HOME 5 ਸਤੰਬਰ ਨੂੰ ਅਧਿਆਪਕ ਦਿਵਸ ‘ਤੇ ਵਿਸ਼ੇਸ਼

5 ਸਤੰਬਰ ਨੂੰ ਅਧਿਆਪਕ ਦਿਵਸ ‘ਤੇ ਵਿਸ਼ੇਸ਼

3
ਡਾ: ਸਰਵਪੱਲੀ ਰਾਧਾਕ੍ਰਿਸ਼ਨਨ

ਫਿਲਾਸਫੀ ਦੇ ਮਹਾਨ ਵਿਦਵਾਨ : ਡਾ: ਸਰਵਪੱਲੀ ਰਾਧਾਕ੍ਰਿਸ਼ਨਨ  ਜਾਂ   ਭਾਰਤ ਦੇ ਪਹਿਲੇ ਰਾਸ਼ਟਰਪਤੀ : ਡਾ: ਸਰਵਪੱਲੀ ਰਾਧਾਕ੍ਰਿਸ਼ਨਨ 

      (ਸਮਾਜ ਵੀਕਲੀ)   ਡਾ: ਸਰਵਪੱਲੀ ਰਾਧਾਕ੍ਰਿਸ਼ਨਨ ਫਿਲਾਸਫੀ ਦੇ ਮਹਾਨ ਵਿਦਵਾਨ ਸਨ, ਉਹਨਾਂ ਆਪਣੀ ਵਿਦਵਤਾ ਅਤੇ ਪ੍ਰਤਿਭਾ ਕਰਕੇ ਹੀ ਨਾ ਸਿਰਫ਼ ਭਾਰਤ ਵਿੱਚ ਸਗੋਂ ਵਿਦੇਸ਼ਾਂ ਵਿੱਚ ਵੀ ਵਿਦਵਾਨਾਂ ਨੂੰ ਕਾਫ਼ੀ ਪ੍ਰਭਾਵਿਤ ਕੀਤਾ । ਉਹਨਾਂ ਦਾ ਜਨਮ 5 ਸਤੰਬਰ 1888 ਈਸਵੀ ਨੂੰ ਪਿਤਾ ਸਰਵਪੱਲੀ ਵੀਰਾ ਸਵਾਮੀ ਅਤੇ ਮਾਤਾ ਸੀਤਾਮਾਂ ਦੀ ਕੁੱਖ ਤੋਂ ਤਾਮਿਲਨਾਡੂ ਦੇ ਪਿੰਡ ਤਿਰੂਤਨੀ ਵਿੱਚ ਹੋਇਆ, ਜੋ ਚੇਨਈ ਤੋਂ 64 ਕਿਲੋਮੀਟਰ ਦੂਰ ਹੈ । ਉਹਨਾਂ ਦੇ ਵਡੇਰੇ ਕਿਸੇ ਸਮੇਂ ਸਰਵਪੱਲੀ ਨਾਂ ਦੇ ਪਿੰਡ ਵਿੱਚ ਰਿਹਾਇਸ਼ ਰੱਖਦੇ ਸਨ । ਬਾਅਦ ਵਿੱਚ ਤਿਰੂਪਤੀ ਪਿੰਡ ਕੰਮ ਲਈ ਆਏ । ਉਹ ਛੇ ਭੈਣ-ਭਰਾਵਾਂ ਵਿੱਚੋਂ ਦੂਜੇ ਨੰਬਰ ਤੇ ਸਨ । ਉਹਨਾਂ ਵੈਲੋਰ ਤੇ ਮਦਰਾਸ ‘ਚ ਵਿੱਦਿਆ ਹਾਸਲ ਕੀਤੀ । ਉਹਨਾਂ ਉਪਨਿਸ਼ਦਾਂ ਦਾ ਵੀ ਡੂੰਘਾ ਅਧਿਐਨ ਕੀਤਾ ਅਤੇ ਹਿੰਦੀ, ਸੰਸਕ੍ਰਿਤ ਦੀ ਵੀ ਪੜ੍ਹਾਈ ਕੀਤੀ । ਹਿੰਦੂ ਧਰਮ ਲਈ ਉਹਨਾਂ ਦੇ ਦਿਲ ਵਿੱਚ ਬਹੁਤ ਜ਼ਿਆਦਾ ਪਿਆਰ ਤੇ ਸਤਿਕਾਰ ਸੀ ।18 ਸਾਲ ਦੀ ਉਮਰ ਵਿੱਚ ਉਹਨਾਂ ਦਾ ਵਿਆਹ ਸ਼ਿਵਾਕਾਮੂ ਰਾਧਾ ਨਾਲ ਹੋਇਆ । ਉਹਨਾਂ ਦੇ ਘਰ ਇੱਕ ਲੜਕੀ ਨੇ ਜਨਮ ਲਿਆ । ਉਹਨਾਂ ਦਰਸ਼ਨ ਸ਼ਾਸਤਰ (ਫ਼ਿਲਾਸਫ਼ੀ) ‘ਚ ਐੱਮ.ਏ. ਕੀਤੀ ।  20 ਸਾਲ ਦੀ ਉਮਰ ਵਿੱਚ ਹੀ ਪੜ੍ਹਾਈ ਦੌਰਾਨ “ਦਾ ਐਥਿਕਸ ਆਫ਼ ਵੇਦਾਂਤ” ਨਾਂ ‘ਤੇ ਇੱਕ ਨਿਬੰਧ ਲਿਖਿਆ, ਜਿਸ ਤੋਂ ਪ੍ਰੋਫ਼ੈਸਰ ਕਾਫ਼ੀ ਪ੍ਰਭਾਵਿਤ ਹੋਏ। ਉਹਨਾਂ ਦੀ ਅੰਗਰੇਜ਼ੀ ਭਾਸ਼ਾ ਤੇ ਪੂਰੀ ਪਕੜ ਸੀ । ਉਹਨਾਂ ਨੂੰ ਫਿਲਾਸਫੀ ਦਾ ਵਿਸ਼ਾ ਪੜ੍ਹਾਉਣ ਵਾਲੇ ਪ੍ਰੋਫੈਸਰ ਐਮ.ਜੀ.ਹਾਗ. ਨੇ ਵਿਲੱਖਣ ਨਿਬੰਧ ਦੀ ਰਚਨਾ ਕਰਨ ‘ਤੇ ਪ੍ਰਮਾਣ-ਪੱਤਰ ਦਿੱਤਾ ਅਤੇ ਲਿਖਿਆ ਕਿ ਐੱਮ.ਏ. ਦੀ ਪ੍ਰੀਖਿਆ ਲਈ ਇਸ ਵਿਦਿਆਰਥੀ ਨੇ ਜੋ ਨਿਬੰਧ ਲਿਖਿਆ ਹੈ,ਉਹ ਇਸ ਗੱਲ ਦਾ ਸਬੂਤ ਹੈ ਕਿ ਉਹ ਫ਼ਿਲਾਸਫ਼ੀ ਦੀਆਂ ਮੁੱਖ-ਮੁੱਖ ਸਮੱਸਿਆਵਾਂ ਨੂੰ ਭਲੀਭਾਂਤ ਸਮਝਦਾ ਹੈ ਅਤੇ ਉਹਨਾਂ ਨੂੰ ਉਸ ਨੇ ਆਪਣੇ ਦਿਲ ਵਿੱਚ ਬਿਠਾ ਲਿਆ ਹੈ । 21 ਸਾਲ ਦੀ ਉਮਰ ਵਿੱਚ ਸੰਨ 1909 ਈਸਵੀ ‘ਚ ਡਾ: ਸਰਵਪੱਲੀ ਰਾਧਾਕ੍ਰਿਸ਼ਨਨ ਪ੍ਰੈਜੀਡੈਂਸੀ ਕਾਲਜ ‘ਚ ਪਹਿਲਾਂ ਲੈਕਚਰਾਰ ਨਿਯੁਕਤ ਹੋਏ ਅਤੇ ਕੁਝ ਸਾਲਾਂ ਮਗਰੋਂ ਪ੍ਰੋਫ਼ੈਸਰ ਬਣ ਗਏ । 1918 ਤੋਂ 1921 ਤੱਕ ਮੈਸੂਰ ਯੂਨੀਵਰਸਿਟੀ ‘ਚ ਫ਼ਿਲਾਸਫ਼ੀ ਦੇ ਪ੍ਰੋਫ਼ੈਸਰ ਰਹੇ । 