ਬੀਬੀ ਜਗੀਰ ਕੌਰ ਨੂੰ ਮਿਲੀਆਂ 42 ਵੋਟਾਂ ਨੇ ਅਕਾਲੀ ਦਲ ਦੀ ‘ਆਪਾ’ ਬਚਾਉਣ ਦੀ ਚੁਣੌਤੀ ਕੀਤੀ ਹੋਰ ਵੱਡੀ

ਧਾਮੀ ਸਾਹਬ ਦੇ ਚੰਗੇ ਅਕਸ ਨੇ ਬਾਦਲ ਕੀਤੇ ਜਿਉਣ ਜੋਗੇ


ਮੋਗਾ/ਭਲੂਰ (ਬੇਅੰਤ ਗਿੱਲ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਹੋਰ ਆਹੁਦੇਦਾਰਾਂ ਦੀ ਸਾਲਾਨਾ ਚੋਣ ਲਈ ਬੀਤੇ ਦਿਨ ਹੋਏ ਜਨਰਲ ਇਜਲਾਸ ਦੌਰਾਨ ਅਕਾਲੀ ਦਲ ਬਾਦਲ ਧੜੇ ਦੇ ਵੱਲੋਂ ਉਮੀਦਵਾਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਮੁੜ ਪ੍ਰਧਾਨ ਚੁਣੇ ਜਾ ਚੁੱਕੇ ਹਨ। ਦੱਸ ਦੇਈਏ ਕਿ ਅਕਾਲੀ ਦਲ ਤੋਂ ਬਾਗੀ ਹੋ ਕੇ ਬੀਬੀ ਜਗੀਰ ਕੌਰ ਵਿਰੋਧੀ ਧਿਰ ਵਜੋਂ ਚੋਣ ਮੈਦਾਨ ਵਿਚ ਸਨ। ਉਹ 42 ਵੋਟਾਂ ਲੈ ਕੇ 62 ਵੋਟਾਂ ਪਿੱਛੇ ਰਹਿ ਗਏ। ਕੁੱਲ 157 ਵੋਟਾਂ ਸਨ, ਜਿੰਨਾ ਵਿੱਚੋਂ 104 ਵੋਟਾਂ ਹਰਜਿੰਦਰ ਸਿੰਘ ਧਾਮੀ ਨੂੰ ਚਲੀਆਂ ਗਈਆਂ, 42 ਵੋਟਾਂ ਬੀਬੀ ਜਗੀਰ ਕੌਰ ਦੀ ਝੋਲੀ ਜਾ ਡਿੱਗੀਆਂ ਅਤੇ 11 ਵੋਟਾਂ ਗ਼ੈਰ ਹਾਜ਼ਰ ਰਹੀਆਂ। ਭਾਵੇਂ ਕਿ ਧਾਮੀ ਸਾਹਬ ਦੇ ਪ੍ਰਧਾਨ ਚੁਣੇ ਜਾਣ ਨਾਲ ਅਕਾਲੀ ਦਲ ਦੀ ਇੱਜ਼ਤ ਬਰਕਰਾਰ ਰਹਿ ਗਈ ਹੈ ਪਰ ਸ਼੍ਰੋਮਣੀ ਕਮੇਟੀ ਦੀ ਚੋਣ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਲੇਖਾਂ ਦੀ ਲਿਖਾਰਨ ਬਣ ਗਈ ਹੈ।

ਇਸ ਚੋਣ ਨੇ ਅਕਾਲੀ ਦਲ ਬਾਦਲ ਦੇ ਲੇਖਾਂ ਵਿੱਚ ਲਕੀਰਾਂ ਮਾਰ ਦਿੱਤੀਆਂ ਹਨ ਕਿ ਪਾਰਟੀ ਦਾ ਸਿਆਸੀ ਭਵਿੱਖ ਕਿੱਧਰ ਨੂੰ ਜਾਵੇਗਾ। ਬੀਬੀ ਜਗੀਰ ਕੌਰ ਦੇ ਹੱਕ ਵਿਚ ਭੁਗਤਣ ਵਾਲੇ ਅਕਾਲੀ ਦੇ ਮੈਂਬਰ ਸਿੱਧਾ ਸਿੱਧਾ ਬਾਦਲਾਂ ਦੇ ਖਿਲਾਫ਼ ਭੁਗਤੇ ਹਨ। ਜਿੱਥੇ ਆਉਣ ਵਾਲੀਆਂ ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਵਿੱਚ ਅਕਾਲੀ ਦਲ ਨੂੰ ਵੱਡੀਆਂ ਦਿੱਕਤਾਂ ਦਾ ਦਰਪੇਸ਼ ਆਉਣਾ ਵੀ ਤਹਿ ਹੈ ,ਓਥੇ ਹੀ ਅਕਾਲੀ ਦਲ ਦੀ ਹੋਂਦ ਨੂੰ ਬਚਾਉਣ ਦੀ ਚੁਣੌਤੀ ਵੀ ਹੋਰ ਵੱਡੀ ਤੇ ਗਹਿਰੀ ਹੋ ਗਈ ਹੈ। ਇੱਥੇ ਅਕਾਲੀ ਦਲ ਦੀ ਥਾਵੇਂ ‘ਬਾਦਲਾਂ’ ਦੀ ਹੋਂਦ ਨੂੰ ਵਧੇਰੇ ਖ਼ਤਰਾ ਕਹਿਣਾ ਠੀਕ ਰਹੇਗਾ। ਸ਼੍ਰੋਮਣੀ ਅਕਾਲੀ ਦਲ ਤਾਂ ਸਿੱਖਾਂ ਦੀ ਸਿਰਮੌਰ ਜਥੇਬੰਦੀ ਹੈ, ਜਿਸਨੂੰ ਬਚਾਉਣ ਤੇ ਬਾਦਲਾਂ ਦੇ ਕਬਜ਼ੇ ਤੋਂ ਛੁਡਾਉਣ ਦੀਆਂ ਹਰ ਆਮ ਸਿੱਖ ਦੀਆਂ ਕੋਸ਼ਿਸ਼ਾਂ ਹਨ। ਇਸ ਗੱਲ ਨੂੰ ਪਾਸੇ ਰੱਖ ਕੇ ਜੇਕਰ ਅਕਾਲੀ ਦਲ ਬਾਦਲ ਦੇ ਸਿਆਸੀ ਭਵਿੱਖ ‘ਤੇ ਨਿਗ੍ਹਾ ਮਾਰੀ ਜਾਵੇ ਤਾਂ ਧੁੰਦ ਦੇ ਬੱਦਲ ਨਜ਼ਰ ਆਉਂਦੇ ਹਨ। ਦੂਜੇ ਪਾਸੇ ਦੇਖਿਆ ਜਾਵੇ ਤਾਂ ਹਾਲੇ ਕਾਫੀ ਸਮਾਂ ਚੋਣਾਂ ਵਿੱਚ ਰਹਿੰਦਾ ਹੈ। ਓਦੋਂ ਤੱਕ ਹੋ ਸਕਦਾ ਕਿ ਪਾਰਟੀ ਨਵੇਂ ਫੇਰ ਬਦਲ ਕਰਦਿਆਂ ਆਪਣੇ ਸਾਹ ਚਲਦੇ ਰੱਖ ਸਕੇ।

ਸਿਆਸੀ ਗਲਿਆਰਿਆਂ ਵਿੱਚ ਇਹ ਚਰਚਾ ਵੀ ਆਮ ਸੁਣਨ ਨੂੰ ਮਿਲਦੀ ਹੈ ਕਿ ਆਉਣ ਵਾਲਾ ਸਮਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਹੈ।ਵੇਖਿਆ ਜਾਵੇ ਤਾਂ ਅਕਾਲੀ ਦਲ ਪਿਛਲੇ ਲੰਬੇ ਸਮੇਂ ਤੋਂ ਨਿਰਾਸ਼ਾ ਦੇ ਦੌਰ ‘ਚੋਂ ਗੁਜ਼ਰ ਰਿਹਾ ਸੀ ਅਤੇ ਹਰਜਿੰਦਰ ਸਿੰਘ ਧਾਮੀ ਦੀ ਜਿੱਤ ਨੇ ਕਾਫੀ ਹੱਦ ਤੱਕ ਇਸ ਨਿਰਾਸ਼ਤਾ ਨੂੰ ਤੋੜਿਆ ਵੀ ਹੈ। ਇਹ ਕਹਿਣਾ ਬਿਲਕੁਲ ਦਰੁਸਤ ਰਹੇਗਾ ਕਿ ਧਾਮੀ ਸਾਹਬ ਦੇ ਸਾਫ ਸੁਥਰੇ ਅਕਸਰ ਨੇ ਬਾਦਲ ਜਿਉਣ ਜੋਗੇ ਕਰ ਦਿੱਤੇ ਹਨ। ਲਗਾਤਾਰ ਅਕਾਲੀ ਦਲ ਬਾਦਲ ਜ਼ਲੀਲ ਹੁੰਦਾ ਆ ਰਿਹਾ ਸੀ, ਇਸ ਜ਼ਲਾਲਤ ਤੋਂ ਨਿਕਲਣ ਲਈ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਉਮੀਦਵਾਰ ਐਲਾਨ ਕੇ ਹੀ ਚੰਗੇ ਕਾਰਜ ਦੀ ਸ਼ੁਰੂਆਤ ਕਰ ਲਈ ਸੀ, ਕਿਉਂਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਭਾਵੇਂ ਬਾਦਲਾਂ ਦੇ ਪਾਲੇ ਦੀ ਗੇਂਦ ਹੈ, ਫਿਰ ਵੀ ਉਹਨਾਂ ਸਿੱਖ ਸਿਧਾਂਤਾਂ ਦਾ ਸਤਿਕਾਰ ਬਰਕਰਾਰ ਰੱਖਿਆ ਅਤੇ ਹਰ ਮਸਲੇ ਨੂੰ ਸਮਝਦਾਰੀ ਨਾਲ ਉਠਾਉਂਦੇ ਵੀ ਰਹੇ ਹਨ, ਅੱਗੇ ਵੀ ਉਮੀਦ ਹੈ ਕਿ ਉਹ ਸਿੱਖ ਪਰੰਪਰਾ ਨੂੰ ਧਿਆਨ ‘ਚ ਰੱਖਦਿਆਂ ਸ਼ਲਾਘਾਯੋਗ ਸੇਵਾਵਾਂ ਨਿਭਾਉਣਗੇ।

ਉਨ੍ਹਾਂ ਦੇ ਚੰਗੇ ਅਕਸ ਦੀ ਦੇਣ ਹੈ ਕਿ ਅੱਜ ਉਹ ਮੁੜ ਪ੍ਰਧਾਨ ਚੁਣੇ ਗਏ ਅਤੇ ਲਿਫਾਫਾ ਕਲਚਰ ਨੂੰ ਵੀ ਠੱਲ੍ਹ ਪਈ ਹੈ। ਹੁਣ ਅੱਗੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਅਗਲੇ ਰਾਹ ਪਾਰਟੀ ਲਈ ਸੁਖਾਲੇ ਨਹੀਂ ਹਨ। ਵੱਡੇ ਬਾਦਲ ਵਾਂਗ ਰੁੱਸਿਆਂ ਨੂੰ ਮਨਾਉਣ ਦਾ ਚੱਜ ਵੀ ਸਿੱਖਣਾ ਪਵੇਗਾ ਅਤੇ ਸਿੱਖ ਕੌਮ ਨਾਲ ਕੀਤੇ ਧੋਖਿਆਂ ਦੀ ਪੜਚੋਲ ਵੀ ਖੁਦ ਕਰਨੀ ਪਵੇਗੀ। ਹਰੇਕ ਸਿਆਸੀ ਪਾਰਟੀ ਭਾਵੇਂ ਝੂਠ ਦੇ ਸਹਾਰੇ ਚੱਲਦੀ ਹੈ ਪਰ ਸ਼੍ਰੋਮਣੀ ਅਕਾਲੀ ਦਲ ਨੂੰ ਹੁਣ ਸੱਚ ਦਾ ਸਹਾਰਾ ਹੀ ਬਚਾਅ ਸਕਦਾ ਹੈ।ਸੱਚ ਬੋਲ ਕੇ ਪਾਪ ਧੋਤੇ ਵੀ ਜਾ ਸਕਦੇ ਹਨ। ਬਾਕੀ ਸਭ ਭਵਿੱਖ ਦੇ ਗਰਭ ਵਿੱਚ ਹੈ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵਿਅੰਗ ਗੀਤ
Next article*ਵਿਧਾਇਕ ਕੁਲਜੀਤ ਰੰਧਾਵਾ ਵੱਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ*