(ਸਮਾਜ ਵੀਕਲੀ)
ਇੱਕ ਤੋਰ ਇਹ ਵੀ (ਜੇਲ੍ਹ ਜੀਵਨ ‘ਚੋਂ)
ਕਾਂਡ – 21ਵਾਂ( ਭਾਗ- ਦੂਜਾ ਤੇ ਅੰਤਿਮ)
ਜਿਵੇਂ ਜੇਲ੍ਹ ਵਿਚ ਘਰ ਵਾਲੀਆਂ ਆਦਤਾਂ ਕੁਝ ਦਿਨ ਪਾ ਕੇ ਹੀ ਭੁੱਲ ਸਕੀਆਂ ਸਨ, ਜ਼ਰੂਰੀ ਸੀ ਜੇਲ੍ਹ ਵਾਲੀਆਂ ਕੁਝ ਆਦਤਾਂ ਦਾ ਘਰ ਜਾ ਕੇ,ਕੁਝ ਦਿਨ ਅਸਰ ਰਹਿੰਦਾ। ਹੁਣ ਤਾਂ ਸਾਰੇ ਜੇਲ੍ਹੀ ਅਧਿਆਪਕ ਮੈਨੂੰ ਗੀਤ ਦੇ ਅੰਤਰਿਆਂ ਵਾਂਗ ਜਾਪਦੇ। ਸਾਰੇ ਅਧਿਆਪਕ ਲੋਕ-ਗੀਤਾਂ ਵਾਂਗ ਸਵੱਛ, ਤੇ ਆਪਣੇ ਅੰਦਰ ਸਮੋਈ ਬੈਠੇ ਚਿਰ ਸਦੀਵੀ ਸੱਚ ਦੇ ਅਰਥਾਂ ਵਰਗੇ ਲੱਗਦੇ।
ਏਡਿਡ ਸਕੂਲਾਂ ਦੀ ਨੌਕਰੀ ਦਾ ਵੀ ਇੱਕ ਵੱਖਰਾ ਸੁਆਦ ਹੈ। ਜੋ ਇੱਕ ਵਾਰ ਇੱਥੇ ਨੌਕਰੀ ਕਰ ਗਿਆ, ਉਹ ਦੂਸਰੇ ਸਕੂਲਾਂ ਵਿਚ ਛੇਤੀ ਛੇਤੀ ਅਡਜਸਟ ਨਹੀਂ ਹੋ ਸਕਦਾ ਕਿਉਂਕਿ ਇਨ੍ਹਾਂ ਸਕੂਲਾਂ ਵਿਚ ਨਿੱਜੀ ਤੇ ਮਾਰੂ ਵਿਰੋਧ,ਘੱਟ ਦੇਖਣ ਨੂੰ ਮਿਲਦੈ। ਜੇ ਕਿਸੇ ਦੀ ਵਿਚਾਰਧਾਰਕ ਤੌਰ ‘ਤੇ ਨਹੀਂ ਵੀ ਬਣਦੀ, ਤਾਂ ਉਹ ਇੱਕ ਦੂਜੇ ਦਾ ਨੁਕਸਾਨ ਨਹੀਂ ਕਰਦੇ ਤੇ ਨਾ ਹੀ ਕੋਈ ਕਿਸੇ ਦੀ ਰੋਟੀ ਵਿਚ ਲੱਤ ਮਾਰਨ ਦੀ ਕੋਸ਼ਿਸ਼ ਕਰਦੈ। ਇਹ ਇੱਕ ਐਡੀ ਵਧੀਆ ਸਚਾਈ ਹੈ ਕਿ ਦੁੱਖ ਸੁੱਖ ਸਾਂਝੇ ਕਰਨੇ ਕਿਤੋਂ ਸਿੱਖਣੇ ਹੋਣ, ਤਾਂ ਸਹਾਇਤਾ ਪ੍ਰਾਪਤ ਸਕੂਲ ਇੱਕ ਵਧੀਆ ਉਦਾਹਰਣ ਹਨ। ਇਸ ਦਾ ਵੱਡਾ ਕਾਰਨ ਹੈ:- ਇੱਕ ਤਾਂ ਇਹਨਾਂ ਸਕੂਲਾਂ ਵਿਚ ਜੋ ਅਧਿਆਪਕ ਨੌਕਰੀ ਕਰਦੇ ਹਨ ਉਹਨਾਂ ਦੀ ਬਦਲੀ ਨਹੀਂ ਹੋ ਸਕਦੀ, ਦੂਜਾ ਜੇ ਕਦੀ ਮਮੂਲੀ ਲੜਾਈ, ਝਗੜਾ ਹੋ ਵੀ ਜਾਵੇ, ਉਸ ਨੂੰ ਨਾ ਚਾਹੁੰਦੇ ਹੋਏ ਵੀ ਭੁਲਾਉਣਾ ਹੀ ਪੈਂਦਾ ਹੈ ਕਿਉਂਕਿ ਜਿੱਥੇ ਤੁਸੀਂ ਤੀਹ ਜਾਂ ਪੈਂਤੀ ਵਰ੍ਹੇ ਇਕੱਠੇ ਨੌਕਰੀ ਕਰਨੀ ਹੈ ਓਥੇ ਤੁਸੀਂ ਆਪਣੇ ਮਨ ਦਾ ਚੈਨ ਸਾਰੀ ਜ਼ਿੰਦਗੀ ਖ਼ਰਾਬ ਨਹੀਂ ਕਰ ਸਕਦੇ।
” ਸੂਰਜ ਗਰਮੀ ਤੇ ਰੋਸ਼ਨੀ ਦਿੰਦਾ ਹੈ”
( ਅਟਲ ਸਚਾਈ)
ਏਡਿਡ ਸਕੂਲਾਂ ਦੇ ਅਧਿਆਪਕ/ ਕਰਮਚਾਰੀ ਵੀ ਕਦੇ ਪੱਕੇ ਦੁਸ਼ਮਨ ਨਹੀਂ ਬਣ ਸਕਦੇ। ਇਹ ਸੂਰਜੀ ਉਦਾਹਰਨ ਤੋਂ ਵੀ ਅਟਲ ਸਚਾਈ ਹੈ। ਇਹ ਕ੍ਰਿਸ਼ਮਾ ਮੈਂ ਆਪਣੇ ਪੰਦਰਾਂ ਸਾਲਾਂ ਦੀ ਸਰਵਿਸ ਦੌਰਾਨ ਆਪਣੇ ‘ਤੇ ਹੰਢਾਇਆ ਹੈ। ਇੱਕ ਸਾਥੀ ਅੱਜ ਤੁਹਾਡੇ ਨਾਲ ਹੈ,ਕੱਲ੍ਹ ਕਿਤੇ ਹੋਰ ਬੈਠ ਸਕਦੈ, ਕੱਲ੍ਹ ਕਿਸੇ ਹੋਰ ਨਾਲ ਸੀ। ਜੋ ਅਧਿਆਪਕ ਇਨ੍ਹਾਂ ਸਕੂਲਾਂ ਵਿਚ ਆਪਣੇ ਆਪ ਨੂੰ ਐਡਜਸਟ ਨਹੀਂ ਕਰ ਸਕਦਾ ਉਹ ਏਥੋਂ ਜਲਦੀ ਹੀ ਚਲਾ ਜਾਂਦੈ। ਜੇਲ੍ਹ ਵਿਚ ਵੱਖ ਵੱਖ ਰੰਗਾਂ ਦੇ ਫੁੱਲਾਂ ਵਾਂਗ, ਯੂਨੀਅਨ ਰੂਪੀ ਗੁਲਦਸਤੇ ਦੀ ਸ਼ੋਭਾ ਵਧਾ ਰਹੇ ਅਧਿਆਪਕ ਇਸ ਦੀ ਮਿਸਾਲ ਸਨ। ਭਾਵੇਂ ਉਹਨਾਂ ਅੰਦਰ ਪਰਵਾਰਿਕ ਵਿਛੋੜੇ ਦਾ ਦਰਦ,ਅੰਦਰ ਝਾਤੀ ਮਾਰ ਕੇ ਦੇਖਿਆ ਜਾ ਸਕਦਾ ਸੀ,ਪਰ ਜਦੋਂ ਬੈਰਕ ਤੋਂ ਬਾਹਰ ਟਹਿਲਦੇ,ਹੱਸਦੇ,ਖੇਡਦੇ ਅਧਿਆਪਕਾਂ ਨੂੰ ਦੇਖਿਆ ਜਾਂਦਾ ਤਾਂ ਇੱਕ ਟ੍ਰੇਨਿੰਗ ਕੈਂਪ ਜਾਂ ਰੀਫ਼ਰੈਸ਼ਰ ਕੋਰਸ ਤੋਂ ਵੱਧ ਕੁਝ ਵੀ ਨਜ਼ਰ ਨਹੀਂ ਸੀ ਆਉਂਦਾ।
ਸੱਭਿਆਚਾਰਕ ਪ੍ਰੋਗਰਾਮ ਵੇਲੇ ਐਨੀ ਚੁੱਪ ਛਾ ਜਾਂਦੀ ਸੀ ਕਿ ਇੱਕ ਸੱਭਿਅਕ ਮਨੁੱਖ ਦੀ ਨਿਸ਼ਾਨੀ, ਇੱਕ ਕੌਮ ਨੂੰ ਬਣਾਉਣ ਵਾਲੇ ਅਧਿਆਪਕ ਦੀ ਸਟੇਜ ‘ਤੇ ਹੁੰਦੀ ਹਰੇਕ ਗਤੀ-ਵਿਧੀ ਦੀ ਪਕੜ, ਇੱਕ ਪਾਰਖੂ ਨਜ਼ਰ, ਆਮ ਦੇਖੀ ਜਾ ਸਕਦੀ ਸੀ। ਹਲਕਾ ਗੀਤ, ਹਲਕਾ ਲੈਕਚਰ ਭਾਵੇਂ ਓਹਨਾਂ ਨੂੰ ਹਜ਼ਮ ਨਹੀਂ ਸੀ ਆਉਂਦਾ ਜਾਂ ਅਸੀਂ ਕਹਿ ਸਕਦੇ ਹਾਂ ਉਨ੍ਹਾਂ ਦੇ ਹਲਕ ਤੋਂ ਹੇਠਾਂ ਨਹੀਂ ਸੀ ਜਾਂਦਾ ਪਰ ਇੱਕ ਸੱਭਿਅਕ ਮਨੁੱਖ ਦੀ ਮਿਸਾਲ ਜੋ ਜੇਲ੍ਹ ਵਿਚ ਅਧਿਆਪਕਾਂ ਤੋਂ ਮਿਲੀ ਉਹ ਬੜੀ ਲਾਸਾਨੀ ਹੈ। ਪੰਡਾਲ ਵਿਚ ਪ੍ਰੋਗ੍ਰਾਮ ਸੁਣ ਰਹੇ ਅਧਿਆਪਕਾਂ ਨੇ ਆਪਣਾ ਪ੍ਰਤੀਕਰਮ ਕਦੇ ਵੀ ਜਲਦਬਾਜ਼ੀ ਵਿਚ ਨਹੀਂ ਦਿਖਾਇਆ। ਜੇ ਕਿਸੇ ਨੂੰ ਕੱਟਣਾ ਪਿਆ ਤਾਂ ਦਲੀਲ ਨਾਲ ਕੱਟਿਆ, ਤੇ ਇਸੇ ਕਰ ਕੇ ਮੈਨੂੰ ਸਾਰੇ ਅਧਿਆਪਕ ਲੋਕ-ਗੀਤਾਂ ਤੇ ਮਾਂ-ਬੋਲੀ ਵਰਗੇ ਲੱਗੇ।
ਇੱਕ ਅਧਿਆਪਕ ਸਾਥੀ ਡਾਕਟਰ ਪ੍ਰਦੀਪ ਕੌੜਾ ( ਕਹਾਣੀਕਾਰ ਤੇ ਅੱਜ ਕੱਲ੍ਹ ਡਿਪਟੀ ਡਾਇਰੈਕਟਰ ਅਕਾਦਮਿਕ, ਬਾਬਾ ਫਰੀਦ ਗਰੁੱਪ ਆਫ਼ ਇੰਸਟੀਚਿਊਸ਼ਨ ਦਿਓਣ ਬਠਿੰਡਾ) ਜੋ ਕਿਤਾਬ ਲਿਖਣ ਵੇਲੇ ਮੇਰੀ ਮਦਦ ਕਰ ਰਿਹਾ ਸੀ, ਮੈਂ ਉਸਨੂੰ ਪੁੱਛਿਆ,” ਕੌੜਾ ! ਲੋਕ-ਗੀਤਾਂ ਵਰਗੇ ਅਧਿਆਪਕ ਕਾਂਡ ਦਾ ਸਿਰਲੇਖ ਕਿਵੇਂ ਲੱਗਦੈ ?”
ਕਹਿੰਦਾ,”ਜੱਸੀ ਸਾਹਿਬ! ਅਧਿਆਪਕਾਂ ਦੀ ਤੁਲਨਾ ਗੁਰੂਆਂ, ਦੇਵਤਿਆਂ, ਮਾਪਿਆਂ ਨਾਲ ਤਾਂ ਅਕਸਰ ਕੀਤੀ ਜਾਂਦੀ ਹੈ ਲੋਕ- ਗੀਤਾਂ ਜਾਂ ਮਾਂ-ਬੋਲੀ ਨਾਲ਼ ਅਧਿਆਪਕਾਂ ਦੀ ਤੁਲਨਾ ਅਜੇ ਤੱਕ ਕਿਸੇ ਨੇ ਨਹੀਂ ਕੀਤੀ, ਕਿਉਂਕਿ ਲੋਕ-ਗੀਤਾਂ ਦੀ ਅਹਿਮੀਅਤ ਕੋਈ ਕੋਈ ਜਾਣਦੈ। ਮੈਨੂੰ ਡਾਕਟਰ ਪਰਦੀਪ ਕੌੜਾ ਦੀ ਗੱਲ ਬਹੁਤ ਪਿਆਰੀ ਲੱਗੀ ਮੈਂ ਨਿਸਚਿੰਤ ਹੋ ਗਿਆ।
ਵਾਕਿਆ ਹੀ ਅਧਿਆਪਕ ਪ੍ਰਸੰਸਾ ਦੇ ਪਾਤਰ ਸਨ। ਜਿੱਥੇ ਤਰਕ ਤੇ ਦਲੀਲ ਨਾਲ ਜੇਲ੍ਹ ਅੰਦਰ ਗੱਲ ਕਰਨ ਵਾਲੇ ਅਧਿਆਪਕਾਂ ਦਾ ਸਮੁੰਦਰ ਭਰਿਆ ਪਿਆ ਸੀ ਓਥੇ ਕਈ ਪੈਰੋਡੀ ਲਿਖਣ ਦੇ ਮਾਹਰ ਵੀ ਦੇਖੇ।
ਓਥੇ ਸਾਡਾ ਇੱਕ ਅਧਿਆਪਕ ਸਾਥੀ, ਅਮਲੀ ਕਿਸਮ ਦਾ ਸੀ। ਟੋਟਕੇ ਤੇ ਪੈਰੋਡੀ ਲਿਖਣ ਦਾ ਮਾਹਰ। ਸ਼ਕਲੋਂ ਅਧਿਆਪਕ ਘੱਟ ਅਮਲੀ ਜ਼ਿਆਦਾ ਲੱਗੇ।
ਉੱਤੋਂ ਸਿਰ ਤੇ ਪਰਨਾ ਬੰਨ੍ਹ ਲਿਆ ਕਰੇ । ਸਰੀਰ ਐਨਾ ਕਮਜ਼ੋਰ ਜਿਵੇਂ ਮਰੀਜ਼ ਹੁੰਦੈ।
ਉਸ ਦਾ ਪੜ੍ਹਾਉਣ ਦਾ ਵਿਸ਼ਾ ਸਰੀਰਿਕ ਸਿੱਖਿਆ। ਜਦੋਂ ਸਟੇਜ :ਤੇ ਖੜ੍ਹ ਕੇ ਸਰਕਾਰ ਦੇ ਕੀਰਨੇ ਪਾਵੇ ਤਾਂ ਸਭ ਨੂੰ ਹਸਾ ਹਸਾ ਕੇ ਦੂਹਰੇ ਕਰ ਦੇਵੇ।
