(ਸਮਾਜ ਵੀਕਲੀ)
ਚੌਵੀ ਨੇੜੇ ਮਿੱਤਰੋ , ਸਿਰਜਣ ਸਭ ਬਿਰਤਾਂਤ ।
ਵੋਟਾਂ ਨੂੰ ਕਿੰਝ ਜਿੱਤਣਾ , ਜਿੱਤ ਹੋ ਜਾਣਾ ਸ਼ਾਂਤ ।
ਵਾਰਸ ਬਣਨ ਪੰਜਾਬ ਦੇ , ਲੈ ਮਜ਼ਹਬ ਦੀ ਢਾਲ਼।
ਭਰਾ ਭਰਾ ਨੂੰ ਮਾਰਦੇ , ਸਮਝ ਸਕਣ ਨਾ ਚਾਲ ।
ਬਿਨਾਂ ਵਜ੍ਹਾ ਤੋਂ ਸੂਤ ਕੇ , ਕੱਢਦੇ ਜਦ ਤਲਵਾਰ ।
ਆਪਣੇ ਪੈਰੀਂ ਆਪ ਹੀ , ਲੈਣ ਕੁਹਾੜਾ ਮਾਰ ।
ਡੂੰਘੀਆਂ ਘੜਦੇ ਘਾੜਤਾਂ , ਤੁਰੇ ਨੇ ਲਾਂਬੂ ਲਾਉਣ ।
ਤਨ ਮਨ ਲੂਹਿਆ ਜਾ ਰਿਹਾ , ਨਫ਼ਰਤ ਜਦ ਫੈਲਾਉਣ।
ਸਮੇਂ ਦੇ ਕੂਹਣੀ ਮੋੜ ਤੇ , ਲੀਡਰ ਹੋਏ ਚੁੱਪ ।
ਝੁੱਲੀ ਹਵਾ ਹਨੇਰ ਦੀ , ਜ਼ਾਲਮ ਲੱਗਦੀ ਧੁੱਪ ।
ਚੱਤੋ ਪਹਿਰ ਪੰਜਾਬ ‘ਚ , ਦਿਸੇ ਭੂਤਰੀ ਭੀੜ ।
ਵਕਤ ਬੀਤਿਆਂ ਸਮਝਦੇ, ਰਿਸਣ ਜ਼ਖ਼ਮ ਕਰ ਪੀੜ ।
ਸੁੱਕੇ ਸੁਨਹਿਰੀ ਸੁਪਨੇ , ਪੱਤੇ ਬਣ ਰਹੇ ਉੱਡ ।
ਹੌਂਕੇ ਦਿਲ ‘ਚੋਂ ਉਠਦੇ , ਛੁਪੀਏ ਕਿਹੜੀ ਖੁੱਡ।
ਮੱਚਦੀ ਅੱਗ’ਚ ਕੁੱਦਣਾ , ਰਿਹਾ ਨ ਸਾਡੇ ਵੱਸ਼।
ਚੱਕਾ ਜਾਮ ਮਹੌਲ ਤੇ , ਦੁਨੀਆ ਰਹੀ ਹੈ ਹੱਸ।
ਅਨਪੜ੍ਹ ਝੁੱਡੂ ਪਾਂਵਦੇ , ਪੜਿਆਂ ਉੱਤੇ ਰੋਅਬ ,
ਛਾਈ ਜਿਹੜੀ ਸਾੜਸਤੀ , ਡੂੰਘੇ ਦੇਣਾ ਡੋਅਬ।
ਜਾਣ ਲਿਖੇ ਨਾ ਬਰਛਿਆਂ ,” ਰਾਜਨ ” ਕਦ ਇਤਿਹਾਸ ,
ਨਾਇਕ ਅਤੇ ਖਲਨਾਇਕ ਚੋਂ , ਕਰੀਏ ਕਿਸਨੂੰ ਪਾਸ ।
ਰਜਿੰਦਰ ਸਿੰਘ ਰਾਜਨ
ਸੁੰਦਰ ਬਸਤੀ ਸੰਗਰੂਰ।