ਚੰਡੀਗੜ੍ਹ (ਸਮਾਜ ਵੀਕਲੀ) ਭਾਜਪਾ ਨੇ ਪੰਜਾਬ ਵਿੱਚ ਆਪਣੇ ਜਥੇਬੰਦਕ ਢਾਂਚੇ ਦੇ ਗਠਨ ਤੋਂ ਬਾਅਦ ਪਾਰਟੀ ਦੀਆਂ ਅਹਿਮ ਕਮੇਟੀਆਂ ਵਿਚ ਵੀ ਨਿਯੁਕਤੀਆਂ ਦਾ ਐਲਾਨ ਕਰ ਦਿੱਤਾ ਹੈ। ਭਗਵਾ ਪਾਰਟੀ ਨੇ ਜਥੇਬੰਦਕ ਢਾਂਚੇ ਦੀ ਤਰਜ਼ ’ਤੇ ਹੀ ਕੋਰ ਕਮੇਟੀ ਅਤੇ ਹੋਰਨਾਂ ਕਮੇਟੀਆਂ ਵਿੱਚ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਭਾਜਪਾ ’ਚ ਸ਼ਾਮਲ ਹੋਣ ਵਾਲੇ ਆਗੂਆਂ ਨੂੰ ਨੁਮਾਇੰਦਗੀ ਦਿੱਤੀ ਹੈ। ਪਾਰਟੀ ਦੇ ਕੇਂਦਰੀ ਆਗੂਆਂ ਨੇ ਸੂਬਾਈ ਪ੍ਰਧਾਨ ਨੂੰ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਵਿੱਚ ਭਾਜਪਾ ਨੂੰ ਪੈਰਾਂ ਸਿਰ ਕਰਨ ਲਈ ਕਾਂਗਰਸ ਦੇ ਦੋ ਸਾਬਕਾ ਆਗੂਆਂ ਕੈਪਟਨ ਅਮਰਿੰਦਰ ਸਿੰਘ ਅਤੇ ਸੁਨੀਲ ਜਾਖੜ ਦੇ ਪ੍ਰਭਾਵ ਅਤੇ ਸਬੰਧਾਂ ਦਾ ਪੂਰਾ ਫਾਇਦਾ ਲੈਣ ਦੀ ਹਦਾਇਤ ਕੀਤੀ ਹੈ।
ਪੰਜਾਬ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਭਾਜਪਾ ਕੋਰ ਗਰੁੱਪ ਅਤੇ ਵਿੱਤ ਕਮੇਟੀ ਦੇ ਮੈਂਬਰਾਂ ਦਾ ਐਲਾਨ ਕਰਦਿਆਂ ਸੂਬਾਈ ਕੋਰ ਗਰੁੱਪ ਦੇ ਮੈਂਬਰਾਂ ਵਿੱਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸੁਨੀਲ ਜਾਖੜ, ਸੋਮ ਪ੍ਰਕਾਸ਼, ਅਵਿਨਾਸ਼ ਰਾਏ ਖੰਨਾ, ਰਾਣਾ ਗੁਰਮੀਤ ਸਿੰਘ ਸੋਢੀ, ਸਾਬਕਾ ਡੀਜੀਪੀ ਸਰਬਦੀਪ ਸਿੰਘ ਵਿਰਕ, ਮਨੋਰੰਜਨ ਕਾਲੀਆ, ਪ੍ਰੋ. ਰਜਿੰਦਰ ਭੰਡਾਰੀ, ਰਜਿੰਦਰ ਮੋਹਨ ਸਿੰਘ ਛੀਨਾ, ਜਸਵਿੰਦਰ ਢਿੱਲੋਂ, ਫਤਿਹਜੰਗ ਸਿੰਘ ਬਾਜਵਾ, ਵਿਜੇ ਸਾਂਪਲਾ, ਸ੍ਰੀਨਿਵਾਸਲੂ, ਸ਼ਵੇਤ ਮਲਿਕ, ਤੀਕਸ਼ਣ ਸੂਦ ਅਤੇ ਸੁਭਾਸ਼ ਸ਼ਰਮਾ ਨੂੰ ਸ਼ਾਮਲ ਕੀਤਾ ਹੈ। ਸੂਬਾਈ ਕੋਰ ਕਮੇਟੀ ਦੇ ਵਿਸ਼ੇਸ਼ ਇਨਵਾਇਟੀ ਮੈਂਬਰਾਂ ਵਿੱਚ ਕੌਮੀ ਮੀਤ ਪ੍ਰਧਾਨ ਸੌਦਾਨ ਸਿੰਘ, ਕੌਮੀ ਜਨਰਲ ਸਕੱਤਰ ਤਰੁਣ ਚੁੱਘ, ਸੰਸਦੀ ਬੋਰਡ ਤੋਂ ਇਕਬਾਲ ਸਿੰਘ ਲਾਲਪੁਰਾ, ਭਾਜਪਾ ਦੇ ਸੂਬਾ ਇੰਚਾਰਜ ਵਿਜੈ ਰੂਪਾਨੀ, ਸੂਬਾ ਸਹਿ-ਇੰਚਾਰਜ ਨਰਿੰਦਰ ਰੈਨਾ ਅਤੇ ਸਾਰੇ ਸੂਬਾਈ ਜਨਰਲ ਸਕੱਤਰ ਸਾਮਲ ਕੀਤੇ ਗਏ ਹਨ। ਸੂਬਾ ਵਿੱਤ ਕਮੇਟੀ ਦੇ ਮੈਂਬਰਾਂ ਵਿੱਚ ਮਨੋਰੰਜਨ ਕਾਲੀਆ, ਸੁਨੀਲ ਜਾਖੜ, ਤੀਕਸ਼ਣ ਸੂਦ, ਅਰਵਿੰਦ ਖੰਨਾ, ਸਰਬਜੀਤ ਸਿੰਘ ਮੱਕੜ, ਸਰੂਪ ਚੰਦ ਸਿੰਗਲਾ, ਪ੍ਰਵੀਨ ਬਾਂਸਲ, ਸੰਜੀਵ ਖੰਨਾ, ਗੁਰਦੇਵ ਸ਼ਰਮਾ (ਦੇਬੀ) ਸੰਯੋਜਕ ਸ਼ਾਮਲ ਹਨ।
ਭਾਜਪਾ ਵੱਲੋਂ ਕਾਂਗਰਸ ਦੇ ਜਿਨ੍ਹਾਂ ਸਾਬਕਾ ਆਗੂਆਂ ਨੂੰ ਜਥੇਬੰਦਕ ਢਾਂਚੇ ਵਿੱਚ ਵਿਸ਼ੇਸ਼ ਤਰਜੀਹ ਦਿੱਤੀ ਜਾ ਰਹੀ ਹੈ ਉਨ੍ਹਾਂ ਵਿੱਚ ਖਾਸ ਕਰਕੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਸ਼ਾਮਲ ਹਨ। ਭਾਜਪਾ ਆਗੂਆਂ ਦਾ ਕਹਿਣਾ ਹੈ ਕਿ ਪਾਰਟੀ ਵੱਲੋਂ ਐਤਕੀਂ ਕੀਤੀਆਂ ਨਿਯੁਕਤੀਆਂ ਵਿੱਚ ਆਰਐੱਸਐੱਸ ਦੀਆਂ ਸਿਫਾਰਸ਼ਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ, ਕਿਉਂਕਿ ਪਾਰਟੀ ਸੂਬੇ ਦੇ ਦਿਹਾਤੀ ਖੇਤਰ ਵਿੱਚ ਪੈਰ ਜਮਾਉਣਾ ਚਾਹੁੰਦੀ ਹੈ। ਭਾਜਪਾ ਵੱਲੋਂ ਸਿਰਫ ਪ੍ਰਧਾਨ ਦੀ ਕੁਰਸੀ ’ਤੇ ਹੀ ਜਨਸੰਘ ਦੇ ਪਿਛੋਕੜ ਵਾਲੇ ਆਗੂ ਨੂੰ ਬਿਠਾਇਆ ਗਿਆ ਹੈ। ਅਹੁਦੇਦਾਰਾਂ ਅਤੇ ਕਮੇਟੀਆਂ ਵਿੱਚ ਜਨ ਸੰਘ ਦਾ ਪਿਛੋਕੜ ਹੋਣ ਸਬੰਧੀ ਲਾਜ਼ਮੀ ਸ਼ਰਤ ਨਹੀਂ ਰੱਖੀ ਗਈ। ਭਾਜਪਾ ਆਗੂਆਂ ਦਾ ਮੰਨਣਾ ਹੈ ਕਿ ਹਾਲ ਦੀ ਘੜੀ ਪੰਜਾਬ ਦੇ ਦਿਹਾਤੀ ਖੇਤਰ ਵਿੱਚ ਭਗਵਾ ਪਾਰਟੀ ਨੂੰ ਸੂਬੇ ਦੀਆਂ ਹੋਰਨਾਂ ਰਵਾਇਤੀ ਪਾਰਟੀਆਂ ਖਾਸ ਕਰ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਬਰਾਬਰ ਦੀ ਤਰਜੀਹ ਨਹੀਂ ਦਿੱਤੀ ਜਾ ਰਹੀ। ਇਹੀ ਕਾਰਨ ਹੈ ਕਿ ਭਾਜਪਾ ਨੇ ਜਥੇਬੰਦਕ ਢਾਂਚੇ ਵਿੱਚ ਅਤੇ ਕੋਰ ਕਮੇਟੀ ਵਰਗੀਆਂ ਅਹਿਮ ਕਮੇਟੀਆਂ ਵਿੱਚ ਜੱਟ ਸਿੱਖ ਬਰਾਦਰੀ ਨਾਲ ਸਬੰਧਤ ਆਗੂਆਂ ਨੂੰ ਨਿਯੁਕਤੀਆਂ ਦਿੱਤੀਆਂ ਹਨ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly