ਸੋਸ਼ਲ ਮੀਡੀਆ ਦਾ ਬਿਊਟੀ ਪਾਰਲਰ (ਵਿਅੰਗ)

(ਸਮਾਜ ਵੀਕਲੀ)

ਸੋਸ਼ਲ ਮੀਡੀਆ ਦੇ ਬਿਊਟੀ ਪਾਰਲਰ ਦੇ ਸਾਹਮਣੇ ਤਾਂ ਦੁਨੀਆਂ ਦੇ ਵੱਡੇ ਵੱਡੇ ਬਿਊਟੀ ਪਾਰਲਰ ਵੀ ਫੇਲ੍ਹ ਹਨ। ਮੰਨਿਆ ਕਿ ਹਾਇਟੈਕ ਜ਼ਮਾਨਾ ਹੈ, ਉਸ ਦੇ ਨਾਲ ਤਾਂ ਤੁਰਨਾ ਹੀ ਪੈਣਾ ਹੈ,ਪਰ ਐਨੀ ਤਰੱਕੀ……! ਬਿਨ੍ਹਾਂ ਕੋਈ ਮਿਹਨਤ ਕੀਤੇ, ਬਿਨਾਂ ਕੋਈ ਪੈਸੇ ਖ਼ਰਚੇ, ਬਿਨਾਂ ਨ੍ਹਾਤਿਆਂ, ਬਿਨ੍ਹਾਂ ਮੇਕਅੱਪ ਦਾ ਸਾਮਾਨ ਖਰੀਦਿਆਂ ਤੁਸੀਂ ਆਪਣੇ ਆਪ ਨੂੰ ਦੁਨੀਆਂ ਸਾਹਮਣੇ ਆਪਣੀ ਰਾਜਿਆਂ ਰਾਣੀਆਂ ਵਰਗੀ ਖੂਬਸੂਰਤੀ ਦੀ ਨੁਮਾਇਸ਼ ਲਗਾ ਸਕਦੇ ਹੋ। ਜੀ ਹਾਂ,ਇਹ ਸਭ ਕੁਝ ਘਰ ਬੈਠੇ ਬਿਠਾਏ ਤੁਸੀਂ ਆਪਣੇ ਫੋਨ ਤੇ ਕਰਦੇ ਹੀ ਹੋਵੋਗੇ ਕਿ ਨਹੀਂ ਜਾਂ ਫਿਰ ਆਪਣਿਆਂ ਪਿਆਰਿਆਂ ਦੀਆਂ ਫੋਟੋਆਂ ਤੇ ਇਹ ਕਾਰਨਾਮੇ ਦੇਖਦੇ ਹੀ ਹੋਵੋਗੇ। ਕਈ ਵਾਰੀ ਤਾਂ ਸੋਸ਼ਲ ਮੀਡੀਆ ਤੇ ਆਪਣੇ ਆਪ ਦੀ ਫੋਟੋ ਦੇਖ ਕੇ ਸੋਹਣੇ ਹੋਣ ਦਾ ਗਰੂਰ ਜਿਹਾ ਹੋਣ ਲੱਗ ਜਾਂਦਾ ਹੈ ਪਰ ਸ਼ਿੰਗਾਰ ਘਰ ਵਿੱਚ ਪਿਆ ਸ਼ੀਸ਼ਾ ਦੰਦੀਆਂ ਚਿੜਾ ਕੇ ਫੇਰ ਸੱਚ ਬੋਲ ਕੇ ਉਹੀ ਗਰੂਰ ਢਹਿ ਢੇਰੀ ਕਰ ਦਿੰਦਾ ਹੈ।

ਇੱਕੀਵੀਂ ਸਦੀ ਵਿੱਚ ਤਾਂ ਸੋਸ਼ਲ ਮੀਡੀਆ ਨਾਲ਼ ਦੁਨੀਆ ਪੱਟੀ ਗਈ ਹੈ। ਇੱਕ ਵਾਰੀ ਦੀ ਗੱਲ ਐ ਕਿ ਇੱਕ ਮੁੰਡੇ ਨੂੰ ਕੁੜੀ ਨਾਲ ਫੇਸਬੁੱਕ ਤੇ ਇੱਕ ਦੂਜੇ ਦੀਆਂ ਸੋਹਣੀਆਂ ਸੋਹਣੀਆਂ ਫੋਟੋਆਂ ਦੇਖ ਕੇ ਪਿਆਰ ਹੋ ਗਿਆ। ਪਿਆਰ ਹੋਇਆ ਤਾਂ ਦੋਹਾਂ ਦਾ ਮਿਲਣ ਨੂੰ ਜੀਅ ਕੀਤਾ , ਸਮਾਂ ਤੇ ਥਾਂ ਨਿਸ਼ਚਿਤ ਕਰ ਲਿਆ ਗਿਆ। ਪਹਿਲਾਂ ਕੁੜੀ ਪਹੁੰਚੀ ਤੇ ਦਸ ਕੁ ਮਿੰਟ ਬਾਅਦ ਮੁੰਡਾ ਪਹੁੰਚ ਗਿਆ। ਦੋਵੇਂ ਕੋਲ਼ ਕੋਲ਼ ਖੜ੍ਹੇ ਕਿਸੇ ਦਾ ਦਸ ਪੰਦਰਾਂ ਮਿੰਟ ਇੰਤਜ਼ਾਰ ਕਰਦੇ ਰਹੇ। ਲੰਮਾ ਸਮਾਂ ਇੰਤਜ਼ਾਰ ਕਰਨ ਤੋਂ ਬਾਅਦ ਫਿਰ ਮੁੰਡੇ ਨੇ ਕੋਲ਼ ਖੜ੍ਹੀ ਕੁੜੀ ਨੂੰ ਆਪਣੀ ਫੇਸਬੁੱਕ ਖੋਲ੍ਹ ਕੇ ਫ਼ੋਟੋ ਦਿਖਾਉਂਦਿਆਂ ਕਿਹਾ ,” ਭੈਣ ਜੀ, ਤੁਸੀਂ ਇਸ ਕੁੜੀ ਨੂੰ ਇੱਥੇ ਦੇਖਿਆ ਹੈ?”

