ਭੋਗ ਸਮਾਗਮ ਤੇ ਵਿਸ਼ੇਸ਼
ਤੇਜਿੰਦਰ ਚੰਡਿਹੋਕ : ਜਦੋਂ ਕਿਸੇ ਦੀ ਸਖ਼ਸ਼ੀਅਤ ਅਮੀਰੀ-ਗ਼ਰੀਬੀ ਦੀ ਦੁਨਿਆਵੀ ਪਹਿਚਾਣ ਕਰਨੀ ਹੋਵੇ ਤਾਂ ਉਸ ਵਿਅਕਤੀ ਦੇ ਪਹਿਰਾਵੇ/ ਕਪੜਿਆਂ ਦੀ ਬਹੁਤ ਵੱਡੀ ਭੂਮਿਕਾ ਹੁੰਦੀ ਹੈ। ਉਹਨਾਂ ਕਪੜਿਆਂ ਦੇ ਡਿਜ਼ਾਇਨ ਪਿੱਛੇ ਕਿਸੇ ਸੁਹਿਰਦ ਤੇ ਕਲਾਤਮਿਕ ਛੋਹਾਂ ਦੇਣ ਵਾਲੇ ਸੂਖ਼ਮ ਦਰਸ਼ੀ ਦਰਜ਼ੀ ਦੀ ਮਿਹਨਤ ਹੁੰਦੀ ਹੈ। ਇਸ ਪਿੱਛੇ ਇੱਕ ਮਨੋਵਿਗਿਆਨਕ ਸੱਚ ਵੀ ਹੈ ਕਿ ਕਿਸੇ ਵਿਅਕਤੀ ਦੇ ਕਪੜਿਆਂ ਦੇ ਰੰਗ ਚੋਣ ਅਤੇ ਉਸਦੀ ਬਣਤਰ ਅਤੇ ਬੁਣਾਈ ਉਸ ਵਿਅਕਤੀ ਦੀ ਸਮੁੱਚੀ ਸਖ਼ਸ਼ੀਅਤ ਨੂੰ ਉਘਾੜਦੀ ਹੈ। ਸਦੀਆਂ ਤੋਂ ਖ਼ੁਸ਼ੀ-ਗ਼ਮੀ ਦੇ ਸਮਾਗਮਾਂ ਵੇਲੇ ਵੀ ਕਪੜਿਆਂ ਵਿੱਚ ਵੰਨ-ਸੁਵੰਨਤਾ ਦਿਸਦੀ ਹੈ। ਜਨਮ ਤੋਂ ਮੌਤ ਤੱਕ ਦੇ ਰੀਤੀ ਰਿਵਾਜ਼ਾਂ ਵਿੱਚ ਟੇਲਰਿੰਗ ਦਾ ਵਿਸ਼ੇਸ਼ ਸਥਾਨ ਹੈ।
ਜਦੋਂ ਕਿਸੇ ਵਿਅਕਤੀ ਦੇ ਲਈ ਕਪੜੇ ਦੀ ਸਿਲਾਈ ਕਰਨੀ ਹੋਵੇ ਤਾਂ ਟੇਲਰ ਮਾਸਟਰ ਲਈ ਉਸ ਵਿਅਕਤੀ ਦੇ ਕਪੜੇ ਦੇ ਮੇਚੇ ਕਟਾਈ ਅਤੇ ਸਿਲਾਈ ਤੱਕ ਉਸਦੇ ਸਰੀਰਕ ਢਾਂਚੇ ਨੂੰ ਆਪਣੇ ਚੇਤੇ ’ਚ ਵਸਾ ਕੇ ਰੱਖਣਾ ਹੀ ਉਸ ਲਈ ਅਸਲੀ ਟੇਲਰਿੰਗ ਉਸਤਾਦੀ ਹੈ। ਅਜਿਹੀ ਟੇਲਰਿੰਗ ਉਸਤਾਦੀ ਦੇ ਮਾਲਕ ਸਨ-ਜਸਵੰਤ ਸਿੰਘ ਬੇਦੀ ਜਿਨ੍ਹਾਂ ਦਾ ਟੇਲਰਿੰਗ ਰੁਜ਼ਗਾਰ ਲਗਭੱਗ ਸਾਢੇ ਸੱਤ-ਅੱਠ ਦਹਾਕਿਆਂ ਤੱਕ ਫੈਲਿਆ ਹੋਇਆ ਸੀ। ਉਹਨਾਂ ਨੂੰ 18 ਮਾਰਚ 2023 ਦੀ ਦਰਮਿਆਨੀ ਅਭਾਗੀ ਰਾਤ ਨੂੰ ਕੁਦਰਤ ਨੇ ਸਾਡੇ ਤੋਂ ਖੋਹ ਲਿਆ ਹੈ। ਉਸ ਸਮੇਂ ਉਹਨਾਂ ਦੀ ਉਮਰ 94 ਸਾਲ ਸੀ। ਉਹਨਾਂ ਨੇ ਆਪਣੇ ਕਰੀਬ ਸਾਢੇ ਨੌਂ ਦਹਾਕੇ ਕਲਾਤਮਿਕ ਢੰਗ ਨਾਲ ਟੇਲਰਿੰਗ ਦਾ ਫ਼ਰਜ ਨਿਭਾਇਆ।
ਉਹ ਚਾਰ ਭੈਣਾਂ ਦੇ ਇਕਲੌਤੇ ਭਰਾ ਸਨ। ਤੰਗੀਆਂ-ਤੁਰਸ਼ੀਆਂ ਨਾਲ ਜੂਝੇ ਜਸਵੰਤ ਸਿੰਘ ਹੁਰਾਂ ਦੀ ਆਪਣੀ ਕਬੀਲਦਾਰੀ ਵੀ ਛੋਟੀ ਨਹੀਂ ਸੀ। ਉਹਨਾਂ ਦੀਆਂ ਵੀ ਤਿੰਨ ਲੜਕੀਆਂ ਅਤੇ ਇੱਕ ਲੜਕਾ ਆਪੋ-ਆਪਣੀ ਜ਼ਿੰਦਗੀ ਖੁਸ਼ਨੁਮਾ ਬਸ਼ਰ ਕਰ ਰਹੇ ਹਨ। ਉਹਨਾਂ ਆਪਣੀ ਕਬੀਲਦਾਰੀ ਨੂੰ ਚਲਾਉਣ ਲਈ ਲੰਮਾ ਸਮਾਂ ਬਹੁਤ ਜਦੋ-ਜਹਿਦ ਕੀਤੀ ਪਰ ਆਖ਼ਰੀ ਸਾਹ ਆਪਣੇ ਹੱਸਦੇ-ਖੇਡਦੇ ਪੋਤਿਆਂ-ਪੋਤੀਆਂ ਦੋਹਤੇ-ਦੋਹਤੀਆਂ ਦੇ ਹੱਥਾਂ ਵਿੱਚ ਲੰਘਾਏ। ਉਹ ਵੱਡੀ ਉਮਰ ਦੌਰਾਨ ਆਪਣੇ ਬੱਚਿਆਂ ਵਲੋਂ ਕੀਤੀ ਸੇਵਾ ਪੱਖੋਂ ਕੋਈ ਉਲਾਂਭਾ ਲੈ ਕੇ ਰੁਖ਼ਸਤ ਨਹੀਂ ਹੋਏ। ਆਖਰੀ ਦਮ ਤੱਕ ਬੱਚਿਆਂ ਨੇ ਸੇਵਾ ਕਰਨ ਦੀ ਕੋਈ ਕਸਰ ਨਹੀਂ ਛੱਡੀ।
ਆਪਣੇ ਬੱਚਿਆਂ ਨੂੰ ਪੜ੍ਹ੍ਹਾਈ ਦੇ ਖੇਤਰ ਵਿੱਚ ਉੱਚਾਈਆਂ ’ਤੇ ਪਹੁੰਚਾਉਣ ਵਿੱਚ ਉਹ ਪਿੱਛੇ ਨਹੀਂ ਰਹੇ। ਉੁਹਨਾਂ ਦਾ ਲੜਕਾ ਬਹੁਪੱਖੀ ਸਾਹਿਤਕਾਰ ਅਤੇ ਅਲੋਚਕ ਡਾ. ਭੁਪਿੰਦਰ ਸਿੰਘ ਬੇਦੀ ਪੜ੍ਹਾਈ ਦੇ ਖੇਤਰ ਵਿੱਚ ਉੱਚਾ ਮੁਕਾਮ ਰੱਖਦਾ ਹੈ। ਉਸਨੇ ਕਈ ਮਾਸਟਰ ਡਿਗਰੀਆਂ ਯੂ.ਜੀ.ਸੀ ਐਲ ਐਲ ਬੀ ਤੋਂ ਬਿਨਾਂ ਪੀ. ਐਚ ਡੀ ਦੀ ਡਿਗਰੀ ਹਾਸਲ ਕੀਤੀ। ਹੁਣ ਉਹ ਫੂਡ ਕਾਰਪੋਰੇਸ਼ਨ ਆਫ ਇੰਡੀਆਂ ਵਿਭਾਗ ਵਿਚੋਂ ਮੈਨੇਜਰ ਸੇਵਾ ਮੁਕਤ ਹੋਣ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਵਿਖੇ ਵਿਦਿਆਰਥੀਆਂ ਨੂੰ ਤਾਲੀਮ ਦੇ ਰਿਹਾ ਹੈ।
ਜਸਵੰਤ ਸਿੰਘ ਬੇਦੀ ਨੇ ਆਪਣੇ ਟੇਲਰਿੰਗ ਦੇ ਕਿੱਤੇ ਲਈ ਘਾਟ-ਘਾਟ ਦਾ ਪਾਣੀ ਪੀਤਾ ਸੀ। ਉਹਨਾਂ ਆਪ ਟੇਲਰਿੰਗ ਦੇੇ ਹੁਨਰ ਆਪਣੇ ਅਜ਼ੀਜ਼ ਸਿਖਿਆਰਥੀਆਂ ਨੂੰ ਸਿਖਾਏ। ਉਹਨਾਂ ਅਧੁਨਿਕ ਟੇਲਰਿੰਗ ਦੇ ਕਿੱਤੇ ਨੂੰ ਅਪਣਾਇਆ ਅਤੇ ਉਹਨਾਂ ਦੇ ਸ਼ਗਿਰਦ ਦੇਸ਼ਾਂ-ਵਿਦੇਸ਼ਾਂ ਵਿੱਚ ਉਹਨਾਂ ਦਾ ਨਾਂ ਰੋਸ਼ਨ ਕਰ ਰਹੇ ਹਨ। ਇਥੇ ਇਹ ਵੀ ਲਿਖਣਾ ਵਾਜਿਬ ਹੈ ਕਿ ਉਹਨਾਂ ਦੇ ਜੀਵਨ ’ਤੇ ਅਧਾਰਿਤ ਇੱਕ ਨਾਵਲ ‘ਸਾਥ ਪਰਿੰਦਿਆਂ ਦਾ’ ਪ੍ਰਸਿੱਧ ਗ਼ਜ਼ਲਗੋ ਬੂਟਾ ਸਿੰਘ ਚੌਹਾਨ ਨੇ ਪਾਠਕਾਂ ਦੀ ਝੋਲੀ ਪਾਇਆ ਹੈ ਜਿਸ ਵਿੱਚ ਉਹਨਾਂ ਬਾਰੇ ਸਾਰੀ ਜਾਣਕਾਰੀ ਮਿਲਦੀ ਹੈ। ਇੱਕ ਨਵੇਂ ਵਿਸ਼ੇ ’ਤੇ ਅਧਾਰਤ ਇਹ ਨਾਵਲ ਸਾਹਿਤਕ ਹਲਕਿਆਂ ਅਤੇ ਦਰਜ਼ੀ ਭਾਈਚਾਰੇ ਦੇ ਸੁਹਿਰਦ ਪਾਠਕਾਂ ਵਿੱਚ ਬਹੁਤ ਖ਼ੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਨਾਵਲ ਦਾ ਜਲਦੀ ਹੀ ਦੂਸਰਾ ਐਡੀਸ਼ਨ ਛਪ ਜਾਣਾ ਇਸ ਦਾ ਪ੍ਰੱਤਖ ਪ੍ਰਮਾਣ ਹੈ।
ਜਸਵੰਤ ਸਿੰਘ ਬੇਦੀ ਦੇ ਜੀਵਨ ਦੀ ਕਾਮਯਾਬੀ ਵਿੱਚ ਉਹਨਾਂ ਦੀ ਸੁਪੱਤਨੀ ਹਰਦਿਆਲ ਕੌਰ ਦਾ ਵੀ ਬਹੁਤ ਵੱਡਾ ਯੋਗਦਾਨ ਰਿਹਾ ਹੈ। ਜੇਕਰ ਉਹਨਾਂ ਦੇ ਜੀਵਨ ਦੀ ਘਾਲਣਾ ਦੀ ਗੱਲ ਕਰੀਏ ਤਾਂ ਚਾਹੇ ਉਹ ਪੜ੍ਹਾਈ ਵਿੱਚ ਹੁਸਿਆਰ ਸਨ ਪਰ ਘਰ ਦੀਆਂ ਮਜਬੂਰੀਆਂ ਕਾਰਨ ਉਹਨਾਂ ਨੂੰ ਚੌਥੀ ਜਮਾਤ ਪਾਸ ਕਰਨ ਤੋਂ ਬਾਅਦ ਸਕੂਲ ਤੋਂ ਹਟਾ ਲਿਆ ਗਿਆ। ਉਹਨਾਂ ਆਪਣੀ ਜ਼ਿੰਦਗੀ ਵਿੱਚ ਘਾਹ ਖੋਤਣ ਤੋਂ ਲੈ ਕੇ ਉੱਠਾਂ ਦੇ ਲੇਡੇ ਇੱਕਠੇ ਕਰਨ ਤੱਕ ਦੀ ਕਰੜੀ ਮੁਸ਼ਕਤ ਕੀਤੀ। ਫਿਰ ਫਰੀਦਕੋਟ ਤੋਂ ਇੱਕ ਰਿਸ਼ਤੇਦਾਰ ਉਨ੍ਹਾਂ ਨੂੰ ਦਰਜ਼ੀ ਦਾ ਕੰਮ ਸਿੱਖਣ ਲਈ ਉੱਥੇ ਲੈ ਗਈ। ਸ. ਇੰਦਰ ਸਿੰਘ (ਅਜ਼ਾਦੀ ਘੁਲਾਟੀਏ ਤੋਂ ਉਹਨਾਂ ਨੇ ਕੰਮ ਸਿੱਖਿਆ ਉਸ ਤੋਂ ਬਾਅਦ ਦਿੱਲੀ ਦੀ Çਂੲੱਕ ਨਾਮੀ ਫਰਮ ਵਿੱਚ 1948 ਮੋਂ 1953 ਤੱਕ ਕਟਰ ਦਾ ਕੰਮ ਕੀਤਾ।
ਫਿਰ ਉਹਨਾਂ ਦੇ ਰਿਸ਼ਤੇਦਾਰ ਭਰਾ ਸੁਚੇਤ ਸਿੰਘ ਬੇਦੀ ਉਹਨਾਂ ਨੂੰ ਬਰਨਾਲਾ ਲੈ ਆਇਆ ਜਿੱਥੇ ਉਹਨਾਂ ਨੇ ਟੇਲਰਿੰਗ ਦਾ ਨਵਾਂ ਅਧਿਆਇ ਸ਼ੁਰੂ ਕੀਤਾ ਅਤੇ ਉਦੋਂ ਤੋਂ ਹੁਣ ਤੱਕ ਟੇਲਰਿੰਗ ਦਾ ਹੁਨਰ ਬਰਨਾਲਾ ਦੀ ਫ਼ਿਜਾ ਵਿੱਚ ਗੂੰਜ ਰਿਹਾ ਹੈ। ਪਰ ਅਫਸੋਸ ਕਿ ਜਸਵੰਤ ਸਿੰਘ ਬੇਦੀ ਅੱਜ ਸਾਡੇ ਵਿੱਚ ਨਹੀਂ ਰਹੇ।
ਜਸਵੰਤ ਸਿੰਘ ਬੇਦੀ ਬਹੁਤ ਨਰਮ ਅਤੇ ਮਿਲਾਪੜੇ ਸੁਭਾਅ ਦੇ ਸਨ। ਉਹਨਾਂ ਦੀ ਯਾਦ ਹਮੇਸ਼ਾਂ ਦਿਲ ਵਿੱਚ ਵਸਦੀ ਰਹੇਗੀ।
ਰਿਟਾ. ਏ.ਐਸ.ਪੀ
ਪ੍ਰਧਾਨ ਲੇਖਕ ਪਾਠਕ ਸਾਹਿਤ ਸਭਾ
ਬਰਨਾਲਾ।
ਮੋਬ: 95010-00224
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly