ਅਧਿਆਪਕ ਦਿਵਸ ਕਿ ਅਧਿਆਪਕ ਅਪਮਾਨ ਦਿਵਸ !!

Prof. S S Dhillon

ਅੱਜ ਅਧਿਆਪਕ ਦਿਵਸ ‘ਤੇ ਵਿਸ਼ੇਸ਼

(ਸਮਾਜ ਵੀਕਲੀ)- ਅਧਿਆਪਨ, ਸਿਰਫ ਇਕ ਅਧਿਆਪਕ ਦਾ ਕਿੱਤਾ ਹੀ ਨਹੀਂ ਹੁੰਦਾ ਸਗੋਂ ਇਹ ਉਸਦੀ ਰੋਜੀ ਰੋਟੀ ਤੋਂ ਅੱਗੇ ਉਸ ਦੁਆਰਾ ਆਪਣੇ ਕਿੱਤੇ ਰਾਹੀਂ ਕੀਤਾ ਗਿਆ ਪਰ-ਉਪਕਾਰੀ ਕਾਰਜ ਵੀ ਹੁੰਦਾ ਹੈ । ਜੇਕਰ ਇਸ ਨੂੰ ਦੂਸਰੇ ਸ਼ਬਦਾਂ ਵਿੱਚ ਕਹਿਣਾ ਹੋਵੇ ਤਾਂ ਇੰਜ ਵੀ ਕਹਿ ਸਕਦੇ ਹਾਂ ਕਿ ਅਧਿਆਪਕ ਅਪਣੇ ਆਪ ਵਿਚ ਇਕ ਭਰੀ ਪੂਰੀ ਪਰਉਪਕਾਰੀ ਸੰਸਥਾ ਹੁੰਦੀ ਹੈ, ਜੋ ਆਪਣੇ ਆਪ ਵਿੱਚ ਗਿਆਨ ਦਾ ਅਥਾਹ ਭੰਡਾਰ ਸਮੋਈ ਹੁੰਦੀ ਹੈ, ਜਿਸ ਨੂੰ ਉਹ ਆਪਣੇ ਵਿਦਿਆਰਥੀਆਂ ਵਿਚ ਖੁਲ੍ਹੇ ਮਨ ਨਾਲ ਗੱਫਿਆਂ ਦੇ ਗੱਫੇ ਵੰਡਦੀ ਰਹਿੰਦੀ ਹੈ । ਏਹੀ ਰਾਰਨ ਹੈ ਕਿ ਅਧਿਆਪਕ ਨੂੰ ਕੌਮ ਦਾ ਨਿਰਮਾਕਾ (The nation builder) ਵੀ ਕਿਹਾ ਜਾਂਦਾ ਹੈ ।

ਪੁਰਾਣੇ ਸਮੇਂ ‘ਚ ਅਧਿਆਪਕ ਨੂੰ ਪਰਮਾਤਮਾ ਤੋਂ ਉੱਚਾ ਰੁਤਬਾ ਦਿਤਾ ਜਾਂਦਾ ਰਿਹਾ ਹੈ । ਉਸ ਨੂੰ ਗੁਰੂ, ਗੁਰਦੇਵ ਜਾਂ ਅਚਾਰੀਆ ਕਹਿਕੇ ਸੰਬੋਧਿਤ ਕੀਤਾ ਜਾਂਦਾ ਸੀ । ਦਰਅਸਲ ਇਸ ਦਾ ਕਾਰਨ ਇਹ ਸੀ ਕਿ ਅਧਿਆਪਕ ਮਨੁੱਖ ਦੀ ਜ਼ਿੰਦਗੀ ਦੇ ਵਿਕਾਸ, ਤਰੱਕੀ ਅਤੇ ਉੱਚਤਾ ਲਈ ਮਹੱਤਵਪੂਰਨ ਅਤੇ ਅਪੂਰਕ ਧੁਰੇ ਦੀ ਭੂਮਿਕਾ ਅਦਾ ਕਰਦਾ ਸੀ । ਅਗਲੀ ਗੱਲ ਇਹ ਕਿ ਇਕ ਅਧਿਆਪਕ ਅਤੇ ਉਸ ਦੁਆਰਾ ਦਿਤੇ ਗਏ ਗਿਆਨ ਦੀ ਲੋਅ ਸਦਕਾ ਹੀ ਇਕ ਸਭਿਅਕ ਸਮਾਜ ਹੋਂਦ ਵਿਚ ਆਉਂਦਾ ਹੈ ਅਤੇ ਸਮਾਜ ਵਿਚ ਸ੍ਰੇਸ਼ਠਤਾ ਅਤੇ ਸ਼ਿਸ਼ਟਤਾ ਬਣੀ ਰਹਿੰਦੀ ਹੈ।  ਇਹ ਅਧਆਪਕ ਕਰਕੇ ਹੀ ਹੈ ਕਿ ਮਨੁੱਖ ਆਪਣੇ ਆਪ ਨੂੰ ਉਸ ਦੁਆਰਾ ਬਖਸ਼ੇ ਗਿਆਨ, ਤਜਰਬਿਆਂ, ਸੰਸਕਾਰਾਂ ਅਤੇ ਉੱਚ ਸੋਚ ਕਰਕੇ ਖ਼ੁਸ਼ਹਾਲ, ਸੁਖਾਲਾ, ਉੱਤਮ ਅਤੇ ਸੱਭਿਅਕ ਬਣਾਉਂਦਾ ਹੈ ।

ਇਕ ਚੰਗੇ ਅਧਿਆਪਕ ਦੀ ਸ਼ਖਸ਼ੀਅਤ ਬਹੁਤ ਪ੍ਰਭਾਵੀ ਹੁੰਦੀ ਹੈ । ਵਿਦਿਆਰਥੀ ਉਸ ਦੇ ਬੋਲਾਂ ਤੋਂ ਵੀ ਪਰਭਾਵਤ ਹੁੰਦੇ ਹਨ ਤੇ ਸ਼ਖਸ਼ੀਅਤ ਤੋਂ ਵੀ । ਕਿਸੇ ਬਹੁਤ ਸੁਲ਼ਝੇ ਹੋਏ ਅਧਿਆਪਕ ਦੀ ਬੌਡੀ ਲੈਗੁਏਜ ਤੋਂ ਵਿਦਿਆਰਥੀ ਵਧੇਰੇ ਸਿੱਖਦੇ ਹਨ ਕਿਉਂਕਿ ਵਿਦਿਆਰਥੀ ਅਧਿਆਪਕ ਦੇ ਬੋਲਾਂ ਦੇ ਨਾਲ ਨਾਲ ਉਸ ਦੇ ਚੇਹਰੇ ਨੂੰ ਵੀ ਪੜ੍ਹਦੇ ਹਨ ।

ਅੱਜ ਅਧਿਆਪਕ ਦਿਵਸ ਹੈ । ਹਰ ਸਾਲ 5 ਸਤੰਬਰ ਨੂੰ ਇਹ ਦਿਨ ਭਾਰਤ ਦੇ ਸਾਬਕਾ ਰਾਸ਼ਟਰਪਤੀ ਡਾ ਰਾਧਾਕਿ੍ਰਸ਼ਨਨ ਦੀ ਯਾਦ ਚ ਮਨਾਇਆ ਜਾਂਦਾ ਹੈ । ਉਹ ਆਪ ਇਕ ਬਹੁਤ ਉਚ ਕੋਟੀ ਦੇ ਅਧਿਆਪਕ ਸਨ । ਉਂਜ ਸੰਸਾਰ ਦੇ ਹੋਰ ਬਹੁਤ ਸਾਰੇ ਮੁਲਕਾਂ ਵਿੱਚ ਵੀ ਅਧਿਆਪਕ ਦਿਵਸ ਮਨਾਇਆ ਜਾਂਦਾ ਹੈ, ਪਰ ਉਹਨਾ ਮੁਲਕਾਂ ਚ ਇਹ ਦਿਵਸ ਚੰਗੀ ਕਾਰਗੁਜ਼ਾਰੀ ਕਰਨ ਵਾਲੇ ਅਧਿਆਪਕਾਂ ਦੇ ਮਾਣ ਸਨਮਾਨ ਦਿਵਸ ਵਜੋਂ ਆਯੋਜਿਤ ਕੀਤਾ ਜਾਂਦਾ ਹੈ । ਇਸ ਦੇ ਨਾਲ ਬਿਲਕੁਲ ਰਲਦਾ ਮਿਲਦਾ ਅਧਿਆਪਕ ਦਿਵਸ 1994 ਤੋਂ ਹਰ ਸਾਲ “ਵਿਸ਼ਵ ਅਧਿਆਪਕ ਦਿਵਸ” ਵਜੋਂ ਹਰ ਸਾਲ 5 ਅਕਤੂਬਰ ਨੂੰ ਵੀ ਮਨਾਇਆ ਦਾਂਦਾਂ ਹੈ, ਪਰ ਇਹ ਦਿਵਸ ਸੰਯੁਕਤ ਰਾਸ਼ਟਰ ਦੁਆਰਾ ਸਾਲ 1966 ਵਿੱਚ ਯੂਨੈਸਕੋ ਅਤੇ ਅੰਤਰਰਾਸ਼ਟਰੀ ਕਿਰਤ ਸੰਗਠਨ ਦੀ ਹੋਈ ਉਸ ਸਾਂਝੀ ਬੈਠਕ ਨੂੰ ਯਾਦ ਕਰਨ ਲਈ ਮਨਾਇਆ ਜਾਂਦਾ ਹੈ, ਜਿਸ ਵਿੱਚ ਅਧਿਆਪਕਾਂ ਦੀ ਸਥਿਤੀ ਬਾਰੇ ਚਰਚਾ ਹੋਈ ਸੀ ਅਤੇ ਇਸ ਦੇ ਲਈ ਸੁਝਾਅ ਪੇਸ਼ ਕੀਤੇ ਗਏ ਸਨ।

ਅਧਿਆਪਕ ਦਿਵਸ ਮਨਾਉਣਾ ਬਹੁਤ ਚੰਗੀ ਗੱਲ ਹੈ , ਪਰ ਇਸ ਦਿਵਸ ਨੂੰ ਮਨਾਉਣ ਬਹੁਤ ਠੋਸ ਤੇ ਮੇਕ ਹੋਣੀ ਚਾਹੀਦੀ ਹੈ । ਇਸ ਦਿਵਸ ਨੂੰ ਮਨਾਉੰਣ ਦਾ ਫ਼ਾਇਦਾ ਤਾਂ ਹੀ ਹੈ ਜੇਕਰ ਅਧਿਆਪਕਾਂ ਦੇ ਹਿੱਤਾਂ ਗਾ ਖਿਆਲ ਰੱਖਿਆ ਜੀਵੇ, ਉਹਨਾਂ ਨੂੰ ਉਹ ਮਾਣ ਇੱਜ਼ਤ ਦਿੱਤਾ ਜਾਵੇ, ਜਿਸ ਦੇ ਉਹ ਅਸਲ ਹੱਕਦਾਰ ਹੁੰਦੇ ਹਨ । ਇਥੇ ਜਿਕਰਯੋਗ ਹੈ ਕਿ ਬਰਤਾਨੀਆ ਚ ਦੇਕਰ ਕੋਈ ਅਧਿਆਪਕ ਕਿਸੇ ਕੋਰਟ ਵਿਚ ਗਵਾਹੀ ਵਗੈਰਾ ਦੇਣ ਜਾਵੇ ਤਾਂ ਜੱਜ ਉਸਦੇ ਸਕਿਕਾਰ ਵਿਚ ਉਠਕੇ ਖੜ੍ਹਾ ਹੋ ਜਾਂਦਾ ਹੈ ਤੇ ਉਸ ਦੁਆਰਾ ਦਿੱਤੀ ਗਈ ਗਵਾਹੀ ਨੂੰ ਸਹੀ ਮੰਨਿਆ ਜਾਂਦਾ ਹੈ । ਪਰ ਭਾਰਤ ਚ ਅਧਿਆਪਕਾਂ ਦੇ ਹਾਲਾਤ ਬਹੁਤ ਨੱਖਰੇ ਹਨ । ਇਥੇ ਅਧਿਆਪਕਾਂ ਦੀਆ ਨਿਯੁਕਤੀਆ ਉਹਨਾਂ ਨੂੰ ਮੰਡੀ ਦੀ ਵਸਤ ਬਣਾਕੇ ਠੇਕੇ ਦੇ ਅਧਾਰ ‘ਤੇ ਕੀਤੀਆ ਜਾਂਦੀਆਂ ਹਨ, ਬੇਰੁਜ਼ਗਾਰਾਂ ਦੀ ਕਤਾਰ ਚ ਉਹ ਸਭ ਤੋਂ ਅੱਗੇ ਹਨ, ਉਹਨਾ ਨੂੰ ਹੱਕ ਮੰਗਦਿਆਂ ਨੂੰ ਸਰਕਾਰਾਂ ਗੋਲੀ, ਡੰਡੇ ਤੇ ਪਾਣੀ ਦੀਆ ਬੁਛਾੜਾਂ ਨਾਲ ਕੁਟਾਪਾ ਫੇਰਦੀ ਹੈ, ਪੱਗਾਂ ਤੇ ਚੁੰਨੀਆਂ ਲਾਹਕੇ ਧੂਹ ਘਸੀਟ ਕਰਦੀ ਹੈ, ਕਈ ਕਈ ਮਹੀਨੇ ਉਹਨਾਂ ਨੂੰ ਬਿਨ ਤਨਖਾਹਾਂ ਕੰਮ ਕਰਨ ਲਈ ਮਜਬੂਰ ਕੀਤਾ ਜੀਂਦਾ ਹੈ, ਬਣਦੇ ਮਿਹਨਤਾਨੇ ਦੀ ਬਜਾਏ ਮਾਮੂਲੀ ਮਿਹਨਤਾਨਾ ਦੇ ਕੇ ਉਹਨਾਂ ਦਾ ਸ਼ੋਸ਼ਣ ਕੀਤਾ ਜਾਂਦਾ ਹੈ ਜਾਂ ਫਿਰ ਉਹਨਾਂ ਤੋਂ ਅਧਿਆਪਨ ਦੇ ਕਾਰਜ ਦੀ ਬਜੀਏ ਸਰਕਾਰ ਹੋਰ ਆਲਤੂ ਫਾਲਤੂ ਦੇ ਕੰਮ ਮਰਦਮ ਸ਼ੁਮਾਰੀ, ਟੀਕਾਕਰਨ ਮੁਹਿੰਮ, ਸਫਾਈ ਮੁਹਿੰਮ ਆਦਿ ਵਗਾਰਾਂ ਕਰਵਾਉਂਦੀ ਹੈ ਤਾਂ ਫਿਰ ਅਜਿਹੇ ਹਾਲਤਾਂ ਚ ਅਧਿਆਪਕ ਦਿਵਸ ਮਨਾਉਣ ਦੀ ਕੋਈ ਸਾਰਥਿਕਤਾ ਨਹੀਂ ਰਹੱ ਜਾਂਦੀ । ਦਰਅਸਲ ਇਹ ਅਧਿਆਪਕ ਦਿਵਸ ਦੇ ਨਾਮ ‘ਤੇ ਅਝਿਆਪਕਾਞ ਨਾਲ ਕੀਤਾ ਜਾ ਰਿਹਾ ਇਕ ਕੋਝਾ ਮਜ਼ਾਕ ਜਾਂ ਫਿਰ ਉਹਨਾਂ ਦੇ ਜਖਮਾਂ ‘ਤੇ ਭੁੱਕਿਆ ਜਾ ਰਿਹ ਲੂਣ ਹੈ ।