ਇਕ ਦਿਨ ਉਸ ਨੇ ਜਦੋਂ ਇਸ ਗੀਤ ਦੀ ਪੈਰੋਡੀ ਸਟੇਜ ‘ਤੇ ਸੁਣਾਈ ਤਾਂ ਸਭ ਦੇ ਹੱਸ ਹੱਸ ਕੇ ਢਿੱਡੀਂ ਪੀੜਾਂ ਪੈ ਗਈਆਂ। ਆਪ ਉਹ ਬਿਲਕੁਲ ਨਹੀਂ ਸੀ ਹੱਸਦਾ। ਗੀਤ ਦੀ ਪੈਰੋਡੀ ਕੁਝ ਇੰਝ ਸੀ:-
ਕਿਤੋਂ ਬਹੁੜ ਬਾਬਲਾ ਵੇ,
ਦੁਖੜੇ ਸੁਣ ਲੈ ਪੁੱਤ ਦੇ ਆ ਕੇ।
ਮੈਨੂੰ ਜੇਲ੍ਹ ਲਿਆਏ ਵੇ,
ਘਰੋਂ ਝੂਠਾ ਲਾਰਾ ਲਾ ਕੇ।
ਅਸੀਂ ਵਕਤ ਲੰਘਾਉਂਦੇ ਵੇ,
ਬਾਬਲਾ ਖੇਡ ਤਾਸ਼ ਦੀ ਦੁੱਕੀ।
ਮੈਨੂੰ ਭੇਜ ਬਾਬਲਾ ਵੇ,
ਤੂੰ ਇੱਕ ਪੰਸੇਰਾ ਭੁੱਕੀ।
ਮੈਨੂੰ ਤੋੜ ਲੱਗਦੀ ਵੇ,
ਮੈਨੂੰ ਲਿਆਏ ਯਾਰ ਭਰਮਾ ਕੇ।
ਕਿਤੋਂ ਬਹੁੜ ਬਾਬਲਾ ਵੇ…।
ਜਦੋਂ ਉਹ ਇਸ ਤਰ੍ਹਾਂ ਦੇ ਗੀਤ ਸਟੇਜ ‘ਤੇ ਸੁਣਾਉਂਦਾ ਤਾਂ ਸਭ ਦਾ ਹਾਸਾ ਹੱਸ ਕੇ ਬੁਰਾ ਹਾਲ ਹੋ ਜਾਂਦਾ। ਪ੍ਰਧਾਨ ਸ.ਤੇਜਾ ਸਿੰਘ ਜੀ ਵੀ ਆਪਣੀ ਕਵਿਤਾ ਸੁੱਖ ਬਾਬੇ ਦਾ ਰੋਟ ਭਲੇ ਦਿਨ ਆਵਣਗੇ, ਸੁਣਾ ਕੇ ਅਧਿਆਪਕਾਂ ਨੂੰ ਨਿਹਾਲ ਕਰਦੇ। ਇਸ ਗੀਤ ਦੇ ਅੰਤਰਿਆਂ ‘ਚ ਸਮਾਜ ਆ ਰਹੇ ਨਿਘਾਰ ਦੀ ਗੱਲ ਬੜੇ ਸੁਚੱਜੇ ਢੰਗ ਨਾਲ ਕੀਤੀ, ਸਮਾਜ ਦੀਆਂ ਵਿਸੰਗਤੀਆਂ ਦੀ ਤਰਜਮਾਨੀ ਬਹੁਤ ਪਿਆਰੀ ਲੱਗਦੀ। ਜਦੋਂ ਚਮਚਾਂ ਨਾਲ ਥਾਲੀਆਂ ਵਜਾ ਕੇ ਸਾਰੇ ਇਸ ਨੂੰ ਸਹਿਗਾਨ ਦੀ ਸ਼ਕਲ ਵਿੱਚ ਗਾਂਦੇ ਤਾਂ ਅਨੰਦ ਦੇਖਣ ਵਾਲਾ ਹੁੰਦਾ।
ਜਸਪਾਲ ਜੱਸੀ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly