“ਸੱਸੇ” ਅੱਖ਼ਰ ਤੇ “ਸੱਸੇ” ਨਾਲ ਸ਼ੁਰੂ ਹੋਣ ਵਾਲੇ ਸ਼ਬਦਾਂ ਦਾ ਸੁਹੱਪਣ!

(ਜਸਪਾਲ ਜੱਸੀ)
(ਸਮਾਜ ਵੀਕਲੀ) ਸਾਹਿਤ ਦਾ ਕੰਮ ਸੰਦੇਸ਼ ਦੇਣਾ ਹੀ ਨਹੀਂ,
ਸਗੋਂ ਸੇਧ,ਸੂਚਨਾ ਨੂੰ ਲੋਕਾਂ ਦੇ ਸੰਪਰਕ ਵਿਚ ਲਿਆ ਕੇ, ਸੁਨੇਹੇ ਨੂੰ ਸੁਦ੍ਰਿੜ ਕਰਨਾ ਵੀ ਹੈ ਤੇ ਨਾਲ ਹੀ ਸਾਹਿਤ ਦਾ ਕੰਮ ਸੋਹਣੇ ਸ਼ਬਦਾਂ ਨਾਲ ਸਮਾਜ ਨੂੰ ਸੁਨੇਹਾ ਲਗਾਉਣਾ ਹੈ।
ਪਤਾ ਨਹੀਂ ਕਿਉਂ ਜਦੋਂ ਇਹਨਾਂ ਸ਼ਬਦਾਂ ਨੂੰ ਲਿਖ ਰਿਹਾ ਸੀ ਤਾਂ “ਸ” ਨਾਲ ਸ਼ੁਰੂ ਹੋਣ ਵਾਲੇ ਇਹਨਾਂ ਸ਼ਬਦਾਂ ਨੇ ਮੈਨੂੰ ਇਹਨਾਂ “ਸ” ਨਾਲ ਸ਼ੁਰੂ ਹੋਣ ਵਾਲੇ ਸ਼ਬਦਾਂ ਦੀ ਸਾਰਥਿਕਤਾ ਦਾ ਕਿਉਂ ਖਿਆਲ ਆਇਆ। “ਸ” ਅੱਖ਼ਰ ਤੇ  “ਸ” ਤੋਂ ਸ਼ੁਰੂ ਹੋਣ ਵਾਲੇ ਜ਼ਿਆਦਾਤਰ ਸ਼ਬਦ ਹੀ ਸੁੰਦਰਤਾ ਦਾ ਪ੍ਰਤੀਕ ਕਿਉਂ ਹੁੰਦੇ ਹਨ। ਮੈਨੂੰ ਇਹਨਾਂ ਸ਼ਬਦਾਂ ਨਾਲ ਜ਼ਿਆਦਾ ਹੀ ਪਿਆਰ ਹੈ।
ਪਤਾ ਨਹੀਂ ਜਦੋਂ ਸਵੇਰ ਵੇਲੇ ਸੁਵਖਤੇ ਹੀ ਸੈਰ ਕਰਨ ਲਈ ਉੱਠੀਂਦਾ ਹੈ ਤਾਂ ਸੁਰਮਈ ਸ਼ਾਮਾਂ ਤੱਕ ਸੰਗੀਤ ਸੁਣਨ ਦੀ ਤਮੰਨਾ ਸ਼ਾਇਦ “ਸੱਸਾ” ਅੱਖ਼ਰ ਕਰ ਕੇ ਹੀ ਵਧਦੀ ਜਾਂਦੀ ਹੈ। ਸੱਚਮੁੱਚ ਹੀ ਜਦੋਂ ਮੈਂ ਆਪਣੇ ਸਿਖਿਆਰਥੀਆਂ ਨੂੰ ਸੁਲੇਖ ਲਿਖਣ ਲਈ ਪ੍ਰੇਰਿਤ ਕਰਦਾ ਉਦੋਂ ਮੇਰੇ ਦਿਮਾਗ਼ ਵਿਚ “ਸ” ਸ਼ਬਦ ਤੇ ਅੱਖਰਾਂ ਦਾ ਖ਼ਾਸ ਧਿਆਨ ਹੁੰਦਾ। ਉਹਨਾਂ ਨੂੰ ਸੋਹਣਾ,ਸੁੰਦਰ ਤੇ ਸਪੱਸ਼ਟ ਲਿਖਣ ਲਈ ਕਹਿੰਦਿਆਂ “ਸ” ਸ਼ਬਦ ਨੂੰ ਵੱਖ ਵੱਖ ਅੰਦਾਜ਼ ਵਿਚ ਲਿਖ ਕੇ ਸਮਝਾਉਂਦਿਆਂ, ਸੋਹਣੀ ਲਿਖਾਈ ਦੇ ਨਾਲ ਕਿਸੇ ਸੁੰਦਰ ਸੁਨੇਹੇ ਦੀ ਹੀ ਉਡੀਕ ਵੀ ਹੁੰਦੀ ਹੈ। ਸ਼ਰਮਾਕਲ ਬੱਚੇ ਹੋਰ ਵੀ ਪਿਆਰੇ ਲੱਗਦੇ।
ਸੋਹਣੀ,ਸੱਸੀ ਤੇ ਸਹਿਬਾਂ ਦੇ ਕਿੱਸਿਆਂ ਵਾਂਗ।
ਇਹ ਸਾਰਾ ਕੰਮ ਸੁਚੇਤ ਪੱਧਰ ਤੇ ਹੁੰਦਾ ਹੈ। ਕੁਝ ਸੋਹਣੇ,ਸੁੰਦਰ,ਸੁਸ਼ੀਲ ਸ਼ਬਦਾਂ ਦਾ ਸੁਮੇਲ ਤੁਹਾਨੂੰ ਆਪਣੇ ਵੱਲ ਸੈਨਤਾਂ ਮਾਰ-ਮਾਰ ਬੁਲਾਉਂਦਾ ਹੈ।
“ਸੱਸਾ” ਅੱਖ਼ਰ ਨਾਲ ਸ਼ੁਰੂ ਹੁੰਦੇ ਸੱਸੀ, ਸੋਹਣੀ,ਸਹਿਬਾਂ,ਸੁਨੈਨਾ,ਸਾਕਸ਼ੀ,ਸੁਰਖ਼ਾਬ, ਸੁਰਜੀਤ,ਮੈਨੂੰ ਸੰਤਰੀ ਰੰਗ ਵਾਂਗ ਖਿੱਚ੍ਹਦੇ ਹਨ
ਗੁਰਬਾਣੀ ਦੇ ਸ਼ਬਦ “ਸਜਣ ਸੁਹੇਲੇ” ਦੇ ਅਰਥਾਂ ਵਾਂਗ। ਬਾਕੀ ਤੁਹਾਡਾ ਕੀ ਖ਼ਿਆਲ ਹੈ
ਇਸ “ਸੱਸਾ” ਅੱਖ਼ਰ ਤੇ ਸੱਸੇ ਨਾਲ ਸ਼ੁਰੂ ਹੋਣ ਵਾਲੇ ਸ਼ਬਦਾਂ ਬਾਰੇ।
ਹੁਣ ਇਸ ਵਾਰਤਕ ਵਿਚ ਸੱਸੇ ਨਹੀਂ ਗਿਣਨੇ।
(ਜਸਪਾਲ ਜੱਸੀ)

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬਟਵਾਰੇ ਦੇ ਦਰਦ ਨੂੰ ਮਹਿਸੂਸ ਕਰਦਿਆਂ ਲਿਖੀ ਇਕ ਕਾਫ਼ੀਆ ਗ਼ਜ਼ਲ।ਇਹ ਗ਼ਜ਼ਲ ਮੇਰੇ ਗ਼ਜ਼ਲ ਸੰਗ੍ਰਹਿ ‘ਅਧਖਿੜੇ ਗੁਲਾਬ’ ਵਿੱਚ ਸ਼ਾਮਲ ਹੈ।
Next article“ਤਰੱਕੀ”