ਉਹ ਕੁੜੀ ਮੁੰਡੇ ਨੂੰ ਹੈਰਾਨ ਹੋ ਕੇ ਪੁੱਛਣ ਲੱਗੀ,”ਵੇ ਤੂੰ…. ! ਆਪਾਂ ਈ ਤਾਂ ਦੋਵਾਂ ਨੇ ਇੱਕ ਦੂਜੇ ਨੂੰ ਟਾਈਮ ਦਿੱਤਾ ਸੀ ਮਿਲਣ ਨੂੰ…..ਪਰ ਤੂੰ ਤਾਂ ਫੇਸਬੁੱਕ ਤੇ ਕਿੰਨਾ ਸੋਹਣਾ ਲੱਗਦੈਂ…..ਤੇਰੀ ਤਾਂ ਪਛਾਣ ਈ ਨੀ ਆਈ ਮੈਨੂੰ?” ਤੇ ਮੁੰਡਾ ਅੱਗੋਂ ਆਖਣ ਲੱਗਿਆ,”ਜੇ ਮੈਨੂੰ ਤੇਰੀ ਪਛਾਣ ਆਈ ਹੁੰਦੀ ਤਾਂ…. ਮੈਂ ਪਿਛਲੇ ਦਸ ਮਿੰਟਾਂ ਤੋਂ ਤੇਰੇ ਨਾਲ ਇੱਕੋ ਬੈਂਚ ਤੇ ਬੈਠਾ ਪਛਾਣ ਨਾ ਲੈਂਦਾ …..!” ਇਹੋ ਜਿਹੇ ਤਾਂ ਪਤਾ ਨਹੀਂ ਕਿੰਨੇ ਕੁ ਕਿੱਸੇ ਵਾਪਰਦੇ ਹਨ ਜਿਹਨਾਂ ਵਿੱਚ ਪ੍ਰੇਮ ਕਹਾਣੀਆਂ ਅਧਵਾਟੇ ਹੀ ਟੁੱਟ ਜਾਂਦੀਆਂ ਹਨ। ਇਹ ਤਾਂ ਕੁਝ ਵੀ ਨਹੀਂ, ਪਿੱਛੇ ਜਿਹੇ ਇੱਕ ਖ਼ਬਰ ਆਈ ਸੀ ਕਿ ਇੱਕ ਕੁੜੀ ਗੁਜਰਾਤ ਤੋਂ ਵਿਆਹ ਕਰਵਾਉਣ ਲਈ ਆਪਣੇ ਘਰਦਿਆਂ ਨੂੰ ਦੱਸੇ ਬਿਨਾਂ ਜਲੰਧਰ ਆ ਗਈ।ਇੱਥੇ ਆ ਕੇ ਜਦ ਦੇਖਿਆ ਕਿ ਮੁੰਡੇ ਦੀ ਫੇਸਬੁੱਕ ਤੇ ਦਿਖਣ ਵਾਲੀ ਚਮਕ ਦਮਕ ਵਾਲੀ ਜ਼ਿੰਦਗੀ ਤੋਂ ਅਸਲੀਅਤ ਦੀ ਦੁਨੀਆਂ ਬਿਲਕੁਲ ਵੱਖਰੀ ਹੀ ਸੀ ਤਾਂ ਉਸ ਨੇ ਪੁਲਿਸ ਦੀ ਮਦਦ ਨਾਲ ਵਾਪਸ ਆਪਣੇ ਮਾਂ ਬਾਪ ਕੋਲ ਜਾਣ ਦਾ ਫੈਸਲਾ ਲਿਆ।

ਅੱਜ ਕੱਲ੍ਹ ਸਨੈਪ ਚੈਟ, ਫੇਸਬੁੱਕ ਅਤੇ ਹੋਰ ਸੋਸ਼ਲ ਐਪਾਂ ਤੇ ਤੁਸੀਂ ਆਪਣੇ ਨੈਣ ਨਕਸ਼ , ਅੱਖਾਂ, ਰੰਗ ਰੂਪ,ਵਾਲ਼ਾਂ ਆਦਿ ਸਭ ਕੁਝ ਦੀ ਬਨਾਵਟ ਅਤੇ ਪਹਿਰਾਵੇ ਨੂੰ ਬਦਲ ਕੇ ਫੋਟੋ ਖਿੱਚ ਸਕਦੇ ਹੋ। ਚਾਹੇ ਸਿਰ ਤੇ ਵਾਲਾਂ ਵਾਲ਼ੇ ਗੰਜੇ ਹੋ ਜਾਵੋ ਚਾਹੇ ਗੰਜੇ ਪਟਿਆਂ ਵਾਲ਼ੇ ਹੋ ਜਾਣ , ਆਪਣੀਆਂ ਛੋਟੀਆਂ ਛੋਟੀਆਂ ਅੱਖਾਂ ਨੂੰ ਮੋਟੀਆਂ ਕਰ ਲਵੋ,ਬਰੈਂਡਡ ਐਨਕਾਂ ਲਾਵੋ, ਟੋਪੀਆਂ ਪਾਵੋ , ਸਿਰਾਂ ਤੇ ਫੁੱਲ ਸਜਾ ਲਵੋ, ਔਰਤਾਂ ਦੇ ਗਹਿਣੇ ਪਾ ਲਓ, ਅੱਖਾਂ ਬਿੱਲੀਆਂ ਕਰ ਲਵੋ , ਔਰਤਾਂ ਮੁੱਛਾਂ ਦਾੜ੍ਹੀ ਲਾ ਕੇ ਫੋਟੋਆਂ ਖਿੱਚ ਸਕਦੀਆਂ ਹਨ , ਜਵਾਕ ਬੁੱਢੇ ਬਣ ਜਾਣ ,ਬੁੱਢੇ ਜਵਾਨ ਬਣ ਜਾਵੋ,ਉਹ ਵੀ ਬਿਨਾਂ ਕੋਈ ਪੈਸੇ ਖ਼ਰਚੇ ,ਬਿਲਕੁਲ ਓਵੇਂ ਜਿਵੇਂ ਬਗੀਚੇ ਵਿੱਚ ਕਾਗ਼ਜ਼ ਦੇ ਫੁੱਲ ਲਾ ਕੇ ਸ਼ਿੰਗਾਰ ਲਿਆ ਜਾਵੇ,ਪਰ ਮਹਿਕ ਕਿੱਥੋਂ ਆਵੇਗੀ?

ਮੁੱਕਦੀ ਗੱਲ ਤਾਂ ਇਹ ਹੈ ਕਿ ਜਿਵੇਂ ਜਿਵੇਂ ਜ਼ਿੰਦਗੀ ਦੇ ਹੋਰ ਪੱਖਾਂ ਵਿੱਚ ਅਸਲੀਅਤ ਉੱਪਰ ਮਿਲਾਵਟ ਭਾਰੂ ਹੋ ਰਹੀ ਹੈ ਉਸੇ ਤਰ੍ਹਾਂ ਮਨੁੱਖ ਆਪਣੀ ਚੰਗੀ ਭਲੀ ਸੂਰਤ ਵਿੱਚ ਮਿਲਾਵਟ ਕਰਕੇ ਸੋਸ਼ਲ ਮੀਡੀਆ ਜ਼ਰੀਏ ਆਪਣੇ ਆਪ ਨੂੰ ਕੁਝ ਹੋਰ ਹੀ ਬਣਾ ਕੇ ਪੇਸ਼ ਕਰ ਰਿਹਾ ਹੈ। ਇਸ ਮਿਲਾਵਟ ਦੇ ਦੌਰ ਵਿੱਚ ਸੋਸ਼ਲ ਮੀਡੀਆ ਦੇ ਬਿਊਟੀ ਪਾਰਲਰ ਰਾਹੀਂ ਮਨੁੱਖ ਆਪਣੀ ਸੋਚ,ਦਿੱਖ ਅਤੇ ਆਚਰਣ ਵਿੱਚ ਮਿਲਾਵਟ ਕਰਕੇ ਆਪਣੇ ਨਾਲ ਨਾਲ ਕਈ ਹੋਰ ਜ਼ਿੰਦਗੀਆਂ ਤੇ ਭਾਰੂ ਪੈ ਰਿਹਾ ਹੈ। ਇਸ ਕਰਕੇ ਸੋਸ਼ਲ ਮੀਡੀਆ ਦੇ ਬਿਊਟੀ ਪਾਰਲਰ ਨੂੰ ਭਾਈ ਚਾਹੇ ਰੋਜ਼ ਵਰਤੋ ਪਰ ਇੱਕ ਦੋ ਵਾਰ ਸ਼ੀਸ਼ਾ ਦੇਖ ਕੇ ਆਪਣੀ ਅਸਲੀਅਤ ਨੂੰ ਵੀ ਯਾਦ ਰੱਖਣਾ ਨਾ ਭੁੱਲਿਓ।
ਰੱਬ ਰਾਖਾ

ਬਰਜਿੰਦਰ ਕੌਰ ਬਿਸਰਾਓ
9988901324

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੰਗੀਤ ਦੀ ਤੁਰਦੀ ਫਿਰਦੀ ਯੂਨੀਵਰਸਿਟੀ ਵਜੋਂ ਜਾਣੇ ਜਾਂਦੇ ਭੋਲਾ ਯਮਲਾ ਨੂੰ ਮਿਲੇਗਾ ਸਟੇਟ ਐਵਾਰਡ ਅੱਜ..
Next articleRSS leaders urge Centre to restore old pension scheme, raise import duty