(ਸਮਾਜ ਵੀਕਲੀ)
ਕੁੰਡਲੀਆਂ ਮਾਰਕੇ ਬੈਠੇ ਅਜਗਰ
ਵਲ ਜੇ ਪਾਈ ਫਿਰਦੇ ਨੇ
ਅੜੀਅਲ ਝੋਟੇ ਭਿੜ ਭਿੜ ਕੇ ਕੁਝ
ਸਿੰਗ ਫਸਾਈ ਫਿਰਦੇ ਨੇ
ਐਵੇਂ ਕਾਹਤੋਂ ਚੁੱਕੀ ਫਿਰਦਾ ਅੱਤ ਧੰਨਿਆਂ ਓਏ
ਇਹੋ ਤੇਰੀ ਮਾਰ ਰਹੇ ਨੇ ਮੱਤ ਧੰਨਿਆਂ ਓਏ
ਦਿਲ ਦੇ ਅੰਦਰ ਲੁਕ ਕੇ ਬੈਠੇ
ਛਲੀਏ ਕੁਝ ਸ਼ਿਕਾਰੀ ਜੋ
ਲੂੰਬੜ ਚਾਲਾਂ ਘੜਦੇ ਫਿਰਦੇ
ਕਰ ਰਹੇ ਹੁਸ਼ਿਆਰੀ ਜੋ
ਆਉਣ ਨੀ ਦਿੰਦੇ ਖੇਤ ਇਹ ਤੇਰਾ ਬੱਤ ਧੰਨਿਆਂ ਓਏ
ਇਹੋ ਤੇਰੀ ਮਾਰ ਰਹੇ ਨੇ ਮੱਤ ਧੰਨਿਆਂ ਓਏ
ਮਾਰ ਟਪੂਸੀਆਂ ਚਿੱਤ ਦੇ ਬਾਂਦਰ
ਏਧਰ ਓਧਰ ਲਮਕ ਰਹੇ
ਪੀਲ਼ੀਆਂ ਕੁਝ ਭਰਿੰਡਾਂ ਦੇ ਫਰ
ਵਿੱਚ ਗੁੱਸੇ ਦੇ ਚਮਕ ਰਹੇ
ਚਿੱਚੜ ਬਣ ਬਣ ਪੀਵਣ ਲੱਗੇ ਰੱਤ ਧੰਨਿਆਂ ਓਏ
ਇਹੋ ਤੇਰੀ ਮਾਰ ਰਹੇ ਨੇ ਮੱਤ ਧੰਨਿਆਂ ਓਏ
ਸੋਚਾਂ ਵਾਲ਼ੀ ਸੇਹ ਜੋ ਕਾਹਤੋਂ
ਤੱਕਲੇ ਮਾਰ ਖਦੇੜ ਰਹੀ
ਲਿਬੜੀ ਮੱਝ ਖਿਆਲਾਂ ਵਾਲ਼ੀ
ਪੂਛਾਂ ਮਾਰ ਲਬੇੜ ਰਹੀ
ਨਾ ਸ਼ਬਦਾਂ ਨੂੰ ਪੜ੍ਹਕੇ ਕੱਢਿਆ ਤੱਤ ਧੰਨਿਆਂ ਓਏ
ਇਹੋ ਤੇਰੀ ਮਾਰ ਰਹੇ ਨੇ ਮੱਤ ਧੰਨਿਆਂ ਓਏ
ਧੰਨਾ ਧਾਲੀਵਾਲ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly