ਚੰਡੀਗੜ੍ਹ (ਸਮਾਜ ਵੀਕਲੀ): ਆਮ ਆਦਮੀ ਪਾਰਟੀ ਪੰਜਾਬ ਨੇ ਅੱਜ ਆਗਾਮੀ ਪੰਜਾਬ ਚੋਣਾਂ ਲਈ ਆਪਣੇ 10 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ‘ਆਪ’ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ ਵੱਲੋਂ ਜਾਰੀ ਸੂਚੀ ਤੋਂ ਸਾਫ ਹੈ ਕਿ ਕਿਸੇ ਵੀ ਮੌਜੂਦਾ ਵਿਧਾਇਕ ਦਾ ਹਲਕਾ ਨਹੀਂ ਬਦਲਿਆ ਗਿਆ ਹੈ।
ਉਮੀਦਵਾਰ ਐਲਾਨਣ ਵਿਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਾਜ਼ੀ ਮਾਰੇ ਜਾਣ ਮਗਰੋਂ ਹੁਣ ‘ਆਪ’ ਨੇ ਵੀ ਪਹਿਲ ਸ਼ੁਰੂ ਕੀਤੀ ਹੈ। ‘ਆਪ’ ਵੱਲੋਂ ਉਮੀਦਵਾਰਾਂ ਦੇ ਅਗੇਤੇ ਐਲਾਨ ਪਿੱਛੇ ਸਿਆਸੀ ਮਜਬੂਰੀ ਦੱਸੀ ਜਾ ਰਹੀ ਹੈ। ਦੋ ਦਿਨ ਪਹਿਲਾਂ ਬਠਿੰਡਾ ਦਿਹਾਤੀ ਤੋਂ ‘ਆਪ’ ਵਿਧਾਇਕਾ ਰੁਪਿੰਦਰ ਰੂਬੀ ਨੇ ਕਾਂਗਰਸ ਦਾ ਪੱਲਾ ਫੜ ਲਿਆ ਹੈ ਅਤੇ ਲੰਘੇ ਕੱਲ੍ਹ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੌਰਾਨ ‘ਆਪ’ ਵਿਧਾਇਕ ਜਗਤਾਰ ਸਿੰਘ ਜੱਗਾ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਆਮ ਆਦਮੀ ਮੰਨ ਕੇ ਆਪਣੀ ਸਿਆਸੀ ਇੱਛਾ ਜ਼ਾਹਿਰ ਕਰ ਦਿੱਤੀ ਹੈ। ‘ਆਪ’ ਦੇ ਪੰਜਾਬ ਯੂਨਿਟ ਨੇ ਭਵਿੱਖ ’ਚ ਇਸ ਵਰਤਾਰੇ ਨੂੰ ਠੱਲਣ ਲਈ ਉਮੀਦਵਾਰਾਂ ਦਾ ਅਗੇਤਾ ਐਲਾਨ ਕੀਤਾ ਹੈ।
‘ਆਪ’ ਨੇ ਸੂਚੀ ਐਲਾਨ ਕੇ ਕਾਂਗਰਸ ’ਚ ਸ਼ਾਮਲ ਹੋਈ ਰੁਪਿੰਦਰ ਰੂਬੀ ਵੱਲੋਂ ਲਾਏ ਦੋਸ਼ਾਂ ਕਿ ‘ਆਪ’ ਦੇ ਕਈ ਵਿਧਾਇਕ ਨਵੇਂ ਹਲਕੇ ਲੱਭ ਰਹੇ ਹਨ, ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ ਕਿਉਂਕਿ 10 ਵਿਧਾਇਕਾਂ ਦੇ ਪੁਰਾਣੇ ਹਲਕੇ ਹੀ ਰਹਿਣਗੇ। ਕਾਂਗਰਸ ਦੀ ਸਿਆਸੀ ਨੀਅਤ ਨੂੰ ਦੇਖਦੇ ਹੋਏ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਤੋਂ ਹਰੀ ਝੰਡੀ ਲੈਣ ਮਗਰੋਂ ਉਮੀਦਵਾਰ ਐਲਾਨੇ ਗਏ ਹਨ।
ਸੂਚੀ ਅਨੁਸਾਰ ਗੜ੍ਹਸ਼ੰਕਰ ਤੋਂ ਜੈ ਕਿਸ਼ਨ ਰੋੜੀ, ਜਗਰਾਓਂ ਤੋਂ ਸਰਵਜੀਤ ਕੌਰ ਮਾਣੂਕੇ, ਨਿਹਾਲ ਸਿੰਘ ਵਾਲਾ ਤੋਂ ਮਨਜੀਤ ਬਿਲਾਸਪੁਰ, ਕੋਟਕਪੂਰਾ ਤੋਂ ਕੁਲਤਾਰ ਸਿੰਘ ਸੰਧਵਾਂ, ਤਲਵੰਡੀ ਸਾਬੋ ਤੋਂ ਬਲਜਿੰਦਰ ਕੌਰ, ਬੁਢਲਾਡਾ ਤੋਂ ਪ੍ਰਿੰਸੀਪਲ ਬੁੱਧ ਰਾਮ, ਦਿੜਬਾ ਤੋਂ ਹਰਪਾਲ ਸਿੰਘ ਚੀਮਾ, ਸੁਨਾਮ ਤੋਂ ਅਮਨ ਅਰੋੜਾ, ਬਰਨਾਲਾ ਤੋਂ ਗੁਰਮੀਤ ਸਿੰਘ ਮੀਤ ਹੇਅਰ, ਮਹਿਲ ਕਲਾਂ ਤੋਂ ਕੁਲਵੰਤ ਪੰਡੋਰੀ ‘ਆਪ’ ਉਮੀਦਵਾਰ ਹੋਣਗੇ।
ਭਗਵੰਤ ਮਾਨ ਦੇ ਦਸਤਖ਼ਤਾਂ ਹੇਠ ਸੂਚੀ ਜਾਰੀ
ਪਾਰਟੀ ਨੇ ਟਿਕਟਾਂ ਦੀ ਵੰਡ ’ਚ ਐਤਕੀਂ ‘ਆਪ’ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੂੰ ਅਧਿਕਾਰ ਦਿੱਤੇ ਹਨ ਜਿਸ ਤੋਂ ਕਈ ਸਿਆਸੀ ਸੰਕੇਤ ਮਿਲਦੇ ਹਨ। ਅੱਜ ਜਾਰੀ ਸੂਚੀ ਹੇਠ ਭਗਵੰਤ ਮਾਨ ਦੇ ਦਸਤਖਤ ਹਨ। ਇਸ ਤੋਂ ਪਹਿਲਾਂ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਸੂਚੀ ਜਾਰੀ ਕੀਤੀ ਜਾਂਦੀ ਸੀ। ਹੁਣ ਭਗਵੰਤ ਮਾਨ ਨੂੰ ਦਿੱਤੇ ਇਸ ਥਾਪੜੇ ਤੋਂ ‘ਆਪ’ ਦੀ ਪੰਜਾਬ ਯੂਨਿਟ ਦੇ ਹੌਸਲੇ ਵਧੇ ਹਨ। ਪਤਾ ਲੱਗਾ ਹੈ ਕਿ ਅਰਵਿੰਦ ਕੇਜਰੀਵਾਲ 18 ਨਵੰਬਰ ਦੇ ਨੇੜੇ ਪੰਜਾਬ ਦੇ ਇੱਕ ਦਿਨਾਂ ਦੌਰੇ ’ਤੇ ਆਉਣਗੇ।
ਸ਼੍ਰੋਮਣੀ ਅਕਾਲੀ ਦਲ ਨੇ ਦੋ ਹੋਰ ਉਮੀਦਵਾਰ ਐਲਾਨੇ
ਸ਼੍ਰੋਮਣੀ ਅਕਾਲੀ ਦਲ ਨੇ ਵੀ ਅੱਜ ਦੋ ਹੋਰ ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਪਾਰਟੀ ਵੱਲੋਂ ਜਾਰੀ ਫੈਸਲੇ ਅਨੁਸਾਰ ਪ੍ਰੇਮ ਸਿੰਘ ਚੰਦੂਮਾਜਰਾ ਘਨੌਰ ਤੋਂ ਪਾਰਟੀ ਦੇ ਉਮੀਦਵਾਰ ਹੋਣਗੇ ਜਦੋਂ ਕਿ ਸਰਦੂਲਗੜ੍ਹ ਤੋਂ ਦਿਲਰਾਜ ਸਿੰਘ ਭੂੰਦੜ ਨੂੰ ਮੁੜ ਉਮੀਦਵਾਰ ਬਣਾਇਆ ਗਿਆ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly