(ਸਮਾਜ ਵੀਕਲੀ) ਆਮ ਬੋਲਚਾਲ ਵਿੱਚ ਅਸੀਂ ਕੁਝ ਕੁ ਗੱਲਾਂ ਏਹੋ ਜਿਹੀਆਂ ਵੀ ਕਰ ਜਾਂਦੇ ਹਾਂ ਜਿਹਨਾਂ ਦੇ ਸਹੀ ਤੌਰ ਤੇ ਅਰਥ ਹੋਰ ਹੁੰਦੇ ਹਨ ਪਰ ਫਿਰ ਵੀ ਸੁਣਨ ਵਾਲਾ ਠੀਕ ਠੀਕ ਸਮਝ ਜਾਂਦਾ ਹੈ।ਅੱਜ ਸਵੇਰੇ ਮੇਰਾ ਮੁੰਡਾ ਕੰਮ ਤੇ ਜਾਣ ਲੱਗਿਆਂ ਮੈਨੂੰ ਆਖ ਗਿਆ ਕਿ ਡੈਡੀ ਜੀ ਤੁਸੀਂ ਸੈਰ ਕਰਨ ਤੋਂ ਬਾਅਦ ਤਾਏ ਦੇ ਘਰੋਂ ਆਪਣਾ ਮੋਟਰਸਾਈਕਲ ”ਚੱਕ ਲਿਆਇਉ”।ਮੈ ਆਖਿਆ ਪੁੱਤ ਹੁਣ ਏਸ ਉਮਰ ਵਿੱਚ ਤਾਂ ਆਪਣਾ ਆਪ ਚੁੱਕ ਕੇ ਈ ਮਸੀਂ ਤੁਰ ਹੁੰਦਾ ਕੁਵਿੰਟਲ ਤੋਂ ਵੀ ਵਧੇਰੇ ਭਾਰਾ ਮੋਟਰਸਾਈਕਲ ਕਿੱਥੇ ”ਚੁੱਕ ਕੇ” ਲਿਆਇਆ ਜਾਣਾ ਮੈਥੋਂ…ਜੇ ਆਖੇਂ ਤਾਂ ਚਲਾ ਕੇ ਜਾਂ ਰੇੜ੍ਹਕੇ ਲਿਆ ਸਕਦਾਂ।
ਇਵੇਂ ਹੀ ਇੱਕ ਵਾਰੀ ਸਾਡੇ ਘਰ(ਪੰਜਾਬ)ਮਿਲਣ ਲਈ ਦੋ ਰਿਸ਼ਤੇਦਾਰ ਆਏ ਤੇ ਉਹ ਬਾਹਰੋਂ ਆਏ ਸਨ ਇੱਕੋ ਹੀ ਮੁਲਖ ਚੋ ਤੇ ਆਪਸ ਵਿੱਚ ਰਿਸ਼ਤੇਦਾਰ ਸਨ। ਰੋਟੀ ਪਾਣੀ ਛਕਣ ਤੋਂ ਬਾਅਦ ਉਹ ਆਪਸ ਵਿੱਚ ਹੀ ਗੱਲਾਂ ਕਰੀ ਜਾਣ ਤੇ ਕਰਨ ਵੀ ਬਾਹਰਲੇ ਮੁਲਖ ਦੀਆਂ ਈ,ਮੈ ਬੈਠਾ ਸੁਣੀ ਜਾਵਾਂ।ਇੱਕ ਜਣਾ ਦੂਜੇ ਨੂੰ ਪੁੱਛਦਾ ਕਿ ਤੁਸੀਂ ਓਦਣ ਫਲਾਣਿਆਂ ਦੀ ਪਾਰਟੀ ਤੇ ਬੜਾ ਲੇਟ ਪਹੁੰਚੇ ਸੀ ਤੇ ਦੂਜੇ ਨੇ ਜੁਆਬ ਦਿੱਤਾ… ਹਾਂ ਹਾਂ ਓਦਣ ਇੱਕ ਤਾਂ ਕੰਮ ਤੋਂ ਹੀ ਲੇਟ ਆਇਆ ਤੇ ਘਰੋਂ ”ਗੱਡੀ ਚੱਕਕੇ” ਫਿਰ ਬਿਊਟੀ ਪਾਰਲਰ ਤੋਂ ਘਰ ਆਲੀ ਨੂੰ ”ਚੱਕਕੇ” ਵਾਹਵਾ ਵਾਟ ਆ ‘ਗੇ ਸੀ ਜਦੋਂ ਮੇਰੇ ਸਾਲੇ ਸਾਹਬ ਦਾ ਫੋਨ ਆ ਗਿਆ ਕਹਿੰਦਾ ਭਾ ਜੀ ਗੱਡੀ ਸਟਾਰਟ ਨਹੀਂ ਹੋ ਰਹੀ ਆ ਕੇ ਲੈਜੋ ਸਾਨੂੰ ਵੀ।ਫਿਰ ਭਰਾਵਾ ਉਹਦੇ ਘਰ ਵੱਲ ਮੋੜ ‘ਲੀ ਗੱਡੀ, ਸਾਲੇ ਤੇ ਸਾਲੇਹਾਰ ਨੂੰ ”ਚੱਕਕੇ” ਜਦੋਂ ਪਾਰਟੀ ‘ਚ ਪਹੁੰਚੇ ਤਾਂ ਅੱਧੇ ਲੋਕ ਪਾਰਟੀ ਖਾ ਕੇ ਜਾ ਵੀ ਚੁੱਕੇ ਸੀ। ਮੇਰਾ ਦਿਲ ਕਰੇ ਇਹਨਾਂ ਨੂੰ ਪੁਛਾਂ ਕੀ ਤੁਹਾਡੇ ਮੁਲਖ ਵਿੱਚ ਲੋਕ ਆਪਣੇ ਪੈਰਾਂ ਤੇ ਤੁਰਕੇ ਨਹੀਂ ਬਹਿੰਦੇ ਗੱਡੀਆਂ ਵਿੱਚ ਜੋ ”ਚੱਕਕੇ”
ਬਿਠਾਉਣੇ ਪੈਂਦੇ ਆ।
ਇੱਕ ਵਾਰ ਅਸੀਂ ਸਾਰੇ ਪਰਵਾਰ ਨੇ ਫਗਵਾੜੇ ਜਾਣਾ ਸੀ ਮੇਰੇ ਦੋਸਤ ਦੇ ਘਰ, ਅਸੀਂ ਲੱਗਭੱਗ ਤਿਆਰ ਹੀ ਸੀਗੇ ਤੇ ਮੇਰੇ ਦੋਸਤ ਦਾ ਫੋਨ ਆਇਆ ਕਹਿੰਦਾ ਕਿੰਨੇ ਵਜੇ ਪਹੁੰਚ ਜਾਉਗੇ? ਮੈਂ ਕਿਹਾ ਦਸਾਂ ਕੁ ਮਿੰਟਾਂ ਤੀਕ ਤੁਰ ਪੈਣਾ ਅੱਗਿਉਂ ਦੋਸਤ ਕਹਿੰਦਾ ਨਾ ਨਾ ਨਾ ਯਾਰ ਤੁਰ ਕੇ ਨਾ ਆਇਉਂ ਵਾਟ ਬਹੁਤ ਆ ਤੁਹਾਨੂੰ ਦੋ ਦਿਨ ਲੱਗ ਜਾਣੇ ਪਹੁੰਚਣ ਨੂੰ…ਜੇਕਰ ਤੁਹਾਡੀ ਗੱਡੀ ਠੀਕ ਨਹੀਂ ਤਾਂ ਬੱਸ ਤੇ ਚੜ੍ਹਕੇ ਆ ਜੋ।
ਬਲਦੇਵ ਸਿੰਘ ”ਪੂਨੀਆਂ”
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