(ਸਮਾਜ ਵੀਕਲੀ)
ਪ੍ਰਚਾਰਕ ਇੱਕਵੀਂ ਸਦੀ ‘ਚ ਵੀ ਨਾ ਹੱਟਦੇ,
ਇਹ ਸੁਣੀ ਸੁਣਾਈ ਗੱਪ ਮਾਰੀ ਜਾਂਦੇ ਨੇ।
ਕਹਿੰਦੇ ‘ਭੇਟਾ ਦਮੜੀ’ ਸਵਿਕਾਰ ਕੀਤੀ ‘ਗੰਗਾ’ ਨੇ,
ਨਾਲੇ ‘ਪੱਥਰੀ’ ਗੰਗਾ ਵਿੱਚ ਤਾਰੀ ਜਾਂਦੇ ਨੇ।
ਕਹਿੰਦੇ ਭੇਟਾ ਦਮੜੀ …।
ਹਮੇਸ਼ਾ ਸੇਵਕ ਹੀ ‘ਭੇਟਾ’ ਦੇਣ ‘ਰਹਿਬਰਾਂ’ ਨੂੰ,
ਭੇਟਾ ਸੇਵਕਾਂ ਦੀ ਵੱਡੇ ਗੁਰੂ ਪੀਰ ਸਵਿਕਾਰ ਦੇ।
‘ਰਵਿਦਾਸ’ ਸੇਵਕ ਨਹੀਂ ਸੀ ‘ਗੰਗਾ’ ਮਈਆਂ ਦਾ,
ਅਸੀਂ ਸ਼ਰੇਆਮ ਕਹੀਏ ਲਲਕਾਰ ਕੇ।
ਅੰਨੀ ਸ਼ਰਧਾ ‘ਚ ਡੁੱਬੇ ਅਨਜਾਣੇ ਵਿੱਚ,
ਬਿਨਾਂ ਸੋਚੇ ਲੋਕ ਸਵਿਕਾਰੀ ਜਾਂਦੇ ਨੇ।
ਕਹਿੰਦੇ ਭੇਟਾ ਦਮੜੀ…।
ਪਾਣੀ ‘ਗੰਗਾ’ ਦਾ ਪਵਿੱਤਰ ਗਿਆ ਮੰਨਿਆ,
ਹਰ ਵਸਤੂ ਨੂੰ ਕਰੇ ‘ਅਸ਼ੁੱਧ’ ਤੋਂ ਇਹ ‘ਸ਼ੁੱਧ’ ਜੀ।
ਪਰ ‘ਗੰਗਾ’ ਸ਼ੂਦਰਾਂ ਤੇ ਹੋਈ ਮਿਹਰਬਾਨ ਨਾ,
ਇਹ ਬੜੇ ਹੀ ਨਹਾਏ ਕੁੱਦ ਕੁੱਦ ਜੀ।
ਪ੍ਰਚਾਰਕ ਮਨ ਘੜਤ ਝੂਠੀਆਂ ਕਹਾਣੀਆਂ,
ਲੋਕਾਂ ਦੇ ਦਿਮਾਗ਼ ਵਿਚ ਵਾੜੀ ਜਾਂਦੇ ਨੇ।
ਕਹਿੰਦੇ ਭੇਟਾ ਦਮੜੀ…।
ਜਿਹੜੀ ‘ਗੰਗਾ’ ਨੇ ਸ਼ੂਦਰਾਂ ਤੋਂ ਮੁੱਖ ਫੇਰਿਆ
ਉਹਦੇ ‘ਚ ਗੁਰੂ ਰਵਿਦਾਸ ਰੱਖੂ ਕਿਵੇਂ ਸ਼ਰਧਾ?
ਲੋਕੋ! ਸੋਚੋ ਤੇ ਵਿਚਾਰੋ ਹਰ ਗੱਲ ਨੂੰ,
ਬਣੋ ਗਿਆਨਵਾਨ ਅਗਿਆਨਤਾ ਦਾ ਲਾਹ ਪਰਦਾ।
ਰਹੋ ਬਚਕੇ ਐਸੇ ਕਥਾਵਾਚਕਾਂ ਪ੍ਰਚਾਰਕਾਂ ਤੋਂ,
ਜੋ ਸੰਗਤਾਂ ਨੂੰ ਭਰਮਾਂ ‘ਚ ਵਾੜੀ ਜਾਂਦੇ ਨੇ।
ਕਹਿੰਦੇ ਭੇਟਾ ਦਮੜੀ…।
ਜੇ ‘ਗੁਰੂ ਰਵਿਦਾਸ’ ਕੋਲ ਹੁੰਦੀ ‘ਗ਼ੈਬੀ ਸ਼ਕਤੀ’,
ਸਿਰਜਿਆ ‘ਬੇਗਮਪੁਰਾ’ ਦੇਣਾ ਸੀ ਬਣਾਅ ਜੀ।
ਸੋਖੇ ਹਰ ਸਮੱਸਿਆ ਨੂੰ ਹੱਲ ਕਰਦਾ,
ਕਾਹਨੂੰ ਪੈਂਦਾ ਔਖੇ ਸੰਘਰਸ਼ ਵਾਲੇ ਰਾਹ ਜੀ।
‘ਮੇਜਰ’ ਉਹ ਪੱਥਰ ਲੋਕਾਂ ਨੂੰ ਰਿਹਾ ਤਾਰਦਾ,
ਇਹ ‘ਪੱਥਰੀ’ ਉਹਦੀ ਨੂੰ ਤਾਰੀ ਜਾਂਦੇ ਨੇ।
ਕਹਿੰਦੇ ਫੜੀ ਦਮੜੀ ਗੰਗਾ ਨੇ ਬਾਂਹ ਕੱਢਕੇ,
ਨਾਲ ਪੱਥਰੀ ਵੀ ਉਹਦੀ ਤਾਰੀ ਜਾਂਦੇ ਨੇ…।
ਮੇਜਰ ਸਿੰਘ ‘ਬੁਢਲਾਡਾ’
94176 42327
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly