ਭਿਖ਼ਾਰੀਆਂ ਵਲੋਂ ਮਾਨਸਿਕ ਸ਼ੋਸ਼ਣ

ਬਾਲੀ ਰੇਤਗੜੵ

(ਸਮਾਜ ਵੀਕਲੀ)

ਪੰਜਾਬ ਦੀ ਮਿੱਟੀ ਦਰਿਆ ਦਿਲ ਹੈ ਤਾਂ ਹੀ ਇਸ ਪੰਜਾਬ ਦੀ ਮਿੱਟੀ ਦੇ ਜਾਏ ਵੀ ਦਰਿਆ ਦਿਲ ਹਨ। ਸਰਬੰਸਦਾਨੀ ਦੇ ਪੈਰੋਕਾਰਾਂ ਦਾ ਦਾਨੀ ਹੋਣਾ , ਦਇਆਵਾਨ ਹੋਣਾ ਸੁਭਾਵਿਕ ਹੈ। ਇਸ ਧਰਤੀ ਤੇ ਇਲਾਹੀ ਬਾਣੀ ਦੀਆਂ ਸਰਗਮਾਂ ਅੰਮ੍ਰਿਤ ਵੇਲੇ ਤੋਂ ਹੀ ਅਧਿਆਤਮ ਦੀ ਰੂਹ ਦੀਆਂ ਸੁਰਾਂ ਛੇੜਦੀਆਂ ਪਦਾਰਥਵਾਦ ਦੇ ਮੋਹ ਤੋ ਇਨਸਾਨ ਨੂੰ ਨਿਰਲੇਪ ਕਰਦੀਆਂ ਹਨ। ਕਿਰਤ ਕਰੋ , ਨਾਮ ਜਪੋ, ਵੰਡ ਸ਼ਕੋ ਦਾ ਸਿਧਾਂਤ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਬਖਸ਼ਿਸ਼ ਹੈ, ਇਹ ਬਖਸ਼ਿਸ ਸਦੀਵੀਂ ਹੀ ਰਹੇਗੀ। ਕਿਰਤ ਕਰੋ, ਵੰਡ ਸ਼ਕੋ, ਨਾਮ ਜਪੋ ਦੇ ਸਿਧਾਂਤ ਉਪਰ ਸਿੱਖ ਸੰਗਤ ਅੱਜ ਵੀ ਅਮਲ ਕਰ ਰਹੀ ਹੈ ਅਤੇ ਸਦਾ ਕਰਦੀ ਵੀ ਰਹੇਗੀ । ਲੋੜਵੰਦਾਂ ਦੀ ਸੇਵਾ ਹੀ ਅਸਲ ਦਸਵੰਦ ਹੈ। ਇਹ ਦਸਵੰਦ ਦੀ ਸੇਵਾ ਵੀ ਜ਼ਰੂਰਤਮੰਦਾਂ ਤੱਕ ਪਹੁੰਚ ਰਹੀ ਹੈ।

ਕੁਦਰਤੀ ਆਫ਼ਤਾਂ ਦੀ ਮਾਰ ਵੇਲੇ ਤਨੋ ਮਨੋ ਧਨੋ ਸੇਵਾ ਕਰਨੀ ਸਾਰੀ ਮਨੁੱਖਤਾ ਦਾ ਹੀ ਫ਼ਰਜ਼ ਬਣਦਾ ਹੈ ਪਰ ਵਾਹਿਗੁਰੂ ਜੀ ਦੀ ਅਸੀਸ ਅਤੇ ਬਖਸ਼ਿਸ ਦੇਖੋ ਤੁਰਕੀ , ਸੀਰੀਆ ਯੁਕਰੇਨ ਤੱਕ ਇਹ ਦਾਨੀ ਪੁਰਸ਼ਾਂ ਸਦਕਾ ਮਨੁੱਖਤਾ ਦੀ ਸੇਵਾ ਦਾ ਸੰਕਲਪ ਸੰਕਟ ਸਮੇਂ ਵੀ ਹੱਦਾਂ ਸਰਹੱਦਾਂ ਪਾਰ ਕਰ ਗਿਆ । ਕਰੋਨਾ ਕਾਲ ਸਮੇਂ ਵੀ ਸਿੱਖ ਸੰਗਤਾਂ ਨੇ ਦਾਨ ਅਤੇ ਲੰਗਰ ਦੀ ਸੇਵਾ ਨਾਲ਼ ਮਨੁੱਖਤਾ ਦੀ ਦਿਲੋਂ ਸੇਵਾ ਕੀਤੀ। ਪੰਜਾਬ ਦਾ ਜਾਏ ਇਹਨਾਂ ਰਾਹਾਂ ‘ਤੇ ਤੁਰਨ ਦੇ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ।

ਪੰਜਾਬੀ ਸੱਭਿਆਚਾਰ ਵਿੱਚ ਵਿਚਰਦਿਆਂ , ਆਪਣੇ ਬਜ਼ੁਰਗਾਂ ਦੀਆਂ ਪੈੜਾਂ ਤੇ ਤੁਰਦਿਆਂ ਬਹੁਤ ਸਾਰੇ ਰਸਮੋ ਰਿਵਾਜ਼ ਵੀ ਨਿਭਾਉਣੇ ਪੈਂਦੇ ਹਨ। ਰਸਮਾਂ-ਰਿਵਾਜ਼ਾਂ ਤੋਂ ਮੁਨਕਰ ਹੋ ਕੇ ਵੀ ਮਨੁੱਖ ਆਪਣੇ ਸਮਾਜ ਤੋਂ ਅਲੱਗ -ਥਲੱਗ ਹੋ ਜਾਂਦਾ ਹੈ। ਸ਼ਰੀਕੇ-ਕਬੀਲੇ ਤੋਂ ਮੂੰਹ ਮੋੜਨ ਵਾਲੀ ਸਥਿਤੀ ਹੋ ਜਾਂਦੀ ਹੈ। ਪਰ ਕਈ ਵਾਰ ਇਹਨਾਂ ਰਸਮਾਂ-ਰਿਵਾਜ਼ਾਂ ਦਾ ਬੋਝ ਮਾਨਸਿਕ ਅਤੇ ਆਰਥਿਕ ਤੌਰ ਤੇ ਮਨੁੱਖ ਨੂੰ ਬੇਚੈਨ ਵੀ ਕਰ ਦਿੰਦਾਂ ਹੈ। ਉਹ ਨਾ ਚਾਹੁੰਦਿਆਂ ਹੋਇਆ ਵੀ ਕੁੱਝ ਪ੍ਸਥਿਤੀਆਂ ਅੱਗੇ ਹਥਿਆਰ ਸੁੱਟ ਜਾਂਦਾ ਹੈ। ਆਤਮ ਸਨਮਾਨ ਬਣਾਈ ਰੱਖਣ ਲਈ ਇਹਨਾਂ ਅੱਗੇ ਨਿਰਬਲ ਤੇ ਬੇਬਸ ਹੋ ਜਾਂਦਾ ਹੈ। ਆਪਣੇ ਭਾਈਚਾਰੇ ਅੱਗੇ ਸ਼ਰਮਿੰਦਾਂ ਹੋਣ ਤੋਂ ਬਚਣ ਲਈ ਆਰਥਿਕ ਅਤੇ ਮਾਨਸਿਕ ਲੁੱਟ ਦਾ ਸ਼ਿਕਾਰ ਨਾ ਚਾਹੰਦਿਆਂ ਵੀ ਸ਼ਰੇਆਮ ਹੁੰਦਾ ਹੈ।

ਬੱਚਿਆਂ ਦੇ ਜਨਮ ਦੀਆਂ ਖੁਸ਼ੀਆਂ ਤੇ ਵੀ ਨਾ ਚਾਹੁੰਦਿਆਂ ਜਬਰੀ ਟੈਕਸ ਦੇਣਾ ਪੈਂਦਾ ਹੈ। ਇਹ ਟੈਕਸ ਉਗਰਾਹੁਣ ਵਾਲੇ ਹਕੂਮਤ ਦੇ ਮਹਿਕਮੇ ਨਹੀਂ , ਨਾ ਹੀ ਸਰਕਾਰੀ -ਅਰਧ-ਸਰਕਾਰੀ ਸੰਸਥਾਵਾਂ ਵਲੋਂ ਮਾਨਤਾ ਪ੍ਰਾਪਤ ਹਨ। ਇਹ ਟੈਕਸ ਆਪਣੀ ਹੱਠ ਨਾਲ਼ ਜਬਰੀਂ ਕਬੂਲਦੇ ਹਨ। ਇਹ ਬਦ-ਦੁਆਵਾਂ ਦਾ ਖੌਫ਼ ਲੋਕ ਮਨਾਂ ਵਿੱਚ ਪੈਦਾ ਕਰਕੇ ਬੇਸ਼ਰਮੀ ਦੀ ਹਰ ਹੱਦ ਪਾਰ ਕਰ ਦਿੰਦੇ ਹਨ। ਇੱਜ਼ਤਦਾਰ ਲੋਕ ਇਹਨਾਂ ਦੇ ਮੂੰਹ ਲੱਗਣ ਤੋ ਕੁਤਰਾਉਂਦੇ ਆਪਣੀ ਆਰਥਿਕ ਲੁੱਟ ਕਰਵਾਉਣ ਲਈ ਬੇਬਸ, ਬਲਹੀਣ, ਬੁੱਧਹੀਣ ਹੋ ਜਾਂਦੇ ਹਨ।

ਭਿਖ਼ਾਰੀਆਂ ਦੇ ਖੇਖਣ ਦੇਖ ਹਰ ਆਦਮੀ ਤਰਸ ਖਾ ਜਾਂਦਾ ਹੈ। ਇਹਨਾਂ ਦੀ ਲਾਚਾਰੀ ਤੇ ਦਇਆ ਕਰਕੇ ਲੋਕ ਇਹਨਾਂ ਦੀਆਂ ਤਲੀਆਂ ਤੇ ਨੋਟ ਧਰ ਆਪਣੇ ਰਾਹ ਤੁਰ ਜਾਂਦੇ ਹਨ। ਇਹ ਭਿਖ਼ਾਰੀਆਂ ਦੇ ਗੈਂਗ ਆਪਣੇ ਮਜ਼ੇ ਕਰਦੇ , ਮੌਜਾਂ ਲੁੱਟਦੇ ਹਨ। ਕਿਰਤ ਤੋਂ ਭਗੌੜੇ ਲੋਕਾਂ ਦੀ ਮਿਹਨਤ ਤੇ ਪਲਦੇ ਹਨ। ਸ਼ਰਾਬ ਦੇ ਠੇਕਿਆਂ ਤੋਂ ਦਾਰੂ ਖਰੀਦ ਨਸ਼ਿਆਂ ਦਾ ਸੇਵਨ ਕਰ ਸੜਕਾਂ ਦੇ ਕਿਨਾਰਿਆਂ ਤੇ ਖੌਰੂ ਪਾਉਣਾ ਇਹਨਾਂ ਦੀ ਨਿੱਤ ਦੀ ਖੇਡ ਹੈ।

ਅਸੀਂ ਪੜੇ-ਲਿਖੇ ਅਤੇ ਅਗਾਂਹ ਵਧੂ ਸੋਚ ਵਾਲੇ ਭਾਈਚਾਰੇ ਦੇ ਨਾਲ਼ ਤੁਰਦਿਆਂ ਵੀ ਤੁਰ ਨਹੀਂ ਸਕਦੇ। ਅਸੀਂ ਸ਼ੋਸਲ ਮੀਡੀਆ ਤੇ ਆਮ ਹੀ ਪੜੵਦੇ -ਲਿਖਦੇ ਹਾਂ ਕਿ ਭਿਖ਼ਾਰੀਆਂ-ਮੰਗਤਿਆਂ ਨੂੰ ਕਦੇ ਵੀ ਨਕਦ ਪੈਸੇ ਨਾ ਦਿਓ। ਮਜ਼ਬੂਰ, ਅਪੰਗ ਇਨਸਾਨਾਂ ਨੂੰ ਖਾਣਾ ਦੇ ਦਿਓ ਪਰ ਨਕਦ ਰੁਪਏ ਦੇ ਕੇ ਅਸੀਂ ਸਮਾਜ ਦੇ ਕੋਹੜ ਨੂੰ ਅੱਗੇ ਵਧਾਉਣ ਵਾਲੇ ਬਣ ਜਾਂਦੇ ਹਾਂ। ਕੁਦਰਤ ਖੁਸ਼ੀਆਂ ਬਖਸ਼ਦੀ ਹੈ ਤਾਂ ਹਰ ਮਨੁੱਖ ਆਪਣੀ ਸਥਿਤੀ ਤੇ ਸ਼ਕਤੀ ਅਨੁਸਾਰ ਦਾਨ-ਪੁੰਨ ਕਰ ਕੇ ਆਪਣੀਆਂ ਖੁਸ਼ੀਆਂ ਲਈ ਲੋੜਵੰਦਾਂ ਨੂੰ ਆਪਣੇ ਵਿੱਤ ਅਨੁਸਾਰ ਆਪਣੀ ਕਮਾਈ ਚੋਂ ਕੁੱਝ ਨਾ ਕੁੱਝ ਦੇ ਕੇ ਰੂਹਾਨੀ ਖੁਸ਼ੀ ਹਾਸਿਲ ਕਰਨ ਦਾ ਇੱਛੁਕ ਹੁੰਦਾ ਹੈ। ਪੰਜਾਬ ਦਾ ਜਾਇਆ ਸੌ ਰੁਪਏ ਖੁਸ਼ੀਆਂ ਤੇ ਖਰਚ ਕਰਨ ਵਾਲਾ ਦਸ, ਵੀਹ ਰੁਪਏ ਭਿਖ਼ਾਰੀਆਂ ਦੇ ਅੱਡੇ ਹੱਥ ਉਪਰ ਧਰਨ ਤੋਂ ਕਦੇ ਵੀ ਕਤਰਾਉਂਦਾ ਨਹੀਂ। ਇਹ ਸਾਡੇ ਪੰਜਾਬੀਆਂ ਦੀ ਕੁਦਰਤੀ ਫ਼ਿਤਰਤ ਸਮਝੋ ਚਾਹੇ ਗੁਰੂ ਨਾਨਕ ਸਾਹਿਬ ਜੀ ਦੀ ਸੁਮੱਤ।

