ਐੱਨਐੱਚਐੱਮ ਕਾਮਿਆਂ ਨੇ ਐਂਪਲਾਈਜ਼ ਵੈਲਫ਼ੇਅਰ ਐਕਟ ਦੀਆਂ ਕਾਪੀਆਂ ਸਾੜੀਆਂ

ਬਠਿੰਡਾ (ਸਮਾਜ ਵੀਕਲੀ):  ਸਿਹਤ ਵਿਭਾਗ ਦੇ ਐੱਨਐੱਚਐੱਮ ਕਰਮਚਾਰੀਆਂ ਵੱਲੋਂ ‘ਦਿ ਪੰਜਾਬ ਐਡਹਾਕ, ਕੰਟਰੈਕਚੂਅਲ, ਡੇਲੀ ਵੇਜਸ, ਟੈਂਪਰੇਰੀ ਵਰਕ ਚਾਰਜਡ ਅਤੇ ਆਊਟਸੋਰਸਡ ਐਂਪਲਾਈਜ਼ ਵੈਲਫੇਅਰ ਐਕਟ’ ਦੀਆਂ ਕਾਪੀਆਂ ਸਾੜ ਕੇ ਰੋਸ ਪ੍ਰਗਟਾਇਆ ਗਿਆ। ਪ੍ਰਦਰਸ਼ਨਕਾਰੀਆਂ ਦੇ ਆਗੂ ਨਰਿੰਦਰ ਬਠਿੰਡਾ ਨੇ ਪੰਜਾਬ ਸਰਕਾਰ ’ਤੇ ਦੋਸ਼ ਲਾਇਆ ਕਿ ਉਸ ਦਾ 36 ਹਜ਼ਾਰ ਕਰਮਚਾਰੀਆਂ ਨੂੰ ਰੈਗੂਲਰ ਕਰਨ ਦਾ ਸੁਨੇਹਾ ਨਿਰਾ ਝੂਠ ਦਾ ਪੁਲੰਦਾ ਹੈ ਕਿਉਂਕਿ ਇਸ ਐਕਟ ਵਿੱਚ ਮੁਲਾਜ਼ਮਾਂ ਨਾਲ ਬਹੁਤ ਵੱਡਾ ਧੋਖਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਐਕਟ ਰਾਹੀਂ ਸਿਹਤ ਵਿਭਾਗ ’ਚ ਕੇਂਦਰੀ ਸਕੀਮ ਅਧੀਨ ਕਰਦੇ ਐੱਨਐੱਚਐੱਮ ਕਾਮਿਆਂ ਨੂੰ ਅਣਗੌਲਿਆ ਕੀਤਾ ਗਿਆ ਹੈ। ਉਨ੍ਹਾਂ ਖੁਲਾਸਾ ਕੀਤਾ ਕਿ ਜਦੋਂ ਇਸ ਸਬੰਧੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਯੂਨੀਅਨ ਦੇ ਨੁਮਾਇੰਦਿਆਂ ਨੇ ਮੀਟਿੰਗ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਐੱਨਐੱਚਐੱਮ ਕਰਮਚਾਰੀ ਇਸ ਐਕਟ ਵਿੱਚ ਸ਼ਾਮਿਲ ਹਨ ਜਾਂ ਨਹੀਂ।

ਉਨ੍ਹਾਂ ਕਿਹਾ ਕਿ ਪਹਿਲੀਆਂ ਸਰਕਾਰਾਂ ਵਾਂਗ ਇਸ ਸਰਕਾਰ ਨੇ ਵੀ ਠੇਕਾ ਮੁਲਾਜ਼ਮਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਹੈ, ਜਿਸ ਕਾਰਨ ਸਮੁੱਚੇ ਐੱਨਐੱਚਐੱਮ ਕਰਮਚਾਰੀਆਂ ਵਿੱਚ ਰੋਸ ਹੈ। ਜ਼ਿਲ੍ਹਾ ਆਗੂ ਸੁਨੀਲ ਕੁਮਾਰ, ਮਨਫੂਲ ਸਿੰਘ, ਮਨਪ੍ਰੀਤ ਕੌਰ, ਮਮਤਾ ਸਚਦੇਵਾ, ਸੁਖਮੰਦਰ ਸਿੰਘ, ਕੇਸ਼ਵ ਗੁਰ, ਰੇਨੂੰ ਬਾਲਾ ਅਤੇ ਗੁਰਵਿੰਦਰ ਕੌਰ ਨੇ ਮੰਗ ਕੀਤੀ ਕਿ ਐੱਨਐੱਚਐੱਮ ਅਤੇ ਆਊਟਸੋਰਸ ਕਰਮਚਾਰੀਆਂ ਨੂੰ ਇਸ ਐਕਟ ਵਿੱਚ ਸ਼ਾਮਲ ਕਰਕੇ ਉਨ੍ਹਾਂ ਨੂੰ ਰੈਗੂਲਰ ਕੀਤਾ ਜਾਵੇ ਅਤੇ ਆਸ਼ਾ ਵਰਕਰਾਂ ਅਤੇ ਆਸ਼ਾ ਫੈਸਿਲੀਟੇਟਰਾਂ ਨੂੰ ਹਰਿਆਣਾ ਰਾਜ ਦੀ ਤਰਜ਼ ’ਤੇ ਬੱਝਵਾਂ ਮਾਣ ਭੱਤਾ ਜਾਰੀ ਕੀਤਾ ਜਾਵੇ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬੇਅਦਬੀ ਦੇ ਦੋਸ਼ੀ ਜਲਦੀ ਸਲਾਖ਼ਾਂ ਪਿੱਛੇ ਹੋਣਗੇ: ਰੰਧਾਵਾ
Next articleਆਮ ਆਦਮੀ ਪਾਰਟੀ ਨੇ ਅਗਾਮੀ ਚੋਣਾਂ ਲਈ 10 ਉਮੀਦਵਾਰ ਐਲਾਨੇ