ਉਹ ਆਖ਼ਰੀ ਪੀੜ੍ਹੀ

ਵਿਰਕ ਪੁਸ਼ਪਿੰਦਰ
         (ਸਮਾਜ ਵੀਕਲੀ)
ਅਸੀਂ ਉਹ ਆਖ਼ਰੀ ਪੀੜ੍ਹੀ ਹਾਂ
 ਜਿਨ੍ਹਾਂ ਨੇ ਲੈਪਟੌਪ ਦੇ ਨਾਲ਼ ਨਾਲ਼
ਸਲੇਟਾਂ ਅਤੇ ਫੱਟੀਆਂ ਪੋਚ ਕੇ ਵੀ ਸਿੱਖਿਆ
 ਅਸੀਂ ਉਹ ਆਖ਼ਰੀ ਪੀੜ੍ਹੀ ਹਾਂ
 ਜਿਨ੍ਹਾਂ ਨੇ ਵੀਡੀਓ ਗੇਮਾਂ ਦੇ ਨਾਲ਼ ਨਾਲ਼
 ਟੋਕਰੀ ਲਾ ਕੇ ਚਿੜੀਆਂ ਵੀ ਫੜ੍ਹੀਆਂ
ਤੇ ਕ੍ਰਿਕੇਟ ਦੇ ਨਾਲ਼-ਨਾਲ਼ ਬਾਂਦਰ ਕਿੱਲਾ
 ਤੇ ਖੋ ਖੋ ਵੀ ਖੇਡੀ
 ਅਸੀਂ ਉਹ ਆਖ਼ਰੀ ਪੀੜ੍ਹੀ ਹਾਂ
 ਜਿਨ੍ਹਾਂ ਨੇ ਘਰੋਂ ਅੱਕੀਆਂ ਆਈਆਂ
 ਮੈਡਮਾਂ ਤੋਂ ਪੁੱਠੇ ਹੱਥਾਂ ਉੱਤੇ
 ਡੰਡੇ ਖਾਧੇ ਤੇ ਮੁਰਗੇ ਵੀ ਬਣੇ
 ਅਸੀਂ ਉਹ ਆਖ਼ਰੀ ਪੀੜ੍ਹੀ ਹਾਂ
ਜਿਨ੍ਹਾਂ ਦੀ ਪੰਸਦੀਦਾ ਕਾਰ
ਆਪਣੀ ਧੌਂਸ ਜਮਾ ਕੇ
ਭੂਆ ਦਾ ਮੁੰਡਾ ਲੈ ਜਾਂਦਾ
ਪਰ ਅਸੀਂ ਅੱਗੋਂ ਮਸੋਸਿਆ
ਜਿਹਾ ਮੂੰਹ ਕਰਕੇ ਰਹਿ ਜਾਂਦੇ
 ਅਸੀਂ ਉਹ ਆਖ਼ਰੀ ਪੀੜ੍ਹੀ ਹਾਂ
ਜਿਨ੍ਹਾਂ ਨੇ ਗਰਮੀ ਦੀਆਂ ਛੁੱਟੀਆਂ
ਬਿਜਲੀ ਦੇ ਲੰਬੇ ਲੰਬੇ ਕੱਟਾਂ ਕਾਰਨ
 ਪਾਣੀ ਛਿੜਕ ਕੇ ਦਰਵਾਜ਼ਿਆਂ ‘ਚ
 ਤਾਸ਼ ਖੇਡ ਕੇ ਲੰਘਾਈਆਂ
 ਅਸੀਂ ਉਹ ਆਖ਼ਰੀ ਪੀੜ੍ਹੀ ਹਾਂ
ਜੋ ਭੂਆ ਨੂੰ ਇੱਕ ਦਿਨ ਹੋਰ ਰੱਖਣ ਲਈ
 ਉਸਦਾ ਲੀੜਿਆਂ ਵਾਲਾ ਝੋਲਾ
ਪੇਟੀਆਂ ਪਿੱਛੇ ਲੁਕੋ ਦਿੰਦੇ
 ਅਸੀਂ ਉਹ ਆਖਰੀ ਪੀੜ੍ਹੀ ਹਾਂ
ਜੋ ਮਾਸੀ ਤੇ ਮਾਸੜ ਨੂੰ
ਇੱਕ ਦਿਨ ਹੋਰ ਰੱਖਣ ਲਈ
ਵੀ.ਸੀ.ਆਰ ਦਾ ਲਾਲਚ ਦਿੰਦੇ
ਅਸੀਂ ਉਹ ਆਖ਼ਰੀ ਪੀੜ੍ਹੀ ਹਾਂ
ਜਿਨ੍ਹਾਂ ਨੂੰ ਰਿਸ਼ਤੇਦਾਰਾਂ ਦੇ ਆਉਣ ਦਾ
ਜਿੰਨਾਂ ਚਾਅ ਹੁੰਦਾ
 ਓਨਾਂ ਹੀ ਬਿਸਕਟਾਂ ਵਾਲੀ
 ਚੀਨੀ ਦੀ ਪਲੇਟ ‘ਚ ਪਈ ਨੀਤ ਕਾਰਨ
 ਜਾਣ ਦਾ ਵੀ ਹੁੰਦਾ
 ਅਸੀਂ ਉਹ ਆਖ਼ਰੀ ਪੀੜ੍ਹੀ ਹਾਂ
 ਜਿੰਨ੍ਹਾਂ ਨੇ ਪੈਲੇਸਾਂ ਦੇ ਵਿਆਹਾਂ ਦੇ ਨਾਲ਼
 ਘਰਾਂ ‘ਚ ਹੁੰਦੇ ਅਨੰਦ ਕਾਰਜ ਵੀ ਦੇਖੇ
 ਅਸੀਂ ਉਹ ਆਖ਼ਰੀ ਪੀੜ੍ਹੀ ਹਾਂ
 ਜਿਨ੍ਹਾਂ ਨੇ ਸਿੱਧੂ ਮੂਸੇ ਵਾਲਾ ਤੇ ਬਾਣੀ ਸੰਧੂ
 ਦੇ ਨਾਲ਼ ਗੁਰਮੀਤ ਬਾਵਾ ਤੇ
 ਕੁਲਦੀਪ ਮਾਣਕ ਦੀਆਂ ਕਲੀਆਂ ਨੂੰ ਵੀ ਸੁਣਿਆਂ
 ਅਸੀਂ ਉਹ ਆਖ਼ਰੀ ਪੀੜ੍ਹੀ ਹਾਂ
ਜੋ ਮਹਿਬੂਬ ਦੇ ਇੱਕ ਝਾਕੇ ਲਈ
 ਗੁਰਦੁਆਰੇ ਤੇ ਮੰਦਿਰਾਂ ਵਿੱਚ
ਮੱਥੇ ਟੇਕਦੇ ਫਿਰਦੇ
 ਅਸੀਂ ਉਹ ਆਖ਼ਰੀ ਪੀੜ੍ਹੀ ਹਾਂ
 ਜੋ ਕਾਪੀ ਮੋੜਨ ਦੇ ਬਹਾਨੇ
ਚਿੱਠੀ ਰਾਹੀਂ ਦਿਲ ਦਾ
 ਹਾਲ ਵੀ ਸੁਣਾ ਦਿੰਦੇ
 ਅਸੀਂ ਉਹ ਆਖ਼ਰੀ ਪੀੜ੍ਹੀ ਹਾਂ
ਜੋ ਠੰਡ ਦੀਆਂ ਠਰੀਆਂ ਰਾਤਾਂ ਵਿੱਚ
ਦਾਦੀ ਦੀ ਰਜਾਈ ‘ਚ ਘੁਸੜ ਕੇ
ਕਹਾਣੀ ਸੁਣਦੇ ਸੁਣਦੇ
ਉੱਥੇ ਹੀ ਸੌਂ ਜਾਂਦੇ
 ਅਸੀਂ ਉਹ ਆਖ਼ਰੀ ਪੀੜ੍ਹੀ ਹਾਂ
 ਜਿਨ੍ਹਾਂ ਨੇ ਬਾਪੂ ਤੋਂ ਵੱਧ
 ਤਾਏ ਅਤੇ ਚਾਚੇ ਦੇ ਮੋਢਿਆਂ ਤੇ ਬੈਠ
 ਖੇਤ ਦਾ ਗੇੜਾ ਲਾਇਆ
 ਅਸੀਂ ਉਹ ਆਖਰੀ ਪੀੜ੍ਹੀ ਹਾਂ
ਜੋ ਗਰਮੀ ਦੀਆਂ ਛੁੱਟੀਆਂ ‘ਚ
 ਸਾਰੇ ਮਾਮੇ ਭੂਆ ਦੇ ਦਸ ਬਾਰਾਂ
 ਜਵਾਕ ਇਕੱਠੇ ਹੋ ਕੇ