1921 ਤੋਂ 1931 ਈਸਵੀ ਤੱਕ ਕਿੰਗ ਜਾਰਜ ਯੂਨੀਵਰਸਿਟੀ ਕਲਕੱਤਾ ‘ਚ ਪ੍ਰੋਫ਼ੈਸਰ ਰਹਿਣ ਮਗਰੋਂ ਉਹ ਆਂਧਰਾ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਬਣ ਗਏ । 1936 ਤੋਂ 1947 ਈਸਵੀ ਤੱਕ ਆਕਸਫ਼ੋਰਡ ਯੂਨੀਵਰਸਿਟੀ ਕਲਕੱਤਾ ‘ਚ ਪ੍ਰੋਫ਼ੈਸਰ ਲੱਗੇ । 1948 ‘ਚ ਉਹ ਯੂਨੀਵਰਸਿਟੀ ਐਜੂਕੇਸ਼ਨ ਕਮਿਸ਼ਨ ਦੇ ਚੇਅਰਮੈਨ, 1952 ‘ਚ ਪ੍ਰੈਜ਼ੀਡੈਂਟ ਆਫ਼ ਯੂਨੈਸਕੋ ਤੋਂ ਇਲਾਵਾ 1949 ਤੋਂ 1952 ਤੱਕ ਉਹ ਰੂਸ ਵਿੱਚ ਭਾਰਤ ਦੇ ਰਾਜਦੂਤ ਵਜੋਂ ਵੀ ਤਾਇਨਾਤ ਰਹੇ ।  ਡਾ: ਰਾਧਾਕ੍ਰਿਸ਼ਨਨ 1952 ‘ਚ ਭਾਰਤ ਦੇ ਪਹਿਲੇ ਰਾਸ਼ਟਰਪਤੀ ਬਣੇ । 1956 ਤੋਂ 1962 ਤੱਕ ਉਹ ਦੂਜੀ ਵਾਰ ਉਪਰਾਸ਼ਟਰਪਤੀ ਬਣੇ । 13 ਮਈ 1962 ਤੋਂ 13 ਮਈ 1967 ਤੱਕ ਉਹ ਭਾਰਤ ਦੇ ਦੂਜੇ ਰਾਸ਼ਟਰਪਤੀ ਬਣੇ । ਉਹ ਇੱਕ ਉੱਘੇ ਫ਼ਿਲਾਸਫ਼ਰ ਦੇ ਨਾਲ-ਨਾਲ ਇੱਕ ਸਿੱਖਿਆ ਸ਼ਾਸਤਰੀ ਵੀ ਸਨ । ਉਹਨਾਂ ਨੂੰ 1931 ‘ਚ ਨਾਈਟ ਹੁੱਡ, 1963 ‘ਚ ਤਹਿਰਾਨ ਵੱਲੋਂ ਪੀ.ਐਚ.ਡੀ. ਦੀ ਆਨਰੇਰੀ ਡਿਗਰੀ,1964 ‘ਚ ਮਾਸਕੋ ਯੂਨੀਵਰਸਿਟੀ ਵੱਲੋਂ ਪੀ.ਐਚ.ਡੀ.ਦੀ ਡਿਗਰੀ, ਇਸੇ ਸਾਲ ਹੀ ਨੈਸ਼ਨਲ ਯੂਨੀਵਰਸਿਟੀ (ਆਇਰਲੈਂਡ) ਵੱਲੋਂ ਡਾਕਟਰ ਆਫ਼ ਲਾਅ ਦੀ ਡਿਗਰੀ ਪ੍ਰਦਾਨ ਕੀਤੀ ਗਈ । ਡਾ: ਸਰਵਪੱਲੀ ਰਾਧਾਕ੍ਰਿਸ਼ਨਨ ਨੂੰ 100 ਦੇ ਕਰੀਬ ਆਨਰੇਰੀ ਡਿਗਰੀਆਂ ਮਿਲੀਆਂ । ਡਾ: ਸਰਵਪੱਲੀ ਰਾਧਾਕ੍ਰਿਸ਼ਨਨ ਨੇ ਇੱਕ ਦਰਜਨ ਤੋਂ ਵੀ ਵੱਧ ਪੁਸਤਕਾਂ ਪ੍ਰਕਾਸ਼ਿਤ ਕੀਤੀਆਂ । ਉਹਨਾਂ ਅਨੇਕਾਂ ਮੁਲਕਾਂ ਦਾ ਦੌਰਾ ਕੀਤਾ ।ਉਹ ਪਹਿਲੇ ਸਫ਼ੀਰ ਸਨ ਜਿਨ੍ਹਾਂ ਨੂੰ ਸਟਾਲਿਨ ਵੱਲੋਂ ਮੁਲਾਕਾਤ ਦਾ ਸੱਦਾ ਦਿੱਤਾ ਗਿਆ । ਡਾ: ਸਰਵਪੱਲੀ ਰਾਧਾਕ੍ਰਿਸ਼ਨਨ ਦੇ ਮਹਾਤਮਾ ਗਾਂਧੀ ਅਤੇ ਪੰਡਿਤ ਜਵਾਹਰ ਲਾਲ ਨਹਿਰੂ ਨਾਲ ਬਹੁਤ ਨੇੜੇ ਦੇ ਅਤੇ ਸੁਖਾਵੇਂ ਸੰਬੰਧ ਸਨ । 1954 ਵਿੱਚ ਭਾਰਤ ਸਰਕਾਰ ਨੇ ਉਹਨਾਂ ਨੂੰ ਸਰਵ ਉੱਚ ਸਨਮਾਨ “ਭਾਰਤ ਰਤਨ” ਨਾਲ ਸਨਮਾਨਿਤ ਕੀਤਾ । ਡਾ: ਸਰਵਪੱਲੀ ਰਾਧਾਕ੍ਰਿਸ਼ਨਨ 87 ਸਾਲ ਦੀ ਉਮਰ ਬਤੀਤ ਕਰਕੇ 17 ਅਪ੍ਰੈਲ 1975 ਈਸਵੀ ਨੂੰ ਅਕਾਲ ਚਲਾਣਾ ਕਰ ਗਏ । ਉਹਨਾਂ ਦੇ ਜਨਮ-ਦਿਨ 5 ਸਤੰਬਰ ਨੂੰ, ਹਰ ਸਾਲ ਅਧਿਆਪਕ ਦਿਵਸ (Teacher Day) ਵਜੋਂ ਮਨਾਇਆ ਜਾਂਦਾ ਹੈ ।
ਕਰਨੈਲ ਸਿੰਘ ਐੱਮ.ਏ. ਲੁਧਿਆਣਾ 
# 1138/63-ਏ, ਗੁਰੂ ਤੇਗ ਬਹਾਦਰ ਨਗਰ, ਗਲੀ ਨੰਬਰ 1, ਚੰਡੀਗੜ੍ਹ ਰੋਡ, ਜਮਾਲਪੁਰ, ਲੁਧਿਆਣਾ। 
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਰਾਏਪੁਰ ਅਰਾਈਆਂ ਵਿਖੇ ਭਾਰੀ ਬਾਰਿਸ਼ ਦੇ ਕਾਰਣ ਪਾਲਤੂ ਪਸ਼ੂਆਂ ਨੂੰ ਰੱਖਣ ਲਈ ਬਣਾਏ ਮਕਾਨ ਦੀ ਛੱਤ ਡਿੱਗੀ
Next articleਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਸਿਵਲ ਸਰਜਨ ਮਾਨਸਾ ਨੇ ਕੀਤਾ ਦੌਰਾ