ਪੰਜਾਬ ਵਿੱਚ ਅੱਜ ਦੀ ਤਾਰੀਕ ਵਿੱਚ ਕੋਈ ਚਾਰ ਕੁ ਲੱਖ ਬੇਰੁਜ਼ਗਾਰ ਨੌਜਵਾਨ ਅਧਿਆਪਕਾਂ ਡਿਗਰੀਆਂ ਲੈੰਣ ਸਮੇਤ ਸਾਰੇ ਟੈਸਟ ਪਾਸ ਕਰਕੇ ਨੌਕਰੀਆਂ ਲਈ ਸੜਕਾਂ ਦੀ ਧੂੜ ਫੱਕ ਰਿਹਾ ਹੈ , ਈ ਟੀ ਟੀ ਬੇਰੁਜ਼ਗਾਰ ਅਧਿਆਪਕਾਂ ਦਾ ਸ਼ੰਘਰਸ਼ ਕਾਫ਼ੀ ਲੰਮੇ ਸਮੇਂ ਤੋਂ ਲਗਾਤਾਰ ਚੱਲ ਰਿਹਾ ਹੈ । ਪੰਜਾਬ ਦੇ ਹਾਲਾਤ ਇਹ ਬਣੇ ਹੋੰਏ ਹਨ ਕਿ ਲੱਖਾਂ ਅਧਿਆਪਕ ਬੇਰੁਜ਼ਗਾਰ ਹਨ ਤੇ ਜੋ ਕੰਮ ਕਰਦੇ ਹਨ ਉਹਨਾਂ ਨੂੰ ਤਨਖਾਹਾਂ ਨਹੀਂ ਮਿਲ ਰਹੀਆਂ । ਇਸ ਤੋਂ ਵੀ ਅੱਗੇ ਭਰਤੀ ‘ਤੇ ਪਾਬੰਦੀ ਹੈ ਤੇ ਜੋ ਭਰਤੀ ਕੀਤੀ ਵੀ ਜਾ ਰਹੀ ਹੈ, ਉਹ ਬਣਦਾ ਮਿਹਨਤਾਨਾ ਦੇਣ ਦੀ ਬਜਾਏ ਬਹੁਤ ਮਾਮੂਲੀ ਮਿਹਨਤਾਨਾ ਦੇਣ ਦੀ ਲਿਖਤੀ ਸਹਿਮਤੀ ਨਾਲ ਕੀਤੀ ਜਾ ਰਹੀ ਹੈ ।

ਇਸ ਤਰਾਂ ਦੇ ਉਕਤ ਹਾਲਾਤਾਂ ਚ ਅਧਿਆਪਕ ਦਿਵਸ ਨਵਾਉਣਾ ਅਸਲ ਚ ਕਿਸੇ ਵੀ ਤਰਾਂ ਡਾ ਰਾਧਾ ਕਿ੍ਰਸ਼ਨਨ ਦਾ ਅਪਮਾਨ ਕਰਨ ਨਾਲ਼ੋਂ ਘੱਟ ਨਹੀਂ। । ਸੋ ਅੱਜ ਦੇ ਇਸ ਵਿਸ਼ੇਸ਼ ਦਿਨ ‘ਤੇ ਏਹੀ ਕਹਾਂਗਾ ਕਿ ਅਧਿਆਪਕ ਦਿਵਸ ਮਨਾਉਣ ਦੀ ਬਜਾਏ, ਸਰਕਾਰਾਂ ਆਪਣੀਆਂ, ਅਧਿਆਪਕਾਂ ਪ੍ਰਤੀ ਬਣਾਈਆਂ ਗਈਆਂ ਗਲਤ ਨੀਤੀਆ ਦਾ ਚਿੰਤਨ ਮੰਥਨ ਕਰਨ, ਬੇਰੁਜ਼ਗਾਰ ਅਧਿਆਪਕਾਂ ਨੂੰ ਨੌਕਰੀਆਂ ਦੇਣ, ਅਧਿਆਪਕਾਂ ਨੂੰ ਉਹਨਾ ਦੀ ਯੋਗਤਾ ਮੁਤਾਬਿਕ ਤਨਖਾਹਾਂ ਦੇਣ, ਅਧਿਆਪਕਾਂ ਤੋਂ ਹੋਰ ਵਗਾਰਾਂ ਕਰਾਉਣੀਆ ਬੰਦ ਕੀਤੀਆ ਜਾਣ । ਅਧਿਆਪਕਾ ਦਾ ਸ਼ੋਸ਼ਣ ਬੰਦ ਕੀਤਾ ਜੀਵੇ ਤੇ ਉਹਨਾ ਦੇ ਸਾਰੇ ਜਾਇਜ਼ ਹੱਕ ਬਹਾਲ ਕੀਤੇ ਜਾਣ । ਜੇਕਰ ਸਰਕਾਰਾਂ ਇਹ ਸਭ ਉਕਤ ਕਰਨ ਚ ਕਾਮਯਾਬ ਹੋ ਜਾਂਦੀਆਂ ਹਨ ਤਾਂ ਇਹ ਕਿਸੇ ਵੀ ਤਰਾਂ ਅਧਿਆਪਕ ਦਿਵਸ ਮਨਾਏ ਜਾਣ ਤੋਂ ਘੱਟ ਨਹੀਂ ਹੋਵੇਗਾ ।

ਇਸ ਦੇ ਨਾਲ ਹੀ ਅਧਿਆਪਕ ਦਿਵਸ ਦੇ ਇਸ ਬਹੁਤ ਹੀ ਅਹਿਮ ਦਿਹਾੜੇ ‘ਤੇ ਮੈ ਉਹਨਾ ਸਭ ਅਧਿਆਪਕਾਂ ਨੂੰ ਨਤਮਸਤਕ ਹਾਂ, ਜਿਹਨਾਂ ਨੇ ਆਪਣੀ ਜੁੱਮੇਵਾਰੀ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਈ ਤੇ ਆਪਣੇ ਵਿਦਿਆਰਥੀਆ ਨੂੰ ਇਸ ਕਾਬਲ ਬਣਾਇਆਂ ਕਿ ਉਹ ਜ਼ਿੰਦਗੀ ਵਿੱਚ ਦਰਪੇਸ਼ ਹਰ ਤਰਾਂ ਦੀਆਂ ਔਕੜਾਂ ਦਾ ਮੁਕਾਬਲਾ ਕਰਕੇ ਸਫਲਤਾ ਦੀ ਬੁਲੰਦੀ ‘ਤੇ ਪਹੁੰਚੇ ਤੇ ਆਪਣੇ ਜੀਵਨ ਮਕਸਦ ਚ ਸਫਲ ਹੋਏ । ਸੱਚੀ ਗੱਲ ਤਾਂ ਇਹ ਹੈ ਕਿ ਅਧਿਆਪਕ ਦਾ ਮਨੁੱਖੀ ਜੀਵਨ ਚ ਯੌਗਦਾਨ ਮਹਾਨ ਹੈ । ਏਹੀ ਕਾਰਨ ਹੈ ਕਿ ਪੱਛਮੀ ਮੁਲਕਾਂ ਚ ਅਧਿਆਪਕ ਦਾ ਬਹੁਤ ਸਨਮਾਨ ਹੈ ਤੇ ਉਹਨਾ ਨੂੰ ਵਧੀਆ ਤੇ ਢੁਕਵੀਆ ਸਹੂਲਤਾਂ ਤੇ ਤਨਖਾਹਾਂ ਦੇਣ ਦਾ ਖਾਸ ਇੰਤਜਾਮ ਹੈ । ਕਾਸ਼ ! ਭਾਰਤ ਵੀ ਇਸ ਤਰਾਂ ਸੰਭਵ ਹੋ ਸਕੇ ।

ਸ਼ਿੰਗਾਰਾ ਸਿੰਘ ਢਿੱਲੋਂ (ਪ੍ਰੋ;)
05/09/2021
Mob: 00447806945964

Previous articleਨਵੀਂ ਸੋਚ
Next articleਟੌਫੀ