 ਘਰਦਿਆਂ ਦੇ ਨਾਸੀਂ ਧੂੰਆਂ ਲਿਆ ਦਿੰਦੇ
ਅਸੀਂ ਉਹ ਆਖ਼ਰੀ ਪੀੜ੍ਹੀ ਹਾਂ
 ਜਿਨ੍ਹਾਂ ਦੇ ਨਾਨਕੇ ਪਿੰਡ ‘ਚ
ਸਾਰੇ ਘਰ ਹੀ ਮਾਮਿਆਂ ਦੇ ਹੁੰਦੇ
ਜਿੱਥੇ ਜੀ ਕਰਦਾ ਸੌਂ ਜਾਂਦੇ
 ਅਸੀਂ ਉਹ ਆਖ਼ਰੀ ਪੀੜ੍ਹੀ ਹਾਂ
 ਜੋ ਘਰਦਿਆਂ ਤੋਂ ਡਰਦੇ
 ਨਾ ਚਾਹੁੰਦਿਆਂ ਵੀ
 ਦਿਲ ਉੱਤੇ ਪੱਥਰ ਰੱਖ
ਆਏ ਪਿਆਰ ਪ੍ਰਸਤਾਵ ਨੂੰ ਨਾਂਹ ਕਰ ਦਿੰਦੇ
ਅਸੀਂ ਉਹ ਆਖ਼ਰੀ ਪੀੜ੍ਹੀ ਹਾਂ
 ਜਿਨ੍ਹਾਂ ਨੇ ਰੁਪਏ ਦੀਆਂ ਚਾਰ ਚਾਰ
 ਟੋਫ਼ੀਆਂ ਲੈ ਕੇ ਖਾਂਦੀਆਂ
 ਅਸੀਂ ਉਹ ਆਖ਼ਰੀ ਪੀੜ੍ਹੀ ਹਾਂ
 ਜਿਨ੍ਹਾਂ ਨੇ ਸ਼ਨੀਵਾਰ ਰਾਤ
 ਦੋ ਢਾਈ ਘੰਟਿਆਂ ਵਾਲੀ ਫ਼ਿਲਮ ਨੂੰ
 ਵਾਸ਼ਿੰਗ ਪਾਊਡਰ ਨਿਰਮਾ ਤੇ
 ਫੇਅਰ ਐਂਡ ਲਵਲੀ ਦੀਆਂ
 ਮਸ਼ਹੂਰੀਆਂ ਸਮੇਤ ਚਾਰ-ਚਾਰ ਘੰਟਿਆਂ ‘ਚ ਦੇਖਿਆ
 ਅਸੀਂ ਉਹ ਆਖ਼ਰੀ ਪੀੜ੍ਹੀ ਹਾਂ
 ਜਿਨ੍ਹਾਂ ਨੇ ਘਰਦਿਆਂ ਨਾਲ਼
 ਝੋਲੀ ਬੰਨ ਕੇ ਨਰਮੇ ਚੁਗੇ
 ਤੇ ਝੋਨੇ ਵੀ ਲਵਾਏ
ਅਸੀਂ ਉਹ ਆਖ਼ਰੀ ਪੀੜ੍ਹੀ ਹਾਂ
 ਜੋ ਕੋਠਿਆਂ ਉੱਤੇ ਚੜ੍ਹ ਕੇ
ਹੇਠਾਂ ਪਏ ਕਣਕ ਦੇ ਢੇਰਾਂ ਉੱਤੇ ਛਾਲਾਂ ਮਾਰਦੇ
 ਤੇ ਨਰਮੇ ਵਾਲੇ ਕੋਠਿਆਂ ‘ਚ ਘੋਰਨੇ ਪੱਟ ਪੱਟ
 ਸੁਸਰੀਆਂ ਲੜਵਾਉਂਦੇ
ਸੁੱਜ ਕੇ ਭੜੋਲਾ ਹੋ ਜਾਂਦੇ
ਅਸੀਂ ਉਹ ਆਖ਼ਰੀ ਪੀੜ੍ਹੀ ਹਾਂ
 ਜਿਨ੍ਹਾਂ ਦੇ ਲਵ ਮੈਰਿਜਾਂ ਦੇ ਨਾਲ਼
ਆਰੇਂਜ ਮੈਰਿਜਾਂ ਵੀ ਹੋਈਆਂ
 ਅਸੀਂ ਉਹ ਆਖ਼ਰੀ ਪੀੜ੍ਹੀ ਹਾਂ
 ਜੋ ਮਹਿਬੂਬ ਨਾਲ ਹੋਈ
 ਪਿਛਲੀ ਮੁਲਾਕਾਤ ਨੂੰ
 ਅਗਲੀ ਤੱਕ ਨਾ ਭੁੱਲਦੇ
 ਯਾਦ ਕਰਦਿਆਂ ਕਦੇ
ਦੁੱਧ ਵਿੱਚ ਲੂਣ ਪਾ ਦਿੰਦੇ
 ਤੇ ਕਦੇ ਚਾਹ ਵਿੱਚ ਹਲਦੀ
ਅਸੀਂ ਉਹ ਆਖ਼ਰੀ ਪੀੜ੍ਹੀ ਹਾਂ
ਜਿਨ੍ਹਾਂ ਨੂੰ ਸਹੇਲੀ ਤੇ ਬੇਲੀ ਨੂੰ
 ਪੱਟਣ ਤੋਂ ਪਹਿਲਾਂ
ਉਸਦੀ ਭੈਣ ਨੂੰ ਪੱਟਣਾ ਪੈਂਦਾ
ਅਸੀਂ ਉਹ ਆਖ਼ਰੀ ਪੀੜ੍ਹੀ ਹਾਂ
ਜਿਹਨਾਂ ਨੇ ਬਰਗਰਾਂ ਦੇ ਨਾਲ਼ ਨਾਲ਼
ਚੂਰੀ ਪੰਜੀਰੀ ਤੇ ਖੋਏ ਦੇ
ਥਾਲ ਭਰ ਭਰ ਖਾਧੇ
 ਅਸੀਂ ਉਹ ਆਖ਼ਰੀ ਪੀੜ੍ਹੀ ਹਾਂ
ਜੋ ਮਾਂ ਤੇ ਚਾਚੀ ਤਾਈ
 ਦੁਆਰਾ ਕੀਤੀਆਂ ਦਾਦੀ ਦੀਆਂ
ਚੁਗ਼ਲੀਆਂ ਨੂੰ ਦਾਦੀ ਨੂੰ ਦੱਸ ਕੇ
ਮਾਂ ਦੇ ਨਾਲ਼
ਦਾਦੀ ਦੇ ਵੀ ਲਾਡਲੇ ਹੁੰਦੇ
ਅਸੀਂ ਉਹ ਆਖ਼ਰੀ ਪੀੜ੍ਹੀ ਹਾਂ
ਜੋ ਸਨੈਪਚੈਟ ਤੇ ਇੰਸਟਾ ਦੇ ਨਾਲ਼ ਨਾਲ਼
 ਫੇਸਬੁੱਕ ਵੀ ਚਲਾਉਂਦੀ ਹੈ
 ਅਸੀਂ ਉਹ ਆਖ਼ਰੀ ਪੀੜ੍ਹੀ ਹਾਂ
 ਜੋ ਤੀਹ ਪੈਂਤੀ ਸਾਲ ਦੇ ਹੋ ਕੇ ਵੀ
 ਹਾਲੇ ਇਹ ਸੋਚ ਰਹੇ ਹਾਂ
 ਕਿ ਇੱਥੇ ਰਹੀਏ ਜਾਂ
ਆਈਲੈੱਟਸ ਕਰਕੇ ਕੈਨੇਡਾ ਜਾਈਏ
ਤੇ ਅਸੀਂ ਉਹ ਆਖ਼ਰੀ ਪੀੜ੍ਹੀ ਹਾਂ
ਜੋ ਪੰਜਾਬ ਵਿਰੋਧੀ ਨੀਤੀਆਂ ਤੋਂ ਚਿੰਤਤ ਹੈ
 ਤੇ ਅਸੀਂ ਉਹ ਆਖ਼ਰੀ ਪੀੜ੍ਹੀ ਹਾਂ
 ਜੋ ਆਪਣੇ ਹੱਕਾਂ ਲਈ ਲੜਣਾ ਜਾਣਦੀ ਹੈ!
ਵਿਰਕ ਪੁਸ਼ਪਿੰਦਰ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਲ਼ਮ ਤੇ ਬੰਦੂਕ
Next articleਇੱਕ ਦੇਸ਼ ਵਿੱਚ ਇੱਕ ਚੋਣ