
(ਸਮਾਜ ਵੀਕਲੀ) ਮਨਦੀਪ ਕੌਰ ‘ਰਿੰਪੀ’ ਸਾਹਿਤਕ ਖੇਤਰ ਵਿੱਚ ਵਗਣ ਵਾਲੇ ਨਿਰੰਤਰ ਵਹਿਣ ਦਾ ਨਾਂਅ ਹੈ। ਉਸਨੇ ਥੋੜ੍ਹੇ ਸਮੇਂ ਵਿੱਚ ਹੀ ਸਾਹਿਤਕ ਖੇਤਰ ਵਿੱਚ ਉਹ ਮੁਕਾਮ ਹਾਸਿਲ ਕੀਤਾ ਹੈ ਜੋ ਗਿਣਵੇਂ-ਚੁਣਵੇਂ ਸਾਹਿਤਕਾਰਾਂ ਦੇ ਹੀ ਹਿੱਸੇ ਆਇਆ। ਇਸ ਕਾਰਜ ਪਿੱਛੇ ਉਸਦਾ ਸਾਹਿਤ ਨੂੰ ਸਮਰਪਿਤ ਹੋਣਾ ਵੀ ਸ਼ਾਮਲ ਹੈ।ਚਾਹੇ ਉਸਨੇ ਸਾਹਿਤ ਵਿੱਚ ਆਪਣਾ ਪਹਿਲਾ ਕਦਮ ਕਾਵਿ-ਸੰਗ੍ਰਹਿ ‘ਜਦੋਂ ਤੂੰ ਚੁੱਪ ਸੀ’ (2020) ਦੇ ਨਾਲ਼ ਇੱਕ ਕਵਿਤਰੀ ਦੇ ਤੌਰ ‘ਤੇ ਰੱਖਿਆ ਪਰ ਉਸਦੀ ਪਹਿਚਾਣ ਇੱਕ ਗਲਪ ਸਹਿਤਕਾਰਾ ਦੇ ਰੂਪ ਵਿੱਚ ਵਧੇਰੇ ਹੋਈ। ਉਸਦੀ ਬਾਲ-ਕਹਾਣੀਆਂ ਦੀ ਪੁਸਤਕ ‘ਕਿੱਟੀ ਦੀ ਖੀਰ’ (2021) ਸਹਿਤਕ ਸਫ਼ਾਂ ਵਿੱਚ ਕਾਬਲ-ਏ-ਗੌਰ ਸਾਬਤ ਹੋਈ ਜੋ ਸੁਹਿਰਦ ਬਾਲ ਪਾਠਕਾਂ ਲਈ ਖਿੱਚ ਦਾ ਕੇਂਦਰ ਹੀ ਬਣੀ ਰਹੀ। ਇਸ ਤੋਂ ਬਾਅਦ ਉਸਦਾ ਨਾਵਲ ‘ਜ਼ਿੰਦਗੀ ਪਰਤ ਆਈ’ ( 2022 ) ਵੀ ਬਹੁਤ ਮਕਬੂਲ ਹੋਇਆ ਜਿਸਨੇ ਸਾਹਿਤਕ ਪਿੜ ਵਿੱਚ ‘ਰਿੰਪੀ’ ਦੀ ਸਥਾਪਤੀ ਦੀ ਪਕੜ ਨੂੰ ਹੋਰ ਮਜ਼ਬੂਤ ਕੀਤਾ। ਉਸਦੀ ਸਾਹਿਤਕ ਅਖਾੜੇ ਵਿੱਚ ਸਥਾਪਤੀ ਦੀ ਮਿਸਾਲ ਇਹ ਵੀ ਹੈ ਕਿ ਉਸਦੀ ਇੱਕ ਬਾਲ-ਕਹਾਣੀਆਂ ਦੀ ਪੁਸਤਕ ‘ਮੋਟੂ ਚੂਹਾ’ ਭਾਸ਼ਾ ਵਿਭਾਗ (ਪੰਜਾਬ) ਤੋਂ ਛਪਾਈ ਅਧੀਨ ਹੈ। ਉਸਨੂੰ ਕਈ ਸਾਹਿਤਕ ਸੰਸਥਾਵਾਂ ਵੱਲੋਂ ਸਨਮਾਨਿਆਂ ਜਾ ਚੁੱਕਾ ਹੈ ਅਤੇ ਅੱਜ ਵੀ ਸਨਮਾਨਿਆਂ ਜਾ ਰਿਹਾ ਹੈ ਜੋ ਉਸਦੀ ਸਾਹਿਤਕ ਹੋੰਦ ਦੀ ਗਵਾਹੀ ਭਰਦੇ ਹਨ। ਉਹ ਕਿੱਤੇ ਦੇ ਤੌਰ ‘ਤੇ ਸਿੱਖਿਆ ਵਿਭਾਗ,ਪੰਜਾਬ ਵਿੱਚ ਇੱਕ ਅਧਿਆਪਕਾ ਦੇ ਤੌਰ ‘ਤੇ ਸੇਵਾ ਨਿਭਾਅ ਰਹੀ ਹੈ। 112 ਪੰਨਿਆਂ ਦੀ ਹਥਲੀ ਪੁਸਤਕ “ਹਾਂ!ਮੈਂ ਲਾਲਚੀ ਹਾਂ” (2023) ‘ਰਿੰਪੀ’ ਦੀ ਨਿਰੋਲ ਕਹਾਣੀਆਂ ਦੀ ਪੁਸਤਕ ਹੈ ਜਿਸ ਵਿੱਚ ਬਾਰਾਂ ਕਹਾਣੀਆਂ ਸ਼ਸ਼ੋਬਿਤ ਹਨ। ਸਾਰੀਆਂ ਕਹਾਣੀਆਂ ਸਮਾਜਿਕ ਸਰੋਕਾਰਾਂ ਦੀ ਬਾਤ ਪਾਉਂਦੀਆਂ ਪਹਿਲੇ ਸਿੱਟੇ ਨਜ਼ਰ ਆਉੰਦੀਆਂ ਹਨ। ਕੁੱਝ ਕਹਾਣੀਆਂ ਵਿੱਚ ਔਰਤ ਤ੍ਰਾਸਦੀ ਅਤੇ ਬਾਲ-ਮਨਾਂ ਦੀ ਦੁਰਦਿਸ਼ਾ ਦਾ ਵੀ ਬਾਖ਼ੂਬੀ ਬਿਆਨ ਹੈ। ਉਸ ਕੋਲ ਵਿਸ਼ਾ ਵੀ ਹੈ ਅਤੇ ਉਸਨੂੰ ਨਿਭਾਉਣ ਦਾ ਵੱਲ ਵੀ ਹੈ। ਉਸਦੀਆਂ ਸਮੁੱਚੀਆਂ ਕਹਾਣੀਆਂ ਪਰਿਵਾਰਕ ਹਨ ਜਿਨ੍ਹਾਂ ਨੂੰ ਪੜ੍ਹ ਕੇ ਪਾਠਕਾਂ ਨੂੰ ਆਪਣਾਪਣ ਹੀ ਮਹਿਸੂਸ ਹੁੰਦਾ ਹੈ ਜਿਨ੍ਹਾਂ ਦੇ ਵਿਸ਼ੇ ਉਨ੍ਹਾਂ ਦੇ ਨੇੜੇ-ਤੇੜੇ ਵਾਪਰੀ ਕਿਸੇ ਨਾ ਕਿਸੇ ਘਟਨਾ ਨਾਲ਼ ਲਗਭਗ ਮੇਲ ਖਾਂਦੇ ਹੀ ਹਨ। ਕਹਾਣੀਆਂ ਦੀ ਆਤਮਾ ਨੂੰ ਛੋਹੀਏ ਤਾਂ ਉਹ ਗਰੀਬੀ ਅਤੇ ਮਜ਼ਬੂਰੀ ਦੀ ਦਲਦਲ ਅਤੇ ਸ਼ਰਾਬ ਜਿਹੇ ਨਸ਼ੇ ਵਿਚ ਲਿਪਤ ਮਾਨਵ ਤ੍ਰਾਸਦੀ ਦੀ ਬਾਤ ਪਾਉਂਦੀਆਂ ਹੀ ਭਾਸਦੀਆਂ ਹਨ। ਉਸਦੀ ਪਲੇਠੀ ਕਹਾਣੀ ‘ਫ਼ਰਕ ਤਾਂ ਪੈਂਦਾ ਹੈ’ ਇੱਕ ਅਧਿਆਪਕ ਤੇ ਵਿਦਿਆਰਥੀ ਦੇ ਆਪਸੀ ਪਵਿੱਤਰ ਰਿਸ਼ਤੇ ਸੰਬੰਧੀ ਖ਼ੂਬਸੂਰਤ ਕਹਾਣੀ ਹੈ। ਦੂਸਰੀ ਕਹਾਣੀ ‘ਲਾਗਣ’ ਔਰਤ ਤ੍ਰਾਸਦੀ ਦੀ ਇੱਕ ਅਜਿਹੀ ਕਹਾਣੀ ਹੈ ਜਿਸ ਵਿੱਚ ਮੁੱਖ ਪਾਤਰ ਦੀ ਜਿਠਾਣੀ ਰਾਣੀ ਦੀ ਗੁਆਂਢਣ ਉਸ ਕਹਾਣੀ ਨਾਇਕਾ ਨੂੰ ਲਾਗਣ ਹੀ ਸਮਝਦੀ ਹੈ। ਤੀਸਰੀ ਕਹਾਣੀ ‘ਸਰਦਾਰੀ’ ਵਿੱਚ ਵੀ ਗਰੀਬੀ ਦਾ ਮੰਜਰ ਨਜ਼ਰੀਂ ਪੈਂਦਾ ਹੈ ਅਤੇ ਕਿਸਮਤ ਪ੍ਰਬਲ ਜਾਪਦੀ ਹੈ। ਚੌਥੀ ਕਹਾਣੀ ‘ਹਾਂ! ਮੈਂ ਤੇਰੇ ਨਾਲ਼ ਹਾਂ’ ਦੋ ਔਰਤਾਂ ਮਮਤਾ ਅਤੇ ਨੀਰੂ ਦੀ ਜ਼ਿੰਦਗੀ ਬਾਰੇ ਹੈ ਜਿਸ ਵਿੱਚ ਮਮਤਾ ਦਾ ਪਤੀ ਅਤੇ ਅਗਰਵਾਲ ਦੀ ਗੈਰ ਔਰਤਾਂ ਨਾਲ਼ ਨਜ਼ਾਇਜ਼ ਸੰਬੰਧਾਂ ਪ੍ਰਤੀ ਗਾਥਾ ਹੈ। ਇਸੇ ਤਰ੍ਹਾਂ ਹੀ ਪੰਜਵੀਂ ਕਹਾਣੀ ‘ਟੁੱਕੇ ਅੰਗ’ ਪਾਠਕ ਨੂੰ ਇੱਕ ਬਹੁਤ ਹੀ ਉਦਾਸ ਕਰ ਦੇਣ ਵਾਲੀ ਕਹਾਣੀ ਹੈ ਜਿਸ ਵਿੱਚ ਪਹਿਲਾ ਮੁੰਡਾ ਪਹਿਲਾਂ ਹੀ ਅਪਾਹਜ਼ ਹੈ ਅਤੇ ਦੂਜੇ ਦੀ ਬਾਂਹ ਕੱਟੇ ਜਾਣ ਕਾਰਨ ਅਪਹਾਜ਼ ਹੋ ਜਾਂਦਾ ਹੈ। ਇਹ ਕੁਦਰਤ ਅਲਾਮਤਾਂ ਦੇ ਸ਼ਿਕਾਰ ਹੋਏ ਪਰਿਵਾਰ ਦੀ ਕਹਾਣੀ ਹੈ। ਛੇਵੀ ਕਹਾਣੀ ‘ਮਾਂ ਦਾ ਮਾਸਟਰ ਪੁੱਤ’ ਇੱਕ ਗਰੀਬ ਪਰਿਵਾਰ ਦੀ ਤ੍ਰਾਸਦੀ ਨੂੰ ਬਿਆਨ ਕਰਦੀ ਕਹਾਣੀ ਹੈ। ਸੱਤਵੀਂ ਕਹਾਣੀ ‘ਮੇਰੀਆਂ ਅੱਖੀਆਂ ਨੀਵੀਆਂ ਕਿਓਂ ?’ ਅਜੋਕੇ ਸਮਾਜ ਦੇ ਲੋਕਾਂ ਦੀ ਭੈੜੇ ਨਜ਼ਰੀਏ ਭਰੀ ਸੋਚ ਅਤੇ ਕਿਰਦਾਰ ਰੱਖਣ ਦੀ ਗੱਲ ਕਰਦੀ ਹੈ। ਅੱਠਵੀਂ ਕਹਾਣੀ ‘ਮੈਂ ਜਸਪਾਲ ਨਹੀਂ’ ਆਪਹੁਦਰੀਆਂ ਕਰਨ ਵਾਲੇ ਅਤੇ ਬਾਗੀ ਸੋਚ ਦੇ ਬੱਚਿਆਂ ਨੂੰ ਸੋਚਣ ਲਈ ਮਜ਼ਬੂਰ ਕਰਦੀ ਹੈ। ਨੌਵੀਂ ਕਹਾਣੀ ‘ਜ਼ੁਬਾਨ’ ਨਾਇਕਾ ਖ਼ੁਦ ਤਾਂ ਜ਼ੁਬਾਨ ਨਿਭਾਉਣ ਵਾਲੀ ਹੈ ਪਰ ਸਾਕ-ਸਬੰਧੀ ਜਾਂ ਰਿਸ਼ਤੇਦਾਰ ਉਸਨੂੰ ਬੇ-ਜ਼ੁਬਾਨ ਕਹਿੰਦੇ ਹਨ ਜਿਸ ਵਿੱਚ ਉਨ੍ਹਾਂ ਦਾ ਮੁਫ਼ਾਦ ਛੁਪਿਆ ਹੁੰਦਾ ਹੈ। ਮੁਫ਼ਾਦ ਕੀ ਹੁੰਦਾ ਹੈ ? ਇਸ ਬਾਰੇ ਪਾਠਕ ਖ਼ੁਦ ਕਹਾਣੀ ਪੜ੍ਹ ਕੇ ਸਿੱਟਾ ਕੱਢਣ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੋਵੇਗੀ। ਜੋ ਦਸਵੀਂ ਕਹਾਣੀ ਹੈ ‘ਹਾਂ! ਮੈਂ ਲਾਲਚੀ ਹਾਂ’ ਉਹ ਇਸ ਪੁਸਤਕ ਦੀ ਸਿਰਲੇਖਤ ਕਹਾਣੀ ਹੈ ਜੋ ਕਿ ਇੱਕ ਪਰਿਵਾਰਕ ਕਹਾਣੀ ਹੈ ਅਤੇ ਇੱਕ ਸੁਆਣੀ ਔਰਤ ਦੀ ਤ੍ਰਾਸਦੀ ਨੂੰ ਬਿਆਨ ਕਰਦੀ ਹੈ। ਗਿਆਰਵੀਂ ਕਹਾਣੀ ‘ਹੁਣ ਮੈਂ ਬਿਲਕੁੱਲ ਠੀਕ ਹਾਂ’ ਵੀ ਇੱਕ ਨੂੰਹ-ਸੱਸ ‘ਤੇ ਕੇੰਦਰਿਤ ਹੀ ਕਹਾਣੀ ਹੈ ਜੋ ਨੂੰਹ-ਸੱਸ ਦੇ ਆਪਸੀ ਸੰਬੰਧਾਂ ਨੂੰ ਆਪਣੇ ਕਲਾਵੇ ਵਿੱਚ ਲੈਂਦੀ ਹੈ। ਬਾਰਵੀਂ ਅਤੇ ਇਸ ਪੁਸਤਕ ਦੀ ਆਖ਼ਰੀ ਕਹਾਣੀ ‘ਮੇਰੇ ਆਪਣੇ’ ਪਿਆਰ ਵਿੱਚ ਵਿਫ਼ਲ ਹੋਏ ਪ੍ਰੇਮੀਆਂ ਦੀ ਗਾਥਾ ਹੈ ਜਿਸ ਵਿੱਚ ਨਾਇਕਾ ਹਰਜੋਤ ਆਤਮ-ਹੱਤਿਆ ਕਰਨ ਦੀ ਮਨਜੋਤ ਦੀ ਸੋਚ ਨੂੰ ਪਲਟਦੀ ਹੈ। ਸੋ ਇਸ ਤਰ੍ਹਾਂ ਸਾਰੀਆਂ ਕਹਾਣੀਆਂ ਵਿੱਚ ਕਥਾ-ਰਸ ਬਿਰਾਜਮਾਨ ਰਹਿੰਦਾ ਹੈ ਜੋ ਪਾਠਕ ਨੂੰ ਸਰਲ ਤਰੀਕੇ ਹੀ ਆਪਣੇ ਨਾਲ਼ ਤੋਰਨ ਲਈ ਸਹਾਈ ਸਿੱਧ ਹੁੰਦਾ ਹੈ। ਮੈਂ ਇਨ੍ਹਾਂ ਕਹਾਣੀਆਂ ਦਾ ਬਾਹਰੀ ਅਤੇ ਕਿਤੇ ਕਿਤੇ ਅੰਦਰੂਨੀ ਖਾਕਾ ਖਿੱਚਣ ਦੀ ਕੋਸ਼ਿਸ਼ ਕੀਤੀ ਹੈ ਤਾਂ ਜੋ ਸੁਹਿਰਦ ਪਾਠਕ ਇਸ ਪੁਸਤਕ ਵਿੱਚੋਂ ਆਪਣੀ ਖ਼ਿਆਲ ਉਡਾਰੀ ਮੁਤਾਬਿਕ ਹੋਰ ਵੀ ਪ੍ਰਾਪਤ ਕਰਨ।



