ਮਰਦਮਸ਼ੁਮਾਰੀ ਵਿੱਚ ਅਧਿਆਪਕ ਵਰਗ ਦੀਆਂ ਧੜਾ ਧੜ ਡਿਊਟੀਆਂ ਲਗਾ ਕੇ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਕਰ ਰਹੀ ਸਰਕਾਰ- ਟੂਰਾ
ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਗਜ਼ਟਿਡ ਅਤੇ ਨਾਨ ਗਜ਼ਟਿਡ ਐਸ ਸੀ ਬੀ ਸੀ ਇੰਪਲਾਈਜ਼ ਵੈਲਫੇਅਰ ਫੈਡਰੇਸ਼ਨ ਪੰਜਾਬ ਦੀ ਇਕਾਈ ਕਪੂਰਥਲਾ ਵੱਲੋਂ ਜ਼ਿਲ੍ਹਾ ਪ੍ਰਧਾਨ ਸਤਵੰਤ ਟੂਰਾ , ਮਨਜੀਤ ਗਾਟ , ਲਖਵੀਰ ਚੰਦ ਅਤੇ ਬਲਵਿੰਦਰ ਨਿੱਧੜਕ ਦੀ ਅਗਵਾਈ ਅਧੀਨ ਫੈਡਰੇਸ਼ਨ ਦਾ ਇੱਕ ਵਫ਼ਦ ਜਨ ਗਨਣਾ/ਮਰਦਮ ਸ਼ੁਮਾਰੀ ਅਧੀਨ ਲਗਾਈਆਂ ਜਾ ਰਹੀਆਂ ਧੜਾ ਧੜ ਡਿਊਟੀਆਂ ਨੂੰ ਲੈ ਕੇ ਅੱਜ ਜ਼ਿਲਾ ਡਿਪਟੀ ਕਮਿਸ਼ਨਰ ਕਪੂਰਥਲਾ ਆਈ ਏ ਐਸ ਆਕਾਸ਼ ਬਾਂਸਲ ਅਤੇ ਵਧੀਕ ਡਿਪਟੀ ਕਮਿਸ਼ਨਰ ( ਜਨਰਲ ) ਕਪੂਰਥਲਾ ਸਕੱਤਰ ਸਿੰਘ ਬੱਲ ਨੂੰ ਮਿਲਿਆ ਅਤੇ ਸਕੂਲਾਂ ਵਿੱਚ 50% ਅਧਿਆਪਕ ਸਟਾਫ ਦੀਆਂ ਡਿਊਟੀਆਂ ਮਰਦਮ ਸ਼ੁਮਾਰੀ ਵਿੱਚ ਨਾ ਲਾਉਣ ਸਬੰਧੀ ਲਿਖਤੀ ਮੰਗ ਪੱਤਰ ਵੀ ਸੌਂਪੇ। ਫੈਡਰੇਸ਼ਨ ਵੱਲੋਂ ਮਰਦਮ ਸ਼ੁਮਾਰੀ, ਸਮਾਜਿਕ ਅਤੇ ਆਰਥਿਕ ਜਨ ਗਨਣਾ ਅਧੀਨ ਜੋ ਡਿਊਟੀਆਂ ਅਧਿਆਪਕ ਵਰਗ ਦੀਆਂ ਲਗਾਈਆਂ ਜਾ ਰਹੀਆਂ ਹਨ ਸੰਬੰਧੀ ਆ ਰਹੀਆਂ ਆਪਣੀਆਂ ਸਮੱਸਿਆਵਾਂ ਨੂੰ ਲੈ ਕੇ ਦੋਵਾਂ ਅਧਿਕਾਰੀਆਂ ਨੂੰ ਮਿਲਿਆ, ਜਿਸ ਵਿੱਚ ਮੁੱਖ ਤੌਰ ਤੇ ਇਹਨਾਂ ਡਿਊਟੀਆਂ ਵਿੱਚ ਸਿਰਫ਼ ਅਧਿਆਪਕ ਵਰਗ ਨੂੰ ਹੀ ਨਹੀਂ ਬਲਕਿ ਬਾਕੀ ਵਿਭਾਗਾਂ ਵਿੱਚੋਂ ਵੀ ਕਰਮਚਾਰੀਆਂ ਦੀਆਂ ਡਿਊਟੀਆਂ ਲਗਾਉਣ ਲਈ ਕਿਹਾ ਗਿਆ, ਕਿਉਂਕਿ ਜਿਸ ਤਰ੍ਹਾਂ ਇਹਨਾਂ ਜਨਗਨਣਾ, ਮਰਦਮਸ਼ੁਮਾਰੀ ਡਿਊਟੀਆਂ ਦੌਰਾਨ ਲਗਭਗ 90% ਸਟਾਫ ਦੀਆਂ ਡਿਊਟੀਆਂ ਸਿੱਖਿਆ ਵਿਭਾਗ ਵਿੱਚੋਂ ਲੱਗਣ ਕਾਰਨ ਸਕੂਲ ਅਧਿਆਪਕ ਵਰਗ ਤੋਂ ਖ਼ਾਲੀ ਹੋ ਜਾਣਗੇ ਜਿਸ ਦਾ ਸਿੱਧਾ ਅਸਰ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੇ ਬੱਚਿਆਂ ਦੀ ਪੜ੍ਹਾਈ ਉੱਪਰ ਪਵੇਗਾ। ਫੈਡਰੇਸ਼ਨ ਵੱਲੋਂ ਕਪਲ ਕੇਸ ,ਵਿਧਵਾ , ਅੰਗਹੀਣ ਕਰਮਚਾਰੀ ਅਤੇ ਅਣਵਿਆਈਆਂ ਕਰਮਚਾਰਨਾਂ ਨੂੰ ਛੋਟ ਦੇਣ ਬਾਰੇ, ਸਕੂਲੀ ਸਮੇਂ ਵਿੱਚ ਇਸ ਜਨਗਨਣਾਂ ਡਿਊਟੀ ਲਈ ਛੋਟ ਦੇਣ ਬਾਰੇ ਫੈਡਰੇਸ਼ਨ ਵੱਲੋਂ ਪੱਖ ਰੱਖਿਆ ਗਿਆ ਕਿ ਜਿਸ ਤਰ੍ਹਾਂ ਗਰਮੀ ਵਧ ਰਹੀ ਹੈ ਉਸ ਸਮੇਂ ਸਕੂਲੀ ਡਿਊਟੀ ਤੋਂ ਬਾਅਦ ਆਮ ਤੌਰ ਤੇ ਪਿੰਡਾਂ ਵਿੱਚ ਸੁਨਸਾਨ ਹੋ ਜਾਂਦੀ ਹੈ ਤੇ ਕਰਮਚਾਰੀਆਂ ਦੀ ਸਕਿਓਰਟੀ ਵੀ ਕੋਈ ਨਹੀਂ ,ਘਰਾਂ ਦੇ ਦਰਵਾਜੇ ਖੜਕਾਉਣ ਲਈ ਅਧਿਆਪਕਾਂ ਨੂੰ ਮਜ਼ਬੂਰ ਨਾ ਕਰਨ। ਸਗੋਂ ਅੱਧਾ ਸਮਾਂ ਸਕੂਲ ਸਮੇਂ ਵਿੱਚੋਂ ਛੋਟ ਦੇਣ ਤਾਂ ਕਿ ਬੱਚਿਆਂ ਦੀ ਪੜ੍ਹਾਈ ਵੀ ਪ੍ਰਭਾਵਿਤ ਨਾ ਹੋਵੇ ਅਤੇ ਮਰਦ ਸ਼ੁਮਾਰੀ ਦਾ ਕੰਮ ਵੀ ਚਲਦਾ ਰਹੇ ।ਫੈਡਰੇਸ਼ਨ ਵੱਲੋਂ ਕਰਮਚਾਰੀਆਂ ਦਾ ਇਕ ਕਰੋੜ ਦੇ ਬੀਮਾ ਅਧੀਨ ਕਵਰ ਕਰਨ ਲਈ ਕਿਹਾ ਗਿਆ । ਇਸੇ ਤਰਾਂ ਇਸ ਮਰਦਮਸ਼ੁਮਾਰੀ, ਜਨਗਨਣਾਂ ਦਾ ਕੰਮ ਸ਼ੁਰੂ ਹੋਣ ਤੇ ਪਿੰਡਾਂ ਵਿੱਚੋਂ ਪੰਚਾਇਤ ਮੈਂਬਰ, ਆਸ਼ਾ ਵਰਕਰ ਜਾਂ ਆਂਗਨਵਾੜੀ ਵਰਕਰਾਂ ਨੂੰ ਸਹਿਯੋਗ ਕਰਨ ਦੀ ਅਪੀਲ ਕਰਨ ਲਈ ਕਿਹਾ ਜਾਵੇ ,ਕਿਉਂਕਿ ਪਿੰਡਾਂ ਤੇ ਸ਼ਹਿਰਾਂ ਦੇ ਘਰਾਂ ਬਾਰੇ ਇਹ ਕਰਮਚਾਰੀ ਆਮ ਤੌਰ ਤੇ ਜਾਣਕਾਰੀ ਰੱਖਦੇ ਹਨ । ਇਸੇ ਤਰਾਂ ਫੈਡਰੇਸ਼ਨ ਵੱਲੋਂ ਸਟੇਟਸ ਅਨੁਸਾਰ ਡਿਊਟੀ ਲਗਾਉਣ ਦੀ ਗੱਲ ਵੀ ਆਖੀ ਗਈ, 31 ਮਾਰਚ 2027 ਤੱਕ ਸੇਵਾ ਮੁਕਤ ਹੋਣ ਵਾਲੇ ਕਰਮਚਾਰੀਆਂ ਨੂੰ ਡਿਊਟੀ ਤੋਂ ਛੋਟ ਦਿੱਤੀ ਜਾਵੇ। ਸੈਂਸਜ਼ ਸਰਵੇਅਰ ਅਤੇ ਸੁਪਰਵਾਈਜ਼ਰ ਲਾਉਣ ਸਮੇਂ ਕਰਮਚਾਰੀ ਦੀ ਕੇਡਰ ਅਤੇ ਸੀਨੀਆਰਤਾ ਨੂੰ ਮੁੱਖ ਰੱਖਿਆ ਜਾਵੇ। ਫੈਡਰੇਸ਼ਨ ਵੱਲੋਂ ਰੱਖੇ ਗਏ ਤਰਕ ਨੂੰ ਅਧਿਕਾਰੀਆਂ ਦੇ ਵੱਲੋਂ ਬੜੇ ਧਿਆਨ ਨਾਲ ਸੁਣਿਆ ਗਿਆ ਸਕੂਲ ਆਫ ਐਮੀਨੈਂਸ ਜੋ ਕਿ ਸਰਕਾਰ ਦਾ ਇੱਕ ਸੁਪਨਾ ਹਨ ਦੇ ਵਿਭਾਗ ਦੇ ਡਾਇਰੈਕਟਰ ਵੱਲੋਂ ਜੋ ਪੱਤਰ ਜਾਰੀ ਕੀਤਾ ਗਿਆ ਹੈ ਕਿ ਇਹਨਾਂ ਸਕੂਲਾਂ ਦੇ ਅਧਿਆਪਕ ਵਰਗ ਨੂੰ ਬਾਹਰਲੀਆਂ ਡਿਊਟੀਆਂ ਤੋਂ ਛੋਟ ਦਿੱਤੀ ਜਾਵੇ ਬਾਰੇ ਵੀ ਅਧਿਕਾਰੀਆਂ ਨੂੰ ਦੱਸਿਆ ਗਿਆ।ਵਫ਼ਦ ਦੇ ਤਰਕਾਂ ਨਾਲ ਸਹਿਮਤੀ ਦਿੰਦੇ ਹੋਏ ਫੈਡਰੇਸ਼ਨ ਵੱਲੋਂ ਦੱਸਿਆ ਗਿਆ ਕਿ ਜਿਸ ਤਰ੍ਹਾਂ ਇਸ ਜਨਗਨਣਾਂ ,ਮਰਦਮ ਸ਼ੁਮਾਰੀ ਅਧੀਨ ਅਧਿਆਪਕ ਵਰਗ ਦੀਆਂ ਡਿਊਟੀਆਂ ਧੜਾ ਧੜ ਲਗਾਈਆਂ ਗਈਆਂ ਹਨ ਇਸ ਨਾਲ ਸਰਕਾਰ/ ਪ੍ਰਸ਼ਾਸਨ ਸਰਕਾਰੀ ਸਕੂਲਾਂ ਵਿੱਚ ਪੜ ਰਹੇ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਕਰ ਰਿਹਾ ਹੈ । ਫੈਡਰੇਸ਼ਨ ਦੇ ਜ਼ਿਲ੍ਾ ਪ੍ਰਧਾਨ ਸਤਵੰਤ ਸਿੰਘ ਟੂਰਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਅਧਿਆਪਕ ਵਰਗ ਵੱਲੋਂ ਨਵੇਂ ਸੈਸ਼ਨ ਦੀ ਸ਼ੁਰੂਆਤ ਤੇ ਹੀ ਸਿਰਤੋੜ ਮਿਹਨਤ ਕੀਤੀ ਜਾ ਰਹੀ ਹੈ ਕਿ ਸਕੂਲਾਂ ਵਿੱਚ ਬੱਚਿਆਂ ਦੇ ਦਾਖਲਿਆਂ ਵਿੱਚ ਵਾਧਾ ਕੀਤਾ ਜਾਵੇ। ਪਰ ਬਹੁਤ ਸਾਰੇ ਅਧਿਆਪਕ ਹੈਲਥ ਕਾਰਡ ਬਣਾਉਣ, ਜਨ ਗਨਣਾ ਤੇ ਬੀ ਐਲ ਓ ਦੀਆਂ ਡਿਊਟੀਆਂ ਕਾਰਨ ਪਰੇਸ਼ਾਨ ਹੋ ਰਹੇ ਹਨ। ਉਹਨਾਂ ਪੰਜਾਬ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਇਹ ਕੰਮ ਪ੍ਰਾਈਵੇਟ ਏਜੰਸੀ ਕੋਲੋਂ ਵੀ ਕਰਵਾਇਆ ਜਾ ਸਕਦਾ ਸੀ, ਸੋ ਅਧਿਕਾਰੀਆਂ ਵੱਲੋਂ ਇਹ ਵਿਸ਼ਵਾਸ ਦਿੱਤਾ ਗਿਆ ਕਿ ਇਹ ਯਤਨ ਜਰੂਰ ਕੀਤਾ ਜਾਵੇਗਾ ਤਾਂ ਕਿ ਅਧਿਆਪਕ ਵਰਗ ਅਤੇ ਸਟਾਫ ਨੂੰ ਘੱਟ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇ। ਵਫ਼ਦ ਵਿੱਚ ਹੋਰਨਾਂ ਤੋਂ ਇਲਾਵਾ ਵਿਨੋਦ ਕੁਮਾਰ, ਬਲਵਿੰਦਰ ਮਸੀਹ ਭਲੱਥ, ਹਰਜਿੰਦਰ ਹੈਰੀ ਕਪੂਰਥਲਾ, ਤਹਿਸੀਲ ਪ੍ਰਧਾਨ ਪਰਮਜੀਤ ਲਾਲ ਖੈੜਾ, ਬਲਵਾਰੀ ਲਾਲ ਸੁਲਤਾਨਪੁਰ ਲੋਧੀ, ਕੁਲਦੀਪ ਸਿੰਘ ਅਲੌਦੀਪੁਰ ਆਦਿ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