ਇਹ ਪੰਜ ਦਸ ਰੁਪਏ ਦੇਣ ਨਾਲ਼ ਕਿਸੇ ਵੀ ਆਮ ਆਦਮੀ ਨੂੰ ਵੀ ਕਈ ਬਹੁਤਾ ਫ਼ਰਕ ਨਹੀਂ ਪੈਂਦਾ। ਇਹ ਸਾਡੇ ਰੋਜ਼ਾਨਾ ਜਨ-ਜੀਵਨ ਦਾ ਇਕ ਹਿੱਸਾ ਬਣ ਗਿਆ ਹੈ ਜਾਂ ਸਮਝੋ ਇਸ ਨੂੰ ਸਰਕਾਰ ਵਾਂਗ ਹਰ ਆਦਮੀ ਤੇ ਜਬਰੀ ਥੋਪਿਆ ਗਊ ਟੈਕਸ ਵਾਂਗ ਅਪਨਾਉਣਾ ਤੇ ਕਬੂਲ ਕਰਨਾ ਪੈ ਗਿਆ ਹੈ। ਕਿਉਂਕਿ ਗਊ ਟੈਕਸ ਉਹ ਲੋਕ ਵੀ ਸਰਕਾਰ ਨੂੰ ਹਰ ਹਾਲਤ ਵਿੱਚ ਦੇ ਰਹੇ ਹਨ ਜੋ ਇਹਨਾਂ ਦਾ ਮਾਸ ਸੇਵਨ ਕਰਦੇ ਰਹੇ ਜਾਂ ਕਰ ਰਹੇ ਹਨ।

ਭਿਖ਼ਾਰੀਆਂ ਵਲੋਂ ਵੀ ਪਰਿਵਾਰਕ ਸਮਾਗਮਾਂ ਵਿੱਚ ਕੱਢੀਆਂ ਗਈਆਂ ਜਾਣ-ਬੁੱਝ ਕੇ ਲੇਲੜੀਆਂ ਰਿਸ਼ਤੇਦਾਰਾਂ ਸਾਹਮਣੇ ਸ਼ਰਮਿੰਦਾਂ ਕਰਨ ਵਾਲੀਆਂ ਹੀ ਹੁੰਦੀਆਂ ਹਨ। ਦਰਵਾਜ਼ਿਆਂ ਤੇ ਢੋਲਕੀ- ਸ਼ੈਣੇ ਖੜਕਾ ਕੇ ਕੰਜ਼ਰਾਂ ਵਲੋਂ ਆਪਣੀਆਂ ਹੀ ਧੀਆਂ-ਭੈਣਾਂ-ਔਰਤਾਂ ਦੇ ਪੈਰੀ ਘੁੰਗਰੂ ਬੰਨ ਕੇ ਨਚਾਉਣ ਦੀ ਹਰਕਤ ਔਰਤ ਦੀ ਤੌਹੀਨ ਤਾਂ ਹੈ ਹੀ , ਸਮਾਜ ਲਈ ਨੀਚਪੁਣੇ ਦੀ ਅੰਤਿਮ ਹੱਦ ਹੈ। ਰੋਕਣ ਤੇ ਵੀ ਨਾ ਰੁਕਣਾ, ਆਪਣੇ ਸੁਰ ਲਾਈ ਰੱਖਣਾ, ਦਰਵਾਜ਼ਿਆਂ ਅੱਗੇ ਖੜੵ ਕੇ ਦੂਰ-ਦੁਰਾਡੇ ਤੋਂ ਆਏ ਮਹਿਮਾਨਾਂ ਨੂੰ ਵੀ ਤੰਗ ਪਰੇਸ਼ਾਨ ਕਰ ਕੇ ਭੀਖ਼ ਲਈ ਹੱਥ ਫੈਲਾਉਣੇ ਮੂਰਖਤਾ ਤਾਂ ਹੈ ਹੀ ਢੀਠਪੁਣਾ ਵੀ ਬੇਹੱਦ ਦਾ ਹੈ। ਬੇਸਬਰੀ ਨਾਲ਼ ਪਿੱਛੇ ਪਿੱਛੇ ਫਿਰ ਕੇ ਮਾਨਸਿਕ ਪਰੇਸ਼ਾਨ ਕਰਕੇ ਪੈਸੇ ਕਢਵਾਉਣ ਦਾ ਨੀਚਪੁਣਾ ਇਹ ਨਿੱਤ ਦਿਨ ਅਪਣਾਉਂਦੇ ਹਨ। ਦਸ-ਦਸ ਦੇ ਟੋਲੇ ਵਿੱਚ ਮੋਟਰ ਸਾਇਕਲਾਂ ਤੇ ਬਿਨਾਂ ਬੁਲਾਏ ਮਹਿਮਾਨ ਆ ਧਮਕਦੇ ਹਨ।

ਆਖ਼ਿਰ ਕਦੋਂ ਤੱਕ ਇਹ ਇਸੇ ਤਰ੍ਹਾਂ ਚੱਲਦਾ ਰਹੇਗਾ।ਇਹਨਾਂ ਲੋਕਾਂ ਤੇ ਕਿਹੜੀ ਸਰਕਾਰ , ਕਿਹੜਾ ਵਿਭਾਗ ਕਾਰਵਾਈ ਕਰੇਗਾ ? ਪੰਚਾਇਤਾਂ ਤਾਂ ਇਸ ਬਾਰੇ ਕਦੇ ਸੋਚਦੀਆਂ ਹੀ ਨਹੀਂ, ਨਾ ਹੀ ਪੰਚਾਂ ਸਰਪੰਚਾਂ ਦਾ ਬੌਧਿਕ ਇੰਨਾਂ ਉਚਾ ਹੁੰਦਾ ਹੈ ਕਿ ਉਹ ਇਹਨਾਂ ਲੋਕਾਂ ਤੇ ਸਖ਼ਤੀ ਕਰਨ। ਪੰਚਾਇਤਾਂ ਦੇ ਮੁੱਖੀ ਤਾਂ ਸਿਰਫ਼ ਗਰਾਂਟਾਂ ਨਿਗਲਣ ਵਾਲੇ ਮਗਰਮੱਛ ਬਣ ਕੇ ਰਹਿ ਗਏ ਹਨ। ਸ਼ਹਿਰੀ ਨਗਰ ਪਾਲਿਕਾਵਾਂ ਨੇ ਤਾਂ ਸੋਚਣਾ ਤੇ ਰੋਕਣਾ ਹੀ ਕੀ ਹੈ। ਅਪਰਾਧ ਦਾ ਇਹ ਸੰਸਾਰ ਦਿਨ ਬਾ ਦਿਨ ਵੱਧ ਫੁੱਲ ਰਿਹਾ ਹੈ। ਬੱਚਿਆਂ ਨੂੰ ਅਗਵਾ ਕਰ ਕੇ ਭੀਖ਼ ਮੰਗਣ ਲਈ ਮਜਬੂਰ ਕਰਨਾ ਇਹੋ ਜਿਹੇ ਲੋਕਾਂ ਦੀ ਹੀ ਨੀਤੀ ਹੈ।

ਇਕੀਵੀੰ ਸਦੀ ਦਾ ਯੁੱਗ ਪੁਲਾੜ ਦੀਆਂ ਪੁਲਾਘਾਂ ਭਰਨ ਲਈ ਰਾਤ ਦਿਨ ਮੁਸ਼ੱਕਤਾਂ ਕਰ ਰਿਹਾ ਹੈ ਪਰ ਭਾਰਤ ਦੇ ਲੋਕ ਮੰਗਤੇ ਬਣ ਕੇ ਲੋਕਾਂ ਅੱਗੇ ਹੱਥ ਅੱਡ ਅੱਡ ਭੀਖ਼ਾਂ ਮੰਗ ਰਹੇ ਹਨ। ਕਰੋੜਾਂ ਦੀ ਜਨਸੰਖਿਆ ਵਾਲੇ ਵਿਸ਼ਵਗੁਰੂ ਭਾਰਤ ਦੇ ਲੋਕ ਕਿਰਤੀਆਂ ਨੂੰ ਜੋਕਾਂ ਬਣ ਕੇ ਚਿੰਬੜ ਖੋਖ਼ਲਾ ਕਰ ਰਹੇ ਹਨ। ਇਹਨਾਂ ਤੇ ਸਖ਼ਤੀ ਕਰਕੇ ਇਹਨਾਂ ਨੂੰ ਕਿਰਤ ਦੇ ਰਾਹ ਤੋਰਿਆ ਜਾ ਸਕਦਾ ਹੈ। ਇੱਕ ਚੰਗੇ ਨਾਗਰਿਕ ਬਣਨ ਦੇ ਰਾਹ ਤੋਰਿਆ ਜਾ ਸਕਦਾ ਹੈ। ਮੋਟਰਸਾਇਕਲਾਂ ਤੇ ਘੁੰਮਣ ਵਾਲੇ ਇਹ ਗੈਂਗ ਵੀ ਦਲਿੱਦਰਪੁਣਾ ਛੱਡ ਕੇ ਅਸਲ ਲੀਹ ਤੇ ਚੜ੍ ਸਕਦੇ ਹਨ ਪਰ ਸਾਨੂੰ ਕਠੋਰ ਹੋਣਾ ਪਵੇਗਾ। ਆਪਣੀ ਲੁੱਟ ਬੰਦ ਕਰਵਾਉਣੀ ਪਵੇਗੀ।

ਇਹਨਾਂ ਨੂੰ ਦਿੱਤੇ ਜਾਣ ਵਾਲਾ ਦਾਨ ਪਿਂਗਲ਼ਵਾੜੇ ਦੇ ਆਸ਼ਰਮਾਂ ਵਿੱਚ ਖੁਦ ਪਹੁੰਚਾ ਕੇ ਆਓ। ਬੱਸ ਸਟੈਂਡਾਂ ਤੇ ਮੰਗਣ ਵਾਲਿਆਂ ਤੋਂ ਪਾਸਾ ਵੱਟੋ। ਕਿਸੇ ਭਿਖ਼ਾਰੀ ਨਾਲ਼ ਵਾਰਤਾਲਾਪ ਕਰਨ ਅਤੇ ਸਮਝਾਉਣ ਦੀ ਜ਼ਰੂਰਤ ਨਹੀਂ। ਢੀਠਾਂ ਨਾਲ਼ ਢੀਠ ਹੋ ਕੇ ਸਮਾਜ ਦੀ ਗੰਦਗ਼ੀ ਨੂੰ ਸਾਫ਼ ਕਰਨ ਦੀ ਹਰ ਸੰਭਵ ਕੋਸ਼ਿਸ਼ ਜਰੂਰ ਕਰੋ। ਆਪਣਾ ਅਤੇ ਆਪਣੇ ਰਿਸ਼ਤੇਦਾਰਾਂ , ਦੋਸਤਾਂ ਦਾ ਮਾਨਿਸਕ ਸ਼ੋਸਣ ਹੋਣ ਤੋਂ ਬਚਾਉਣ ਲਈ ਭੀਖ਼ ਦੇਣੀ ਬੰਦ ਕਰੋ।

ਬਾਲੀ ਰੇਤਗੜੵ
+919465129168

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਿੱਖ ਪੰਥ ਦੇ ਮਹਾਨ ਜਰਨੈਲ ਜੱਸਾ ਸਿੰਘ ਰਾਮਗੜ੍ਹੀਆ ਦੇ 300 ਸਾਲਾ ਜਨਮ ਦਿਹਾੜੇ ਸੰਬੰਧੀ ਵਿਚਾਰ ਵਟਾਂਦਰਾ
Next articleਭੈਣ -ਭਰਾ