
“ਥਿੰਦ” ਭਾਜੀ ਨੇ ਸਿੱਖਿਆ ਵਿਭਾਗ ‘ਚ ਸਿਰਮੌਰ ਸੇਵਾਵਾਂ ਦਿੱਤੀਆਂ-ਮਹਿੰਦਰੂ
ਕਪੂਰਥਲਾ (ਸਮਾਜ ਵੀਕਲੀ) (ਕੌੜਾ)– ਸਿੱਖਿਆ ਵਿਭਾਗ ਵਿੱਚ ਸਕੂਲ ਮੁਖੀਆਂ, ਅਧਿਆਪਕਾਂ, ਤੇ ਸਮੂਹ ਕਰਮਚਾਰੀਆਂ ਨੂੰ ਹਰ ਸੰਭਵ ਮਦਦ ਦੇ ਕੇ ਵਿਭਾਗ ਨਾਲ ਜੋੜੀ ਰੱਖਣ ਵਿੱਚ ਅਹਿਮ ਉਪਰਾਲੇ ਕਰਨ ਵਾਲ਼ੀ ਸ਼ਖਸੀਅਤ ਬਿਕਰਮਜੀਤ ਸਿੰਘ ਥਿੰਦ ਨੂੰ ਸਨਮਾਨਿਤ ਕਰਨ ਦਾ ਪ੍ਰਭਾਵਸ਼ਾਲੀ ਪ੍ਰੋਗਰਾਮ ਸਰਕਾਰੀ ਮਿਡਲ ਸਕੂਲ ਪ੍ਰਵੇਜ਼ਨਗਰ ਵਿੱਚ ਸਕੂਲ ਮੁਖੀ ਜਯੋਤੀ ਮਹਿੰਦਰੂ ਦੀ ਅਗਵਾਈ ਵਿੱਚ ਆਯੋਜਿਤ ਕੀਤਾ ਗਿਆ। ਇਸ ਸਮੇਂ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਸਿੱਖਿਆ ਅਧਿਕਾਰੀ ਬਿਕਰਮਜੀਤ ਸਿੰਘ ਥਿੰਦ ਦਾ ਬੜੇ ਜੋਸ਼ੋ ਖਰੋਸ਼ ਨਾਲ ਗੁਲਾਬ ਦੇ ਫੁੱਲਾਂ ਨਾਲ ਸਵਾਗਤ ਕੀਤਾ। ਪ੍ਰੋਗਰਾਮ ਵਿੱਚ ਬੋਲਦਿਆਂ ਸਕੂਲ ਮੁਖੀ ਜਯੋਤੀ ਮਹਿੰਦਰੂ ਨੇ ਕਿਹਾ ਕੇ ਸਿੱਖਿਆ ਵਿਭਾਗ ਵਿੱਚ ਨਵੀਆਂ ਪੈੜਾ ਪਾ ਕੇ ਭਾਜੀ ਥਿੰਦ ਵੱਲੋਂ ਲਗਨ, ਮਿਹਨਤ ਤੇ ਇਮਾਨਦਾਰੀ ਨਾਲ ਸਿਰਮੌਰ ਸੇਵਾ ਨਿਭਾਈ ਹੈ। ਉਹਨਾਂ ਕਿਹਾ ਕਿ ਸਿੱਖਿਆ ਅਧਿਕਾਰੀ ਥਿੰਦ ਭਾਜੀ ਨੇ ਹਰ ਕਰਮਚਾਰੀ ਨੂੰ ਪੂਰੀ ਇੱਜ਼ਤ ਦਿੰਦਿਆਂ ਜਿੱਥੇ ਉਹਨਾਂ ਦੇ ਵਿਭਾਗੀ ਕੰਮਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕੀਤਾ ਓਥੇ ਜ਼ਿਲ੍ਹੇ ਨੂੰ ਸੂਬੇ ਵਿੱਚ ਸਰਵੋਤਮ ਬਣਾਉਣ ਵਿੱਚ ਵੀ ਵੱਡੀ ਜੁੰਮੇਵਾਰੀ ਨਿਭਾਈ। ਜਯੋਤੀ ਮਹਿੰਦਰੂ ਨੇ ਕਿਹਾ ਕਿ ਥਿੰਦ ਸਾਹਿਬ ਦੇ ਸੇਵਾ ਕਾਲ ਦੌਰਾਨ ਕਦੇ ਵੀ ਕਿਸੇ ਕਰਮਚਾਰੀ ਨੂੰ ਆਪਣੇ ਕੰਮ ਲਈ ਸੰਘਰਸ਼ ਨਹੀਂ ਕਰਨਾ ਪਿਆ ਅਤੇ ਸਾਰੇ ਕੰਮ ਸਮਾਂਬੱਧ ਹੀ ਸੰਪਨ ਹੋ ਜਾਂਦੇ ਸਨ।ਪ੍ਰੋਗਰਾਮ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਪ੍ਰਿੰਸੀਪਲ ਤੇਜਿੰਦਰਪਾਲ, ਪ੍ਰਿੰਸੀਪਲ ਨਵਚੇਤਨ ਸਿੰਘ ਅਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਸੁਖਵਿੰਦਰ ਸਿੰਘ ਜੰਮੂ ਨੇ ਕਿਹਾ ਕੇ ਸਿੱਖਿਆ ਅਧਿਕਾਰੀ ਥਿੰਦ ਦੀਆਂ ਸਫਲ ਸੇਵਾਵਾਂ ਲੰਬੇ ਸਮੇਂ ਤੱਕ ਲੋਕਾਂ ਦੇ ਚੇਤਿਆਂ ਵਿੱਚ ਰਹਿਣਗੀਆਂ। ਉਹਨਾਂ ਕਿਹਾ ਕਿ ਜਿਲ੍ਹਾ ਕਪੂਰਥਲਾ ਨੂੰ ਵਿਭਾਗੀ ਗਤੀਵਿਧੀਆਂ ਵਿੱਚ ਸਿਖਰਾਂ ਤੇ ਪਹੁੰਚਾਉਣ ਵਿੱਚ ਥਿੰਦ ਸਾਹਿਬ ਦੀ ਕਾਰਜਸ਼ੈੱਲੀ ਦਾ ਕੋਈ ਸਾਹਨ੍ਹੀ ਨਹੀਂ ਹੈ।ਪ੍ਰੋਗਰਾਮ ਵਿੱਚ ਸਕੂਲ ਮੁਖੀ ਜਯੋਤੀ ਮਹਿੰਦਰੂ, ਪ੍ਰਿੰਸੀਪਲ ਤਜਿੰਦਰਪਾਲ, ਪ੍ਰਿੰਸੀਪਲ ਨਵਚੇਤਨ ਸਿੰਘ ਅਤੇ ਸੁਖਵਿੰਦਰ ਸਿੰਘ ਜੰਮੂ ਡੀ.ਐੱਮ. ਸਪੋਰਟਸ ਦੇ ਨਾਲ ਵਿਕਰਮ ਕੁਮਾਰ, ਸਰਬਜੀਤ ਸਿੰਘ ਘੁੰਮਣ, ਅਨਮੋਲ ਸਹੋਤਾ ਅਤੇ ਹੋਰ ਸਟਾਫ ਮੈਂਬਰ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

