HOME ਕੀ ਫਾਇਦਾ ਦੱਸੋ …….

ਕੀ ਫਾਇਦਾ ਦੱਸੋ …….

2
ਜੱਸੀ ਫਗਵਾੜੇ ਵਾਲਾ

ਸਮਾਜ ਵੀਕਲੀ ਯੂ ਕੇ

ਸਕਦਾ ਨੀ ਰੋਕ ਜਿਹੜਾ ਹੁੰਦੇ ਵੇਖ ਜੁਲਮਾਂ ਨੂੰ,
ਕੀ ਫਾਇਦਾ ਦੱਸੋ ਐਸੇ ਰੱਬ ਨੂੰ ਧਿਆਏ ਦਾ।

ਜੇ ਹੱਡ ਤੋੜ ਭੰਨਕੇ ਕਮਾਉਣਾ ਪੈਸਾ ਖੁਦ ਜੱਸੀ,
ਕੀ ਫਾਇਦਾ ਨੱਕ ਮੂਹਰੇ ਮੂਰਤੀਆਂ ਘਸਾਏ ਦਾ।

ਕੱਢਦੇ ਨੀ ਪੀਰ ਜਿਹੜੇ ਆਣਕੇ ਮੁਸੀਬਤਾ ਚੋਂ,
ਕੀ ਫਾਇਦਾ ਰੋਟ ਉਹਨਾ ਪੀਰਾਂ ਨੂੰ ਚੜ੍ਹਾਏ ਦਾ।

ਦੇਣਾ ਸਤਿਕਾਰ ਨੀ ਜੇ ਧੀਆਂ ਭੈਣਾ ਮਾਵਾਂ ਤਾਈਂ,
ਕੀ ਫਾਇਦਾ ਦੱਸੋ ਘਰੀਂ ਕੰਜਕਾਂ ਬਿਠਾਏ ਦਾ।

ਢਿੱਡੋਂ ਭੁੱਖੀ ਦੇਸ਼ ਦੀ ਆਵਾਮ ਰੋਂਦੀ ਵੇਖਕੇ ਵੀ,
ਕੀ ਫਾਇਦਾ ਦੱਸੋ ਸੋਨਾ ਮੰਦਿਰੀਂ ਚੜ੍ਹਾਏ ਦਾ।

ਮਿਲ਼ਦਾ ਨਾ ਹੋਵੇ ਦੁੱਧ ਪੀਣ ਲਈ ਮਾਸੂਮਾ ਦੇ,
ਕੀ ਫਾਇਦਾ ਦੱਸੋ ਦੁੱਧ ਪੱਥਰਾਂ ਤੇ ਪਾਏ ਦਾ।

ਘਰ ਬੁੱਢੇ ਮਾਪਿਆ ਨਾ ਪਾਣੀ ਦਾ ਗਿਲਾਸ ਦੇਵੋਂ,
ਕੀ ਫਾਇਦਾ ਰਾਹਾਂ ‘ਚ’ ਸ਼ਬੀਲਾ ਦੇ ਲਗਾਏ ਦਾ।

ਦੋ ਟਾਪਾਂ ਰੋਟੀ ਜੇ ਨਾ ਮਾਪਿਆ ਨੂੰ ਦੇਣ ਜੋਗੇ,
ਕੀ ਫਾਇਦਾ ਡੇਰਿਆ ਤੇ ਲੰਗਰ ਪਕਾਏ ਦਾ।

ਜੇ ਆਪੇ ਹੀ ਕਮਾਕੇ ਖਾਣੀ ਦੋਂ ਡੰਗ ਰੋਟੀ ਯਾਰੋ,
ਕੀ ਫਾਇਦਾ ਰੌਲ਼ਾ ਦੱਸੋ ਧਰਮਾ ਦੇ ਪਾਏ ਦਾ।

ਆਪਣੇ ਰੁਸਾਕੇ ਰੱਖੇ, ਸਾਕ ਵੀ ਤੁੜਾਕੇ ਰੱਖੇ,
ਕੀ ਫਾਇਦਾ ਐਹੋ ਜਏ ਅਸੂਲਾਂ ਦੇ ਬਣਾਏ ਦਾ।

ਮੰਨਦੇ ਨੀ ਗੱਲ ਜਿਹੜੇ ਦਿੱਤੀਆ ਦਲੀਲਾਂ ਤੇ ਵੀ,
ਕੀ ਫਾਇਦਾ ਮੂਹਰੇ ਬੀਨ ਝੋਟਿਆਂ ਬਜਾਏ ਦਾ।

ਅੱਖੋਂ ਅੰਨ੍ਹੇ, ਗੁੰਗੇ ਬੋਲ਼ੇ ਲੰਗੜੇ ਸਮਾਜ ਨੂੰ,
ਕੀ ਫਾਇਦਾ ਵਾਰ ਵਾਰ ਗੱਲ ਸਮਝਾਏ ਦਾ।

ਮਿਲ਼ਦਾ ਨਈਂ ਜਿਹਨੂੰ ਸਤਿਕਾਰ ਘਰੇ ਆਪਣੇ ਹੀ,
ਕੀ ਫਾਇਦਾ ਘਰੋਂ ਬਾਹਰ ਰੁੱਤਬਾ ਬਣਾਏ ਦਾ।

ਜੇ ਪਿਆਰ ਨਾ ਕਮਾਕੇ ਜਾਵੇਂ, ਰੋਂਦੇ ਨਾ ਹਸਾਕੇ ਜਾਵੇਂ,
ਕੀ ਫਾਇਦਾ ਜੱਸੀ ਤੇਰਾ ਦੁਨੀਆ ਤੇ ਆਏ ਦਾ।
ਕੀ ਫਾਇਦਾ ਜੱਸੀ ਤੇਰਾ ਦੁਨੀਆ ਤੇ ਆਏ ਦਾ।

(ਜੱਸੀ ਫਗਵਾੜੇ ਵਾਲਾ, ਇਟਲੀ)

 

ਸਮਾਜ ਵੀਕਲੀਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleGuru Teg Bahadur Gurdwara Leicester Supports Educate Punjab Project
Next articleਐਨ ਐਮ ਐਮ ਐਸ ਪ੍ਰੀਖਿਆ ਪਾਸ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