ਆਈ.ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਿਖੇ ਆਪਣੇ ਸੰਬੋਧਨ ਵਿਚ ਮੁੱਖ ਮੰਤਰੀ ਨੇ ਕਿਹਾ, “ਜਦੋਂ ਮੈਂ ਆਪਣਾ ਅਹੁਦਾ ਸੰਭਾਲਣ ਤਾਂ ਮੈਨੂੰ ਦੱਸਿਆ ਗਿਆ ਕਿ 1000 ਸੁਰੱਖਿਆ ਜਵਾਨਾਂ ਦਾ ਦਸਤਾ ਮੇਰੀ ਹਿਫਾਜ਼ਤ ਲਈ ਹੋਵੇਗਾ।” ਇਸ ਨੂੰ ਸਰਕਾਰ ਦੇ ਵਸੀਲਿਆਂ ਦੀ ਘੋਰ ਬਰਬਾਦੀ ਦੱਸਦਿਆਂ ਉਨ੍ਹਾਂ ਕਿਹਾ ਕਿ ਇਸ ਕਵਾਇਦ ਨੂੰ ਚੱਲਣ ਨੂੰ ਆਗਿਆ ਨਹੀਂ ਦਿੱਤੀ ਜਾ ਸਕਦੀ ਕਿਉਂ ਜੋ ਕੁਝ ਵੀ ਪੰਜਾਬੀਆਂ ਲਈ ਨੁਕਸਾਨਦੇਹ ਹੋਵੇਗਾ, ਉਹ ਮੈਨੂੰ ਵੀ ਤਕਲੀਫ ਦੇਵੇਗਾ ਕਿਉਂਕਿ ਮੈਂ ਵੀ ਬਾਕੀ ਪੰਜਾਬੀਆਂ ਵਾਂਗ ਇਕ ਸਧਾਰਨ ਇਨਸਾਨ ਹਾਂ। ਸ. ਚੰਨੀ ਨੇ ਉਨ੍ਹਾਂ ਦੀ ਜ਼ਿੰਦਗੀ ਨੂੰ ਖ਼ਤਰਾ ਹੋਣ ਦੇ ਸਬੰਧ ਵਿਚ ਸੁਰੱਖਿਆ ਏਜੰਸੀਆਂ ਵੱਲੋਂ ਦਿੱਤੇ ਤਰਕ ਨੂੰ ਲਾਂਭੇ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਪੁਲੀਸ ਨੂੰ ਸੁਰੱਖਿਆ ਘਟਾਉਣ ਲਈ ਕਹਿ ਦਿੱਤਾ ਹੈ।

ਮੁੱਖ ਮੰਤਰੀ ਨੇ ਖੁਲਾਸਾ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਖ਼ੁਦ ਇਸ ਗੱਲ ਬਾਰੇ ਜਾਣ ਕੇ ਹੈਰਾਨੀ ਹੋਈ ਕਿ ਸੂਬੇ ਦੇ ਮੁਖੀ ਦੇ ਤੌਰ ਉਤੇ ਉਨ੍ਹਾਂ ਲਈ ਅਰਾਮਦਾਇਕ ਸਫਰ ਲਈ ਕਮਰੇ ਜਿੱਡੀ ਮਹਿੰਗੀ ਕਾਰ ਹੈ। ਇਸ ਕਾਰ ਦੀ ਕੀਮਤ 2 ਕਰੋੜ ਰੁਪਏ ਹੈ ਜੋ ਕਿ ਕਰਦਾਤਾਵਾਂ ਦੇ ਪੈਸੇ ਨਾਲ ਖਰੀਦੀ ਹੈ। ਸ. ਚੰਨੀ ਨੇ ਕਿਹਾ ਕਿ ਅਜਿਹੀ ਲਗਜ਼ਰੀ ਬੇਲੋੜੀ ਹੈ। ਜਿਸ ਦੀ ਉਨ੍ਹਾਂ ਨੂੰ ਕੋਈ ਇੱਛਾ ਨਹੀਂ ਅਤੇ ਇਹ ਫੰਡ ਲੋਕਾਂ ਖ਼ਾਸ ਕਰਕੇ ਕਮਜ਼ੋਰ ਤੇ ਲਿਤਾੜੇ ਹੋਏ ਲੋਕਾਂ ਦੀ ਭਲਾਈ ਲਈ ਖ਼ਰਚਿਆ ਜਾ ਸਕਦਾ।

ਮੁੱਖ ਮੰਤਰੀ ਨੇ ਅੱਗੇ ਬੋਲਦਿਆਂ ਕਿਹਾ ਕਿ ਉਹ ਸਾਦੀ ਰਹਿਣੀ ਤੇ ਉੱਚੇ ਵਿਚਾਰ ਰੱਖਣ ਵਿੱਚ ਵਿਸ਼ਵਾਸ ਰੱਖਦੇ ਹਨ, ਇਸ ਲਈ ਵੀ.ਆਈ.ਪੀ. ਸੱਭਿਆਚਾਰ ਹਰ ਕੀਮਤ ਉਤੇ ਖਤਮ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਉਹ ਲਗਜ਼ਰੀ ਜ਼ਿੰਦਗੀ ਜਿਉਣ ਦਾ ਸ਼ੌਕ ਰੱਖਣ ਦੀ ਬਜਾਏ ਪੰਜਾਬ ਦੇ ਲੋਕਾ ਦੀ ਸੇਵਾ ਕਰਨ ਵਿੱਚ ਵਿਸ਼ਵਾਸ ਰੱਖਦੇ ਹਨ।ਉਨ੍ਹਾਂ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਉਨ੍ਹਾਂ ਦੇ ਕਾਫ਼ਲੇ ਦੀਆਂ ਗੱਡੀਆਂ ਘਟਾਈਆਂ ਜਾਣ। ਸ. ਚੰਨੀ ਨੇ ਉਹ ਵੀ. ਆਈ. ਪੀ. ਨਹੀਂ ਸਗੋਂ ਸਾਧਾਰਨ ਪੰਜਾਬੀ ਹਾਂ ਅਤੇ ਕੋਈ ਵੀ ਉਨ੍ਹਾਂ ਨੂੰ ਕਿਸੇ ਵੀ ਸਮੇਂ ਮੋਬਾਈਲ ਉਤੇ ਕਾਲ ਕਰ ਸਕਦਾ ਹੈ ਅਤੇ ਉਹ ਲੋਕਾਂ ਦੀ ਸੇਵਾ ਲਈ 24 ਘੰਟੇ ਹਾਜ਼ਰ ਹਨ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਖੇਤੀ ਸੰਦਾਂ ’ਤੇ ਮਿਲਣ ਵਾਲੀ ਸਬਸਿਡੀ ’ਚ ਕਟੌਤੀ ਕਿਸਾਨੀ ਨਾਲ ਧ੍ਰੋਹ- ਕਰਮਜੀਤ ਕੌੜਾ
Next articleएम्पलाईज यूनियन द्वारा आर.सी..एफ सैमीनार आयोजित