HOME ਤੇਲਗੂ ਦੇਸਮ ਦੀ ਭਾਸ਼ਾ ਪੰਜਾਬ ਵਿੱਚ ਪੜ੍ਹਾਉਣ ਦੀ ਤਿਆਰੀ!

ਤੇਲਗੂ ਦੇਸਮ ਦੀ ਭਾਸ਼ਾ ਪੰਜਾਬ ਵਿੱਚ ਪੜ੍ਹਾਉਣ ਦੀ ਤਿਆਰੀ!

3

   (ਸਮਾਜ ਵੀਕਲੀ)  ਬੁੱਧ ਸਿੰਘ ਨੀਲੋਂ:-  ਪੰਜਾਬ ਸਰਕਾਰ ਜਿਸ ਤਰ੍ਹਾਂ ਪੰਜਾਬ ਵਿੱਚ ਹਿੰਦੀ ਭਾਸ਼ਾ ਵਿੱਚ ਨੀਂਹ ਪੱਥਰ ਰੱਖਣ ਲੱਗੀ ਹੋਈ ਹੈ, ਉੱਥੇ ਉਹ ਕਾਨੂੰਨ ਦੀਆਂ ਵੀ ਧੱਜੀਆਂ ਉਡਾਉਣ ਲੱਗੀ ਹੈ। ਦਿੱਲੀ ਦੇ ਹਾਰੇ ਤੇ ਨਕਾਰੇ, ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਜ਼ਮਾਨਤ ਉਤੇ ਆਏ ਹੋਏ ਅਰਵਿੰਦ ਕੇਜਰੀਵਾਲ ਦਾ ਨਾਮ ਵੀ ਉਪਰ ਲਿਖ ਕੇ ਪੰਜਾਬ ਦੇ ਲੋਕਾਂ ਦਾ ਮੂੰਹ ਚੜਾਉਣ ਲੱਗੀ ਹੈ। ਹੁਣ ਨਵਾਂ ਹੁਕਮ ਆਇਆ ਹੈ ਕਿ ਤੇਲਗੂ ਭਾਸ਼ਾ ਪੜ੍ਹਾਉਣ ਲਈ ਤਰੀਕਾ ਮਿੱਥ ਦਿੱਤੀਆਂ ਹਨ। ਪੰਜਾਬ ਦੇ ਲੋਕਾਂ ਨੂੰ ਇਹਨਾਂ ਨੀਤੀਆਂ ਦਾ ਡੱਟ ਕੇ ਵਿਰੋਧ ਕਰਨਾ ਚਾਹੀਦਾ ਹੈ। ਕਿਉਂਕਿ ਇਹ ਮਾਮਲਾ ਕੇਵਲ ਲੇਖਕ ਜੱਥੇਬੰਦੀਆਂ ਦਾ ਹੀ ਨਹੀਂ ਹਰ ਪੰਜਾਬੀ ਦਾ ਮਸਲਾ ਹੈ। ਲੇਖਕ ਤੇ ਵਿਦਵਾਨ ਭਾਈਚਾਰਾ ਤਾਂ ਇਨਾਮਾਂ ਤੇ ਪੁਰਸਕਾਰਾਂ ਦੀ ਝਾਕ ਵਿੱਚ ਹੈ। ਕਿਉਂਕਿ ਮਾਣਯੋਗ ਅਦਾਲਤ ਵੱਲੋਂ ਪੁਰਸਕਾਰਾਂ ਉਤੇ ਰੋਕ ਲੱਗੀ ਹੋਈ ਹੈ। ਉਹ ਇਸੇ ਸਦਮੇ ਵਿੱਚ ਚੁੱਪ ਹਨ। ਪੰਜਾਬ ਸਰਕਾਰ, ਭਗਵੰਤ ਮਾਨ ਜਿਸ ਤਰ੍ਹਾਂ ਪੰਜਾਬ ਨੂੰ ਉਜਾੜਨ ਲੱਗਿਆ ਹੋਇਆ ਹੈ, ਉਸਨੂੰ ਸੁਖਬੀਰ ਸਿੰਘ ਬਾਦਲ ਦੀ ਪਾਰਟੀ ਦੀ ਪੰਜਾਬ ਦੇ ਲੋਕਾਂ ਵਲੋਂ ਕੀਤੀ ਦੁਰਦਸ਼ਾ ਨੂੰ ਜ਼ਰੂਰ ਚੇਤੇ ਰੱਖਣ ਦੀ ਲੋੜ ਹੈ। ਪੰਜਾਬੀ ਇੱਕੀ ਦੇ ਇੱਕਤਾਲੀ ਮੋੜਦੇ ਹਨ। ਅਗਲੀਆਂ ਚੋਣਾਂ ਦੀ ਪੁੱਠੀ ਗਿਣਤੀ ਸ਼ੁਰੂ ਹੋ ਗਈ ਹੈ। ਲੁਧਿਆਣਾ ਚੋਣ ਇਹਨਾਂ ਲਈ ਜਿੱਤਣੀ ਮੁਸ਼ਕਿਲ ਹੈ। ਪੰਜਾਬ ਸਰਕਾਰ ਨੇ ਪੰਜਾਬ ਦਾ ਪਾਣੀ ਲੁਟਾ ਦਿੱਤਾ ਹੈ। ਭਗਵੰਤ ਮਾਨ ਦੀ ਕਹਿਣੀ ਤੇ ਕਥਨੀ ਵਿੱਚ ਬਹੁਤ ਅੰਤਰ ਹੈ। ਉਸਨੇ ਪੰਜਾਬ ਨੂੰ ਕਰਜ਼ੇ ਦੇ ਜੰਜਾਲ ਵਿੱਚ ਬੁਰੀ ਤਰ੍ਹਾਂ ਫਸਾ ਦਿੱਤਾ ਹੈ। ਸਵਾ ਤਿੰਨ ਸਾਲ ਵਿੱਚ ਪੰਜਾਬ ਸਰਕਾਰ ਨੇ ਇਸ਼ਤਿਹਾਰਾਂ ਉਤੇ 317 ਕਰੋੜ ਰੁਪਏ ਉਡਾਏ ਹਨ। ਇਹਨਾਂ ਇਸ਼ਤਿਹਾਰਾਂ ਦਾ ਪੰਜਾਬ ਦੇ ਲੋਕਾਂ ਨੂੰ ਤਾਂ ਕੋਈ ਲਾਭ ਨਹੀਂ ਹੋਇਆ, ਸਗੋਂ ਨੁਕਸਾਨ ਹੋਇਆ ਹੈ। ਪੰਜਾਬ ਦੇ ਵਿੱਚ ਬਿਨਾਂ ਨੀਂਹ ਪੱਥਰ ਰੱਖਣ ਦੇ ਕਿਧਰੇ ਕੋਈ ਇੱਟ ਨਹੀਂ ਲੱਗੀ। ਦਿੱਲੀ ਦੇ ਧਾੜਵੀਆਂ ਨੂੰ ਪੰਜਾਬ ਦੇ ਲੋਕਾਂ ਦੇ ਸਿਰ ਉੱਤੇ ਬੈਠਾ ਦਿੱਤਾ ਹੈ। ਇਸ ਸਮੇਂ ਪੰਜਾਬ ਦੇ ਲੋਕਾਂ ਨੂੰ ਪੰਜਾਬ ਤੇ ਕੇਂਦਰ ਸਰਕਾਰ ਦੀਆਂ ਪੰਜਾਬ ਵਿਰੋਧੀ ਨੀਤੀਆਂ ਦਾ ਡੱਟ ਕੇ ਵਿਰੋਧ ਕਰਨਾ ਚਾਹੀਦਾ ਹੈ। ਗੱਲ ਸਹੇ ਦੀ ਨਹੀਂ ਪਹੇ ਦੀ ਹੈ। ਦਿੱਲੀ ਦੇ ਧਾੜਵੀਆਂ ਵਲੋਂ ਪੰਜਾਬ ਨੂੰ ਉਜਾੜਨ ਲਈ ਹਰ ਤਰੀਕਾ ਵਰਤਿਆ ਜਾ ਰਿਹਾ ਹੈ। ਪੰਜਾਬ ਦੇ ਲੋਕੋਂ ਹੁਣ ਤੁਸੀਂ ਸੋਚਣਾ ਹੈ ਕਿ ਕੀ ਕਰਨਾ ਹੈ। ਉਂਝ ਤੁਹਾਡੇ ਬਾਰੇ ਫ਼ੁਕਰੇ ਗੀਤਕਾਰਾਂ ਤੇ ਗਾਇਕਾਂ ਨੇ ਗਾਇਆ ਹੋਇਆ ਹੈ ਕਿ ਸਾਡੀ ਰੀਸ ਕੌਣ ਕਰ ਲੂ ਸਾਨੂੰ ਰੱਬ ਬਣਾਇਆ ਮਹਾਰਾਜੇ।
ਹੁਣ ਪੰਜਾਬ ਸਰਕਾਰ ਤੇ ਆਮ ਆਦਮੀ ਪਾਰਟੀ ਤਾਂ ਦਿੱਲੀ ਵਾਲਿਆਂ ਦੀ ਗੁਲਾਮ ਬਣ ਗਈ ਹੈ ਤੁਸੀਂ ਕਿੰਨੇ ਕੁਝ ਆਜ਼ਾਦ ਹੋ ਦੱਸਿਓ। ਪੰਜਾਬੀ ਓ ਜਾਗਦੇ ਕੇ ਸੁੱਤੇ?

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

 

 

Previous articleਵਿਸ਼ਵ ਥਾਇਰੋਇਡ ਦਿਵਸ(25 ਮਈ)*
Next articleਮਿਡਲ ਸਕੂਲ ਪ੍ਰਵੇਜ਼ ਨਗਰ ਵਿੱਚ ਸਿੱਖਿਆ ਅਧਿਕਾਰੀ “ਬਿਕਰਮਜੀਤ ਥਿੰਦ” ਵੱਲੋਂ ਵਿਭਾਗ ਵਿੱਚ ਨਿਭਾਈਆਂ ਸੇਵਾਵਾਂ ਦੀ ਸ਼ਲਾਘਾ