ਸਦੀਵੀ ਹੁੰਗਾਰਾ ,

ਦਿਲਬਾਗ ਰਿਉਂਦ

(ਸਮਾਜ ਵੀਕਲੀ)

(ਮੇਰੀ ਹਮਸਫ਼ਰ ਹੈਪੀ ਦੇ ਨਾਂ)

ਮੈਂ ਸਦੀਵੀ
ਤੇਰਾ ਹੁੰਗਾਰਾ ਲੋਚਦੈਂ

ਗੁਲਾਬ ਦੀ
ਖੁਸ਼ਬੋ ਰੰਗੀਏ
ਅਜੇ ਮੈਂ
ਗੁਲਾਬ ਜਿਹੀਆਂ
ਹੁਸੀਨ ਕਵਿਤਾਵਾਂ ਦੀ
ਬਾਤ ਪਾਉਂਣੀ ਹੈ

ਤੈਥੋਂ ਉਧਾਰੇ ਲੈ
ਸੂਹੇ ਅਹਿਸਾਸ
ਸੋਹਣੇ ਸੋਹਣੇ ਰੰਗ
ਭਰਨੇ ਨੇ
ਸੱਜਰੀਆਂ ਕਵਿਤਾਵਾਂ ਚ

ਅਜੇ ਤਾਂ ਮੈਂ
ਕਾਲ਼ੀਆਂ ਹਨੇਰੀਆਂ ਰਾਤਾਂ ਚ
ਗੁਫਤਗੂ ਕਰਨੀ ਹੈ
ਤਾਰਿਆਂ ਨਾਲ
ਤੇਰੇ ਨਾਲ ਤੁਲਨਾ ਕਰਨੀ ਹੈ
ਚਾਨਣੀਆਂ ਰਾਤਾਂ ਦੇ
ਹੁਸੀਨ ਚੰਨ ਦੀ

ਤੇਰੇ
ਪੱਕੀ ਕਣਕ ਦੀ ਭਾਹ ਜਿਹੇ
ਰੰਗ ਚ ਗੜੁੱਚ
ਨਜ਼ਮਾਂ
ਆਵਾਜਾਂ ਦੇ ਰਹੀਆਂ ਨੇ

ਸ਼ਬਦ ਤੇਰੇ ਪਿਆਰ ਦੀ
ਚਭਲਾਹਟ ਚ ਨੇ
ਉਮਰਾਂ ਦੀ ਸਾਂਝ
ਤੇਰੀਆਂ ਬਾਹਾਂ ਦੀ ਗਲਵਕੜੀ
ਇਕਮਿਕ ਹੋ
ਮੈਨੂੰ
ਕਰਜਾਈ ਕਰ ਰਹੀਆਂ ਨੇ

ਉਮੀਦ ਕਰਦੈਂ
ਮੇਰੇ ਅਹਿਸਾਸ
ਮੇਰੇ ਸ਼ਬਦ
ਲਹੂ ਲੁਹਾਣ ਨਹੀਂ ਹਣਗੇ

ਸਿਕਵਿਆਂ ਦੀ ਪੰਡੋਕਲੀ
ਖੂਬਸੂਰਤ ਯਾਦਾਂ ਦੀ ਅਰਥੀ
ਜ਼ਖਮੀ ਪਿੱਠ ਤੇ
ਚੁੱਕੀ ਨਹੀਂ ਜਾਣੀ ਮੈਥੋਂ

ਮੈਂ
ਜਾਣਨਾ ਨਹੀਂ ਚਾਹੁੰਦਾ
ਪੱਤਝੜ ਰੁੱਤ ਦੀ ਪਰਿਭਾਸ਼ਾ
ਝੋਲੀ ਨਹੀਂ ਪਵਾ ਸਕਦਾ
ਉਮਰ ਤੋਂ ਵਡੇਰਾ ਹਾਉਕਾ

ਮੈਂ
ਸਦੀਵੀ
ਤੇਰਾ ਅਹਿਸਾਸ ਲੋਚਦੈਂ।

ਦਿਲਬਾਗ ਰਿਉਂਦ

 

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅੱਜ ਕੈਨੇਡਾ ਦੂਰ ਨਹੀਂ
Next article“ਲੋਕ-ਗੀਤਾਂ ਵਰਗੇ ਅਧਿਆਪਕ”