ਠੱਟਾ ਨਵਾਂ ਵਿੱਚ ਘਰ ਨੂੰ ਲੱਗੀ ਅੱਗ, ਲੱਖਾਂ ਦਾ ਸਮਾਨ ਅੱਗ ਦੀ ਭੇਟ ਚੜ੍ਹਿਆ, ਭਾਰੀ ਮਸ਼ੱਕਤ ਨਾਲ ਨਗਰ ਵਾਸੀਆਂ ਪਾਇਆ ਅੱਗ ਤੇ ਕਾਬੂ

ਕਪੂਰਥਲਾ ,(ਸਮਾਜ ਵੀਕਲੀ) ( ਕੌੜਾ )– ਬੀਤੇ ਦਿਨ ਠੱਟਾ ਨਵਾਂ ਵਿਖੇ ਸ਼ਾਮ 5 ਵਜੇ ਦੇ ਕਰੀਬ ਘਰ ਨੂੰ ਅੱਗ ਲੱਗਣ ਕਾਰਨ ਭਾਰੀ ਨੁਕਸਾਨ ਹੋਣ ਦੀ ਖਬਰ ਪ੍ਰਾਪਤ ਹੋਈ। ਪ੍ਰਾਪਤ ਜਾਣਕਾਰੀ ਅਨੁਸਾਰ ਸਰਬਜੀਤ ਸਿੰਘ ਪੁੱਤਰ ਸਾਧੂ ਸਿੰਘ ਪਿੰਡ ਠੱਟਾ ਨਵਾਂ ,ਥਾਣਾ ਤਲਵੰਡੀ ਚੌਧਰੀਆਂ ਦੀ ਕੋਠੀ ਦੇ ਉੱਪਰਲੀ ਮੰਜ਼ਿਲ ਵਿੱਚ ਅਚਾਨਕ ਸ਼ਾਰਟ ਸਰਕਟ ਹੋਣ ਨਾਲ ਅੱਗ ਲੱਗ ਗਈ ਅਤੇ ਦੇਖਦੇ ਹੀ ਦੇਖਦੇ ਧੂਏਂ ਦਾ ਗੁਬਾਰ ਬਣ ਗਿਆ ਜਿਸ ਨੂੰ ਦੇਖਦਿਆਂ ਹੀ ਆਂਢ ਗੁਆਂਢ ਅਤੇ ਪਿੰਡ ਦੇ ਲੋਕਾਂ ਵੱਲੋਂ ਅੱਗ ਤੇ ਕਾਬੂ ਪਾਉਣ ਲਈ ਉਪਰਾਲਾ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਰਪੰਚ ਸੁਖਵਿੰਦਰ ਸਿੰਘ ਸੌਂਦ ਨੇ ਦੱਸਿਆ ਕਿ 5 ਵਜੇ ਦੇ ਕਰੀਬ ਸਰਬਜੀਤ ਸਿੰਘ ਦੇ ਘਰ ਵਿੱਚ ਕੋਈ ਵੀ ਮੌਜੂਦ ਨਹੀਂ ਸੀ ਅਤੇ ਘਰ ਵਿੱਚ ਅਚਾਨਕ ਅੱਗ ਲੱਗ ਗਈ ਜਿਸ ਨਾਲ ਉਨਾਂ ਦੇ ਘਰ ਅੰਦਰ ਪਿਆ ਕੀਮਤੀ ਸਮਾਨ ਅੱਗ ਦੀ ਭੇਟ ਚੜ ਗਿਆ ਜਿਸ ਵਿੱਚ ਪਾਸਪੋਰਟ, ਜਨਮ ਸਰਟੀਫਿਕੇਟ ,ਸਕੂਲ ਸਰਟੀਫਿਕੇਟ, ਹੋਰ ਜਰੂਰੀ ਕਾਗਜ਼ਾਤ ਜਮੀਨ ਦੀਆਂ ਰਜਿਸਟਰੀਆਂ ਆਦਿ ਸਮੇਤ ਸਮਾਨ ਪੂਰੀ ਤਰ੍ਹਾਂ ਨਾਲ ਸੜ ਗਿਆ। ਉਹਨਾਂ ਦੱਸਿਆ ਕਿ ਜਦ ਅੱਗ ਦੀ ਖਬਰ ਪਿੰਡ ਵਿੱਚ ਫੈਲੀ ਤਾਂ ਤੁਰੰਤ ਨਗਰ ਨਿਵਾਸੀਆਂ ਵੱਲੋਂ ਭਾਰੀ ਮੁਸ਼ੱਕਤ ਕੀਤੀ ਗਈ ਜਿਸ ਨਾਲ ਅੱਗ ਤੇ ਕਾਬੂ ਪਾ ਲਿਆ ਗਿਆ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ ਜਿਸ ਨਾਲ ਕਾਰ ਅੰਦਰ ਪਿਆ ਲੱਖਾਂ ਰੁਪਏ ਦਾ ਕੀਮਤੀ ਸਮਾਨ ਅਲਮਾਰੀਆਂ , ਪੇਟੀਆਂ, ਬੈੱਡ ਆਦਿ ਅੱਗ ਦੀ ਭੇਟ ਚੜ੍ਹ ਗਏ। ਸਰਬਜੀਤ ਸਿੰਘ ਦੇ ਘਰ ਨੂੰ ਲੱਗੀ ਅੱਗ ਦੀ ਖਬਰ ਸੁਣਦਿਆਂ ਹੀ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ ਵੱਲੋਂ ਤੁਰੰਤ ਮੌਕੇ ਤੇ ਪਹੁੰਚ ਕੇ ਪੀੜਤ ਪਰਿਵਾਰ ਨਾਲ ਅਫਸੋਸ ਪ੍ਰਗਟ ਕੀਤਾ ਅਤੇ ਉਨਾਂ ਨੂੰ ਹਰ ਪ੍ਰਕਾਰ ਦੀ ਮਾਲੀ ਸਹਾਇਤਾ ਦੇਣ ਦਾ ਵਾਅਦਾ ਵੀ ਕੀਤਾ। ਇਸ ਮੌਕੇ ਸਰਪੰਚ ਸੁਖਵਿੰਦਰ ਸਿੰਘ ਸੌਂਦ ਤੋਂ ਇਲਾਵਾ ਸ਼ਿੰਗਾਰਾ ਸਿੰਘ ਮੋਮੀ, ਸੰਤੋਖ ਸਿੰਘ ਬਾਵਾ ,ਗੁਰਜੀਤ ਸਿੰਘ, ਗੁਲਜਾਰ ਸਿੰਘ ਮੋਮੀ , ਚਰਨਜੀਤ ਸਿੰਘ, ਨਛੱਤਰ ਸਿੰਘ ਆਦਿ ਸਮੇਤ ਵੱਡੀ ਗਿਣਤੀ ਵਿੱਚ ਨਗਰ ਨਿਵਾਸੀਆਂ ਵੱਲੋਂ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਗਈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜੀ ਡੀ ਗੋਇਨਕਾ ਸਕੂਲ ‘ਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ
Next articleਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