(ਸਮਾਜ ਵੀਕਲੀ)
ਇੱਕ ਤੋਰ ਇਹ ਵੀ (ਜੇਲ੍ਹ ਜੀਵਨ ‘ਚੋਂ)
ਕਾਂਡ – 21ਵਾਂ(ਭਾਗ-ਪਹਿਲਾ)
ਬੇੜੀ ਪੂਰ, ਤ੍ਰਿੰਝਣੀ ਕੁੜੀਆਂ,
ਸਦਾ ਨਾ ਬੈਠਣ ਜੁੜ ਕੇ।
ਪੰਛੀ ਤੇ ਪਰਦੇਸੀ ਸੱਜਣੋਂ,
ਕਦੇ ਨਾ ਆਵਣ ਮੁੜ ਕੇ।
(ਲੋਕ-ਟੁਕ)
ਜੇਲ੍ਹ ਵਿਚ ਸਾਰੇ ਅਧਿਆਪਕ/ ਕਰਮਚਾਰੀ ਇੱਕ ਪਰਵਾਰ ਦੀ ਤਰ੍ਹਾਂ ਪੇਸ਼ ਆ ਰਹੇ ਸਨ। ਪਤਾ ਨਹੀਂ ਤਾਂ ਹਰੇਕ ਦੇ ਦਿਮਾਗ਼ ਵਿਚ ਸੀ ਕਿ ਫ਼ੇਰ ਕਦੋਂ ਮੇਲੇ ਹੋਣਗੇ। ਜਿੱਥੇ ਮਨੁੱਖ ਨੇ ਪੱਕੇ ਤੌਰ ‘ਤੇ ਰਹਿਣਾ ਹੁੰਦਾ ਹੈ, ਓਥੇ ਛੋਟੀ-ਮੋਟੀ ਗੱਲ ਅਕਸਰ ਹੋ ਜਾਂਦੀ ਹੈ। ਏਥੇ ਤਾਂ ਸਾਰੇ ਬੇੜੀ ਦੇ ਪੂਰ ਤੇ ਤ੍ਰਿੰਝਣ ਦੀਆਂ ਕੁੜੀਆਂ ਵਾਂਗ ਸਭ ਨੇ ਇੱਕ ਦਿਨ ਵਿਛੁੜ ਕੇ ਜਾਣਾ ਸੀ। ਹੁਣ ਸਰਕਾਰ ਨਾਲ ਗੱਲਬਾਤ ਵੀ ਸਿਰੇ ਦੀ ਲੱਗਦੀ ਦਿਖ ਰਹੀ ਸੀ। ਕੁਝ ਸ਼ਰਤਾਂ ਹੀ ਸਰਕਾਰ ਨਾਲ ਤੈਅ ਹੋਣੀਆਂ ਬਾਕੀ ਸਨ ਤੇ ਲਿਖਤੀ ਸਮਝੌਤੇ ਤੋਂ ਬਿਨਾਂ ਯੂਨੀਅਨ ਕਿਸੇ ਮਨਿਸਟਰ ਜਾਂ ਅਫ਼ਸਰਸ਼ਾਹੀ ‘ਤੇ ਵਿਸ਼ਵਾਸ਼ ਨਹੀਂ ਸੀ ਕਰਦੀ। ਕਿਉਂਕਿ ਯੂਨੀਅਨ ਪਹਿਲਾਂ ਵੀ ਝੂਠੇ ਲਾਰਿਆਂ ਕਰ ਕੇ ਧੋਖਾ ਖਾ ਚੁੱਕੀ ਸੀ।
ਸਾਰੇ ਸਾਥੀਆਂ ਨੂੰ ਪਤਾ ਸੀ ਕਿ ਹੁਣ 23 24 ਦਿਨ ਹੋ ਗਏ ਸਨ। ਦੋ ਨਹੀਂ ਤਾਂ ਪੰਜ, ਚਾਰ ਦਿਨਾਂ ‘ਚ ਫ਼ੈਸਲਾ ਹੋ ਹੀ ਜਾਣਾ ਸੀ। ਸਰਕਾਰ ਦੀ ਕਾਫ਼ੀ ਭੰਡੀ ਵੀ ਹੋ ਚੁੱਕੀ ਸੀ। ਪਰੀਖਿਆਵਾਂ ਦਾ ਸਮਾਂ ਤਾਂ ਲੰਘ ਹੀ ਚੁੱਕਿਆ ਸੀ, ਸਹਾਇਤਾ ਪ੍ਰਾਪਤ ਸਕੂਲਾਂ ਦੇ ਅਧਿਆਪਕਾਂ ਨੇ ਪਰੀਖਿਆ ਡਿਊਟੀਆਂ ਅਤੇ ਮੁਲਾਂਕਣ ਕਾਰਜ ਤੋਂ ਤਾਂ ਜਵਾਬ ਦੇ ਹੀ ਦਿੱਤਾ ਸੀ। ਬੋਰਡ ਦੀਆਂ ਪਰੀਖਿਆਵਾਂ ਖਾਤਰ ਬਿਲਡਿੰਗਾਂ ਨਾ ਦੇਣ ਬਾਰੇ ਵਿਚਾਰ ਕੀਤੀ ਜਾ ਰਹੀ ਸੀ।
ਪ੍ਰਬੰਧਕ ਕਮੇਟੀਆਂ ਕਿਤੇ ਕਿਤੇ ਤਾਂ ਪੂਰਨ ਸਹਿਯੋਗ ਵਿਚ ਖੜ੍ਹੀਆਂ ਸਨ ਤੇ ਕੁਝ ਥਾਵਾਂ ‘ਤੇ ਹਿਚਕਚਾਹਟ ਦਿਖਾ ਰਹੀਆਂ ਸਨ। ਪਰ ਪ੍ਰਬੰਧਕ ਕਮੇਟੀਆਂ ਦੀ ਸਟੇਟ ਬਾਡੀ ਅਧਿਆਪਕਾਂ ਦੇ ਪੂਰਨ ਹੱਕ ਵਿਚ ਮੀਟਿੰਗ ਕਰਕੇ, ਸਰਕਾਰ ਨੂੰ ਮੰਗਾਂ ਮੰਨਣ ਲਈ ਦਬਾਓ ਪਾ ਰਹੀ ਸੀ। ਕੁਝ ਥਾਵਾਂ ‘ਤੇ ਕੁਝ ਚੌਧਰ ਦੇ ਭੁੱਖੇ ਤੇ ਸਰਕਾਰ ਦੇ ਪਿੱਠੂ ਕਿਸਮ ਦੇ ਬੰਦੇ ਬਾਹਰ ਰਹਿ ਗਏ ਅਧਿਆਪਕਾਂ ਨੂੰ ਪਰੀਖਿਆਵਾਂ ਵਿਚ ਡਿਊਟੀਆਂ ਦੇਣ ਲਈ ਮਜ਼ਬੂਰ ਕਰ ਰਹੇ ਸਨ ਪਰ ਉਹ ਜ਼ਿਆਦਾ ਕਾਮਯਾਬ ਨਾ ਹੋਏ।
ਜੇਲ੍ਹ ਮਾਹੌਲ ਇੰਨਾ ਭਰਾਤਰੀ ਭਾਵ ਵਾਲਾ ਬਣ ਚੁੱਕਿਆ ਸੀ ਕਿ ਮੈਨੂੰ ਮੇਰੇ ਗੁਰੂ ਡਾਕਟਰ ‘ਸੁਰਜੀਤ ਸਿੰਘ ਭੱਟੀ’ ਸਟੇਜ ‘ਤੇ ਸੁਣਾਈ ਲੋਕ-ਤੁਕ:-
“ਤੈਨੂੰ ਤਾਪ ਚੜ੍ਹੇ ਮੈਂ ਹੂੰਗਾਂ”
ਅਕਸਰ ਯਾਦ ਆ ਜਾਂਦੀ।
ਸੱਚਮੁੱਚ ਹੀ ਕਿਸੇ ਇੱਕ ਮਿੱਤਰ ਦੀ ਤਕਲੀਫ਼ ਸਾਰੇ ਜੇਲ੍ਹੀ ਅਧਿਆਪਕਾਂ ਦੀ ਤਕਲੀਫ਼ ਬਣ ਜਾਂਦੀ ਸੀ।
ਬੈਰਕ ਦੇ ਬਾਹਰ, ਅੱਜ ਫ਼ਿਰ ਅਸੀਂ, ਕੰਧ ਨਾਲ ਲੱਗੇ ਤਾਸ਼ ਖੇਡ ਰਹੇ ਸਾਂ। ਕੁਝ ਸਾਥੀ ਅਖ਼ਬਾਰਾਂ ਦੀ ਇੱਕ ਇੱਕ ਖ਼ਬਰ ਦਾ ਮਲੀਦਾ ਕੱਢ ਰਹੇ ਸਨ। ਬਾਰਾਂ ਕੁ ਵਜੇ ਦਾ ਸਮਾਂ ਹੋਣੈਂ।
ਮੈੱਸ ਵਿੱਚੋਂ ‘ਖਾਣਾ ਤਿਆਰ ਹੈ’ ਦੀ ਅਵਾਜ਼ ਪੈ ਗਈ। ਸਾਰੇ ਸਾਥੀ ਆਪਣੀਆਂ-ਆਪਣੀਆਂ ਥਾਲੀਆਂ, ਗਿਲਾਸ, ਚਮਚ ਲੈ ਕੇ ਲੰਮੀਆਂ ਲੰਮੀਆਂ ਕਤਾਰਾਂ, ਰੋਜ਼ਾਨਾ ਦੀ ਤਰ੍ਹਾਂ ਬਣਾ ਕੇ ਬੈਠ ਗਏ। ਸਾਡੇ ਸਕੂਲ ਵਾਲੇ ਗਰੁੱਪ ਦੀ ਇੱਕ ਖ਼ਾਸੀਅਤ ਆਖੋ ਜਾਂ ਕਮਜ਼ੋਰੀ ਜਿੱਥੇ ਬੈਠੇ ਹੁੰਦੇ ਉੱਥੇ ਹੀ ਲਾਈਨ ਬਣਾ ਲੈਣੀ। ਸਾਡੇ ਸਕੂਲ ਦੇ ਸੇਵਾਦਾਰ ਮਾਲੀ, ਰਾਮ ਖਿਲਾਵਨ ਤੇ ਦੇਸ ਰਾਜ ਬੈਰਕ ‘ਚੋਂ ਥਾਲੀਆਂ ਦੇ ਗਿਲਾਸ ਚੁੱਕ ਲਿਆਏ। ਇਹ ਸੇਵਾ ਅਕਸਰ, ਇਹ ਦੋਵੇਂ ਹੀ ਕਰਦੇ ਸਨ। ਮੈਂ ਤੇ ਪਵਨ ਬੈਰਕ ‘ਚੋਂ ਪਿਆਜ਼,ਅਚਾਰ ਤੇ ਗੁੜ ਚੁੱਕਣ ਚਲੇ ਗਏ। ਅਸੀਂ ਅਕਸਰ ਹੀ ਇੱਕ ਪਲੇਟ ਵਿਚ ਦੋ ਦੋ ਬੰਦੇ, ਖਾਣਾ ਖਾਂਦੇ ਸਾਂ।
ਇੱਕ ਤਾਂ ਪਲੇਟਾਂ ਅੱਧੀਆਂ ਸਾਫ਼ ਕਰਨੀਆਂ ਪੈਂਦੀਆਂ ਸਨ। ਦੂਸਰਾ ਘਰ ਦੀ ਯਾਦ ਘੱਟ ਸਤਾਉਂਦੀ ਸੀ। ਮੈਂ ਤੇ ਪਰਮਜੀਤ ਇੱਕ ਥਾਲੀ, ਵਰਮਾ ਜੀ ਦੇ ਪਾਵਨ ਇੱਕ ਥਾਲੀ ਦੇ ਦੁਆਲੇ ਬੈਠੇ ਸਾਂ। ਸਾਨੂੰ ਦੇਖ ਕੇ ਅੰਮ੍ਰਿਤਸਰ ਵਾਲਾ ਸਾਥੀ ਜੋ ਲੰਗਰ ਵਰਤਾ ਰਿਹਾ ਸੀ ਬੋਲਿਆ,” ਜੱਸੀ ਭਾਅ ਜੀ! ਏਧਰ ਬੈਠੋ ਓ ?” ਪਵਨ ਸ਼ਰਮਾ ਜੋ ਸਾਰੀ ਜੇਲ੍ਹ ਵਿਚ ਸ਼ਰਾਰਤੀ ਮੰਨਿਆ ਜਾਂਦਾ ਸੀ ਤੇ ਅਕਸਰ ਬਹੁਤ ਹਸਾਉਂਦਾ ਸੀ ਬੋਲਿਆ,” ਆਹੋ ਭਾਅ ਜੀ! ਕੋਹੜੀ ਤਾਂ ਇੱਕ ਵਾਰ ਜਿੱਥੇ ਬੈਠ ਜਾਣ, ਓਥੇ ਹੀ ਡੇਰਾ ਲਾ ਲੈਂਦੇ ਹਨ।” ਉਹ ਹੱਸ ਪਿਆ ਤੇ ਰੋਟੀਆਂ ਫੜਾ ਕੇ
ਚਲਾ ਗਿਆ। ਇੱਕ ਸਾਥੀ ਜੋ ਸਬਜ਼ੀ ਦੀ ਬਾਲਟੀ ਲੈ ਕੇ ਆ ਰਿਹਾ ਸੀ ਦੂਰੋਂ ਹੀ ਬੋਲਿਆ,” ਜੱਸੀ ਭਾਅ ਜੀ! ਸਬਜ਼ੀ?”
ਮੈਂ ਆਉਣ ਦਾ ਇਸ਼ਾਰਾ ਕੀਤਾ। ਸਾਡਾ ਅਧਿਆਪਕ ਕੇਸਰ ਸਿੰਘ ਚੌਧਰੀ ( ਫ਼ਿਲਮੀ ਕਲਾਕਾਰ) ਉਸ ਦੇ ਆਉਂਦਿਆਂ ਆਉਂਦਿਆਂ ਹੀ ਬੋਲਿਆ,” ਮਰਾਸੀਆਂ ਨਾਲ ਯਾਰੀ ਦਾ ਇੱਕ ਸੁਖ ਤਾਂ ਹੁੰਦੈ, ਬੰਦਾ ਭੁੱਖਾ ਨ੍ਹੀਂ ਮਰਦਾ। ਉਸ ਦਾ ਇਸ਼ਾਰਾ ਮੇਰੇ ਵੱਲ ਸੀ, ਕਿਉਂਕਿ ਲੰਗਰ ਵਰਤਾਉਣ ਵਾਲੇ ਬੰਦੇ ਸਟੇਜ ‘ਤੇ ਆਉਣ ਕਰ ਕੇ ਨਾਮ ਤੋਂ ਤਾਂ ਮੈਨੂੰ ਹੀ ਜਾਣਦੇ ਸਨ।
ਸਟੇਜ ‘ਤੇ ਆਉਣ ਦਾ ਇੱਕ ਫ਼ਾਇਦਾ ਜ਼ਰੂਰ ਹੁੰਦਾ ਹੈ, ਤੁਸੀਂ ਨਿੱਜੀ ਤੌਰ ‘ਤੇ ਸਭ ਨਾਲ ਜੁੜ ਜਾਂਦੇ ਹੋ ਤੇ ਨੁਕਸਾਨ ਇਹ ਹੁੰਦੈ ਕਿ ਤੁਸੀਂ ਸਭ ਦੇ ਸਾਹਮਣੇ ਕੋਈ ਵੱਧ ਘੱਟ ਗੱਲ ਨਹੀਂ ਕਰ ਸਕਦੇ ਤੇ ਹਰੇਕ ਉਸ ਗਤੀ ਵਿਧੀ ਤੋਂ ਸੰਕੋਚ ਕਰਦੇ ਹੋ ਜਿਸ ‘ਤੇ ਕਿੰਤੂ ਪ੍ਰੰਤੂ ਹੋਣ ਦੀ ਸੰਭਾਵਨਾ ਹੋਵੇ।
ਜੇਲ੍ਹ ਵਿੱਚ ਚੋਲ੍ਹ- ਮੋਲ੍ਹ, ਕਿੰਤੂ-ਪ੍ਰੰਤੂ, ਹਾਸਾ-ਮਜ਼ਾਕ ਅਕਸਰ ਹੀ ਚੱਲਦਾ ਰਹਿੰਦਾ ਸੀ। ਇੱਕ ਦਿਨ ਸਾਰੇ ਬੈਠੇ ਘਰ ਪਹੁੰਚ ਕੇ ਆਉਣ ਵਾਲੀਆਂ ਤਕਲੀਫ਼ਾਂ ਦੱਸ ਰਹੇ ਸਨ। ਪਰਮਜੀਤ ਬੋਲਿਆ,” ਹੁਣ ਤੱਕ ਤਾਂ ਜੇਲ੍ਹ ‘ਚ ਕੋਈ ਤਕਲੀਫ਼ ਨਹੀਂ ਹੋਈ, ਪਰ ਘਰ ਜਾ ਕੇ ਜ਼ਰੂਰ ਹੋਣੀ ਆਂ। ਸਾਰੇ ਉਸ ਦੇ ਮੂੰਹ ਵੱਲ ਦੇਖਣ, ਬਈ ਜੇਲ੍ਹ ‘ਚ ਐਨਾਂ ਬਿਮਾਰ ਰਿਹੈ, ਤੇ ਕਹਿੰਦਾ ਤਕਲੀਫ਼ ਨਹੀਂ ਹੋਈ। ਸਾਰੇ ਕਹਿੰਦੇ,” ਕੀ ਤਕਲੀਫ਼ ਹੋਣੀ ਐਂ। ” ਇੱਕ ਤਾਂ ਰੋਟੀ ਖਾਣ ਤੋਂ ਬਾਅਦ ਜਦੋਂ, ਥਾਲੀ ਚੁੱਕ ਕੇ ਭਾਂਡੇ ਮਾਂਜਣ ਵਾਲੇ ਸੈਂਕ ਵੱਲ ਜਾਇਆ ਕਰਾਂਗੇ, ਬੱਚਿਆਂ ਨੇ ਕਹਿਣੈਂ, ਪਾਪਾ ਨੂੰ ਕੀ ਹੋ ਗਿਆ, ਭਾਂਡੇ ਮਾਂਜਦਾ ਫਿਰਦੈ।
ਦੂਜਾ ਜਦੋਂ ਘਰਵਾਲੀ ਨੇ ਕਹਿਣੈਂ, ਰੋਟੀ ਤਿਆਰ ਹੈ, ਭੱਜ ਕੇ ਪਲਾਥੀ ਮਾਰ ਕੇ ਥੱਲੇ ਬੈਠ ਜਾਣੈਂ ਤੇ ਬੱਚਿਆਂ ਨੂੰ ਕਹਿਣੈਂ ਲਾਈਨ ‘ਚ ਬੈਠੋ। ਸਾਰੇ ਬਹੁਤ ਹੱਸੇ। ਮੈਂ ਕਿਹਾ ਭਰਾਵੋ, “ਮੈਨੂੰ ਤਾਂ ਜਦੋਂ ਬੱਚਿਆਂ ਨੇ, ਬਿਸਤਰ ਥੱਲੇ ਤੇ ਬੈਗ ‘ਚ ਚੱਪਲਾਂ ਲੁਕੋਦੇ ਨੂੰ ਦੇਖਣੈ, ਕਹਿਣਗੇ, ਪਾਪਾ ਤਾਂ ਜੇਲ੍ਹ ਜਾ ਕੇ ਹਿੱਲ ਗਿਆ। ” ਸਾਰਿਆਂ ਨੇ ਆਉਣ ਵਾਲੀਆਂ ਆਪਣੀਆਂ ਤਕਲੀਫ਼ਾਂ ਦਾ ਵਖਿਆਨ ਕੀਤਾ।
ਚਲਦਾ…..
(ਜਸਪਾਲ ਜੱਸੀ)
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly