ਸੁਖਪ੍ਰੀਤ ਕੌਰ
(ਸਮਾਜ ਵੀਕਲੀ) ਜੀਵਨ ਵਿੱਚ ਸਫ਼ਲ ਹੋਣ ਲਈ ਸਿੱਖਿਆ ਦਾ ਮਹੱਤਵਪੂਰਨ ਯੋਗਦਾਨ ਹੁੰਦਾ ਹੈ| ਜੀਵਨ ਵਿੱਚ ਜਨਮ ਦੇਣ ਵਾਲੇ ਮਾਤਾ-ਪਿਤਾ ਹੁੰਦੇ ਹਨ।ਜਿਊਣ ਦਾ ਅਸਲ ਤਰੀਕਾ ਦੱਸਣ ਅਤੇ ਸਿਖਾਉਣ ਵਾਲੇ ਅਧਿਆਪਕ ਹੀ ਹੁੰਦੇ ਹਨ।ਵਿਦਿਆਰਥੀ ਅਧਿਆਪਕ ਤੋਂ ਹੀ ਗਿਆਨ ਲੈ ਕੇ ਆਪਣੀ ਮੰਜ਼ਿਲ ਅਤੇ ਸਫ਼ਲਤਾ ਦੇ ਸਿਖਰ ‘ਤੇ ਪਹੁੰਚ ਸਕਦਾ ਹੈ।ਜੇਕਰ ਗੱਲ ਕਰੀਏ ਆਦਰਸ਼ ਅਧਿਆਪਕਾਂ ਦੀ ਤਾਂ ਅਧਿਆਪਕਾਂ ਬਾਰੇ ਠੀਕ ਹੀ ਕਿਹਾ ਗਿਆ ਹੈ ਕਿ ..
ਗਿਆਨ ਦਾ ਦੀਪਕ ਉਹ ਜਗਾਉਂਦੇ ਨੇ,
ਅਗਿਆਨ ਦਾ ਹਨੇਰਾ ਮਿਟਾਉਂਦੇ ਨੇ,
ਵਿੱਦਿਆ ਦਾ ਕੀਮਤੀ ਧਨ ਦੇ ਕੇ ਸਾਨੂੰ,
ਤਰੱਕੀ ਦੇ ਰਾਹ ‘ਤੇ ਉਹ ਚਲਾਉਂਦੇ ਨੇ।
ਇਸ ਕਰਕੇ ਅਧਿਆਪਕਾਂ ਦੇ ਸਨਮਾਨ ਵਿੱਚ ਹੀ ਅਧਿਆਪਕ ਦਿਵਸ ਮਨਾਇਆ ਜਾਂਦਾ ਹੈ| ਅਧਿਆਪਕ ਦਿਵਸ ਭਾਰਤ ਵਿੱਚ ਪੰਜ ਸਤੰਬਰ ਨੂੰ ਮਨਾਇਆ ਜਾਂਦਾ ਹੈ। ਅਧਿਆਪਕ ਦਿਵਸ ਸਾਡੇ ਦੇਸ਼ ਦੇ ਮਹਾਨ ਅਧਿਆਪਕ ਡਾਕਟਰ ਰਾਧਾਕ੍ਰਿਸ਼ਨਨ ਜੀ ਦੇ ਜਨਮ ਦਿਨ ‘ਤੇ ਮਨਾਇਆ ਜਾਂਦਾ ਹੈ। ਕਿਉਂਕਿ ਇੱਕ ਵਾਰ ਉਹਨਾਂ ਦੇ ਵਿਦਿਆਰਥੀ ਉਹਨਾਂ ਦਾ ਜਨਮ ਦਿਨ ਮਨਾਉਣ ਬਾਰੇ ਸੋਚ ਰਹੇ ਸਨ ।ਪਰ ਉਹਨਾਂ ਨੇ ਆਪਣਾ ਜਨਮ ਦਿਨ ਅਲੱਗ ਤੋਂ ਮਨਾਉਣ ਦੀ ਬਜਾਏ ਅਧਿਆਪਕ ਦਿਵਸ ਵਾਲੇ ਦਿਨ ਹੀ ਮਨਾਇਆ ਸੀ।ਸਾਡੇ ਦੇਸ਼ ਵਿੱਚ ਪਹਿਲੀ ਵਾਰ ਅਧਿਆਪਕ ਦਿਵਸ 1962 ਈ. ਨੂੰ ਮਨਾਇਆ ਗਿਆ ਸੀ।ਉਹ ਭਾਰਤ ਦੇ ਪਹਿਲੇ ਉਪ ਰਾਸ਼ਟਰਪਤੀ ਅਤੇ ਦੂਜੇ ਰਾਸ਼ਟਰਪਤੀ ਬਣੇ ਸਨ।ਡਾ.ਰਾਧਾਕ੍ਰਿਸ਼ਨਨ ਨੇ ਆਪਣੇ ਜੀਵਨ ਦੇ 40 ਸਾਲ ਇੱਕ ਅਧਿਆਪਕ ਦੇ ਰੂਪ ਵਿੱਚ ਬਿਤਾਏ।ਉਹ ਇੱਕ ਆਦਰਸ਼ ਅਧਿਆਪਕ ਸਨ।
ਅਧਿਆਪਕ ਇੱਕ ਦੀਵੇ ਦੇ ਸਮਾਨ ਹੈ,
ਜੋ ਦੂਜਿਆਂ ਨੂੰ ਰੌਸ਼ਨੀ ਦੇਣ ਲਈ ਖ਼ੁਦ ਬਲਦਾ ਹੈ।ਪੰਜ ਸਤੰਬਰ ਦੇ ਦਿਨ ਦਾ ਇੰਤਜ਼ਾਰ ਅਧਿਆਪਕਾਂ ਅਤੇ ਵਿਦਿਆਰਥੀਆਂ ਦੋਨਾਂ ਨੂੰ ਹੀ ਰਹਿੰਦਾ ਹੈ।ਜਿਵੇਂ ਸਾਨੂੰ ਸਭ ਨੂੰ ਪਤਾ ਹੈ ਕਿ ਇਸ ਦਿਨ ਸਕੂਲਾਂ ਕਾਲਜਾਂ ,ਯੂਨੀਵਰਸਿਟੀਆਂ ਅਤੇ ਹੋਰ ਸੰਸਥਾਵਾਂ ‘ਤੇ ਕੋਈ ਛੁੱਟੀ ਨਹੀਂ ਹੁੰਦੀ, ਸਗੋਂ ਇਸ ਦਿਨ ਸਾਰੀਆਂ ਸੰਸਥਾਵਾਂ ਵਿੱਚ ਵੱਖ-ਵੱਖ ਤਰ੍ਹਾਂ ਦੇ ਸਮਾਗਮ ਹੁੰਦੇ ਹਨ।ਜਿੰਨਾਂ ਵਿੱਚ ਵਿਦਿਆਰਥੀ ਅਤੇ ਅਧਿਆਪਕ ਦੋਨੋਂ ਭਾਗ ਲੈਂਦੇ ਹਨ ਸਮਾਗਮ ਵਿੱਚ ਜਿਵੇਂ ਕਿ ਸਪੀਚ, ਕਵਿਤਾ, ਆਰਟੀਕਲ, ਗੀਤ ਹੋਰ ਵੀ ਕਈ ਤਰ੍ਹਾਂ ਦੀ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ।ਇਸ ਦਿਨ ਸਿੱਖਿਆ ਦੇ ਖੇਤਰ ਵਿੱਚ ਤਰੱਕੀ ਕਰ ਰਹੇ ਅਤੇ ਆਪਣੇ ਅਧਿਆਪਨ ਖੇਤਰ ਵਿੱਚ ਵਧੀਆ ਯੋਗਦਾਨ ਪਾਉਣ ਵਾਲੇ ਅਧਿਆਪਕਾਂ ਦਾ ਸਨਮਾਨ ਵੀ ਕੀਤਾ ਜਾਂਦਾ ਹੈ।ਸਾਡੇ ਸਮਾਜ ਵਿੱਚ ਪੁਰਾਣੇ ਸਮੇਂ ਤੋਂ ਹੀ ਅਧਿਆਪਕ ਨੂੰ ਵਿਦਿਆਰਥੀ ਦਾ ਪਹਿਲਾ ਗੁਰੂ ਮੰਨਿਆ ਜਾਂਦਾ ਹੈ।ਬਹੁਤ ਦੂਰ ਨਾ ਜਾਈਏ ਕੁੱਝ ਸਮਾਂ ਪਹਿਲਾ ਦੀ ਗੱਲ ਹੀ ਲੈ ਲਵੋ ਪਹਿਲਾ ਵਿਦਿਆਰਥੀ ਅਧਿਆਪਕ ਨੂੰ ਭੈਣ ਜੀ ਅਤੇ ਮਾਸਟਰ ਜੀ ਕਹਿੰਦੇ ਸਨ। ਅਜਿਹੇ ਸ਼ਬਦ ਕਹਿਣ ‘ਤੇ ਵਿਦਿਆਰਥੀ ਦਾ ਮਨ ਸਤਿਕਾਰ ਅਤੇ ਪਿਆਰ ਨਾਲ ਭਰ ਜਾਂਦਾ ਸੀ।ਪਰ ਅੱਜ ਸਮਾਂ ਬਦਲਣ ਦੇ ਨਾਲ-ਨਾਲ ਭੈਣ ਜੀ ਅਤੇ ਮਾਸਟਰ ਜੀ ਦੀ ਥਾਂ ਮੈਮ ਤੇ ਸਰ ਨੇ ਲਈ ਹੈ। ਮੈਂ ਆਪਣੇ ਮਨ ਪਸੰਦੀ ਦੇ ਅਧਿਆਪਕ ਬਾਰੇ ਕੁੱਝ ਕਹਿਣਾ ਚਾਹਾਂਗੀ…..
ਉਹਨਾਂ ਦੀ ਝਿੜਕ ਬਹੁਤ ਕੁੱਝ ਸਿਖਾ ਗਈ,
ਜਿੰਦਗੀ ਦੇ ਅਣਸੁਲਝੇ ਸਵਾਲ ਪਲਾਂ ਵਿੱਚ ਸੁਲਝਾ ਗਈ,
ਸਾਦਗੀ ਤੁਹਾਡੀ ਸਾਡੇ ਦਿਲ ਨੂੰ ਭਾਅ ਗਈ,
ਤੁਹਾਡੀ ਦਿੱਤੀ ਸਿੱਖਿਆ ਸਾਡਾ ਜੀਵਨ ਰੁਸ਼ਨਾ ਗਈ।
ਮੈਨੂੰ ਆਰੀਆ ਭੱਟਾ ਕਾਲਜ ਬਰਨਾਲਾ ਵਿੱਚ ਪੜ੍ਹਾਈ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ।ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੀ ਹਾਂ ਕਿ ਮੈਨੂੰ ਏਨੇ ਮਿਹਨਤੀ ਤੇ ਤਜ਼ਰਬੇਕਾਰ ਅਧਿਆਪਕਾਂ ਕੋਲੋਂ ਪੜ੍ਹਨ ਦਾ ਮੌਕਾ ਮਿਲ ਰਿਹਾ ਹੈ।ਮੇਰੇ ਕਾਲਜ ਦੇ ਚੇਅਰਮੈਨ ਇੰਜੀਨੀਅਰ ਰਾਕੇਸ ਗੁਪਤਾ ਸਰ, ਡਾਇਰੈਕਟਰ ਡਾ. ਅਜੇ ਮਿੱਤਲ ਸਰ, ਡਾ. ਪ੍ਰਿੰਸੀਪਲ ਭਾਵੇਤ ਗਰਗ ਸਰ ਅਤੇ ਐੱਚ.ਓ.ਡੀ. ਭਾਵੁਕਤਾ ਮੈਡਮ ਅਤੇ ਸਾਰੇ ਤਜ਼ਰਬੇਕਾਰ ਅਧਿਆਪਕ ਬਹੁਤ ਹੀ ਸੁਚੱਜੇ ਢੰਗ ਨਾਲ ਅਧਿਆਪਕਾਂ ਦੀ ਅਗਵਾਈ ਕਰ ਰਹੇ ਹਨ।ਜੋ ਕਿ ਸਾਡੇ ਸਾਰੇ ਬੱਚਿਆਂ ਲਈ ਮਾਣ ਵਾਲੀ ਗੱਲ ਹੈ ਕਿ ਸਾਨੂੰ ਗਗਨਦੀਪ ਕੌਰ ਧਾਲੀਵਾਲ ਵਰਗੇ ਸੁਲਝੇ ਹੋਏ ਤਜ਼ਰਬੇਕਾਰ ਅਧਿਆਪਕ ਦਿੱਤੇ ਹਨ।ਕਾਲਜ ਵਿੱਚ ਆਉਣ ਤੋਂ ਪਹਿਲਾ ਮੇਰਾ ਮਨ ਇੱਕ ਕੋਰਾ ਕਾਗ਼ਜ਼ ਸੀ ਪਰ ਜਦੋਂ ਮੈਂ ਗਗਨਦੀਪ ਕੌਰ ਧਾਲੀਵਾਲ ਵਰਗੇ ਅਧਿਆਪਕਾਂ ਦੇ ਸੰਪਰਕ ਵਿੱਚ ਆਈ ਤਾਂ ਉਹਨਾਂ ਨੇ ਮੇਰੀ ਬੜੇ ਸੁਚੱਜੇ ਢੰਗ ਨਾਲ ਅਗਵਾਈ ਕਰਨੀ ਸ਼ੁਰੂ ਕੀਤੀ ਉਸ ਅਗਵਾਈ ਦਾ ਨਤੀਜਾ ਅੱਜ ਤੁਹਾਡੇ ਸਾਹਮਣੇ ਹੈ ਅੱਜ ਅਧਿਆਪਕ ਦਿਵਸ ‘ਤੇ ਜੋ ਕੁੱਝ ਲਿਖ ਮੈਂ ਲਿਖ ਕੇ ਪੇਸ਼ ਕਰ ਰਹੀ ਹਾਂ ਇਹ ਪ੍ਰੋ. ਗਗਨਦੀਪ ਕੌਰ ਧਾਲੀਵਾਲ ਦੇ ਵਿਚਾਰਾਂ ਦੀ ਮੇਰੇ ਦਿਲ ਅਤੇ ਦਿਮਾਗ ਉੱਤੇ ਛੱਡੀ ਹੋਈ ਛਾਪ ਦਾ ਨਤੀਜਾ ਹੈ।ਜੋ ਕਿ ਜਮਾਤ ਵਿੱਚ ਪੜ੍ਹਾਈ ਦੇ ਨਾਲ-ਨਾਲ ਜ਼ਿੰਦਗੀ ਵਿੱਚ ਤੁਸੀਂ ਕਿਵੇਂ ਕਾਮਯਾਬ ਹੋ ਸਕਦੇ ਹੋ ਅਰਥਾਤ ਸਾਡੇ ਗੁਣਾਂ ਨੂੰ ਕਿਵੇਂ ਅਸੀਂ ਬਾਹਰ ਲਿਆ ਸਕਦੇ ਹਾਂ ਆਦਿ ਬਾਰੇ ਸਾਨੂੰ
ਦੱਸਦੇ ਹਨ।ਕਿਸੇ ਨੇ ਠੀਕ ਹੀ ਕਿਹਾ ਹੈ ਕਿ ਅਸਲ ਵਿੱਚ ਅਧਿਆਪਨ ਪ੍ਰਕਿਰਿਆ ਉਹੀ ਪ੍ਰਭਾਵਸ਼ਾਲੀ ਹੁੰਦੀ ਹੈ ਜਿਸ ਪ੍ਰਕਿਰਿਆ ਵਿੱਚ ਅਧਿਆਪਕ ਦਾ ਪੜ੍ਹਾਇਆ ਹੋਇਆ ਵਿਦਿਆਰਥੀ ਦੇ ਮਨ ਵਿੱਚ ਬੈਠ ਜਾਵੇ ਅਤੇ ਦਿਮਾਗ ਵਿੱਚ ਛਪ ਜਾਵੇ।ਅਧਿਆਪਕ ਦਾ ਕੰਮ ਸਿਰਫ ਕਿਤਾਬੀ ਗਿਆਨ ਦੇਣਾ ਹੀ ਨਹੀਂ ਸਗੋਂ ਵਿਦਿਆਰਥੀਆਂ ਨੂੰ ਸਹੀ ਦਿਸ਼ਾ ਦੇਣ ਲਈ ਸਮਾਜਿਕ ਹਾਲਾਤਾਂ ਨਾਲ ਜਾਣੂ ਕਰਵਾਉਣਾ ਵੀ ਹੁੰਦਾ ਹੈ।ਮੈਂ ਅੰਤ ਵਿੱਚ ਇਹੋ ਕਹਿਣਾ ਚਾਹਾਂਗੀ ਕਿ ਆਪਣਾ ਵੀ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਅਧਿਆਪਕਾਂ ਦਾ ਪਿਆਰ ਅਤੇ ਸਤਿਕਾਰ ਕਰੀਏ।ਸਾਰੇ ਹੀ ਅਧਿਆਪਕ ਦਿਨ ਦੁੱਗਣੀ ਅਤੇ ਰਾਤ ਚੌਗੁਣੀ ਤਰੱਕੀ ਕਰਨ।
ਸੁਖਪ੍ਰੀਤ ਕੌਰ
ਬੀ.ਏ ਭਾਗ (ਪਹਿਲਾ)
ਆਰੀਆ ਭੱਟਾ ਕਾਲਜ ਬਰਨਾਲਾ
ਗਾਈਡ ਅਧਿਆਪਕ-ਪ੍ਰੋ. ਗਗਨਦੀਪ ਕੌਰ ਧਾਲੀਵਾਲ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly