ਘਰ ਤੋਂ ਨਕਦੀ ਤੇ ਦਸਤਾਵੇਜ਼ ਸਮੇਤ ਮੁੱਖ ਇੰਜੀਨੀਅਰ ਨੂੰ ਕੀਤਾ ਗ੍ਰਿਫਤਾਰ
ਆਰ ਸੀ ਐਫ ਦੇ ਅਧਿਕਾਰੀਆਂ ਵਿੱਚ ਦਹਿਸ਼ਤ ਦਾ ਮਾਹੌਲ
ਕਪੂਰਥਲਾ (ਸਮਾਜ ਵੀਕਲੀ) (ਕੌੜਾ)-ਏਸ਼ੀਆ ਦੀ ਨੰਬਰ ਵਨ ਰੇਲ ਕੋਚ ਬਣਾਉਣ ਵਾਲੀ ਰੇਲ ਕੋਚ ਫੈਕਟਰੀ ਕਪੂਰਥਲਾ ਵਿੱਚ ਸੀ ਬੀ ਆਈ ਨੇ ਛਾਪਾ ਮਾਰ ਕੇ ਭ੍ਰਿਸ਼ਟਾਚਾਰ ਦੇ ਕੇਸ ਵਿੱਚ ਮੁੱਖ ਇੰਜੀਨੀਅਰ ਸੁਰੇਸ਼ ਚੰਦ ਮੀਨਾ ਨੂੰ ਕਾਬੂ ਕੀਤਾ ਹੈ । ਬੀਤੀ ਰਾਤ ਕਰੀਬ ਢਾਈ ਵਜੇ ਚੰਡੀਗੜ੍ਹ ਤੋਂ ਆਈ ਸੀ ਬੀ ਆਈ ਦੀ ਟੀਮ ਨੇ ਛਾਪਾ ਮਾਰਿਆ।ਜੋ ਕਿ ਸੁਰੇਸ਼ ਮੀਨਾ ਨੂੰ ਗਿ੍ਫ਼ਤਾਰ ਕਰ ਆਪਣੇ ਨਾਲ ਲੈ ਗਈ। ਸੀਬੀਆਈ ਨੂੰ ਉਨ੍ਹਾਂ ਦੇ ਕਬਜ਼ੇ ਵਿੱਚੋਂ ਢਾਈ ਲੱਖ ਰੁਪਏ ਨਗਦ ਤੇ ਦਸਤਾਵੇਜ਼ ਬਰਾਮਦ ਹੋਏ ਹਨ । ਜਿਨ੍ਹਾਂ ਨੂੰ ਸੀ ਬੀ ਆਈ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ। ਮਿਲੀ ਜਾਣਕਾਰੀ ਅਨੁਸਾਰ ਮੁੱਖ ਇੰਜੀਨੀਅਰ ਸੁਰੇਸ਼ ਕੁਮਾਰ ਮੀਨਾ ਰੇਲ ਕੋਚ ਫੈਕਟਰੀ ਵਿੱਚ ਵਰਕਸ਼ਾਪ ਤੇ ਬਿਲਡਿੰਗ ਆਦਿ ਦਾ ਕੰਮ ਦੇਖਦੇ ਸਨ।
ਜਿਸ ਦੇ ਚੱਲਦੇ ਕਿਸੇ ਠੇਕੇਦਾਰ ਵੱਲੋਂ ਸੀ ਬੀ ਆਈ ਨੂੰ ਇਸ ਦੇ ਖਿਲਾਫ ਸ਼ਿਕਾਇਤ ਦਿੱਤੀ ਗਈ ਸੀ। ਪ੍ਰੰਤੂ ਸ਼ਿਕਾਇਤ ਕਰਨ ਵਾਲੇ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ । ਰੇਲ ਕੋਚ ਫੈਕਟਰੀ ਦੇ ਪੀ ਆਰ ਓ ਆਰ ਸੀ ਐਫ ਦੇ ਜਿਤੇਸ਼ ਕੁਮਾਰ ਨੇ ਇਸ ਦੀ ਪੁਸ਼ਟੀ ਕੀਤੀ ਹੈ । ਦੱਸਿਆ ਜਾ ਰਿਹਾ ਹੈ ਕਿ ਆਰ ਸੀ ਐਫ ਵਿੱਚ ਖੇਡ ਮੈਦਾਨ, ਕਲੋਨੀ, ਗੋਲਫ ਕੋਰਸ ਤੇ ਵਰਕਸ਼ਾਪ ਆਦਿ ਦਾ ਸਾਰਾ ਕੰਮ ਮੁੱਖ ਇੰਜੀਨੀਅਰ ਦੀ ਦੇਖ ਰੇਖ ਵਿੱਚ ਹੀ ਹੁੰਦਾ ਹੈ। ਇਸੇ ਵਿੱਚ ਹੀ ਭ੍ਰਿਸ਼ਟਾਚਾਰ ਦੇ ਸ਼ੱਕ ਜਤਾਏ ਜਾ ਰਹੇ ਹਨ ।ਉੱਥੇ ਹੀ ਉਨ੍ਹਾਂ ਦੀ ਗ੍ਰਿਫਤਾਰੀ ਤੋਂ ਬਾਅਦ ਕਈ ਵੱਡੇ ਅਧਿਕਾਰੀਆਂ ਤੇ ਵੀ ਗਾਜ ਡਿੱਗ ਸਕਦੀ ਹੈ । ਜਿਸ ਕਾਰਨ ਆਰ ਸੀ ਐਫ ਦੇ ਕਾਫੀ ਅਧਿਕਾਰੀਆਂ ਵਿੱਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਉਧਰ ਸੀ ਬੀ ਆਈ ਵੱਲੋਂ ਇਸ ਮਾਮਲੇ ਨੂੰ ਲੈ ਕੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly